ਸ਼੍ਰੀ ਦਸਮ ਗ੍ਰੰਥ

ਅੰਗ - 248


ਨਿਸਰਤ ਉਰ ਧਰ ॥੪੫੬॥

ਅਤੇ ਦੂਜੇ ਪਾਸੇ ਨੂੰ ਨਿਕਲ ਜਾਂਦੇ ਹਨ ॥੪੫੬॥

ਉਝਰਤ ਜੁਝ ਕਰ ॥

(ਸੂਰਵੀਰ) ਯੁੱਧ ਕਰਕੇ ਉਲਝ ਜਾਂਦੇ ਹਨ।

ਬਿਝੁਰਤ ਜੁਝ ਨਰ ॥

ਜੂਝ ਕੇ (ਹੋਰਨਾਂ) ਵੀਰਾਂ ਤੋਂ ਵਿਛੁੜ ਜਾਂਦੇ ਹਨ।

ਹਰਖਤ ਮਸਹਰ ॥

ਮਾਸਾਹਾਰੀ (ਜੰਤੂ) ਪ੍ਰਸੰਨ ਹੁੰਦੇ ਹਨ।

ਬਰਖਤ ਸਿਤ ਸਰ ॥੪੫੭॥

ਚਮਕਦਾਰ ਤੀਰਾਂ ਦੀ ਬਰਖਾ ਕਰਦੇ ਹਨ ॥੪੫੭॥

ਝੁਰ ਝਰ ਕਰ ਕਰ ॥

ਕੁਝ (ਯੋਧੇ) ਝੁਰ ਰਹੇ ਹਨ

ਡਰਿ ਡਰਿ ਧਰ ਹਰ ॥

ਅਤੇ ਕਈ ਡਰ ਕਰਕੇ ਕੰਬਦੇ ਹਨ।

ਹਰ ਬਰ ਧਰ ਕਰ ॥

ਕਈ ਸੂਰਮੇ ਤਲਵਾਰ ਨੂੰ ਹੱਥ ਵਿੱਚ ਲੈ ਕੇ

ਬਿਹਰਤ ਉਠ ਨਰ ॥੪੫੮॥

ਉਠ ਕੇ ਫਿਰਨ ਲੱਗ ਜਾਂਦੇ ਹਨ ॥੪੫੮॥

ਉਚਰਤ ਜਸ ਨਰ ॥

ਬੰਦੀਜਨ ਯਸ਼ ਉਚਾਰਦੇ ਹਨ।

ਬਿਚਰਤ ਧਸਿ ਨਰ ॥

ਵੀਰਾਂ ਨੂੰ ਧੱਸੀ ਫਿਰਦੇ ਹਨ।

ਥਰਕਤ ਨਰ ਹਰ ॥

(ਕ੍ਰੋਧ ਕਾਰਨ) ਨਰ ਸਿੰਘ ਵਾਂਗ ਕੰਬ ਰਹੇ ਹਨ।

ਬਰਖਤ ਭੁਅ ਪਰ ॥੪੫੯॥

ਅਤੇ ਧਰਤੀ ਉੱਤੇ ਡਿੱਗਦੇ ਜਾਂਦੇ ਹਨ ॥੪੫੯॥

ਤਿਲਕੜੀਆ ਛੰਦ ॥

ਤਿਲਕੜੀਆ ਛੰਦ

ਚਟਾਕ ਚੋਟੈ ॥

(ਵੀਰ) ਚੱਟਕ ਕਰਕੇ (ਤਲਵਾਰ ਦੀ) ਚੋਟ ਕਰਦੇ ਹਨ।

ਅਟਾਕ ਓਟੈ ॥

(ਅੱਗੋਂ ਦੂਜੇ ਸੈਨਿਕ) ਢਾਲ ਦੀ ਓਟ ਲੈਂਦੇ ਹਨ।

ਝੜਾਕ ਝਾੜੈ ॥

(ਫਿਰ) ਝਟਕ ਕੇ ਤਲਵਾਰ ਝਾੜਦੇ ਹਨ।

ਤੜਾਕ ਤਾੜੈ ॥੪੬੦॥

ਤੜ-ਤੜ ਕਰਦੀ (ਬੰਦੂਕ) ਨਾਲ ਭੁੰਨ ਦਿੰਦੇ ਹਨ ॥੪੬੦॥

