ਚੌਪਈ:
ਮੂਰਖ ਰਾਜਾ ਮੂੰਹ ਅਡੀ ਰਹਿ ਗਿਆ
ਅਤੇ ਵੇਖਦਾ ਹੀ ਰਹਿ ਗਿਆ ਪਰ ਯਾਰ ਪਕੜਿਆ ਨਾ ਗਿਆ।
ਪਹਿਰੇਦਾਰਾਂ ਨੂੰ ਜੋ ਖੀਰ ਭੇਜੀ ਸੀ,
ਉਹ ਗਰਦਨ ਨੀਵੀਂ ਕਰ ਕੇ ਖਾਣ ਲਗ ਪਏ ॥੨੭॥
(ਉਸ) ਇਸਤਰੀ ਨੇ ਪ੍ਰੇਮੀ ਨੂੰ ਜੀਉਂਦਾ ਹੋਇਆ ਘਰ ਪਹੁੰਚਾ ਦਿੱਤਾ
ਜਿਸ ਨੂੰ ਰਾਜਾ ਅਤੇ ਪਹਿਰੇਦਾਰ ਨਾ ਵੇਖ ਸਕੇ।
ਉਸ ਨੂੰ ਪਹੁੰਚਾ ਕੇ ਜਦ ਸਖੀ ਪਰਤੀ,
ਤਦ ਰਾਣੀ ਬਹੁਤ ਹੀ ਖ਼ੁਸ਼ ਹੋਈ ॥੨੮॥
ਫਿਰ ਰਾਜੇ ਨੇ ਰਾਣੀ ਨਾਲ ਪ੍ਰੇਮ-ਕ੍ਰੀੜਾ ਕੀਤੀ
ਅਤੇ ਆਪਣੇ ਮਨ ਦੀ ਗੱਲ ਉਸ ਨੂੰ ਦਸ ਦਿੱਤੀ
ਕਿ ਕਿਸੇ ਨੇ ਮੇਰੇ ਚਿਤ ਵਿਚ ਭਰਮ ਪਾਇਆ ਸੀ,
ਤਾਂ ਹੀ ਮੈਂ ਵੇਖਣ ਲਈ ਘਰ ਆਇਆ ਸਾਂ ॥੨੯॥
ਫਿਰ ਰਾਣੀ ਨੇ ਇਸ ਤਰ੍ਹਾਂ ਕਿਹਾ
ਕਿ ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।
ਜਿਸ ਨੇ (ਮੇਰੇ ਬਾਰੇ) ਤੁਹਾਨੂੰ ਕਿਹਾ ਹੈ, ਉਹ ਮੈਨੂੰ ਦਸ ਦਿਓ,
ਨਹੀਂ ਤਾਂ ਮੇਰੀ ਆਸ ਛਡ ਦਿਓ। (ਭਾਵ ਮੈਂ ਮਰ ਜਾਵਾਂਗੀ) ॥੩੦॥
ਜਦ ਰਾਣੀ ਨੇ ਇਸ ਤਰ੍ਹਾਂ ਕਿਹਾ
ਤਦ ਰਾਜੇ ਨੇ ਉਹ ਸਖੀ ਦਸ ਦਿੱਤੀ।
(ਤਾਂ ਰਾਣੀ ਨੇ ਉਸ ਸਖੀ ਨੂੰ ਬੁਲਾ ਕੇ ਕਿਹਾ) ਜੋ ਤੂੰ (ਰਾਜੇ ਨੂੰ) ਕਿਹਾ ਹੈ, ਉਸ ਨੂੰ ਸੱਚਾ ਸਿੱਧ ਕਰ,
ਨਹੀਂ ਤਾਂ ਮੌਤ ਦੇ ਘਰ ਨੂੰ ਜਾ ॥੩੧॥
ਰਾਣੀਆਂ ਨੂੰ ਵੀ ਕੋਈ ਦੋਸ਼ ਲਗਾਉਂਦਾ ਹੈ,
ਜਿਨ੍ਹਾਂ ਨੂੰ ਜਗਤ ਸਿਰ ਨਿਵਾਉਂਦਾ ਹੈ।
(ਰਾਣੀ ਨੇ) ਸਖੀ ਨੂੰ ਝੂਠਾ ਜਾਣ ਕੇ ਮਰਵਾ ਦਿੱਤਾ।
ਮੂਰਖ ਰਾਜਾ ਭੇਦ ਨਾ ਪਾ ਸਕਿਆ ॥੩੨॥
ਦੋਹਰਾ:
ਉਸ ਨੇ ਰਾਜੇ ਨੂੰ ਵਸ ਵਿਚ ਕਰ ਲਿਆ ਅਤੇ ਯਾਰ ਨੂੰ ਕੱਢ ਦਿੱਤਾ।
ਉਸ ਸਖੀ ਨੂੰ ਮਾਰ ਕੇ (ਹੋਰਨਾਂ) ਸਖੀਆਂ ਵਿਚ ਸੱਚੀ ਹੋ ਗਈ ॥੩੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੨॥੨੬੨੪॥ ਚਲਦਾ॥
ਦੋਹਰਾ:
ਹੁਗਲੀ ਬੰਦਰਗਾਹ ਦਾ ਇਕ ਹਿੰਮਤ ਸਿੰਘ ਰਾਜਾ ਸੀ।
ਉਥੇ ਸੰਸਾਰ ਦੇ ਅਨੇਕ ਜਹਾਜ਼ ਆ ਕੇ ਲਗਦੇ ਸਨ ॥੧॥
ਚੌਪਈ:
ਸੁਜਨਿ ਕੁਅਰਿ ਉਸ ਦੀ ਸੁੰਦਰ ਨਾਰੀ ਸੀ।
ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ।
ਉਸ ਦਾ ਜੋਬਨ ਅਤੇ ਸਾਜ ਸਜਾਵਟ ਬਹੁਤ ਫਬਦੀ ਸੀ।
(ਉਸ ਨੂੰ ਵੇਖ ਕੇ) ਦੇਵਤਿਆਂ, ਮਨੁੱਖਾਂ, ਨਾਗਾਂ, ਦੈਂਤਾਂ ਦਾ ਮਨ ਮੋਹਿਆ ਜਾਂਦਾ ਸੀ ॥੨॥
ਪਰਮ ਸਿੰਘ ਨਾਂ ਦਾ ਇਕ ਬਹੁਤ ਵੱਡਾ ਰਾਜਾ ਸੀ।
ਸਾਰੇ ਜਗਤ ਵਿਚ ਉਹ ਪਰਮ ਪੁਰਖ ਵਜੋਂ ਪ੍ਰਸਿੱਧ ਸੀ।
ਉਸ ਦੇ ਸ਼ਰੀਰ ਦਾ ਰੂਪ ਲਿਸ਼ਕਾਰੇ ਮਾਰਦਾ ਸੀ।
(ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ) ਮਾਨੋ ਬਿਜਲੀ ਚਮਕ ਰਹੀ ਹੋਵੇ ॥੩॥
ਦੋਹਰਾ:
(ਇਕ ਦਿਨ) ਸੁਜਨਿ ਕੁਅਰਿ ਉਸ ਦਾ ਰੂਪ ਵੇਖ ਕੇ ਬਹੁਤ ਰੀਝ ਗਈ।
ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ ਅਤੇ ਕਾਮ ਦੇਵ ('ਮਾਰ') ਨੇ ਬੇਸੁੱਧ ਕਰ ਦਿੱਤੀ ॥੪॥
ਅੜਿਲ:
ਸਖੀ ਨੂੰ ਭੇਜ ਕੇ (ਰਾਣੀ ਨੇ) ਉਸ ਨੂੰ ਬੁਲਾ ਲਿਆ।
ਆਨੰਦ ਵਧਾ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।
ਫਿਰ ਬਹੁਤ ਆਨੰਦ ਮਾਣ ਕੇ (ਉਸ ਨੂੰ) ਵਿਦਾ ਕਰ ਦਿੱਤਾ।