ਸ਼੍ਰੀ ਦਸਮ ਗ੍ਰੰਥ

ਅੰਗ - 1086


ਦਿਨ ਰੈਨਿ ਭਜੈ ਮੁਖ ਜਾਸੁ ਪਿਯਾ ॥

ਜੋ ਦਿਨ ਰਾਤ ਆਪਣੇ ਪ੍ਰਿਯ (ਦਾ ਨਾਮ) ਮੁਖ ਤੋਂ ਜਪਦੀ ਸੀ।

ਬਿਸੁਨਾਥ ਪ੍ਰਭਾ ਤ੍ਰਿਯ ਔਰ ਰਹੈ ॥

(ਉਸ ਰਾਜੇ ਦੀ) ਬਿਸੁਨਾਥ ਪ੍ਰਭਾ ਨਾਂ ਦੀ ਇਕ ਹੋਰ ਇਸਤਰੀ ਸੀ।

ਅਤਿ ਸੁੰਦਰ ਤਾ ਕਹ ਜਗਤ ਕਹੈ ॥੨॥

ਉਸ ਨੂੰ ਜਗਤ ਅਤਿ ਸੁੰਦਰ ਕਹਿੰਦਾ ਸੀ ॥੨॥

ਬਿਸੁਨਾਥ ਪ੍ਰਭਾ ਤਨ ਪ੍ਰੀਤਿ ਰਹੈ ॥

(ਰਾਜੇ ਦੀ) ਬਿਸੁਨਾਥ ਨਾਲ ਬਹੁਤ ਪ੍ਰੀਤ ਸੀ।

ਉਡਗਿੰਦ੍ਰ ਪ੍ਰਭਾ ਇਕ ਬੈਨ ਚਹੈ ॥

ਉਡਗਿੰਦ੍ਰ ਪ੍ਰਭਾ ਤਾਂ ਬਸ ਇਕ ਬੋਲ ਦੀ ਹੀ ਚਾਹਵਾਨ ਸੀ।

ਦਿਨ ਰੈਨਿ ਬਿਤੀਤ ਕਰੈ ਇਹ ਕੇ ॥

ਉਹ ਦਿਨ ਰਾਤ ਇਸ ਨਾਲ ਗੁਜ਼ਾਰਦਾ ਸੀ

ਕਬਹੂੰ ਗ੍ਰਿਹ ਜਾਤ ਨਹੀ ਤਿਹ ਕੇ ॥੩॥

ਅਤੇ ਉਸ ਦੇ ਘਰ ਜਾਂਦਾ ਤਕ ਨਹੀਂ ਸੀ ॥੩॥

ਚੌਪਈ ॥

ਚੌਪਈ:

ਤਾ ਪਰ ਸਤ੍ਰੁ ਤਵਨ ਕੋ ਧਾਯੋ ॥

ਰਾਜੇ ਉਤੇ ਉਸ ਦੇ ਵੈਰੀ ਨੇ ਧਾਵਾ ਬੋਲ ਦਿੱਤਾ।

ਦ੍ਰੁਗਤਿ ਸਿੰਘ ਦਲੁ ਲੈ ਸਮੁਹਾਯੋ ॥

ਦ੍ਰੁਗਤਿ ਸਿੰਘ ਵੀ ਦਲ ਲੈ ਕੇ ਸਾਹਮਣੇ ਆ ਗਿਆ।

ਮਚਿਯੋ ਜੁਧ ਅਤਿ ਬਜੇ ਨਗਾਰੇ ॥

ਬਹੁਤ ਜ਼ਿਆਦਾ ਯੁੱਧ ਮਚ ਪਿਆ ਅਤੇ ਨਗਾਰੇ ਵਜਣ ਲਗੇ।

ਦੇਵ ਅਦੇਵ ਬਿਲੋਕਤ ਸਾਰੇ ॥੪॥

ਸਾਰੇ ਦੇਵਤੇ ਅਤੇ ਦੈਂਤ ਵੇਖਣ ਲਗ ਗਏ ॥੪॥

ਉਮਡੇ ਸੂਰ ਸਿੰਘ ਜਿਮਿ ਗਾਜਹਿ ॥

ਉਮਡੇ ਹੋਏ ਸੂਰਮੇ ਸ਼ੇਰਾਂ ਵਾਂਗ ਗਜਦੇ ਸਨ।

ਦੋਊ ਦਿਸਨ ਜੁਝਊਆ ਬਾਜਹਿ ॥

ਦੋਹਾਂ ਪੱਖਾਂ ਤੋਂ ਮਾਰੂ ਵਾਜੇ ਵਜਦੇ ਸਨ।

ਗੋਮੁਖ ਸੰਖ ਨਿਸਾਨ ਅਪਾਰਾ ॥

ਗੋਮੁਖ, ਸੰਖ, ਧੌਂਸੇ,

ਢੋਲ ਮ੍ਰਿਦੰਗ ਮੁਚੰਗ ਨਗਾਰਾ ॥੫॥

ਢੋਲ, ਮ੍ਰਿਦੰਗ, ਮੁਚੰਗ, ਨਗਾਰੇ ਆਦਿ ਬਹੁਤ ਵਜਦੇ ਸਨ ॥੫॥

ਤੁਰਹੀ ਨਾਦ ਨਫੀਰੀ ਬਾਜਹਿ ॥

ਤੁਰਹੀ, ਨਾਦ, ਨਫੀਰੀ,

ਮੰਦਲ ਤੂਰ ਉਤੰਗ ਬਿਰਾਜਹਿ ॥

ਮੰਦਲ, ਤੂਰ, ਉਤੰਗ,

ਮੁਰਲੀ ਝਾਝ ਭੇਰ ਰਨ ਭਾਰੀ ॥

ਮੁਰਲੀ, ਝਾਂਝ, ਭੇਰ ਆਦਿ ਬਹੁਤ ਵਾਜੇ ਵਜਦੇ ਸਨ

ਸੁਨਤ ਨਾਦ ਧੁਨਿ ਹਠੇ ਹਕਾਰੀ ॥੬॥

ਅਤੇ (ਉਨ੍ਹਾਂ ਦਾ) ਨਾਦ ਸੁਣ ਕੇ ਹਠੀਲੇ (ਸੂਰਮੇ) ਲਲਕਾਰੇ ਮਾਰਦੇ ਸਨ ॥੬॥

ਜੁਗਨਿ ਦੈਤ ਅਧਿਕ ਹਰਖਾਨੇ ॥

ਜੋਗਣਾਂ ਅਤੇ ਦੈਂਤ ਬਹੁਤ ਖ਼ੁਸ਼ ਹੋ ਰਹੇ ਸਨ।

ਗੀਧ ਸਿਵਾ ਫਿਕਰਹਿ ਅਭਿਮਾਨੈ ॥

ਗਿਰਝਾਂ ਅਤੇ ਸਿਵਾ (ਗਿਦੜੀਆਂ) ਅਭਿਮਾਨ ਸਹਿਤ ਹੁੰਕਾਰ ਰਹੀਆਂ ਸਨ।