ਫਿਰੰਤ ਹੂਰੰ ॥

(ਆਕਾਸ਼ ਵਿੱਚ) ਹੂਰਾਂ ਫਿਰਦੀਆਂ ਹਨ

ਬਰੰਤ ਸੂਰੰ ॥

ਅਤੇ ਸੂਰਮਿਆਂ ਨੂੰ ਵਰਦੀਆਂ ਹਨ।

ਰਣੰਤ ਜੋਹੰ ॥

ਜੋ ਕੋਈ ਘੁੰਘਰੂਆਂ ਦੀ ਛਣਕਾਰ ਵੇਖਦਾ ਹੈ

ਉਠੰਤ ਕ੍ਰੋਹੰ ॥੪੬੧॥

ਤਾਂ ਕ੍ਰੋਧ ਨਾਲ ਖੜਾ ਹੋ ਜਾਂਦਾ ਹੈ ॥੪੬੧॥

ਭਰੰਤ ਪਤ੍ਰੰ ॥

ਜੋਗਣਾਂ ਖੱਪਰ ਭਰਦੀਆਂ ਹਨ,

ਤੁਟੰਤ ਅਤ੍ਰੰ ॥

ਅਸਤ੍ਰ ਟੁੱਟਦੇ ਜਾਂਦੇ ਹਨ।

ਝੜੰਤ ਅਗਨੰ ॥

(ਤਲਵਾਰਾਂ ਦੇ ਵਜਣ ਨਾਲ) ਚਿੰਗਾੜੀਆਂ ਝੜਦੀਆਂ ਹਨ।

ਜਲੰਤ ਜਗਨੰ ॥੪੬੨॥

(ਮਾਨੋ) ਜੁਗਨੂੰ ਪ੍ਰਕਾਸ਼ ਕਰਦੇ ਹੋਣ ॥੪੬੨॥

ਤੁਟੰਤ ਖੋਲੰ ॥

(ਸੂਰਮਿਆਂ ਦੇ) ਸਿਰ ਦੇ ਟੋਪ ਟੁੱਟਦੇ ਹਨ

ਜੁਟੰਤ ਟੋਲੰ ॥

ਅਤੇ (ਉਨ੍ਹਾਂ ਦੇ) ਟੋਲੇ (ਆਪਸ ਵਿੱਚ) ਜੁਟੀ ਜਾਂਦੇ ਹਨ।

ਖਿਮੰਤ ਖਗੰ ॥

ਤਲਵਾਰਾਂ ਚਮਕਦੀਆਂ ਹਨ,

ਉਠੰਤ ਅਗੰ ॥੪੬੩॥

(ਮਾਨੋ) ਅੱਗ ਨਿਕਲਦੀ ਹੋਵੇ ॥੪੬੩॥

ਚਲੰਤ ਬਾਣੰ ॥

ਬਾਣ ਚੱਲਦੇ ਹਨ,

ਰੁਕੰ ਦਿਸਾਣੰ ॥

ਦਿਸ਼ਾਵਾਂ ਰੁਕ ਗਈਆਂ ਹਨ।

ਪਪਾਤ ਸਸਤ੍ਰੰ ॥

ਸ਼ਸਤ੍ਰਾਂ ਦੇ ਪ੍ਰਹਾਰ ਹੁੰਦੇ ਹਨ,

ਅਘਾਤ ਅਸਤ੍ਰੰ ॥੪੬੪॥

ਅਸਤ੍ਰਾਂ ਦੇ ਆਘਾਤ ਹੁੰਦੇ ਹਨ ॥੪੬੪॥

ਖਹੰਤ ਖਤ੍ਰੀ ॥

ਸ਼ਸ਼ਤ੍ਰਧਾਰੀ ਸੂਰਮੇ ਖਹਿੰਦੇ ਹਨ,

ਭਿਰੰਤ ਅਤ੍ਰੀ ॥

ਅਸਤ੍ਰਾਂ ਵਾਲੇ ਭਿੜਦੇ ਹਨ।

ਬੁਠੰਤ ਬਾਣੰ ॥

ਬਾਣਾਂ ਦੀ ਬਰਖਾ ਹੁੰਦੀ ਹੈ।

ਖਿਵੈ ਕ੍ਰਿਪਾਣੰ ॥੪੬੫॥

