ਸ਼੍ਰੀ ਦਸਮ ਗ੍ਰੰਥ

ਅੰਗ - 427


ਸਮਰ ਕੇ ਬੀਚ ਜਹਾ ਠਾਢੋ ਹੈ ਸਮਰ ਸਿੰਘ ਤਾਹੀ ਕੋ ਨਿਹਾਰਿ ਰੂਪ ਪਾਵਕ ਸੇ ਹ੍ਵੈ ਗਏ ॥

ਯੁੱਧ-ਭੂਮੀ ਵਿਚ ਜਿਥੇ ਸਮਰ ਸਿੰਘ ਖੜੋਤਾ ਸੀ, ਉਸ ਨੂੰ ਵੇਖ ਕੇ (ਚਾਰੇ) ਅੱਗ ਰੂਪ ਹੋ ਗਏ।

ਆਯੁਧ ਸੰਭਾਰਿ ਲੀਨੇ ਜੁਧ ਮੈ ਸਬੈ ਪ੍ਰਬੀਨੇ ਸ੍ਯਾਮ ਜੂ ਕੇ ਬੀਰ ਚਾਰੋ ਓਰ ਹੂੰ ਤੇ ਆ ਖਏ ॥

ਉਹ ਸਾਰੇ ਯੁੱਧ ਵਿਚ ਪ੍ਰਬੀਨ ਸਨ, (ਉਨ੍ਹਾਂ ਨੇ) ਸ਼ਸਤ੍ਰ ਸੰਭਾਲ ਲਏ ਅਤੇ ਕ੍ਰਿਸ਼ਨ ਦੇ ਸਾਰੇ ਸੂਰਮੇ ਚੌਹਾਂ ਪਾਸਿਆਂ ਤੋਂ ਆ ਪਏ।

ਤਾਹੀ ਸਮੇ ਬਲਵਾਨ ਤਾਨ ਕੇ ਕਮਾਨ ਬਾਨ ਚਾਰੋ ਨ੍ਰਿਪ ਹਰਿ ਜੂ ਕੇ ਮਾਰਿ ਛਿਨ ਮੈ ਲਏ ॥੧੨੯੬॥

ਉਸੇ ਵੇਲੇ ਬਲਵਾਨ (ਸਮਰ ਸਿੰਘ) ਨੇ ਧਨੁਸ਼ ਵਿਚ ਬਾਣ ਨੂੰ ਕਸ ਲਿਆ ਅਤੇ ਕ੍ਰਿਸ਼ਨ ਜੀ ਦੇ ਚੌਹਾਂ ਸੂਰਮਿਆਂ ਨੂੰ ਛਿਣ ਵਿਚ ਮਾਰ ਦਿੱਤਾ ॥੧੨੯੬॥

ਕਾਨ੍ਰਹ ਜੂ ਬਾਚ ॥

ਕਾਨ੍ਹ ਜੀ ਨੇ ਕਿਹਾ:

ਸਵੈਯਾ ॥

ਸਵੈਯਾ:

ਜਬ ਚਾਰੋ ਈ ਬੀਰ ਹਨੇ ਰਨ ਮੈ ਤਬ ਅਉਰਨ ਸਿਉ ਹਰਿ ਯੌ ਉਚਰੈ ॥

ਜਦੋਂ ਚਾਰੇ ਸੂਰਮੇ ਰਣ ਵਿਚ ਮਾਰੇ ਗਏ, ਤਦ ਕ੍ਰਿਸ਼ਨ ਹੋਰਨਾਂ ਸੂਰਮਿਆਂ ਨੂੰ ਇਸ ਤਰ੍ਹਾਂ ਸੰਬੋਧਿਤ ਹੋਣ ਲਗੇ,