ਭੂਤ ਪ੍ਰੇਤ ਨਾਚਹਿ ਅਰੁ ਗਾਵਹਿ ॥

ਭੂਤ, ਪ੍ਰੇਤ ਨਚਦੇ ਅਤੇ ਗਾਉਂਦੇ ਸਨ।

ਕਹੂੰ ਰੁਦ੍ਰ ਡਮਰੂ ਡਮਕਾਵਹਿ ॥੭॥

ਕਿਤੇ ਰੁਦ੍ਰ ਡਮਰੂ ਨੂੰ ਵਜਾ ਰਿਹਾ ਸੀ ॥੭॥

ਅਚਿ ਅਚਿ ਰੁਧਰ ਡਾਕਨੀ ਡਹਕਹਿ ॥

ਡਾਕਣੀਆਂ ਲਹੂ ਪੀ ਪੀ ਕੇ ਡਕਾਰ ਰਹੀਆਂ ਸਨ

ਭਖਿ ਭਖਿ ਅਮਿਖ ਕਾਕ ਕਹੂੰ ਕਹਕਹਿ ॥

ਅਤੇ ਕਾਂ ਮਾਸ ਖਾ ਖਾ ਕੇ ਕਾਂ-ਕਾਂ ਕਰਦੇ ਸਨ।

ਜੰਬੁਕ ਗੀਧ ਮਾਸੁ ਲੈ ਜਾਹੀ ॥

ਗਿਦੜ ਅਤੇ ਗਿੱਧਾਂ ਮਾਸ ਲੈ ਜਾ ਰਹੀਆਂ ਸਨ।

ਕਛੁ ਕਛੁ ਸਬਦ ਬਿਤਾਲ ਸੁਨਾਹੀ ॥੮॥

ਕਿਤੇ ਕਿਤੇ ਬਿਤਾਲਾਂ ਦੇ ਸ਼ਬਦ ਸੁਣਾਈ ਪੈਂਦੇ ਸਨ ॥੮॥

ਝਮਕੈ ਕਹੂੰ ਅਸਿਨ ਕੀ ਧਾਰਾ ॥

ਕਿਤੇ ਤਲਵਾਰਾਂ ਦੀਆਂ ਧਾਰਾਂ ਲਿਸ਼ਕ ਰਹੀਆਂ ਸਨ।

ਭਭਕਹਿ ਰੁੰਡ ਮੁੰਡ ਬਿਕਰਾਰਾ ॥

ਭਿਆਨਕ ਸਿਰ ਅਤੇ ਧੜ ਭਕ ਭਕ ਕਰ ਰਹੇ ਸਨ।

ਧੁਕਿ ਧੁਕਿ ਪਰੇ ਧਰਨਿ ਭਟ ਭਾਰੇ ॥

ਧੁਕ ਧੁਕ ਕਰਦੇ ਵੱਡੇ ਸੂਰਮੇ ਧਰਤੀ ਉਤੇ ਡਿਗ ਰਹੇ ਸਨ।

ਝੁਕਿ ਝੁਕਿ ਬਡੇ ਪਖਰਿਯਾ ਮਾਰੇ ॥੯॥

ਬਹੁਤ ਸਾਰੇ ਘੋੜ ਸਵਾਰਾਂ ਨੂੰ ਝੁਕ ਝੁਕ ਕੇ ਮਾਰਿਆ ਜਾ ਰਿਹਾ ਸੀ ॥੯॥

ਠਿਲਾ ਠਿਲੀ ਬਰਛਨਿ ਸੌ ਮਾਚੀ ॥

ਬਰਛਿਆਂ ਦੀ ਠੇਲ ਠਾਲ ਹੋ ਰਹੀ ਹੈ

ਕਢਾ ਕਢੀ ਕਰਵਾਰਿਨ ਰਾਚੀ ॥

ਅਤੇ ਤਲਵਾਰਾਂ ਕਢ ਕਢ ਕੇ ਚਲਾਈਆਂ ਜਾ ਰਹੀਆਂ ਹਨ।

ਕਟਾ ਕਟੀ ਕਹੂੰ ਭਈ ਕਟਾਰੀ ॥

ਕਿਤੇ ਕਟਾਰਾਂ ਨਾਲ ਕਟਾ ਕਟੀ (ਇਤਨੀ) ਹੋਈ ਹੈ

