ਸਾਨੂੰ ਇਕ ਰਿਸ਼ੀ ਨੇ ਸ੍ਰਾਪ ਦਿੱਤਾ ਸੀ,
ਜਿਸ ਕਰ ਕੇ (ਅਸਾਂ) ਇਥੇ ਆ ਕੇ ਜਨਮ ਲਿਆ ਹੈ ॥੭॥
ਫਿਰ ਰਿਖੀ ਨੇ ਸਾਨੂੰ ਇਸ ਤਰ੍ਹਾਂ ਕਿਹਾ,
ਤੁਸਾਂ ਦੋਹਾਂ ਦਾ ਫਿਰ ਉੱਧਾਰ ਹੋਵੇਗਾ।
(ਤੁਸੀਂ) ਮਾਤ ਲੋਕ ਵਿਚ ਬਹੁਤ ਸਾਲ ਬਤੀਤ ਕਰੋਗੇ
ਅਤੇ ਫਿਰ ਦੋਵੇਂ ਸਵਰਗ ਵਿਚ ਆ ਜਾਓਗੇ ॥੮॥
ਮੈਂ ਤੁਹਾਡੇ ਘਰ ਵਸ ਕੇ (ਬਹੁਤ) ਸੁਖ ਪ੍ਰਾਪਤ ਕੀਤਾ ਹੈ,
ਹੁਣ ਰਿਖੀ ਦੇ ਸ੍ਰਾਪ ਦੀ ਅਵਧੀ ਮੁਕਣ ਤੇ ਆਈ ਹੈ।
ਇਹ ਗੱਲ ਕਹਿ ਕੇ ਰਾਜ-ਮਹੱਲ ਵਿਚ ਆ ਗਈ
ਅਤੇ ਪਰੀ ਸਮੇਤ ਸ਼ਾਹ ਨੂੰ ਬੁਲਾ ਲਿਆ ॥੯॥
ਚੌਪਈ:
(ਰਾਣੀ ਨੇ ਪਰੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ) 'ਗਈ ਗਈ' ਦੀ ਧੁਨ (ਆਵਾਜ਼) ਕਰਨੀ,
ਆਕਾਸ਼ ਵਿਚ ਜਾ ਕੇ, ਤਾਂ ਜੋ ਰਾਜਾ ਸੁਣ ਲਏ।
ਜਦ ਪਰੀ ਨੇ ਭੇਦ ਦੀ ਗੱਲ ਸਮਝ ਲਈ,
ਤਾਂ ਪਰੀ ਨੇ ਕਿਹਾ ਕਿ ਚੰਗੀ ਤਰ੍ਹਾਂ ਨਾਲ (ਇਹੀ) ਕਹਾਂਗੀ ॥੧੦॥
ਸ਼ਾਹ ਸਮੇਤ ਰਾਣੀ ਨੇ ਰਾਜੇ ਪਾਸ ਜਾ ਕੇ ਕਿਹਾ,
ਹੇ ਰਾਜਨ! ਰਾਣੀ ਜਾ ਰਹੀ ਹੈ।
ਇਸ ਤਰ੍ਹਾਂ ਕਹਿ ਕੇ (ਰਾਣੀ) ਲੋਪ ਹੋ ਗਈ
ਅਤੇ 'ਗਈ ਗਈ' ਦੀ ਆਕਾਸ਼ ਬਾਣੀ ਹੋਈ ॥੧੧॥
ਅੜਿਲ:
'ਗਈ ਗਈ' ਦੀ ਆਕਾਸ਼ ਬਾਣੀ ਚਿਰ ਤਕ ਹੋਈ
ਅਤੇ ਪ੍ਰਜਾ ਸਮੇਤ ਰਾਜੇ ਨੇ ਮਨ ਵਿਚ ਇਹੀ ਸਮਝ ਲਿਆ
ਕਿ ਰਾਣੀ ਭਰਾ ਨੂੰ ਨਾਲ ਲੈ ਕੇ ਸਵਰਗ ਵਿਚ ਚਲੀ ਗਈ ਹੈ।
(ਕੋਈ ਵੀ) ਮੂਰਖ ਭੇਦ ਅਭੇਦ ਨੂੰ ਨਹੀਂ ਵਿਚਾਰ ਸਕਿਆ ॥੧੨॥
ਚੌਪਈ:
ਸਭ ਨੇ ਮਿਲ ਕੇ ਇਸ ਤਰ੍ਹਾਂ ਕਿਹਾ,
ਹੇ ਰਾਜਨ! ਤੁਹਾਡੀ ਇਸਤਰੀ ਸਵਰਗ ਵਿਚ ਚਲੀ ਗਈ ਹੈ।
ਤੁਸੀਂ ਆਪਣੇ ਚਿਤ ਵਿਚ ਚਿੰਤਾ ਨਾ ਕਰੋ।
ਕੋਈ ਹੋਰ ਸੁੰਦਰ ਸੁਘੜ ਇਸਤਰੀ ਨਾਲ ਵਿਆਹ ਕਰ ਲਵੋ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੧॥੬੭੩੧॥ ਚਲਦਾ॥
ਚੌਪਈ:
ਹੇ ਰਾਜਨ! ਇਕ ਹੋਰ ਪ੍ਰਸੰਗ (ਚਰਿਤ੍ਰ) ਸੁਣੋ
ਜਿਸ ਤਰ੍ਹਾਂ ਕਿ ਇਕ ਇਸਤਰੀ ਨੇ ਰਾਜੇ ਨਾਲ ਕੀਤਾ ਸੀ।
ਜਲਜ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਉਸ ਦੀ ਰਾਣੀ ਦਾ ਨਾਂ ਸੁਛਬਿ ਮਤੀ ਕਿਹਾ ਜਾਂਦਾ ਸੀ ॥੧॥
ਉਸ ਦੇ ਨਗਰ ਦਾ ਨਾਂ ਸੁਛਬਿਵਤੀ ਕਿਹਾ ਜਾਂਦਾ ਸੀ।
ਉਸ ਦੀ ਉਪਮਾ ਅਮਰ ਪੁਰੀ ਨਾਲ ਦਿੱਤੀ ਜਾਂਦੀ ਸੀ।
ਰਾਜੇ ਨੂੰ ਰਾਣੀ ਨਾਲ ਪ੍ਰੇਮ ਨਹੀਂ ਸੀ,
ਜਿਸ ਕਰ ਕੇ ਰਾਣੀ ਦੁਖੀ ਰਹਿੰਦੀ ਸੀ ॥੨॥
ਰਾਣੀ ਵੈਦ ਦਾ ਰੂਪ ਧਾਰ ਕੇ
ਰਾਜੇ ਦੇ ਘਰ ਚਲੀ ਗਈ। (ਜਾ ਕੇ) ਕਿਹਾ,
ਤੁਹਾਨੂੰ ਅਸਾਧ (ਰੋਗ) ਹੋ ਗਿਆ ਹੈ।
ਮੈਨੂੰ ਬੁਲਾ ਕੇ (ਆਪਣਾ) ਇਲਾਜ ਕਰਾਓ ॥੩॥
ਤੁਹਾਨੂੰ ਤੇਜ਼ ਚਲਣ ਨਾਲ ਪਸੀਨਾ ਆ ਜਾਂਦਾ ਹੈ
ਅਤੇ ਸੂਰਜ ਵਲ ਵੇਖਦਿਆਂ ਅੱਖਾਂ ਵਿਚ ਧੁੰਧਲਾਪਨ ਮਹਿਸੂਸ ਹੁੰਦਾ ਹੈ।
ਰਾਜੇ ਨੇ ਉਸ ਦੀ ਗੱਲ ਸਚ ਮੰਨ ਲਈ
ਅਤੇ ਮੂਰਖ ਨੇ ਭੇਦ ਦੀ ਕ੍ਰਿਆ ਨੂੰ ਨਾ ਸਮਝਿਆ ॥੪॥
ਮੂਰਖ ਰਾਜੇ ਨੇ ਭੇਦ ਨੂੰ ਨਹੀਂ ਸਮਝਿਆ।
(ਉਸ ਵੈਦ ਬਣੀ) ਇਸਤਰੀ ਨੂੰ ਬੁਲਾ ਕੇ ਉਪਚਾਰ ਕਰਵਾਇਆ।
ਉਸ (ਇਸਤਰੀ) ਨੇ ਦਵਾਈ ਵਿਚ ਵਿਸ਼ ਪਾ ਦਿੱਤੀ
ਅਤੇ ਛਿਣ ਭਰ ਵਿਚ ਰਾਜੇ ਨੂੰ ਮਾਰ ਦਿੱਤਾ ॥੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੨॥੬੭੩੬॥ ਚਲਦਾ॥
ਚੌਪਈ:
ਜਿਥੇ ਦੌਲਤਾਬਾਦ ਸ਼ਹਿਰ ਵਸਦਾ ਹੈ,
ਉਥੇ ਬਿਕਟ ਸਿੰਘ ਨਾਂ ਦਾ ਇਕ ਰਾਜਾ ਹੁੰਦਾ ਸੀ।
ਭਾਨ ਮੰਜਰੀ ਉਸ ਦੀ ਇਸਤਰੀ ਸੀ,
ਜਿਸ ਵਰਗੀ ਪਰਮਾਤਮਾ ਨੇ ਫਿਰ ਪੈਦਾ ਨਹੀਂ ਕੀਤੀ ॥੧॥
ਭੀਮ ਸੈਨ ਨਾਂ ਦਾ ਉਥੇ ਇਕ ਸ਼ਾਹ ਸੀ। (ਇੰਜ ਪ੍ਰਤੀਤ ਹੁੰਦਾ ਸੀ)
ਮਾਨੋ ਦੂਜਾ ਚੰਦ੍ਰਮਾ ਪੈਦਾ ਹੋ ਗਿਆ ਹੋਵੇ।
ਉਸ ਦੀ ਪਤਨੀ ਦਾ ਨਾਂ ਅਫਤਾਬ ਦੇਈ ਸੀ।
(ਇੰਜ ਲਗਦਾ ਸੀ) ਮਾਨੋ ਸੋਨਾ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥
ਉਸ (ਇਸਤਰੀ) ਨੇ ਮਨ ਵਿਚ ਸੋਚਿਆ
ਕਿ ਕਿਵੇਂ (ਮੈਂ ਆਪ) ਭਵਾਨੀ ਹੋ ਜਾਵਾਂ।
ਜਦ ਹੋਰ ਸਾਰੇ ਜਾਗਦੇ ਦਿਖਾਈ ਦੇ ਰਹੇ ਸਨ, ਤਾਂ ਉਹ ਸੁਤੀ ਪਈ ਸੀ।
(ਪਰ ਇਕ ਦਮ) ਭੁੜਕ ਕੇ ਉਠ ਖੜੋਤੀ, (ਜਿਵੇਂ) ਸੁਪਨਾ ਵੇਖਿਆ ਹੋਵੇ ॥੩॥
(ਉਸ ਨੇ) ਕਿਹਾ ਕਿ ਮੈਨੂੰ ਭਵਾਨੀ ਨੇ ਦਰਸ਼ਨ ਦਿੱਤਾ ਹੈ
ਸਭ ਨੂੰ ਇਸ ਤਰ੍ਹਾਂ ਕਿਹਾ ।
(ਹੁਣ) ਜੋ ਵਰਦਾਨ (ਮੈਂ) ਦਿਆਂਗੀ, ਉਹੀ ਹੋਵੇਗਾ
ਅਤੇ ਉਸ ਵਿਚ ਕੋਈ ਅਦਲਾ ਬਦਲੀ ਨਹੀਂ ਹੋ ਵੇਗੀ ॥੪॥
(ਉਸ ਦੇ) ਬੋਲ ਸੁਣ ਕੇ ਲੋਕੀਂ ਚਰਨੀਂ ਲਗ ਗਏ
ਅਤੇ ਪ੍ਰੇਮ ਸਹਿਤ ਵਰ ਮੰਗਣ ਲਗੇ।
ਸਭ ਦੀ 'ਮਾਈ' (ਦੇਵੀ ਮਾਤਾ) ਬਣ ਬੈਠੀ।