ਸ਼੍ਰੀ ਦਸਮ ਗ੍ਰੰਥ

ਅੰਗ - 310


ਸੁੰਦਰ ਰੂਪ ਬਨਿਯੋ ਇਹ ਕੋ ਕਹ ਕੈ ਇਹ ਤਾਹਿ ਸਰਾਹਤ ਦਾਈ ॥

ਇਸ ਦਾ ਰੂਪ ਬਹੁਤ ਸੁੰਦਰ ਬਣ ਗਿਆ ਹੈ; ਇਹ ਕਹਿ ਕੇ ਦਾਈ ਉਸ ਨੂੰ ਸਲਾਹੁੰਦੀ ਹੈ।

ਗ੍ਵਾਰ ਸਨੈ ਬਨ ਬੀਚ ਫਿਰੈ ਕਬਿ ਨੈ ਉਪਮਾ ਤਿਹ ਕੀ ਲਖਿ ਪਾਈ ॥

ਗਵਾਲ ਬਾਲਕਾਂ ਨਾਲ ਮਿਲ ਕੇ ਬਨ ਵਿਚ ਫਿਰਦੇ ਸ੍ਰੀ ਕ੍ਰਿਸ਼ਨ ਦੀ ਉਪਮਾ ਕਵੀ ਨੇ ਇਹ ਅਨੁਭਵ ਕੀਤੀ ਹੈ।

ਕੰਸਹਿ ਕੇ ਬਧ ਕੇ ਹਿਤ ਕੋ ਜਨੁ ਬਾਲ ਚਮੂੰ ਭਗਵਾਨਿ ਬਨਾਈ ॥੧੮੯॥

ਕੰਸ ਦੇ ਮਾਰਨ ਲਈ ਮਾਨੋ ਭਗਵਾਨ ਨੇ ਬਾਲਕਾਂ ਦੀ ਸੈਨਾ ਬਣਾ ਦਿੱਤੀ ਹੋਵੇ ॥੧੮੯॥

ਕਬਿਤੁ ॥

ਕਬਿੱਤ:

ਕਮਲ ਸੋ ਆਨਨ ਕੁਰੰਗ ਤਾ ਕੇ ਬਾਕੇ ਨੈਨ ਕਟਿ ਸਮ ਕੇਹਰਿ ਮ੍ਰਿਨਾਲ ਬਾਹੈ ਐਨ ਹੈ ॥

ਉਸ ਦਾ ਕਮਲ ਵਰਗਾ ਮੂੰਹ, ਹਿਰਨ ਜਿਹੀਆਂ ਸੁੰਦਰ ਅੱਖਾਂ, ਸ਼ੇਰ ਵਰਗਾ ਪਤਲਾ ਲਕ ਅਤੇ ਭੇਆਂ ਵਰਗੀਆਂ ਬਾਂਹਵਾਂ ਹਨ;

ਕੋਕਿਲ ਸੋ ਕੰਠ ਕੀਰ ਨਾਸਕਾ ਧਨੁਖ ਭਉ ਹੈ ਬਾਨੀ ਸੁਰ ਸਰ ਜਾਹਿ ਲਾਗੈ ਨਹਿ ਚੈਨ ਹੈ ॥

ਕੋਇਲ ਵਰਗਾ ਗਲਾ, ਤੋਤੇ ਵਰਗਾ ਨਕ, ਧਨੁਖ (ਵਰਗੀਆਂ) ਭੌਹਾਂ, ਬੋਲੀ ਦੀ ਸੁਰ ਤੀਰ ਵਾਂਗ, ਜਿਸ ਨੂੰ ਲਗਦੀ ਹੈ (ਉਸ ਨੂੰ) ਚੈਨ ਨਹੀਂ ਮਿਲਦਾ ਹੈ।

ਤ੍ਰੀਅਨਿ ਕੋ ਮੋਹਤਿ ਫਿਰਤਿ ਗ੍ਰਾਮ ਆਸ ਪਾਸ ਬ੍ਰਿਹਨ ਕੇ ਦਾਹਬੇ ਕੋ ਜੈਸੇ ਪਤਿ ਰੈਨ ਹੈ ॥

ਪਿੰਡ ਦੇ ਆਲੇ ਦੁਆਲੇ ਇਸਤਰੀਆਂ ਨੂੰ ਮੋਹਿਤ ਕਰਦਾ ਫਿਰਦਾ ਹੈ ਅਤੇ ਵਿਯੋਗਣ ਇਸਤਰੀਆਂ ਨੂੰ ਸਾੜਨ ਲਈ ਚੰਦ੍ਰਮਾ ਦੇ ਸਮਾਨ ਹੈ।

