ਸਵੈਯਾ:
(ਉਸ ਨੇ) ਮਾਤਾ ਦੀ ਕੁਝ ਗੱਲ ਨਾ ਮੰਨੀ (ਅਤੇ ਉਸ ਨੂੰ) ਰੋਂਦਿਆਂ ਛਡ ਕੇ ਰਣਵਾਸ ਵਿਚ ਆਇਆ।
ਆਉਂਦਿਆਂ ਹੀ ਬ੍ਰਾਹਮਣਾਂ ਨੂੰ ਬੁਲਾ ਕੇ ਘਰ ਵਿਚ ਜਿਤਨਾ ਧਨ ਸੀ, ਸਭ ਲੁਟਾ ਦਿੱਤਾ।
ਆਪਣੀ ਇਸਤਰੀ ਨੂੰ ਨਾਲ ਲੈ ਕੇ ਅਤੇ ਜੋਗੀ ਬਣ ਕੇ ਬਨ ਵਲ ਚਲ ਪਿਆ।
ਦੇਸ ਨੂੰ ਛਡ ਕੇ ਜੋਗੀ ਬਣ ਗਿਆ ਅਤੇ ਮਨ ਵਿਚ ਪਰਮਾਤਮਾ ਦੇ ਭਜਨ ਕਰਨ ਦੀ ਧਾਰਨਾ ਬਣਾ ਲਈ ॥੭੮॥
ਕਬਿੱਤ:
ਜਿਥੇ ਲੰਬੇ ਲੰਬੇ ਸਾਲ ਦੇ ਬ੍ਰਿਛ ਸਨ, ਉਥੇ ਉੱਚੇ ਉੱਚੇ ਕੰਢਿਆ ਵਾਲੇ ਤਾਲਾਬ ਸਨ। ਅਜਿਹੇ ਸਥਾਨ ਉਤੇ ਤਪ ਕਰਨ ਲਈ ਪਧਾਰਿਆ, ਅਜਿਹਾ ਕੌਣ ਹੈ?
ਜਿਸ ਦੀ ਸ਼ੋਭਾ ਨੂੰ ਵੇਖ ਕੇ ਇੰਦਰ ਦੇ ਬਾਗ਼ ('ਖਾਂਡਵ') ਦੀ ਸ਼ੋਭਾ ਫਿਕੀ ਲਗਦੀ ਹੋਵੇ। (ਇਸ ਨੂੰ) ਨੰਦਨ ਬਾਗ਼ ਵੇਖ ਕੇ ਚੁਪ ਧਾਰਨ ਕਰ ਲੈਂਦਾ ਹੈ।
ਉਥੇ ਤਾਰਿਆਂ ਦੀ ਕੀ ਬਸਾਤ, ਆਕਾਸ਼ ਵੀ ਜ਼ਰਾ ਜਿੰਨਾ ਵੇਖਿਆ ਨਹੀਂ ਜਾ ਸਕਦਾ। ਉਥੇ ਨਾ ਸੂਰਜ ਦੀ ਰੌਸ਼ਨੀ ਹੈ ਅਤੇ ਨਾ ਹੀ ਚੰਦ੍ਰਮਾ ਦੀ ਚਾਂਦਨੀ (ਦਿਸਦੀ ਹੈ)।
ਉਥੇ ਨਾ ਕੋਈ ਦੇਵਤਾ ਦਿਸਦਾ ਹੈ ਅਤੇ ਨਾ ਕੋਈ ਦੈਂਤ ਵਿਚਰਦਾ ਹੈ। ਉਥੇ ਨਾ ਕੋਈ ਪੰਛੀ ਪਹੁੰਚ ਸਕਦਾ ਹੈ ਅਤੇ ਨਾ ਹੀ ਕੀੜੀ ਜਾ ਸਕਦੀ ਹੈ ॥੭੯॥
ਚੌਪਈ:
ਜਦ ਅਜਿਹੇ ਬਨ ਵਿਚ ਦੋਵੇਂ ਚਲੇ ਗਏ,
ਤਾਂ ਉਥੇ (ਉਨ੍ਹਾਂ ਨੇ) ਇਕ ਭਵਨ ਨੂੰ ਵੇਖਿਆ।
ਤੁਰਤ ਉਥੇ ਰਾਜੇ ਨੇ ਬੋਲ ਸੁਣਾਇਆ
ਕਿ ਅਸੀਂ ਤਪ ਲਈ ਚੰਗਾ ਸਥਾਨ ਪ੍ਰਾਪਤ ਕਰ ਲਿਆ ਹੈ ॥੮੦॥
ਰਾਨੀ ਨੇ ਕਿਹਾ:
ਇਸ ਵਿਚ ਬੈਠ ਕੇ ਤਪਸਿਆ ਕਰਾਂਗੇ
ਅਤੇ ਮੁਖ ਤੋਂ 'ਰਾਮ ਰਾਮ' ਉਚਾਰਾਂਗੇ।
ਇਸ ਘਰ ਵਿਚ ਕਿਤਨੇ ਹੀ ਦਿਨ ਰਹਾਂਗੇ
ਅਤੇ ਸਾਰਿਆਂ ਪਾਪਾਂ ਨੂੰ ਭਸਮੀਭੂਤ (ਸਾੜ ਕੇ ਭਸਮ) ਕਰ ਦਿਆਂਗੇ ॥੮੧॥
ਦੋਹਰਾ:
ਰਾਣੀ ਨੇ ਜਿਸ (ਵਿਅਕਤੀ) ਨੂੰ ਬੁਲਾ ਕੇ ਸਾਰੀ ਭੇਦ ਦੀ ਗੱਲ ਦਸੀ ਸੀ,
ਉਹ ਵਿਅਕਤੀ ਜੋਗੀ ਬਣ ਕੇ ਰਾਜੇ ਨੂੰ ਆ ਕੇ ਮਿਲਿਆ ॥੮੨॥
ਚੌਪਈ:
ਰਾਜੇ ਨੂੰ ਰਾਣੀ ਨੇ ਸਮਝਾ ਕੇ ਕਿਹਾ
ਕਿ ਉਹੀ ਜੋਗੀ ਆ ਪਹੁੰਚਿਆ ਹੈ।
ਉਸ ਨੇ ਮਰਨ ਵੇਲੇ ਮੈਨੂੰ ਬਚਨ ਕਹੇ ਸਨ,
ਉਹ ਮੈਂ ਅਜ ਸਚ ਕਰ ਲਏ ਹਨ ॥੮੩॥
ਦੋਹਰਾ:
ਰਾਜਾ ਉਠ ਕੇ ਅਤੇ ਉਸ ਨੂੰ ਗੁਰੂ ਵਜੋਂ ਪਛਾਣ ਕੇ ਪੈਰੀਂ ਪਿਆ।
(ਉਨ੍ਹਾਂ) ਦੋਹਾਂ ਨੇ ਬੈਠ ਕੇ (ਜੋ) ਗੋਸਟਿ ਕੀਤੀ, ਹੁਣ ਮੈਂ ਉਸ ਦਾ ਬਖਾਨ ਕਰਦਾ ਹਾਂ ॥੮੪॥
ਜੋਗੀ ਨੇ ਕਿਹਾ:
ਹੇ ਰਾਜਨ! ਜਦੋਂ (ਤੁਸੀਂ) ਨਦੀ ਵਿਚੋਂ ਇਸ਼ਨਾਨ ਕਰ ਕੇ ਇਥੇ ਆ ਕੇ ਬੈਠੋਗੇ,
ਤਦੋਂ ਮੈਂ ਤੁਹਾਨੂੰ ਬ੍ਰਹਮ-ਵਾਦ ਦੀ (ਗੱਲ) ਕਹਿ ਕੇ ਸਮਝਾਵਾਂਗਾ ॥੮੫॥
ਚੌਪਈ:
ਅਜਿਹੇ ਯਤਨ ਨਾਲ ਰਾਜੇ ਨੂੰ ਉਥੋਂ ਟਾਲਿਆ
ਅਤੇ ਛਤ ਉਤੇ ਇਕ ਹੋਰ ਬੰਦੇ ਨੂੰ ਬਿਠਾ ਦਿੱਤਾ।
(ਇਹ ਵੀ) ਸੁਣਾ ਦਿੱਤਾ ਕਿ 'ਸਾਧੁ, ਸਾਧੁ' (ਸਤਿ, ਸਤਿ)
ਮੁਖ ਤੋਂ ਤਿੰਨ ਵਾਰ ਕਹਿ ਕੇ ਚੁਪ ਕਰ ਜਾਣਾ ॥੮੬॥
ਇਸ਼ਨਾਨ ਕਰ ਕੇ ਜਦ ਰਾਜਾ ਵਾਪਸ ਆਇਆ
ਤਦ ਉਸ (ਜੋਗੀ ਬਣੇ) ਆਦਮੀ ਨੇ ਇਸ ਤਰ੍ਹਾਂ ਕਿਹਾ,
ਹੇ ਰਾਜਨ! ਸੁਣੋ, ਜਦੋਂ ਮੈਂ (ਆਪਣੇ ਉਤੇ) ਮਿੱਟੀ ਚੜ੍ਹਾ ਲਈ
ਤਾਂ ਧਰਮਰਾਜ ਨੇ ਮੈਨੂੰ ਆਗਿਆ ਦਿੱਤੀ ॥੮੭॥
ਦੋਹਰਾ:
ਤੂੰ ਰਾਜੇ ਦਾ ਸੰਪਰਕ ਛਡ ਕੇ ਇਸ ਥਾਂ ਤੇ ਕਿਉਂ ਆਇਆ ਹੈਂ?
(ਰਾਜੇ ਨੇ ਅਗੋਂ ਕਿਹਾ-) ਹੇ ਜੋਗੀਆਂ ਦੇ ਸਿਰਤਾਜ! ਸੁਣੋ, ਮੈਨੂੰ ਉਹ ਸਾਰਾ ਹਾਲ ਦਸੋ ॥੮੮॥
ਚੌਪਈ:
(ਜੋਗੀ ਨੇ ਕਿਹਾ) ਧਰਮ ਰਾਜ ਨੇ ਮੈਨੂੰ ਜੋ ਬਚਨ ਕਹੇ ਸਨ,
(ਮੈਂ) ਉਹ ਤੁਹਾਡੇ ਕੋਲ ਕਹਿੰਦਾ ਹਾਂ।
(ਧਰਮ ਰਾਜ ਨੇ ਕਿਹਾ ਕਿ) ਮੇਰਾ ਕਿਹਾ ਰਾਜੇ ਨੂੰ ਕਹਿਣਾ,
ਨਹੀਂ ਤਾਂ (ਤੂੰ) ਨਰਕਾਂ ਵਿਚ ਭਰਮਦਾ ਰਹੇਂਗਾ ॥੮੯॥
ਜਿਵੇਂ ਕਰੋੜਾਂ ਯੱਗਾਂ ਦੀ ਤਪਸਿਆ ਕਰਨ ਦਾ (ਫਲ ਹੈ)
ਉਸੇ ਤਰ੍ਹਾਂ ਸੱਚਾ ਨਿਆਂ ਕਰਨ ਦਾ (ਫਲ ਹੈ)।
(ਜੋ) ਨਿਆਂ ਸ਼ਾਸਤ੍ਰ ਅਨੁਸਾਰ ਰਾਜ ਕਰਦਾ ਹੈ,
ਉਸ ਦੇ ਨੇੜੇ ਕਾਲ ਨਹੀਂ ਆ ਸਕਦਾ ॥੯੦॥
ਦੋਹਰਾ:
ਜੋ ਰਾਜਾ ਨਿਆਂ ਨਹੀਂ ਕਰਦਾ ਅਤੇ ਝੂਠ ਬੋਲਦਾ ਹੈ,
ਰਾਜ ਛੱਡ ਕੇ ਤਪਸਿਆ ਕਰਦਾ ਹੈ, (ਉਹ) ਨਰਕ ਵਿਚ ਪੈਂਦਾ ਹੈ ॥੯੧॥
ਬਿਰਧ ਮਾਤਾ ਪਿਤਾ ਦੀ ਨਿੱਤ ਸੇਵਾ ਕਰੋ
ਅਤੇ (ਰਾਜ ਪਾਠ) ਛਡ ਕੇ ਬਨ ਨੂੰ ਨਾ ਜਾਓ। ਹੇ ਮਿਤਰ! ਸੁਣੋ, ਇਹੀ ਧਰਮ (ਕਾਰਜ) ਹੈ ॥੯੨॥
ਜੇ ਮੈਂ ਉਹੀ ਜੋਗੀ ਹਾਂ ਜਿਸ ਨੂੰ ਧਰਮ ਰਾਜ ਨੇ ਭੇਜਿਆ ਹੈ,
ਤਾਂ ਤੁਰਤ ਆਪਣਾ ਰੂਪ ਛੁਪਾ ਕੇ ਇਥੇ ਬੋਲੇ ॥੯੩॥
ਜਦ ਜੋਗੀ ਨੇ ਇਸ ਤਰ੍ਹਾਂ ਕਿਹਾ ਤਾਂ (ਜਿਸ ਨੂੰ) ਭੇਦ ਸਮਝਾਇਆ ਸੀ,
ਉਸ ਨੇ ਮੁਸਕਰਾ ਕੇ ਤਿੰਨ ਵਾਰ 'ਸਤਿ ਸਤਿ' ਕਿਹਾ ॥੯੪॥
ਜਗਤ ਵਿਚ ਜੀਉਣਾ ਸੌਖਾ ਹੈ, ਪਰ ਇਹ ਦੋਵੇਂ ਕੰਮ ਕਠਿਨ ਹਨ
ਕਿ ਸਵੇਰੇ ਰਾਜ ਦਾ ਪ੍ਰਬੰਧ ਸੰਭਾਲਿਆ ਜਾਏ ਅਤੇ ਰਾਤ ਨੂੰ ਹਰਿ ਭਗਤੀ ਕੀਤੀ ਜਾਏ ॥੯੫॥
ਚੌਪਈ:
ਰਾਜੇ ਨੇ ਇਸ ਤਰ੍ਹਾਂ ਦੀ ਆਕਾਸ਼ ਬਾਣੀ ਸੁਣ ਕੇ,
ਮਨ ਵਿਚ ਸਚ ਕਰ ਕੇ ਮੰਨ ਲਈ
ਕਿ ਦਿਨ ਨੂੰ ਆਪਣਾ ਰਾਜ ਕਰਾਂਗਾ
ਅਤੇ ਰਾਤ ਪੈਣ ਤੇ ਰਾਮ (ਦੇ ਨਾਮ ਦਾ) ਸਿਮਰਨ ਕਰਾਂਗਾ ॥੯੬॥
ਰਾਣੀ ਨੇ ਮਹਾਰਾਜੇ ਨੂੰ ਸਮਝਾਇਆ