ਧਰਨੀ ਅਰੁਨ ਭੇਸ ਭਈ ਸਾਰੀ ॥੧੦॥

ਕਿ ਸਾਰੀ ਧਰਤੀ ਲਾਲ ਰੰਗ ਦੀ ਹੋ ਗਈ ਹੈ ॥੧੦॥

ਕਾਢੇ ਦੈਤ ਦਾਤ ਕਹੂੰ ਫਿਰੈਂ ॥

ਕਿਤੇ ਦੈਂਤ ਦੰਦ ਕਢ ਕੇ ਫਿਰ ਰਹੇ ਹਨ

ਬਰਿ ਬਰਿ ਕਹੂੰ ਬਰੰਗਨ ਬਰੈਂ ॥

ਅਤੇ ਕਿਤੇ ਅਪੱਛਰਾਵਾਂ ਚੰਗੇ ਸੂਰਮਿਆਂ ਨੂੰ ਵਰ ਰਹੀਆ ਹਨ।

ਭੀਖਨ ਭਏ ਨਾਦ ਕਹੂੰ ਭਾਰੇ ॥

ਕਿਤੇ ਭਿਆਨਕ ਨਾਦ ਹੋ ਰਹੇ ਹਨ।

ਭੈਰਵਾਦਿ ਛਬਿ ਲਖਨ ਸਿਧਾਰੇ ॥੧੧॥

ਕਿਤੇ ਭੈਰੋਂ ਆਦਿ (ਯੁੱਧ ਦੀ) ਛਬੀ ਵੇਖਣ ਲਈ ਆ ਪਹੁੰਚੇ ਹਨ ॥੧੧॥

ਦੋਹਰਾ ॥

ਦੋਹਰਾ:

ਭਕਭਕਾਹਿ ਘਾਯਲ ਕਹੂੰ ਕਹਕੈ ਅਮਿਤ ਮਸਾਨ ॥

ਕਿਤੇ ਘਾਇਲਾਂ (ਦੇ ਜ਼ਖ਼ਮ) ਭਕ ਭਕ ਕਰ ਰਹੇ ਹਨ ਅਤੇ ਕਿਤੇ ਬੇਸ਼ੁਮਾਰ ਮਸਾਣ (ਪ੍ਰੇਤ) ਕਹਿਕੇ ਮਾਰ ਰਹੇ ਹਨ।

ਬਿਕਟਿ ਸੁਭਟ ਚਟਪਟ ਕਟੇ ਤਨ ਬ੍ਰਿਨ ਬਹੈ ਕ੍ਰਿਪਾਨ ॥੧੨॥

ਕਠੋਰ ਸੂਰਮੇ ਝਟਪਟ ਕ੍ਰਿਪਾਨਾਂ ਨਾਲ ਸ਼ਰੀਰ ਕਟ ਰਹੇ ਹਨ ਅਤੇ ਜ਼ਖ਼ਮਾਂ (ਵਿਚੋਂ ਲਹੂ) ਵਗ ਰਿਹਾ ਹੈ ॥੧੨॥

ਚੌਪਈ ॥

ਚੌਪਈ:

ਭੈਰਵ ਕਹੂੰ ਅਧਿਕ ਭਵਕਾਰੈ ॥

ਕਿਤੇ ਭੈਰੋ ਬਹੁਤ ਭਭਕਾਂ ਮਾਰ ਰਹੇ ਹਨ

ਕਹੂੰ ਮਸਾਨ ਕਿਲਕਟੀ ਮਾਰੈ ॥

ਅਤੇ ਕਿਤੇ ਮਸਾਣ ਕਿਲਕਾਰੀਆਂ ਮਾਰ ਰਹੇ ਹਨ।

ਭਾ ਭਾ ਬਜੇ ਭੇਰ ਕਹੂੰ ਭੀਖਨ ॥

ਕਿਤੇ ਭਿਆਨਕ ਭੇਰੀਆਂ ਭਾਂ ਭਾਂ ਕਰ ਕੇ ਵਜਦੀਆਂ ਹਨ।

ਤਨਿ ਧਨੁ ਤਜਹਿ ਸੁਭਟ ਸਰ ਤੀਖਨ ॥੧੩॥

ਕਿਤੇ ਸੂਰਮੇ ਧਨੁਸ਼ ਖਿਚ ਕੇ ਤਿਖੇ ਤੀਰ ਛਡ ਰਹੇ ਹਨ ॥੧੩॥