ਪੁਨਿ ਮੰਦਿ ਮਤਿ ਲੋਕ ਕਛੁ ਜਾਨਤ ਨ ਭੇਦ ਯਾ ਕੋ ਏਤੇ ਪਰ ਕਹੈ ਚਰਵਾਰੋ ਸ੍ਯਾਮ ਧੇਨ ਹੈ ॥੧੯੦॥

ਪਰ ਸਾਧਾਰਨ ਬੁੱਧੀ ਵਾਲੇ ਕੁਝ (ਲੋਕ) ਉਸ ਦਾ ਭੇਦ ਨਹੀਂ ਜਾਣ ਸਕਦੇ। (ਬਸ) ਸਿਰਫ ਇਤਨਾ ਹੀ ਕਹਿੰਦੇ ਹਨ ਕਿ ਕ੍ਰਿਸ਼ਨ ਗਊਆਂ ਦਾ ਵਾਗੀ ਹੈ ॥੧੯੦॥

ਗੋਪੀ ਬਾਚ ਕਾਨ੍ਰਹ ਜੂ ਸੋ ॥

ਗੋਪੀਆਂ ਨੇ ਕਾਨ੍ਹ ਜੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਹੋਇ ਇਕਤ੍ਰ ਬਧੂ ਬ੍ਰਿਜ ਕੀ ਸਭ ਬਾਤ ਕਹੈ ਮੁਖ ਤੇ ਇਹ ਸ੍ਯਾਮੈ ॥

ਬ੍ਰਜ-ਭੂਮੀ ਦੀਆਂ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਕ੍ਰਿਸ਼ਨ ਨੂੰ ਮੂੰਹੋਂ ਇਹ ਗੱਲ ਕਹਿਣ ਲਗੀਆਂ,

ਆਨਨ ਚੰਦ ਬਨੇ ਮ੍ਰਿਗ ਸੇ ਦ੍ਰਿਗ ਰਾਤਿ ਦਿਨਾ ਬਸਤੋ ਸੁ ਹਿਯਾ ਮੈ ॥

(ਤੇਰਾ) ਮੂੰਹ ਚੰਦ੍ਰਮਾ ਸਮਾਨ ਅਤੇ ਅੱਖਾਂ ਹਿਰਨ ਵਰਗੀਆਂ ਹਨ, (ਤੂੰ) ਰਾਤ ਦਿਨ ਸਾਡੇ ਹਿਰਦੇ ਵਿਚ ਵਸਦਾ ਹੈਂ।

ਬਾਤ ਨਹੀ ਅਰਿ ਪੈ ਇਹ ਕੀ ਬਿਰਤਾਤ ਲਖਿਯੋ ਹਮ ਜਾਨ ਜੀਯਾ ਮੈ ॥

ਇਸ ਉਤੇ ਵੈਰੀ ਦੀ ਕੋਈ ਗੱਲ ਅਸਰ ਨਹੀਂ ਕਰ ਸਕਦੀ। ਅਸੀਂ ਆਪਣੇ ਦਿਲ ਵਿਚ ਇਹ ਬ੍ਰਿੱਤਾਂਤ ਜਾਣ ਲਿਆ ਹੈ।

ਕੈ ਡਰਪੈ ਹਰ ਕੇ ਹਰਿ ਕੋ ਛਪਿ ਮੈਨ ਰਹਿਯੋ ਅਬ ਲਉ ਤਨ ਯਾ ਮੈ ॥੧੯੧॥

ਜਾਂ (ਇੰਜ ਪ੍ਰਤੀਤ ਹੁੰਦਾ ਹੈ ਕਿ) ਸ਼ਿਵ ਦੀ ਮਾਰ ਦੇ ਡਰੋਂ ਕਾਮਦੇਵ ਹੁਣ ਤਕ ਇਸ ਦੇ ਸ਼ਰੀਰ ਵਿਚ ਲੁਕਿਆ ਹੋਇਆ ਹੈ ॥੧੯੧॥

ਕਾਨ੍ਰਹ ਜੂ ਬਾਚ ॥

ਕਾਨ੍ਹ ਨੇ ਕਿਹਾ:

ਸਵੈਯਾ ॥

ਸਵੈਯਾ:

ਸੰਗ ਹਲੀ ਹਰਿ ਜੀ ਸਭ ਗ੍ਵਾਰ ਕਹੀ ਸਭ ਤੀਰ ਸੁਨੋ ਇਹ ਭਈਯਾ ॥

ਬਲਰਾਮ ਸਹਿਤ ਸ੍ਰੀ ਕ੍ਰਿਸ਼ਨ ਨੇ ਸਾਰੇ ਗਵਾਲ ਬਾਲਕਾਂ ਕੋਲ ਕਿਹਾ, ਹੇ ਭਰਾਓ! (ਸਾਰੇ) ਇਹ ਸੁਣ ਲਵੋ।

ਰੂਪ ਧਰੋ ਅਵਤਾਰਨ ਕੋ ਤੁਮ ਬਾਤ ਇਹੈ ਗਤਿ ਕੀ ਸੁਰ ਗਈਯਾ ॥

ਤੁਸੀਂ ਅਵਤਾਰ ਰੂਪ ਧਾਰਨ ਕੀਤਾ ਹੈ, ਇਸ ਤਰ੍ਹਾਂ ਦੀ ਗੱਲ ਸੁਰ-ਲੋਕ ਵਿਚ ਪ੍ਰਚਲਿਤ ਹੋ ਗਈ ਹੈ।

ਨ ਹਮਰੋ ਅਬ ਕੋ ਇਹ ਰੂਪ ਸਬੈ ਜਗ ਮੈ ਕਿਨਹੂੰ ਲਖ ਪਈਯਾ ॥

ਸਾਡਾ ਹੁਣ ਵਾਲਾ ਇਹ ਰੂਪ ਸਾਰੇ ਜਗਤ ਵਿਚ ਕੋਈ ਵੀ ਨਹੀਂ ਜਾਣ ਸਕਿਆ।

ਕਾਨ੍ਰਹ ਕਹਿਯੋ ਹਮ ਖੇਲ ਕਰੈ ਜੋਊ ਹੋਇ ਭਲੋ ਮਨ ਕੋ ਪਰਚਈਯਾ ॥੧੯੨॥

(ਫਿਰ) ਸ੍ਰੀ ਕ੍ਰਿਸ਼ਨ ਨੇ ਕਿਹਾ, ਅਸੀਂ ਇਕ ਖੇਡ ਕਰਾਂਗੇ ਜੋ ਮਨ ਨੂੰ ਬਹੁਤ ਪਰਚਾਉਣ ਵਾਲੀ ਹੋਵੇਗੀ ॥੧੯੨॥

ਤਾਲ ਭਲੇ ਤਿਹ ਠਉਰ ਬਿਖੈ ਸਭ ਹੀ ਜਨ ਕੇ ਮਨ ਕੇ ਸੁਖਦਾਈ ॥

ਉਸ ਸਥਾਨ ਵਿਚ ਤਲਾ ਭਰੇ ਹੋਏ ਹਨ ਜੋ ਸਭ ਪੁਰਸ਼ਾਂ ਦੇ ਮਨ ਨੂੰ ਸੁਖ ਦੇਣ ਵਾਲੇ ਹਨ।

ਸੇਤ ਸਰੋਵਰ ਹੈ ਅਤਿ ਹੀ ਤਿਨ ਮੈ ਸਰਮਾ ਸਸਿ ਸੀ ਦਮਕਾਈ ॥

(ਉਨ੍ਹਾਂ ਤਲਾਵਾਂ ਵਿਚੋਂ) 'ਸੇਤ ਸਰੋਵਰ' ਸਭ ਤੋਂ ਵੱਡਾ ਹੈ ਅਤੇ ਉਸ ਵਿਚ ਕੰਮੀਆਂ ('ਸਰਮਾ') ਚੰਦ੍ਰਮਾ ਦੀ (ਚਾਂਦਨੀ) ਵਰਗੀਆਂ ਚਮਕਦੀਆਂ ਹਨ।

ਮਧਿ ਬਰੇਤਨ ਕੀ ਉਪਮਾ ਕਬਿ ਨੈ ਮੁਖ ਤੇ ਇਮ ਭਾਖਿ ਸੁਨਾਈ ॥

(ਉਸ ਦੇ) ਵਿਚਾਲੇ ਦੀ ਬਰੇਤੀ ਦੀ ਉਪਮਾ ਕਵੀ ਨੇ ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਈ।

ਲੋਚਨ ਸਉ ਕਰਿ ਕੈ ਬਸੁਧਾ ਹਰਿ ਕੇ ਇਹ ਕਉਤਕ ਦੇਖਨਿ ਆਈ ॥੧੯੩॥

(ਮਾਨੋ) ਧਰਤੀ ਸੌ ਅੱਖਾਂ ਧਾਰ ਕੇ ਸ੍ਰੀ ਕ੍ਰਿਸ਼ਨ ਦੇ ਇਨ੍ਹਾਂ ਕੌਤਕਾਂ ਨੂੰ ਵੇਖਣ ਲਈ ਆਈ ਹੋਵੇ ॥੧੯੩॥

ਰੂਪ ਬਿਰਾਜਤ ਹੈ ਅਤਿ ਹੀ ਜਿਨ ਕੋ ਪਿਖ ਕੈ ਮਨ ਆਨੰਦ ਬਾਢੇ ॥

ਸ੍ਰੀ (ਕ੍ਰਿਸ਼ਨ) ਦਾ ਬਹੁਤ ਸੁੰਦਰ ਰੂਪ ਬਿਰਾਜ ਰਿਹਾ ਹੈ, ਜਿਸ ਨੂੰ ਵੇਖ ਕੇ ਮਨ ਵਿਚ ਆਨੰਦ ਵਧ ਜਾਂਦਾ ਹੈ।

ਖੇਲਤ ਕਾਨ੍ਰਹ ਫਿਰੈ ਤਿਹ ਜਾਇ ਬਨੈ ਜਿਹ ਠਉਰ ਬਡੇ ਸਰ ਗਾਢੇ ॥

ਸ੍ਰੀ ਕ੍ਰਿਸ਼ਨ ਉਸ ਸਥਾਨ ਉਤੇ ਖੇਡਦੇ ਫਿਰਦੇ ਹਨ ਜਿਸ ਸਥਾਨ ਤੇ ਬਹੁਤ ਅਥਾਹ ਸਰੋਵਰ ਹਨ।

ਗਵਾਲ ਹਲੀ ਹਰਿ ਕੇ ਸੰਗ ਰਾਜਤ ਦੇਖਿ ਦੁਖੀ ਮਨ ਕੋ ਦੁਖ ਕਾਢੇ ॥

ਬਲਰਾਮ ਅਤੇ ਗਵਾਲ ਬਾਲਕ ਸ੍ਰੀ ਕ੍ਰਿਸ਼ਨ ਨਾਲ ਬਿਰਾਜਦੇ ਹਨ ਜਿਨ੍ਹਾਂ ਨੂੰ ਵੇਖ ਦੁਖੀ ਮਨ ਵਾਲੇ ਆਪਣੇ ਦੁਖ ਕਢ ਦਿੰਦੇ ਹਨ।

ਕਉਤੁਕ ਦੇਖਿ ਧਰਾ ਹਰਖੀ ਤਿਹ ਤੇ ਤਰੁ ਰੋਮ ਭਏ ਤਨਿ ਠਾਢੇ ॥੧੯੪॥

(ਉਨ੍ਹਾਂ ਦੇ) ਕੌਤਕ ਵੇਖ ਕੇ ਧਰਤੀ ਖੁਸ਼ ਹੋਈ ਹੈ ਅਤੇ ਉਸ ਦੇ ਤਨ ਦੇ ਬ੍ਰਿਛ ਰੂਪੀ ਰੋਮ ਖੜੇ ਹੋ ਗਏ ਹਨ ॥੧੯੪॥

ਕਾਨ੍ਰਹ ਤਰੈ ਤਰੁ ਕੇ ਮੁਰਲੀ ਸੁ ਬਜਾਇ ਉਠਿਯੋ ਤਨ ਕੋ ਕਰਿ ਐਡਾ ॥

ਸ੍ਰੀ ਕ੍ਰਿਸ਼ਨ ਬ੍ਰਿਛ ਦੇ ਹੇਠਾਂ ਸ਼ਰੀਰ ਨੂੰ ਟੇਢਾ ਕਰ ਕੇ ਮੁਰਲੀ ਵਜਾਉਣ ਲਗ ਪਿਆ (ਜਿਸ ਦੀ ਆਵਾਜ਼ ਸੁਣ ਕੇ)

ਮੋਹ ਰਹੀ ਜਮੁਨਾ ਖਗ ਅਉ ਹਰਿ ਜਛ ਸਭੈ ਅਰਨਾ ਅਰੁ ਗੈਡਾ ॥

ਜਮਨਾ ਨਦੀ, ਪੰਛੀ ਅਤੇ ਸੱਪ, ਜੱਛ ਅਤੇ ਅਰਨਾ ਤੇ ਗੈਂਡਾ (ਆਦਿਕ) ਸਾਰੇ (ਜੰਗਲੀ ਜਾਨਵਰ) ਮੋਹਿਤ ਹੋ ਰਹੇ ਹਨ।

ਪੰਡਿਤ ਮੋਹਿ ਰਹੇ ਸੁਨ ਕੈ ਅਰੁ ਮੋਹਿ ਗਏ ਸੁਨ ਕੈ ਜਨ ਜੈਡਾ ॥

(ਮੁਰਲੀ ਨੂੰ) ਸੁਣ ਕੇ ਪੰਡਿਤ ਲੋਕ ਮੋਹਿਤ ਹੋ ਰਹੇ ਹਨ ਅਤੇ (ਮੁਰਲੀ) ਸੁਣ ਕੇ ਜੜ (ਮੂਰਖ) ਵੀ ਮੋਹੇ ਗਏ ਸਨ।

ਬਾਤ ਕਹੀ ਕਬਿ ਨੈ ਮੁਖ ਤੇ ਮੁਰਲੀ ਇਹ ਨਾਹਿਨ ਰਾਗਨ ਪੈਡਾ ॥੧੯੫॥

ਕਵੀ ਨੇ ਮੂੰਹੋਂ (ਇਹ) ਗੱਲ ਕਹੀ ਹੈ ਕਿ ਇਹ ਸ੍ਰੀ ਕ੍ਰਿਸ਼ਨ ਦੀ ਮੁਰਲੀ ਨਹੀਂ ਹੈ, ਇਹ ਤਾਂ ਰਾਗਾਂ ਦਾ ਮਾਰਗ ਹੈ ॥੧੯੫॥

ਆਨਨ ਦੇਖਿ ਧਰਾ ਹਰਿ ਕੋ ਅਪਨੇ ਮਨ ਮੈ ਅਤਿ ਹੀ ਲਲਚਾਨੀ ॥

ਸ੍ਰੀ ਕ੍ਰਿਸ਼ਨ ਦਾ ਮੁਖ ਵੇਖ ਕੇ ਧਰਤੀ ਨੇ ਮਨ ਵਿਚ ਬਹੁਤ ਲਾਲਚ ਕਰ ਲਿਆ ਹੈ।

ਸੁੰਦਰ ਰੂਪ ਬਨਿਯੋ ਇਹ ਕੋ ਤਿਹ ਤੇ ਪ੍ਰਿਤਮਾ ਅਤਿ ਤੇ ਅਤਿ ਭਾਨੀ ॥

ਇਸ ਦਾ ਰੂਪ ਸੁੰਦਰ ਬਣ ਗਿਆ ਹੈ, ਉਸ ਕਰ ਕੇ ਵਧ ਤੋਂ ਵਧ ਚੰਗੀ ਲਗਣ ਵਾਲੀ ਮੂਰਤ (ਹੋ ਗਈ ਹੈ)।

ਸ੍ਯਾਮ ਕਹੀ ਉਪਮਾ ਤਿਹ ਕੀ ਅਪੁਨੇ ਮਨ ਮੈ ਫੁਨਿ ਜੋ ਪਹਿਚਾਨੀ ॥

ਸ਼ਿਆਮ (ਕਵੀ ਨੇ) ਉਸ ਦੀ ਉਪਮਾ ਕਹੀ ਹੈ ਜੋ (ਉਸ ਨੇ) ਆਪਣੇ ਮਨ ਵਿਚ ਸਮਝੀ ਹੈ।

ਰੰਗਨ ਕੇ ਪਟ ਲੈ ਤਨ ਪੈ ਜੁ ਮਨੋ ਇਹ ਕੀ ਹੁਇਬੇ ਪਟਰਾਨੀ ॥੧੯੬॥

(ਧਰਤੀ ਨੇ) ਰੰਗਦਾਰ ਕਪੜੇ (ਆਪਣੇ) ਤਨ ਉਤੇ (ਇਸ ਵਾਸਤੇ ਪਾਏ ਹੋਏ ਹਨ) ਮਾਨੋ ਇਹ (ਉਸ ਦੀ) ਪਟਰਾਣੀ ਹੋਵੇ ॥੧੯੬॥

ਗੋਪ ਬਾਚ ॥

ਗਵਾਲ ਬਾਲਕਾਂ ਨੇ ਕਿਹਾ:

ਸਵੈਯਾ ॥

ਸਵੈਯਾ:

ਗ੍ਵਾਰ ਕਹੀ ਬਿਨਤੀ ