ਜਿਵੇਂ ਸਾਵਣ ਦੇ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ ॥੨੬॥
ਦੋਹਰਾ
ਕਥਾ ਦੇ ਵਧ ਜਾਣ ਤੋਂ ਮੈਂ ਡਰਦਾ ਹਾਂ, ਕਿੱਥੋਂ ਤਕ ਕਥਨ ਕਰਾਂ?
(ਮੁਕਦੀ ਗੱਲ ਇਹ ਹੈ ਕਿ) ਸੂਰਜ (ਨਿਸਾਹੰਤ) ਦੇ ਤੀਰ ਨਾਲ ਅਸੁਰੇਸ (ਦੈਂਤ ਰਾਜ ਦੀਰਘ-ਕਾਇ) ਦਾ ਅੰਤ ਹੋ ਗਿਆ ॥੨੭॥
ਇਥੇ ਸੀ ਬਚਿਤ੍ਰ ਨਾਟਕ ਗ੍ਰੰਥ ਦਾ ਸੂਰਜ ਅਠਾਰ੍ਹਵਾਂ ਸਮਾਪਤ, ਸਭ ਸ਼ੁਭ ਹੈ ॥੧੮॥
ਹੁਣ ਚੰਦ੍ਰ ਅਵਤਾਰ ਦਾ ਕਥਨ
ਸ੍ਰੀ ਭਗਉਤੀ ਜੀ ਸਹਾਇ
ਦੋਧਕ ਛੰਦ
ਫਿਰ (ਮੈਂ) ਚੰਦ੍ਰਮਾ (ਨਿਸਰਾਜ) ਦਾ ਵਿਚਾਰ ਕਰਦਾ ਹਾਂ।
ਜਿਸ ਤਰ੍ਹਾਂ ਵਿਸ਼ਣੂ ਨੇ ਚੰਦਰ ਅਵਤਾਰ ਧਾਰਨ ਕੀਤਾ।
ਮੈਂ ਪੁਰਾਣੀ ਕਥਾ ਕਹਿ ਕੇ ਸੁਣਾਉਂਦਾ ਹਾਂ,
ਜਿਸ ਨਾਲ ਸਾਰੇ ਕਵੀ-ਕੁਲ ਨੂੰ ਪ੍ਰਸੰਨ ਕਰਦਾ ਹਾਂ ॥੧॥
ਦੋਧਕ:
ਕਿਸੇ ਜਗ੍ਹਾ ਤੇ ਥੋੜ੍ਹੀ ਜਿੰਨੀ ਖੇਤੀ ਵੀ ਨਹੀਂ ਹੁੰਦੀ ਸੀ।
ਭੁੱਖ ਨਾਲ ਸਾਰੇ ਲੋਕ ਮਰ ਰਹੇ ਸਨ।
ਹਨ੍ਹੇਰੀ ਰਾਤ ਬੀਤਣ ਮਗਰੋਂ ਦਿਨੇ ਸੂਰਜ (ਖੇਤੀਆਂ ਨੂੰ) ਸਾੜ ਦਿੰਦਾ ਸੀ,
ਇਸ ਕਰਕੇ ਖੇਤੀ ਕਿਤੇ ਵੀ ਨਹੀਂ ਹੋ ਸਕਦੀ ਸੀ ॥੨॥
ਫਲਸਰੂਪ ਸਾਰੇ ਲੋਕ ਵਿਆਕੁਲ ਹੋ ਗਏ।
(ਇਉਂ) ਭੱਜਦੇ ਜਾ ਰਹੇ ਸਨ, ਜਿਸ ਤਰ੍ਹਾਂ ਪੁਰਾਣੇ ਪੱਤਰ (ਹਵਾ ਨਾਲ ਉੱਡ ਜਾਂਦੇ ਹਨ)।
ਉਹ ਤਰ੍ਹਾਂ-ਤਰ੍ਹਾਂ ਨਾਲ ਹਰਿ ਦੀ ਸੇਵਾ ਕਰਨ ਲੱਗੇ,
ਜਿਸ ਕਰਕੇ ਗੁਰਦੇਵ (ਕਾਲ-ਪੁਰਖ) ਪ੍ਰਸੰਨ ਹੋ ਗਿਆ ॥੩॥
ਇਸਤਰੀਆਂ ਆਪਣੇ ਪਤੀਆਂ ਦੀ ਸੇਵਾ ਨਹੀਂ ਕਰਦੀਆਂ ਸਨ,
