ਹਾਥੀ, ਘੋੜੇ, ਰਥਵਾਨ ਅਤੇ ਰਥਾਂ ਨੂੰ ਕੁਟਣਗੇ।
ਇਕਨਾਂ (ਯੋਧਿਆਂ) ਨੂੰ ਕੇਸਾਂ ਤੋਂ ਪਕੜ ਕੇ ਝਟਕੇ ਦੇਣਗੇ।
ਲੱਖਾਂ (ਯੋਧਿਆਂ) ਨੂੰ ਲਤਾਂ ਅਤੇ ਮੁਕਿਆਂ ਨਾਲ ਕੁਟਣਗੇ।
ਯੁੱਧਭੂਮੀ ਵਿਚ (ਇਕਨਾਂ ਦੇ) ਦੰਦ ਅਤੇ ਕੇਸ ਪੁਟ ਦੇਣਗੇ ॥੩੧੮॥
ਰਾਜਿਆਂ ਅਤੇ ਸੈਨਾ ਨਾਇਕਾਂ ਨੂੰ ਸੁਧਾਰਨਗੇ।
ਹੱਥ ਵਿਚ ਬਾਣ ਤੇ ਕ੍ਰਿਪਾਨ ਸੰਭਾਲਣਗੇ।
ਰੋਸ ਕਰ ਕੇ ਦੋਹਾਂ ਪਾਸਿਆਂ ਨੂੰ ਭਜਣਗੇ।
ਰਣ-ਭੂਮੀ ਵਿਚ ਜਿਤ ਕੇ ਸਵਰਗ ('ਦਿਵਾਲਯ') ਨੂੰ ਪ੍ਰਾਪਤ ਕਰਨਗੇ ॥੩੧੯॥
ਛਣਕਾਰ ਕਰਦੀ ਹੋਈ ਕ੍ਰਿਪਾਨ ਛਣਕੇਗੀ।
ਝਣ-ਝਣ ਕਰਦੀਆਂ ਕਵਚਾਂ ਡਿਗਣਗੀਆਂ।
ਕੰਧਾਰੀ ਘੋੜਿਆਂ ਦੀ ਹਿਣਹਿਣਾਹਠ ਹੋਵੇਗੀ।
ਯੁੱਧ-ਭੂਮੀ ਵਿਚ ਫਾਗ ਮਚੇਗੀ ॥੩੨੦॥
ਦੋਹਾਂ ਪਾਸਿਆਂ ਤੋਂ ਬਰਛੇ ਉਗਰੇ ਜਾਣਗੇ।
ਸ਼ਿਵ ਧੂੜ ਵਿਚ ਧੁੰਧਲੇ ਹੋ ਜਾਣਗੇ।
ਤਲਵਾਰਾਂ ਤੇ ਕਟਾਰਾਂ ਜ਼ੋਰ ਨਾਲ ਵਜਣਗੀਆਂ,
ਮਾਨੋ ਸਾਵਣ ਦੀਆਂ ਘਟਾਵਾਂ ਗਰਜ ਰਹੀਆਂ ਹੋਣ ॥੩੨੧॥
ਯੋਧੇ ਕ੍ਰੋਧਵਾਨ ਹੋ ਕੇ ਦੰਦ ਪੀਹਣਗੇ।
(ਯੋਧੇ) ਦੋਹਾਂ ਪਾਸੇ ਘੋੜਿਆਂ ਨੂੰ ਨਚਾਉਣਗੇ।
ਰਣ-ਭੂਮੀ ਅੰਦਰ ਕਮਾਨਾਂ ਵਿਚੋਂ ਤੀਰ ਛਡਣਗੇ
(ਜਿਨ੍ਹਾਂ ਨਾਲ) ਘੋੜਿਆਂ ਦੀਆਂ (ਲੋਹੇ ਦੀਆਂ ਜਾਲੀਦਾਰ) ਝੁਲਾਂ ਅਤੇ ਕਵਚ ('ਸਨਾਹਿਨ') ਭੰਨਣਗੇ ॥੩੨੨॥
(ਸੈਨਾਵਾਂ) ਬਦਲਾਂ ਦੀਆਂ ਘਟਾਵਾਂ ਵਾਂਗ ਗਰਜਦੀਆਂ ਹੋਈਆਂ ਨੇੜੇ ਢੁਕਣਗੀਆਂ।
ਸਾਰੀਆਂ ਦਿਸ਼ਾਵਾਂ ਤੋਂ (ਯੋਧੇ) 'ਮਾਰੋ' 'ਮਾਰੋ' ਕੂਕਣਗੇ।
ਮੂੰਹ ਤੋਂ ਉੱਚੀ ਆਵਾਜ਼ ਵਿਚ 'ਮਾਰੋ' 'ਮਾਰੋ' ਬੋਲਣਗੇ।
ਸੁਮੇਰ ਪਰਬਤ ਵਾਂਗ ਨਹੀਂ ਡੋਲਣਗੇ ॥੩੨੩॥
ਕਰੋੜਾਂ ਘੋੜੇ, ਹਾਥੀ ਅਤੇ ਹਾਥੀਆਂ ਦੇ ਸਵਾਰ ਜੂਝਣਗੇ।
ਕਵੀ ਕਰੋੜਾਂ ਦੀ ਗਿਣਤੀ ਕਿਥੋਂ ਤਕ ਕਰਨਗੇ।
ਗਣ, ਦੇਵਤੇ ਅਤੇ ਦੈਂਤ ਵੇਖਣਗੇ।
ਉੱਚੀ ਸੁਰ ਵਿਚ ਜੈ ਜੈ ਕਾਰ ਬੋਲਣਗੇ ॥੩੨੪॥
ਲੱਖਾਂ ਬਾਣ ਅਤੇ ਝੰਡੇ ਸ਼ੋਭਾ ਪਾਣਗੇ।
ਯੁੱਧ-ਭੂਮੀ ਵਿਚ (ਯੁੱਧ) ਵੇਲੇ ਲਹਿਰਾਉਣਗੇ।
ਚੰਗੀਆਂ ਢਾਲਾਂ ਢਲ ਢਲ ਕਰ ਕੇ ਟਕਰਾਉਣਗੀਆਂ।
ਦਸਾਂ ਦਿਸ਼ਾਵਾਂ ਵਿਚ (ਯੋਧੇ) 'ਮਾਰੋ' 'ਮਾਰੋ' ਬੋਲਣਗੇ ॥੩੨੫॥
ਕਵਚਾਂ ('ਤਨੁ ਤ੍ਰਾਣ') ਦੇ ਪੁਰਜ਼ੇ ਉਡਣਗੇ।
(ਤੀਰਾਂ ਨੂੰ) ਗਡ ਦੇਣ ਵਾਲੇ (ਯੋਧੇ) ਗਡਾ ਗਡ ਕਰਦੇ (ਤੀਰਾਂ ਨੂੰ) ਗਡ ਦੇਣਗੇ।
ਰਣ-ਭੂਮੀ ਵਿਚ ਬਾਣ ਅਤੇ ਝੰਡੇ ਝਮਕਣਗੇ।
ਯੋਧੇ, ਭੂਤ, ਪ੍ਰੇਤ ਭਭਕਣਗੇ ॥੩੨੬॥
(ਰਣ ਵਿਚ) ਕਿਤੇ ਸੁੰਦਰ ਬਾਣ, ਕ੍ਰਿਪਾਨ ਅਤੇ ਝੰਡੇ (ਪਕੜੇ ਹੋਏ ਹੋਣਗੇ)।
(ਯੋਧੇ) ਰਣ ਵਿਚ ਬੋਲਣਗੇ ਕਿ ਅਜ ਤਕ ਅਜਿਹਾ (ਯੁੱਧ ਨਹੀਂ) ਹੋਇਆ।
ਕਿਤਨਿਆਂ ਨੂੰ ਕੇਸਾਂ ਤੋਂ ਪਕੜ ਕੇ ਘੁੰਮਾਉਣਗੇ
ਅਤੇ ਦਸਾਂ ਦਿਸ਼ਾਵਾਂ ਵਿਚ ਤਕ ਕੇ (ਸ਼ਸਤ੍ਰ ਅਤੇ ਅਸਤ੍ਰ) ਚਲਾਉਣਗੇ ॥੩੨੭॥
(ਸਾਰੇ) ਯੋਧੇ ਲਾਲ ਰੰਗ ਵਿਚ ਦਿਖਣਗੇ।
ਸੂਰਜ ਦੀਆਂ ਕਿਰਨਾਂ ਵਰਗੇ ਤੀਰ ਦਿਸਣਗੇ।
ਯੋਧੇ ਬਹੁਤ ਤਰ੍ਹਾਂ ਦੀ ਸ਼ੋਭਾ ਪ੍ਰਾਪਤ ਕਰਨਗੇ।
(ਉਨ੍ਹਾਂ ਦੇ) ਰੰਗ ਨੂੰ ਵੇਖ ਕੇ ਕੇਸੂ ਵੀ ਹੀਣਾ ਮਹਿਸੂਸ ਕਰੇਗਾ ॥੩੨੮॥
ਹਾਥੀ, ਘੋੜੇ, ਰਥਾਂ ਵਾਲੇ, ਰਥ (ਯੁੱਧ ਵਿਚ) ਜੁਝਣਗੇ।
ਕਵੀ ਲੋਕ ਕਿਥੋਂ ਤਕ (ਉਨ੍ਹਾਂ ਨੂੰ) ਸਮਝ ਸਕਣਗੇ।
ਜਿਤ ਦੇ ਯਸ਼ ਦੇ ਗੀਤ ਬਣਾਉਣਗੇ।
ਚਾਰ ਯੁਗਾਂ ਤਕ ਯਸ਼ ਗਾਉਣਗੇ ॥੩੨੯॥