ਅਬ ਕੋ ਭਟ ਹੈ ਹਮਰੇ ਦਲ ਮੈ ਇਹ ਸਾਮੁਹੇ ਜਾਇ ਕੈ ਜੁਧ ਕਰੈ ॥

ਸਾਡੀ ਸੈਨਾ ਵਿਚ ਹੁਣ ਕਿਹੜਾ ਸੂਰਮਾ ਹੈ (ਜੋ) ਇਸ ਦੇ ਸਾਹਮਣੇ ਜਾ ਕੇ ਯੁੱਧ ਕਰੇ।

ਅਤਿ ਹੀ ਬਲਵਾਨ ਸੋ ਧਾਇ ਕੈ ਜਾਇ ਕੈ ਘਾਇ ਕਰੈ ਸੁ ਲਰੈ ਨ ਡਰੈ ॥

ਜੋ ਬਹੁਤ ਹੀ ਵੱਡਾ ਬਲਵਾਨ ਹੈ, ਉਹ ਭਜ ਕੇ ਜਾਏ, (ਵੈਰੀ ਉਤੇ) ਵਾਰ ਕਰੇ ਅਤੇ (ਖ਼ੂਬ) ਲੜੇ, (ਬਿਲਕੁਲ) ਨਾ ਡਰੇ।

ਸਬ ਸਿਉ ਇਮ ਸ੍ਯਾਮ ਪੁਕਾਰਿ ਕਹਿਯੋ ਕੋਊ ਹੈ ਅਰਿ ਕੋ ਬਿਨੁ ਪ੍ਰਾਨ ਕਰੈ ॥੧੨੯੭॥

ਕ੍ਰਿਸ਼ਨ ਨੇ ਸਭ ਨੂੰ ਇਸ ਤਰ੍ਹਾਂ ਪੁਕਾਰ ਕੇ ਕਿਹਾ, ਹੈ ਕੋਈ ਜੋ ਵੈਰੀ ਨੂੰ ਪ੍ਰਾਣਾਂ ਤੋਂ ਬਿਨਾ ਕਰ ਦੇਵੇ ॥੧੨੯੭॥

ਰਾਛਸ ਥੋ ਇਕ ਸ੍ਯਾਮ ਕੀ ਓਰ ਸੋਊ ਚਲ ਕੈ ਅਰਿ ਓਰ ਪਧਾਰਿਯੋ ॥

ਕ੍ਰਿਸ਼ਨ ਦੀ ਸੈਨਾ ਵਿਚ ਇਕ ਰਾਖਸ਼ ਸੀ, ਉਹ ਚਲ ਕੇ ਵੈਰੀ ਵਲ ਤੁਰ ਪਿਆ।

ਕ੍ਰੂਰਧੁਜਾ ਤਿਹ ਨਾਮ ਕਹੈ ਜਗ ਸੋ ਤਿਹ ਸੋ ਇਹ ਭਾਤਿ ਉਚਾਰਿਯੋ ॥

ਉਸ ਦਾ ਨਾਂ ਜਗਤ 'ਕ੍ਰੂਰਧੁਜਾ' ਕਹਿੰਦਾ ਸੀ, ਉਸ ਨੇ ਜਾ ਕੇ (ਵੈਰੀ ਨੂੰ) ਇਸ ਤਰ੍ਹਾਂ ਕਿਹਾ,

ਮਾਰਤ ਹੋ ਰੇ ਸੰਭਾਰੁ ਅਬੈ ਕਹਿ ਯਾ ਬਤੀਯਾ ਧਨੁ ਬਾਨ ਸੰਭਾਰਿਯੋ ॥

(ਹੇ ਸਮਰ ਸਿੰਘ! ਤੂੰ) ਸੰਭਲ ਜਾ, ਮੈਂ ਤੈਨੂੰ ਹੁਣੇ ਮਾਰਦਾ ਹਾਂ। ਇਹ ਗੱਲ ਕਹਿ ਕੇ ਉਸ ਨੇ ਧਨੁਸ਼ ਬਾਣ ਸੰਭਾਲ ਲਿਆ।

ਤਾ ਸਮਰੇਸ ਕੋ ਬਾਨ ਹਨਿਯੋ ਰਹਿਯੋ ਠਉਰ ਮਨੋ ਕਈ ਦਿਵਸ ਕੋ ਮਾਰਿਯੋ ॥੧੨੯੮॥

ਉਸ ਨੇ ਸਮਰ ਸਿੰਘ ਨੂੰ ਬਾਣ ਮਾਰਿਆ, (ਜਿਸ ਦੇ ਲਗਣ ਨਾਲ ਉਹ) ਥਾਂ ਰਿਹਾ, ਮਾਨੋ ਕਈ ਦਿਨਾਂ ਦਾ ਮਾਰਿਆ ਹੋਇਆ ਹੋਵੇ ॥੧੨੯੮॥

ਦੋਹਰਾ ॥

ਦੋਹਰਾ:

ਕ੍ਰੂਰਧੁਜਾ ਰਨ ਮੈ ਹਨ੍ਯੋ ਸਮਰ ਸਿੰਘ ਕੋ ਕੋਪਿ ॥

ਕ੍ਰੂਰਧੁਜਾ ਨੇ ਕ੍ਰੋਧ ਕਰ ਕੇ ਸਮਰ ਸਿੰਘ ਨੂੰ ਰਣ-ਭੂਮੀ ਵਿਚ ਮਾਰ ਦਿੱਤਾ।

ਸਕਤਿ ਸਿੰਘ ਕੇ ਬਧਨ ਕੋ ਬਹੁਰ ਰਹਿਓ ਪਗੁ ਰੋਪਿ ॥੧੨੯੯॥

ਸਕਤਿ ਸਿੰਘ ਮਾਰਨ ਲਈ ਫਿਰ ਪੈਰ ਗਡ ਰਿਹਾ ਹੈ ॥੧੨੯੯॥

ਕ੍ਰੂਰਧੁਜ ਬਾਚ ॥

ਕ੍ਰੂਰਧੁਜਾ ਨੇ ਕਿਹਾ:

ਕਬਿਤੁ ॥

ਕਬਿੱਤ:

ਗਿਰਿ ਸੋ ਦਿਖਾਈ ਦੇਤ ਕ੍ਰੂਰ ਧੁਜ ਆਹਵ ਮੈ ਕਹੈ ਕਬਿ ਰਾਮ ਸਤ੍ਰ ਬਧ ਕੋ ਚਹਤ ਹੈ ॥

ਕ੍ਰੂਰਧੁਜਾ ਰਣ-ਭੂਮੀ ਵਿਚ ਪਰਬਤ ਜਿਹਾ ਦਿਸ ਪੈਂਦਾ ਹੈ, ਕਵੀ ਰਾਮ ਕਹਿੰਦੇ ਹਨ, ਉਹ ਵੈਰੀ ਨੂੰ ਮਾਰ ਦੇਣਾ ਚਾਹੁੰਦਾ ਹੈ।

ਸੁਨਿ ਰੇ ਸਕਤਿ ਸਿੰਘ ਮਾਰਿਯੋ ਜਿਉ ਸਮਰ ਸਿੰਘ ਤੈਸੇ ਹਉ ਹਨਿ ਹੋ ਤੂ ਹਮ ਸੋ ਖਹਤ ਹੈ ॥

(ਉਸ ਨੇ ਕਿਹਾ) ਹੇ ਸਕਤਿ ਸਿੰਘ! ਸੁਣ, ਜਿਸ ਤਰ੍ਹਾਂ ਮੈਂ ਸਮਰ ਸਿੰਘ ਨੂੰ ਮਾਰਿਆ ਹੈ, ਉਸੇ ਤਰ੍ਹਾਂ ਤੈਨੂੰ ਮਾਰ ਦਿਆਂਗਾ, ਤੂੰ ਮੇਰੇ ਨਾਲ ਕਿਉਂ ਖਹਿੰਦਾ ਹੈਂ।

ਐਸੇ ਕਹਿ ਗਦਾ ਗਹਿ ਬੜੇ ਬ੍ਰਿਛ ਕੇ ਸਮਾਨ ਲੀਨ ਅਸਿ ਪਾਨਿ ਅਉਰ ਸਸਤ੍ਰਨਿ ਸਹਤ ਹੈ ॥

ਇਸ ਤਰ੍ਹਾਂ ਕਹਿ ਕੇ (ਉਸ ਨੇ) ਆਪਣੇ ਹੱਥ ਵਿਚ ਵੱਡੇ ਬ੍ਰਿਛ ਜਿੰਨੀ ਗਦਾ ਪਕੜ ਲਈ ਅਤੇ ਹੋਰਨਾਂ ਸ਼ਸਤ੍ਰਾਂ ਸਹਿਤ ਤਲਵਾਰ ਵੀ ਫੜ ਲਈ।