(ਸਗੋਂ) ਮਨ ਵਿੱਚ ਗੁੱਸਾ ਲਈ ਫਿਰਦੀਆਂ ਸਨ।
ਇਸਤਰੀਆਂ ਨੂੰ ਕਦੀ ਕਾਮ ਸਤਾਉਂਦਾ ਨਹੀਂ ਸੀ।
(ਇਸ ਲਈ) ਕਾਮ ਭਾਵ ਤੋਂ ਬਿਨਾਂ ਇਸਤਰੀ ਨੂੰ ਪਤੀ ਨਾਲ ਕੋਈ ਕੰਮ ਹੀ ਨਹੀਂ ਪੈਂਦਾ ਸੀ ॥੪॥
ਤੋਮਰ ਛੰਦ
(ਕੋਈ ਵੀ) ਇਸਤਰੀ ਪਤੀ ਦੀ ਸੇਵਾ ਨਹੀਂ ਕਰਦੀ ਸੀ
ਅਤੇ ਆਪਣੇ ਆਪ ਵਿੱਚ ਆਕੜੀ ਫਿਰਦੀ ਸੀ।
ਕਿਉਂਕਿ ਕਾਮ ਉਨ੍ਹਾਂ ਨੂੰ ਦੁੱਖ ਨਹੀਂ ਸੀ ਦਿੰਦਾ,
ਇਸ ਕਰਕੇ ਇਸਤਰੀ (ਪਤੀ ਅੱਗੋਂ) ਲਿਫਦੀ ਨਹੀਂ ਸੀ ॥੫॥
(ਇਸਤਰੀਆਂ) ਪਤੀਆਂ ਦੀ ਸੇਵਾ ਨਹੀਂ ਕਰਦੀਆਂ ਸਨ
ਅਤੇ ਨਾ ਹੀ (ਕਿਸੇ) ਵੱਡੇ ਤੋਂ ਵੱਡੇ ਦੇਵਤੇ ਦੀ ਪੂਜਾ ਕਰਦੀਆਂ ਸਨ।
ਹਰਿ ਦਾ ਧਿਆਨ ਵੀ ਨਹੀਂ ਕਰਦੀਆਂ ਸਨ
ਅਤੇ ਨਾ ਹੀ ਨਿੱਤ ਇਸ਼ਨਾਨ ਕਰਦੀਆਂ ਸਨ ॥੬॥
ਤਦੋਂ 'ਕਾਲ-ਪੁਰਖ' ਨੇ (ਵਿਸ਼ਣੂ ਨੂੰ) ਬੁਲਾਇਆ
ਅਤੇ ਵਿਸ਼ਣੂ ਨੂੰ ਸਮਝਾ ਕੇ ਕਿਹਾ-
ਜਗਤ ਵਿੱਚ ਜਾ ਕੇ 'ਚੰਦਰ' ਅਵਤਾਰ ਧਾਰਨ ਕਰੋ,
(ਇਸ ਤੋਂ ਬਿਨਾਂ) ਹੋਰ ਕਿਸੇ ਗੱਲ ਦਾ ਵਿਚਾਰ ਨਾ ਕਰੋ ॥੭॥
ਤਦ ਵਿਸ਼ਣੂ ਨੇ ਸਿਰ ਨਿਵਾ ਕੇ
ਅਤੇ ਹੱਥ ਜੋੜ ਕੇ ਕਿਹਾ-(ਮੈਂ ਆਪ ਦੀ ਆਗਿਆ ਨਾਲ)
ਚੰਦਰ (ਦਿਨਾਂਤ) ਅਵਤਾਰ ਧਰਦਾ ਹਾਂ,
ਜਿਸ ਕਰਕੇ ਜਗਤ ਵਿੱਚ ਪੁਰਖ ਦੀ ਜਿੱਤ ਹੋ ਸਕੇ ॥੮॥
ਤਦੋਂ ਵੱਡੇ ਤੇਜ਼ ਵਾਲਾ
ਵਿਸ਼ਣੂ ਨੇ ਚੰਦਰ ਅਵਤਾਰ ਧਾਰਨ ਕੀਤਾ।
ਜਿਸ ਨੇ ਕਾਮ ਦਾ ਤੀਰ ਖਿੱਚ ਕੇ
ਇਸਤਰੀਆਂ ਨੂੰ ਕਸ ਮਾਰਿਆ ॥੯॥
ਇਸ ਕਰਕੇ ਇਸਤਰੀਆਂ ਨਿਮਰਤਾਵਾਨ ਹੋ ਗਈਆਂ
ਅਤੇ ਉਨ੍ਹਾਂ ਦਾ ਸਾਰਾ ਹੰਕਾਰ ਨਸ਼ਟ ਹੋ ਗਿਆ।