ਬਹੁਤੇ ਮੁਨੀਆਂ ਨੇ ਵਿਧੀ-ਪੂਰਵਕ ਬਣਾ ਕੇ ਜੋ ਬਲੀਆਂ ਹੋਮ ਕੀਤੀਆਂ ਸਨ,
(ਉਨ੍ਹਾਂ ਕਰਕੇ) ਉਦੋਂ ਹੀ ਯੱਗ ਪੁਰਸ਼ ਵਿਆਕੁਲ ਹੋ ਕੇ ਯੱਗ ਕੁੰਡ ਵਿਚੋਂ ਉਠ ਖੜੋਤਾ ॥੫੦॥
(ਯੱਗ ਪੁਰਸ਼ ਨੇ) ਆਪਣੇ ਹੱਥ ਵਿੱਚ ਖੀਰ ਦਾ ਬਰਤਨ ਕੱਢ ਕੇ ਰਾਜੇ ਨੂੰ ਆਣ ਦਿੱਤਾ।
ਰਾਜਾ ਦਸ਼ਰਥ (ਉਸ ਨੂੰ ਪ੍ਰਾਪਤ ਕਰਕੇ ਇਸ ਤਰ੍ਹਾਂ) ਪ੍ਰਸੰਨ ਹੋਇਆ, ਜਿਸ ਤਰ੍ਹਾਂ ਕੰਗਲਾ ਦਾਨ ਲੈ ਕੇ (ਪ੍ਰੰਸਨ ਹੁੰਦਾ ਹੈ)।
ਦਸ਼ਰਥ ਨੇ (ਖੀਰ ਨੂੰ) ਆਪਣੇ ਹੱਥ ਵਿੱਚ ਲੈ ਕੇ ਉਸ ਦੇ ਚਾਰ ਹਿੱਸੇ ਕਰ ਦਿੱਤੇ।
ਇਕ-ਇਕ ਹਿੱਸਾ ਦੋਹਾਂ ਰਾਣੀਆਂ ਨੂੰ ਦਿੱਤਾ ਅਤੇ ਇਕ (ਰਾਣੀ ਸੁਮਿਤ੍ਰਾ) ਨੂੰ ਦੋ ਹਿੱਸੇ ਦੇ ਦਿੱਤੇ ॥੫੧॥
(ਉਸ) ਖੀਰ ਨੂੰ ਪੀਣ ਨਾਲ ਤਿੰਨੋ ਇਸਤਰੀਆਂ ਗਰਭਵਤੀ ਹੋ ਗਈਆਂ।
ਬਾਰ੍ਹਾਂ ਮਹੀਨੇ ਤੱਕ ਉਨ੍ਹਾਂ ਨੇ ਉਸ (ਗਰਭ) ਨੂੰ ਧਾਰਨ ਕੀਤੀ ਰੱਖਿਆ।
ਤੇਰ੍ਹਵਾਂ ਮਹੀਨਾ (ਜਦ ਚੜ੍ਹਿਆ ਤਾਂ ਸੰਤਾਂ ਦੇ ਉਧਾਰ ਲਈ
ਰਾਵਣ ਦੇ ਵੈਰੀ ਰਾਮ ਅਵਤਾਰ ਜਗਤ ਵਿੱਚ ਆ ਕੇ ਪ੍ਰਗਟ ਹੋਏ ॥੫੨॥
ਫਿਰ ਭਰਤ, ਲਛਮਣ ਤੇ ਸ਼ਤਰੂਘਣ ਤਿੰਨ ਕੁਮਾਰ (ਹੋਰ) ਹੋਏ।
ਰਾਜੇ ਦੇ ਦੁਆਰ 'ਤੇ ਕਈ ਤਰ੍ਹਾਂ ਦੇ ਵਾਜੇ ਵੱਜਣ ਲੱਗੇ।
ਬ੍ਰਾਹਮਣਾਂ ਨੂੰ ਬੁਲਾ ਕੇ (ਉਨ੍ਹਾਂ ਦੇ) ਪੈਰੀਂ ਲੱਗ ਕੇ ਬਹੁਤ ਦਾਨ ਦਿੱਤੇ।
(ਹੁਣ) ਵੈਰੀ ਨਸ਼ਟ ਹੋਣਗੇ ਅਤੇ ਸਭ ਸੰਤ ਸੁਖ ਪਾਣਗੇ ॥੫੩॥
ਲਾਲਾਂ ਦੇ ਜਾਲਾਂ ਵਿੱਚ ਸਜੇ ਘੋੜੇ
ਅਤੇ ਤਰ੍ਹਾਂ-ਤਰ੍ਹਾਂ ਦੇ ਪਦਾਰਥ ਰਿਸ਼ੀਆਂ ਅਤੇ ਸ਼ਿਰੋਮਣੀ ਬ੍ਰਾਹਮਣਾਂ ਨੂੰ ਮਹਾਰਾਜ ਦਸ਼ਰਥ ਨੇ ਦਿੱਤੇ।
