ਸ਼੍ਰੀ ਦਸਮ ਗ੍ਰੰਥ

ਅੰਗ - 848


ਅਲਤਾ ਕੀ ਆਂਧੀ ਚਲੀ ਮਨੁਖ ਨ ਨਿਰਖ੍ਰਯੋ ਜਾਇ ॥੧੬॥

ਗੁਲਾਲ ਦੀ ਇਤਨੀ ਹਨੇਰੀ ਚਲੀ ਕਿ ਬੰਦੇ ਵੀ ਦਿਸਦੇ ਨਹੀਂ ਸਨ ॥੧੬॥

ਕ੍ਰਮ ਕ੍ਰਮ ਬਜੈ ਬਜੰਤ੍ਰ ਬਹੁ ਰੁਨ ਝੁਨ ਮੁਰਲਿ ਮੁਚੰਗ ॥

ਹੌਲੀ ਹੌਲੀ ਬਹੁਤ ਵਾਜੇ ਵਜ ਰਹੇ ਸਨ ਅਤੇ ਮੁਰਲੀ ਅਤੇ ਮੁਚੰਗ ਨੇ ਰੁਣ ਝੁਣ ਲਾਈ ਹੋਈ ਸੀ।

ਝਿਮਿ ਝਿਮਿ ਬਰਸਿਯੋ ਨੇਹ ਰਸ ਦ੍ਰਿਮ ਦ੍ਰਿਮ ਦਯਾ ਮ੍ਰਿਦੰਗ ॥੧੭॥

ਪ੍ਰੇਮ ਰਸ ਦੀ ਹੌਲੀ ਹੌਲੀ ਬਰਖਾ ਹੋ ਰਹੀ ਸੀ ਅਤੇ ਦ੍ਰਿਮ ਦ੍ਰਿਮ ਦੀ ਆਵਾਜ਼ ਮ੍ਰਿਦੰਗ ਦੇ ਰਿਹਾ ਸੀ ॥੧੭॥

ਚੌਪਈ ॥

ਚੌਪਈ:

ਅਲਤਾ ਸਾਥ ਭਯੋ ਅੰਧਯਾਰੋ ॥

ਗੁਲਾਲ (ਦੇ ਸੁਟੇ ਜਾਣ ਕਾਰਨ) ਹਨੇਰਾ ਹੋ ਗਿਆ ਸੀ।

ਦ੍ਰਿਸਟਿ ਪਰਤ ਨਹਿ ਹਾਥ ਪਸਾਰੋ ॥

ਹੱਥ ਪਸਾਰਿਆਂ ਵੀ ਨਜ਼ਰ ਨਹੀਂ ਸੀ ਆਉਂਦੇ।

ਰਾਨੀ ਪਤਿ ਅੰਬੀਰ ਦ੍ਰਿਗ ਪਾਰਾ ॥

ਰਾਣੀ ਨੇ ਪਤੀ ਦੀਆਂ ਅੱਖਾਂ ਵਿਚ ਗੁਲਾਲ ਪਾ ਦਿੱਤਾ,

ਜਾਨੁਕ ਨ੍ਰਿਪਹਿ ਅੰਧ ਕੈ ਡਾਰਾ ॥੧੮॥

ਮਾਨੋ ਰਾਜੇ ਨੂੰ ਅੰਨ੍ਹਾ ਕਰ ਦਿੱਤਾ ਹੋਵੇ ॥੧੮॥

ਦੋਹਰਾ ॥

ਦੋਹਰਾ:

ਏਕ ਆਖਿ ਕਾਨਾ ਹੁਤੋ ਦੁਤਿਯੋ ਪਰਾ ਅੰਬੀਰ ॥

(ਰਾਜਾ) ਇਕ ਅੱਖੋਂ ਕਾਣਾ ਸੀ, ਦੂਜੀ (ਅੱਖ) ਵਿਚ ਗੁਲਾਲ ਪੈ ਗਿਆ।

ਗਿਰਿਯੋ ਅੰਧ ਜਿਮਿ ਹ੍ਵੈ ਨ੍ਰਿਪਤਿ ਦ੍ਰਿਗ ਜੁਤ ਭਯੋ ਅਸੀਰ ॥੧੯॥

ਅੱਖਾਂ ਦਾ ਕੈਦੀ ਬਣ ਕੇ ਅੰਨ੍ਹਾ ਹੋਇਆ ਰਾਜਾ ਧਰਤੀ ਉਤੇ ਡਿਗ ਪਿਆ ॥੧੯॥

ਰਾਨੀ ਨਵਰੰਗ ਰਾਇ ਕੌ ਤਬ ਹੀ ਲਿਯਾ ਬੁਲਾਇ ॥

ਰਾਣੀ ਨੇ ਨਵਰੰਗ ਰਾਇ ਨੂੰ ਉਸੇ ਵੇਲੇ ਬੁਲਾ ਲਿਆ

ਆਲਿੰਗਨ ਚੁੰਬਨ ਕਰੇ ਦਿੜ ਰਤਿ ਕਰੀ ਮਚਾਇ ॥੨੦॥

ਅਤੇ ਛਾਤੀ ਨਾਲ ਲਾ ਕੇ ਅਤੇ ਚੁੰਮ ਕੇ ਚੰਗੀ ਤਰ੍ਹਾਂ ਕਾਮਕ੍ਰੀੜਾ ਕੀਤੀ ॥੨੦॥

ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰਿ ਦੇਖਨ ਲਗ੍ਯੋ ਬਨਾਇ ॥

ਜਦ ਤਕ ਰਾਜਾ ਅੱਖਾਂ ਪੂੰਝ ਕੇ ਵੇਖਣ ਜੋਗਾ ਹੋਇਆ,

ਤਬ ਲਗਿ ਰਾਨੀ ਮਾਨਿ ਰਤਿ ਨਟੂਆ ਦਿਯਾ ਉਠਾਇ ॥੨੧॥

ਤਦ ਤਕ ਰਾਣੀ ਨੇ ਰਤੀਕ੍ਰੀੜਾ ਕਰ ਕੇ ਨਟ ਨੂੰ ਉਠਾ ਕੇ (ਭਜਾ ਦਿੱਤਾ) ॥੨੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦॥੫੯੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦॥੫੯੮॥ ਚਲਦਾ॥

ਦੋਹਰਾ ॥

ਦੋਹਰਾ:

ਬਹੁਰਿ ਰਾਵ ਐਸੇ ਕਹਾ ਬਿਹਸ ਸੁ ਮੰਤ੍ਰੀ ਸੰਗ ॥

ਫਿਰ ਰਾਜੇ ਨੇ ਹਸ ਕੇ ਮੰਤ੍ਰੀ ਨੂੰ ਇਸ ਤਰ੍ਹਾਂ ਕਿਹਾ

ਚਰਿਤ ਚਤੁਰ ਚਤੁਰਾਨ ਕੇ ਮੋ ਸੌ ਕਹੌ ਪ੍ਰਸੰਗ ॥੧॥

ਕਿ ਮੈਨੂੰ ਚਤੁਰ ਇਸਤਰੀਆਂ ਦੇ ਚਰਿਤ੍ਰ-ਪ੍ਰਸੰਗ ਦਸੋ ॥੧॥

ਚੌਪਈ ॥

ਚੌਪਈ:

ਏਕ ਬਨਿਕ ਕੀ ਬਾਲ ਬਖਾਨਿਯ ॥

(ਮੰਤ੍ਰੀ ਨੇ ਕਿਹਾ-) ਇਕ ਬਨੀਏ ਦੀ ਇਸਤਰੀ ਦਸੀਂਦੀ ਸੀ

ਅਧਿਕ ਦਰਬੁ ਜਿਹ ਧਾਮ ਪ੍ਰਮਾਨਿਯ ॥

ਜਿਸ ਦੇ ਘਰ ਬਹੁਤ ਧਨ ਮੰਨਿਆ ਜਾਂਦਾ ਸੀ।

ਤਿਨਿਕ ਪੁਰਖ ਸੌ ਹੇਤੁ ਲਗਾਯੋ ॥

ਉਸ ਨੇ ਇਕ ਪੁਰਖ ਨਾਲ ਪ੍ਰੇਮ ਪਾਲ ਲਿਆ।

ਭੋਗ ਕਾਜ ਗਹਿ ਗ੍ਰੇਹ ਮੰਗਾਯੋ ॥੨॥

ਉਸ ਨੂੰ ਭੋਗ ਲਈ ਫੜ ਕੇ ਘਰ ਮੰਗਵਾਇਆ ॥੨॥

ਦੋਹਰਾ ॥

ਦੋਹਰਾ:

ਮਾਨ ਮੰਜਰੀ ਸਾਹੁ ਕੀ ਬਨਿਤਾ ਸੁੰਦਰ ਦੇਹ ॥

ਉਸ ਸ਼ਾਹੂਕਾਰ ਦੀ ਸੁੰਦਰ ਸ਼ਰੀਰ ਵਾਲੀ ਇਸਤਰੀ ਦਾ ਨਾਮ ਮਾਨ ਮੰਜਰੀ ਸੀ।

ਬਿਦ੍ਰਯਾਨਿਧਿ ਇਕ ਬਾਲ ਸੌ ਅਧਿਕ ਬਢਾਯੋ ਨੇਹ ॥੩॥

(ਉਸ) ਇਸਤਰੀ ਨੇ ਬਿਦਿਆਨਿਧਿ ਨਾਂ ਦੇ ਇਕ ਵਿਅਕਤੀ ਨਾਲ ਪ੍ਰੇਮ ਵਧਾ ਲਿਆ ॥੩॥

ਚੌਪਈ ॥

ਚੌਪਈ:

ਤਬ ਤਾ ਸੌ ਤ੍ਰਿਯ ਬਚਨ ਉਚਾਰੇ ॥

ਤਦ ਉਸ ਇਸਤਰੀ ਨੇ ਉਸ ਨੂੰ ਕਿਹਾ,

ਆਜੁ ਭਜਹੁ ਮੁਹਿ ਆਨਿ ਪ੍ਯਾਰੇ ॥

ਅਜ ਪਿਆਰੇ ਮੇਰੇ ਨਾਲ ਆ ਕੇ ਸੰਯੋਗ ਕਰੋ।

ਤਿਨ ਵਾ ਤ੍ਰਿਯ ਸੌ ਭੋਗ ਨ ਕਰਿਯੋ ॥

ਉਸ ਨੇ ਉਸ ਔਰਤ ਨਾਲ ਭੋਗ ਨਾ ਕੀਤਾ

ਰਾਮ ਨਾਮ ਲੈ ਉਰ ਮੈ ਧਰਿਯੋ ॥੪॥

ਅਤੇ ਹਿਰਦੇ ਵਿਚ ਰਾਮ ਨਾਮ ਨੂੰ ਧਾਰ ਲਿਆ ॥੪॥

ਦੋਹਰਾ ॥

ਦੋਹਰਾ:

ਰਾਮ ਨਾਮ ਲੈ ਉਠਿ ਚਲਾ ਜਾਤ ਨਿਹਾਰਾ ਨਾਰਿ ॥

ਉਹ (ਆਦਮੀ) ਰਾਮ ਨਾਮ ਜਪਦਾ ਹੋਇਆ ਉਠ ਚਲਿਆ। (ਉਸ ਨੂੰ) ਜਾਂਦਿਆਂ ਹੋਇਆਂ ਇਸਤਰੀ ਨੇ ਵੇਖ ਲਿਆ।

ਚੋਰ ਚੋਰ ਕਹਿ ਕੈ ਉਠੀ ਅਤਿ ਚਿਤ ਕੋਪ ਬਿਚਾਰ ॥੫॥

(ਉਹ ਇਸਤਰੀ) ਮਨ ਵਿਚ ਬਹੁਤ ਕ੍ਰੋਧ ਵਧਾ ਕੇ ਚੋਰ ਚੋਰ ਕਹਿਣ ਲਗੀ ॥੫॥

ਸੁਨਤ ਚੋਰ ਕੋ ਬਚ ਸ੍ਰਵਨ ਲੋਕ ਪਹੁੰਚੈ ਆਇ ॥

'ਚੋਰ ਚੋਰ' ਦੇ ਸ਼ਬਦ ਕੰਨਾਂ ਨਾਲ ਸੁਣ ਕੇ ਲੋਕੀਂ ਉਥੇ ਪਹੁੰਚ ਗਏ।

ਬੰਦਸਾਲ ਭੀਤਰ ਤਿਸੈ ਤਦ ਹੀ ਦਿਯਾ ਪਠਾਇ ॥੬॥

ਉਸ ਨੂੰ ਉਸੇ ਵੇਲ ਬੰਦੀਖਾਨੇ ਵਿਚ ਭੇਜ ਦਿੱਤਾ ॥੬॥

ਤਦ ਲੌ ਤ੍ਰਿਯ ਕੁਟਵਾਰ ਕੇ ਭਈ ਪੁਕਾਰੂ ਜਾਇ ॥

ਤਦ ਤਕ ਉਸ ਇਸਤਰੀ ਨੇ ਕੋਤਵਾਲ ਕੋਲ ਜਾ ਕੇ ਪੁਕਾਰ ਕੀਤੀ

ਧਨ ਬਲ ਤੇ ਤਿਹ ਸਾਧ ਕਹ ਜਮਪੁਰਿ ਦਯੋ ਪਠਾਇ ॥੭॥

ਅਤੇ ਧਨ ਦੇ ਬਲ ਨਾਲ ਉਸ ਸਾਧ ਨੂੰ ਯਮਲੋਕ ਵਿਚ ਭਿਜਵਾ ਦਿੱਤਾ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇਕਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧॥੬੦੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕਤਵੀਏਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧॥੬੦੫॥ ਚਲਦਾ॥

ਚੌਪਈ ॥

ਚੌਪਈ:

ਸੁਨਹੁ ਨ੍ਰਿਪਤਿ ਇਕ ਕਥਾ ਸੁਨਾਊ ॥

ਹੇ ਰਾਜਨ! ਸੁਣੋ, (ਤੁਹਾਨੂੰ) ਇਕ ਕਥਾ ਸੁਣਾਉਂਦਾ ਹਾਂ

ਤਾ ਤੇ ਤੁਮ ਕਹ ਅਧਿਕ ਰਿਝਾਊ ॥

ਅਤੇ ਉਸ ਨਾਲ ਤੁਹਾਡਾ ਮਨ ਬਹੁਤ ਪ੍ਰਸੰਨ ਕਰਦਾ ਹਾਂ।

ਦੇਸ ਪੰਜਾਬ ਏਕ ਬਰ ਨਾਰੀ ॥

ਪੰਜਾਬ ਦੇਸ ਵਿਚ ਇਕ ਸੁੰਦਰ ਨਾਰੀ ਸੀ,

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੧॥

ਰਸ ਮੰਜਰੀ ਨਾਮ ਤਿਹ ਤ੍ਰਿਯ ਕੋ ॥

ਉਸ ਇਸਤਰੀ ਦਾ ਨਾਂ ਰਸ ਮੰਜਰੀ ਸੀ।

ਨਿਰਖਿ ਪ੍ਰਭਾ ਲਾਗਤ ਸੁਖ ਜਿਯ ਕੋ ॥

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਮਨ ਖ਼ੁਸ਼ ਹੁੰਦਾ ਸੀ।

ਤਾ ਕੋ ਨਾਥ ਬਿਦੇਸ ਸਿਧਾਰੋ ॥

(ਇਕ ਵਾਰ) ਉਸ ਦਾ ਪਤੀ ਵਿਦੇਸ਼ ਗਿਆ