ਤਲਵਾਰਾਂ ਚਮਕਦੀਆਂ ਹਨ ॥੪੬੫॥

ਦੋਹਰਾ ॥

ਦੋਹਰਾ

ਲੁਥ ਜੁਥ ਬਿਥੁਰ ਰਹੀ ਰਾਵਣ ਰਾਮ ਬਿਰੁਧ ॥

ਰਾਮ ਦੇ ਵਿਰੋਧੀ ਪੱਖ ਵਾਲੇ ਰਾਵਣ (ਦੀ ਸੈਨਾ) ਦੀਆਂ ਲੋਥਾਂ ਦੇ ਝੁੰਡ ਪਸਰੇ ਪਏ ਹਨ।

ਹਤਯੋ ਮਹੋਦਰ ਦੇਖ ਕਰ ਹਰਿ ਅਰਿ ਫਿਰਯੋ ਸੁ ਕ੍ਰੁਧ ॥੪੬੬॥

ਮਹੋਦਰ (ਨੂੰ ਮਰਦਾ ਵੇਖ ਕੇ)ਇੰਦਰ ਦਾ ਵੈਰੀ (ਮੇਘਨਾਦ) ਕ੍ਰੋਧ ਨਾਲ ਮੁੜ ਪਿਆ ਹੈ ॥੪੬੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਮਹੋਦਰ ਮੰਤ੍ਰੀ ਬਧਹਿ ਧਿਆਇ ਸਮਾਪਤਮ ਸਤੁ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਮਹੋਦਰ ਮੰਤਰੀ ਬਧਹਿ ਅਧਿਆਇ ਦੀ ਸਮਾਪਤੀ।

ਅਥ ਇੰਦ੍ਰਜੀਤ ਜੁਧ ਕਥਨੰ ॥

ਹੁਣ ਇੰਦਰਜੀਤ ਦੇ ਯੁੱਧ ਦਾ ਕਥਨ

ਸਿਰਖਿੰਡੀ ਛੰਦ ॥

ਸਿਰ ਖੰਡੀ ਛੰਦ

ਜੁਟੇ ਵੀਰ ਜੁਝਾਰੇ ਧਗਾ ਵਜੀਆਂ ॥

ਨਗਾਰੇ ਵੱਜੇ ਅਤੇ ਲੜਾਕੇ ਸੂਰਮੇ (ਆਪਸ ਵਿੱਚ) ਜੁੱਟ ਗਏ।

ਬਜੇ ਨਾਦ ਕਰਾਰੇ ਦਲਾ ਮੁਸਾਹਦਾ ॥

ਧੌਂਸੇ ਜ਼ੋਰ ਨਾਲ ਵਜੇ, (ਦੋਹਾਂ ਫ਼ੌਜਾਂ ਦਾ) ਮੁਕਾਬਲਾ ਸ਼ੁਰੂ ਹੋ ਗਿਆ।

ਲੁਝੇ ਕਾਰਣਯਾਰੇ ਸੰਘਰ ਸੂਰਮੇ ॥

ਯੁੱਧ ਵਿੱਚ ਸਾਕੇ ਕਰ ਵਿਖਾਉਣ ਵਾਲੇ ਸੂਰਮੇ ਲੜ ਰਹੇ ਹਨ।

ਵੁਠੇ ਜਾਣੁ ਡਰਾਰੇ ਘਣੀਅਰ ਕੈਬਰੀ ॥੪੬੭॥

ਤੀਰਾਂ ਦੀ ਬਰਖਾ ਇਸ ਤਰ੍ਹਾਂ ਹੋ ਰਹੀ ਹੈ ਮਾਨੋ ਡਰਾਉਣੇ ਬੱਦਲਾਂ ਤੋਂ ਬਰਖਾ ਹੋ ਰਹੀ ਹੋਵੇ ॥੪੬੭॥