ਬਹੁਰੋ ਪੁਕਾਰਿ ਦੈਤ ਕਹਿਯੋ ਹੈ ਨਿਹਾਰਿ ਨ੍ਰਿਪ ਤੋ ਮੈ ਕੋਊ ਘਰੀ ਪਲ ਜੀਵਨ ਰਹਤ ਹੈ ॥੧੩੦੦॥

ਫਿਰ ਉਸ ਦੈਂਤ ਨੇ ਪੁਕਾਰ ਕੇ ਕਿਹਾ, ਹੇ ਰਾਜਾ (ਸ਼ਕਤਿ ਸਿੰਘ!) ਵੇਖ, ਤੇਰੇ ਵਿਚ ਕੋਈ ਘੜੀ ਪਲ ਹੀ ਜੀਵਨ ਰਹਿੰਦਾ ਹੈ ॥੧੩੦੦॥

ਦੋਹਰਾ ॥

ਦੋਹਰਾ:

ਸਕਤਿ ਸਿੰਘ ਸੁਨਿ ਅਰਿ ਸਬਦਿ ਬੋਲਿਯੋ ਕੋਪੁ ਬਢਾਇ ॥

ਸ਼ਕਤਿ ਸਿੰਘ ਵੈਰੀ ਦੇ ਬੋਲ ਸੁਣ ਕੇ ਕ੍ਰੋਧਿਤ ਹੋ ਕੇ ਬੋਲਿਆ।

ਜਾਨਤ ਹੋ ਘਨ ਕ੍ਵਾਰ ਕੋ ਗਰਜਤ ਬਰਸਿ ਨ ਆਇ ॥੧੩੦੧॥

(ਮੈਂ) ਜਾਣਦਾ ਹਾਂ, ਕਤਕ (ਦੇ ਮਹੀਨੇ) ਦੇ ਬਦਲ ਗਰਜਦੇ (ਹਨ ਪਰ ਉਨ੍ਹਾਂ ਨੂੰ) ਵਰ੍ਹਨ ਦਾ ਵਲ ਨਹੀਂ ਆਉਂਦਾ ॥੧੩੦੧॥

ਸਵੈਯਾ ॥

ਸਵੈਯਾ:

ਯੌ ਸੁਨਿ ਕੈ ਤਿਹ ਬਾਤ ਨਿਸਾਚਰ ਜੀ ਅਪੁਨੇ ਅਤਿ ਕੋਪ ਭਰਿਓ ॥

ਉਸ (ਸ਼ਕਤਿ ਸਿੰਘ) ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਦੈਂਤ (ਕ੍ਰੂਰਧੁਜਾ) ਆਪਣੇ ਮਨ ਵਿਚ ਕ੍ਰੋਧ ਨਾਲ ਭਰ ਗਿਆ।

ਅਸਿ ਲੈ ਤਿਹ ਸਾਮੁਹੇ ਆਇ ਅਰਿਯੋ ਸਕਤੇਸ ਬਲੀ ਨਹੀ ਨੈਕੁ ਡਰਿਓ ॥

ਤਲਵਾਰ ਲੈ ਕੇ ਉਸ ਦੇ ਸਾਹਮਣੇ ਆ ਕੇ ਡਟ ਗਿਆ, ਪਰ ਬਲਵਾਨ ਸ਼ਕਤਿ ਸਿੰਘ ਜ਼ਰਾ ਜਿੰਨਾ ਵੀ ਨਾ ਡਰਿਆ।

ਬਹੁ ਜੁਧ ਕੈ ਅੰਤਰਿ ਧਿਆਨ ਭਯੋ ਨਭਿ ਮੈ ਪ੍ਰਗਟਿਯੋ ਤੇ ਉਚਰਿਓ ॥

(ਦੈਂਤ) ਬਹੁਤ ਯੁੱਧ ਕਰ ਕੇ ਲੁਪਤ ਹੋ ਗਿਆ ਅਤੇ ਆਕਾਸ਼ ਵਿਚ ਫਿਰ ਪ੍ਰਗਟ ਹੋ ਕੇ ਮੁਖ ਤੋਂ ਕਹਿਣ ਲਗਾ।

ਅਬ ਤੋਹਿ ਸੰਘਾਰਿਤ ਹੋ ਪਲ ਮੈ ਧਨੁ ਬਾਨ ਸੰਭਾਰ ਕੈ ਪਾਨਿ ਧਰਿਓ ॥੧੩੦੨॥

(ਮੈਂ) ਤੈਨੂੰ ਹੁਣੇ ਪਲ ਭਰ ਵਿਚ ਮਾਰਦਾ ਹਾਂ ਅਤੇ ਧਨੁਸ਼ ਬਾਣ ਸੰਭਾਲ ਕੇ ਹੱਥ ਵਿਚ ਫੜ ਲਏ ॥੧੩੦੨॥

ਦੋਹਰਾ ॥

ਦੋਹਰਾ:

ਬਾਨਨ ਕੀ ਬਰਖਾ ਕਰਤ ਨਭ ਤੇ ਉਤਰਿਯੋ ਕ੍ਰੂਰ ॥

ਕ੍ਰੂਰਧੁਜਾ ਆਕਾਸ਼ ਤੋਂ ਬਾਣਾਂ ਦੀ ਬਰਖਾ ਕਰਦਾ ਹੋਇਆ ਉਤਰ ਆਇਆ।

ਪੁਨਿ ਆਯੋ ਰਨ ਭੂਮਿ ਮੈ ਅਧਿਕ ਲਰਿਯੋ ਬਰ ਸੂਰ ॥੧੩੦੩॥

ਫਿਰ ਉਹ ਯੋਧਾ ਰਣ-ਭੂਮੀ ਵਿਚ ਆ ਗਿਆ ਅਤੇ ਬਹੁਤ ਜ਼ੋਰ ਨਾਲ ਲੜਨ ਲਗ ਗਿਆ ॥੧੩੦੩॥

ਸਵੈਯਾ ॥

ਸਵੈਯਾ:

ਬੀਰਨ ਮਾਰ ਕੈ ਦੈਤ ਬਲੀ ਅਪਨੇ ਚਿਤ ਮੈ ਅਤਿ ਹੀ ਹਰਖਿਓ ਹੈ ॥

ਸੂਰਮਿਆਂ ਨੂੰ ਮਾਰ ਕੇ ਦੈਂਤ ਯੋਧਾ ਆਪਣੇ ਹਿਰਦੇ ਅੰਦਰ ਬਹੁਤ ਪ੍ਰਸੰਨ ਹੋਇਆ।

ਹੀ ਤਜਿ ਸੰਕ ਨਿਸੰਕ ਭਯੋ ਸਕਤੇਸ ਸੰਘਾਰਬੇ ਕੋ ਸਰਖਿਓ ਹੈ ॥

ਹਿਰਦੇ ਦੀ ਸੰਗ ਛੱਡ ਕੇ ਨਿਸੰਗ ਹੋ ਗਿਆ ਅਤੇ ਸ਼ਕਤਿ ਸਿੰਘ ਨੂੰ ਮਾਰਨ ਲਈ ਅੱਗੇ ਵਧਿਆ।

ਜਿਉ ਚਪਲਾ ਚਮਕੈ ਦਮਕੈ ਬਰਿ ਚਾਪ ਲੀਯੋ ਕਰ ਮੈ ਕਰਖਿਓ ਹੈ ॥

ਜਿਵੇਂ ਬਿਜਲੀ ਚਮਕਦੀ ਦਮਕਦੀ ਹੈ, (ਉਸੇ ਤਰ੍ਹਾਂ ਦੀ ਚਮਕ ਵਾਲਾ) ਉੱਤਮ ਧਨੁਸ਼ (ਉਸ ਨੇ) ਆਪਣੇ ਹੱਥ ਵਿੱਚ ਲੈ ਲਿਆ।

ਮੇਘ ਪਰੇ ਬਰ ਬੂੰਦਨ ਜਿਉ ਸਰ ਜਾਲ ਕਰਾਲਨਿ ਤਿਉ ਬਰਖਿਓ ਹੈ ॥੧੩੦੩॥

ਜਿਵੇਂ ਬੱਦਲਾਂ ਵਿੱਚੋਂ ਸੋਹਣੀਆਂ ਕਣੀਆਂ ਪੈਂਦੀਆਂ ਹਨ, ਉਸੇ ਤਰ੍ਹਾਂ (ਉਸ ਦੇ) ਭਿਆਨਕ ਤੀਰਾਂ ਦੀ ਬਰਖਾ ਹੋ ਰਹੀ ਹੈ ॥੧੩੦੩॥

ਸੋਰਠਾ ॥

ਸੋਰਠਾ:

ਪਗ ਨ ਟਰਿਓ ਬਰ ਬੀਰ ਸਕਤਿ ਸਿੰਘ ਧੁਜ ਕ੍ਰੂਰ ਤੇ ॥

ਕ੍ਰੂਰਧੁਜਾ ਤੋਂ ਬਲਵਾਨ ਸ਼ਕਤਿ ਸਿੰਘ ਨੇ ਪੈਰ ਪਿਛੇ ਨਹੀਂ ਹਟਾਇਆ।

ਅਚਲ ਰਹਿਓ ਰਨ ਧੀਰ ਜਿਉ ਅੰਗਦ ਰਾਵਨ ਸਭਾ ॥੧੩੦੫॥

ਇਹ ਰਣਧੀਰ (ਯੁੱਧ ਵਿਚ) ਇਸ ਤਰ੍ਹਾਂ ਅਚਲ ਰਿਹਾ ਜਿਵੇਂ ਰਾਵਣ ਦੀ ਸਭਾ ਵਿਚ ਅੰਗਦ (ਰਿਹਾ ਸੀ) ॥੧੩੦੫॥

ਸਵੈਯਾ ॥

ਸਵੈਯਾ:

ਭਾਜਤ ਨਾਹਿਨ ਆਹਵ ਤੇ ਸਕਤੇਸ ਮਹਾ ਬਲਵੰਤ ਸੰਭਾਰਿਓ ॥

ਸ਼ਕਤਿ ਸਿੰਘ ਰਣ ਵਿਚੋਂ ਭਜਿਆ ਨਹੀਂ, ਸਗੋਂ (ਉਸ ਨੇ) ਆਪਣੇ ਬਲ ਨੂੰ ਸੰਭਾਲਿਆ।

ਜਾਲ ਜਿਤੋ ਅਰਿ ਕੇ ਸਰ ਕੋ ਤਬ ਹੀ ਅਗਨਾਯੁਧ ਸਾਥ ਪ੍ਰਜਾਰਿਯੋ ॥

ਵੈਰੀ ਨੇ ਜੋ ਬਾਣਾਂ ਦਾ ਮੀਂਹ ਵਰ੍ਹਾਇਆ ਸੀ, ਉਹ ਉਸੇ ਵੇਲੇ ਅਗਨੀ ਸ਼ਸਤ੍ਰ ਦੇ ਨਾਲ ਸਾੜ ਦਿੱਤਾ।

ਪਾਨਿ ਲਯੋ ਧਨੁ ਬਾਨ ਰਿਸਾਇ ਕੈ ਕ੍ਰੂਰਧੁਜਾ ਸਿਰ ਕਾਟਿ ਉਤਾਰਿਯੋ ॥

(ਫਿਰ) ਕ੍ਰੋਧਵਾਨ ਹੋ ਕੇ ਹੱਥ ਵਿਚ ਧਨੁਸ਼ ਬਾਣ ਲੈ ਲਿਆ ਅਤੇ ਕ੍ਰੂਰਧੁਜਾ ਦਾ ਸਿਰ ਕਟ ਦਿੱਤਾ।

ਐਸੇ ਹਨ੍ਯੋ ਰਿਪੁ ਜਿਉ ਮਘਵਾ ਬਲ ਕੈ ਬ੍ਰਿਤਰਾਸੁਰ ਦੈਤ ਸੰਘਾਰਿਯੋ ॥੧੩੦੬॥

ਵੈਰੀ ਨੂੰ ਇਸ ਤਰ੍ਹਾਂ ਮਾਰ ਦਿੱਤਾ, ਜਿਵੇਂ ਇੰਦਰ ਨੇ ਬਲ ਪੂਰਵਕ ਬ੍ਰਿਤਰਾਸੁਰ ਦੈਂਤ ਨੂੰ ਮਾਰਿਆ ਸੀ ॥੧੩੦੬॥

ਦੋਹਰਾ ॥

ਦੋਹਰਾ:

ਸਕਤਿ ਸਿੰਘ ਜਬ ਕ੍ਰੂਰਧੁਜ ਮਾਰਿਯੋ ਭੂਮਿ ਗਿਰਾਇ ॥

ਜਦੋਂ ਸ਼ਕਤਿ ਸਿੰਘ ਨੇ ਕ੍ਰੂਰਧੁਜਾ ਨੂੰ ਮਾਰ ਕੇ ਧਰਤੀ ਉਤੇ ਸੁਟ ਦਿੱਤਾ,