ਦੇਸ਼ਾਂ ਅਤੇ ਪਰਦੇਸ਼ਾਂ ਵਿੱਚ ਥਾਂ-ਥਾਂ ਦੇ ਮਹੰਤ ਨੱਚ ਉੱਠੇ ਸਨ।
(ਉਨ੍ਹਾਂ ਦੇ ਭਾਣੇ) ਮਾਨੋ ਅੱਜ ਘਰ ਵਿੱਚ ਹੋਲੀ ਮਚ ਗਈ ਹੋਵੇ ॥੫੪॥
ਘੁੰਘਰੀਆਂ ਦੇ ਜਾਲ ਨਾਲ ਸ਼ਿੰਗਾਰੇ ਹੋਏ ਘੋੜਿਆਂ ਅਤੇ ਹਾਥੀਆਂ ਨੂੰ
ਸਜਾ-ਸਜਾ ਕੇ ਰਾਜਾ ਦਸ਼ਰਥ ਅੱਜ ਬ੍ਰਾਹਮਣਾਂ ਨੂੰ ਦਾਨ ਦੇ ਰਿਹਾ ਸੀ।
ਜੋ ਮਹਾਂ ਕੰਗਾਲ ਸਨ ਉਹ ਕੰਗਲੇ ਲੋਕ ਰਾਜਿਆਂ ਵਰਗੇ ਹੋ ਗਏ ਸਨ।
ਅਯੁੱਧਿਆ ਵਿੱਚ ਰਾਮ ਦੇ ਜਨਮ ਦਾ ਉਤਸਵ ਇਸ ਤਰ੍ਹਾਂ ਹੋਇਆ ਸੀ ॥੫੫॥
ਧੌਂਸੇ, ਮ੍ਰਿਦੰਗ, ਤੂਰ, ਤਰੰਗ ਤੇ ਬੀਨ ਆਦਿ ਅਨੇਕਾਂ ਵਾਜੇ ਵੱਜਦੇ ਸਨ,
ਜਿਨ੍ਹਾਂ ਦੀ ਵਿਸ਼ੇਸ਼ ਕਰਕੇ ਬਾਰੀਕ ਆਵਾਜ਼ ਤੇ ਉੱਚੀ ਆਵਾਜ਼ ਸੁਣਾਈ ਦਿੰਦੀ ਸੀ।
ਝੰਝ, ਬਾਰ, ਤਰੰਗ, ਤੁਰੀ, ਭੇਰੀ ਅਤੇ ਸੂਤਰੀ ਨਗਾਰੇ ਵੱਜਦੇ ਸਨ।
(ਅਜਿਹੇ) ਰਾਗ ਰੰਗ ਨੂੰ ਸੁਣਕੇ ਸਾਰੇ ਦੇਵਤੇ ਮੋਹਿਤ ਹੋ ਕੇ ਵਿਮਾਨਾਂ 'ਤੇ ਧਰਤੀ ਤੇ ਡਿੱਗ ਰਹੇ ਸਨ ॥੫੬॥
ਜਿੱਥੇ ਕਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਮੰਗਲਾਚਾਰ ਹੋ ਰਿਹਾ ਸੀ।
ਸਭ ਬ੍ਰਾਹਮਣ ਥਾਂ-ਥਾਂ ਬੈਠ ਕੇ ਵੇਦ ਦਾ ਵਿਚਾਰ ਕਰਨ ਵਿੱਚ ਰੁੱਝੇ ਹੋਏ ਸਨ।
ਰਾਜ ਭਵਨ ਉੱਤੇ ਧੂਪ ਦੀਪ ਵਿੱਚ (ਲੋਕੀਂ) ਪ੍ਰੇਮ ਦਾ ਤੇਲ ਪਾ ਰਹੇ ਸਨ।
ਗਣ, ਦੇਵਤੇ ਤੇ ਦੇਵ ਰਾਜ (ਇੰਦਰ) ਫੁਲੇ ਫੁਲੇ ਫਿਰ ਰਹੇ ਸਨ ॥੫੭॥
ਅੱਜ ਸਾਡੇ ਸਾਰੇ ਕੰਮ ਹੋ ਗਏ ਹਨ-(ਆਪਸ ਵਿੱਚ ਦੇਵਤੇ) ਇਸ ਤਰ੍ਹਾਂ ਦੇ ਬੋਲ ਬੋਲਦੇ ਸਨ।
ਧਰਤੀ ਉੱਤੇ ਜੈ-ਜੈ ਕਾਰ ਦੀ ਜ਼ੋਰ ਦੀ ਆਵਾਜ਼ ਹੋ ਰਹੀ ਸੀ। ਆਕਾਸ਼ ਵਿੱਚ ਵਾਜੇ ਵੱਜਦੇ ਸਨ।
ਘਰ-ਘਰ ਉੱਤੇ ਝੰਡੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਸਾਰੇ ਰਸਤਿਆਂ ਵਿੱਚ ਬੰਧਨਵਾਰ ਸਜੀ ਹੋਈ ਸੀ।
ਬਾਜ਼ਾਰ ਵਿੱਚ ਦੁਕਾਨ ਦੇ ਦਰਵਾਜ਼ੇ ਚੰਦਨ ਨਾਲ ਲਿੰਬ ਪੋਚ ਦਿੱਤੇ ਗਏ ਸਨ ॥੫੮॥
ਘੋੜਿਆਂ ਨੂੰ ਸੋਨੇ ਦੇ ਸਾਜ ਨਾਲ ਸਜਾ ਕੇ ਗਰੀਬਾਂ ਨੂੰ ਦਾਨ ਕੀਤਾ ਜਾ ਰਿਹਾ ਸੀ।
ਅਨੇਕ ਹੀ ਮਸਤ ਹਾਥੀ ਵੀ (ਦਾਨ) ਦਿੱਤੇ ਜਾ ਰਹੇ ਸਨ ਜੋ ਇੰਦਰ ਦੇ ਹਾਥੀ ਦੇ ਸਾਮਾਨ ਸਨ।
ਘੁੰਘਰੀਆਂ ਦੇ ਹਾਰ ਨਾਲ ਸਜੇ ਹੋਏ ਚੰਗੇ ਰਥ ਦਿੱਤੇ ਜਾ ਰਹੇ ਸਨ।
ਇਸ ਤਰ੍ਹਾਂ ਮਾਲੂਮ ਹੁੰਦਾ ਸੀ ਮਾਨੋ ਇਹ ਗਵਈਇਆਂ ਦਾ ਹੀ ਸ਼ਹਿਰ ਹੋਵੇ ॥੫੯॥
ਘੋੜੇ ਅਤੇ ਸਾਮਾਨ ਇੰਨਾ ਦਿੱਤਾ ਗਿਆ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਰਣ-ਧੀਰ ਰਾਮ ਅਵਤਾਰ ਦਿਨੋ ਦਿਨ ਵਧਣ ਲੱਗੇ।
ਸ਼ਸ਼ਤ੍ਰ ਅਤੇ ਸ਼ਾਸਤ੍ਰ ਦੇ ਸਾਰੇ ਤਰੀਕੇ ਉਨ੍ਹਾਂ ਨੂੰ ਸਮਝਾ ਦਿੱਤੇ ਗਏ।
ਅੱਠ ਦਿਨਾਂ ਵਿੱਚ ਹੀ ਰਾਮ ਕੁਮਾਰ ਨੇ ਸਭ ਕੁਝ ਸਿੱਖ ਲਿਆ ॥੬੦॥
ਹੱਥ ਵਿੱਚ ਧਨੁੱਸ਼ ਬਾਣ ਲੈ ਕੇ (ਚਾਰੇ ਭਰਾ) ਸੂਰਜੂ ਨਦੀ ਦੇ ਕੰਢੇ ਫਿਰਦੇ ਸਨ।
ਸਿਰ ਉੱਤੇ ਪੀਲੇ-ਪੀਲੇ ਪਟਕੇ ਧਾਰਨ ਕਰਨ ਵਾਲੇ ਚਾਰੇ ਭਰਾ ਰਣਧੀਰ ਸਨ।
ਰਾਜਿਆਂ ਦੇ ਵੇਸ ਵਾਲੇ ਸਾਰੇ ਭਰਾ ਬਾਲਕਾਂ ਨਾਲ ਫਿਰਦੇ ਸਨ।
ਤਰ੍ਹਾਂ-ਤਰ੍ਹਾਂ ਦੇ ਰੰਗ ਬਰੰਗੇ ਬਸਤ੍ਰ ਤਨ ਉੱਤੇ ਧਾਰਨ ਕੀਤੇ ਹੋਏ ਸਨ ॥੬੧॥
ਇਸ ਤਰ੍ਹਾਂ ਦੀ ਗੱਲ ਇਧਰ ਹੋ ਰਹੀ ਸੀ ਅਤੇ ਦੂਜੇ ਪਾਸੇ (ਜੰਗਲ ਵਿੱਚ) ਵਿਸ਼ਵਾਮਿੱਤਰ ਨੇ
(ਆਪਣੇ) ਪਿਤਰਾਂ ਨੂੰ ਪ੍ਰੰਸਨ ਕਰਨ ਵਾਸਤੇ ਯੱਗ ਆਰੰਭ ਕੀਤਾ ਹੋਇਆ ਸੀ।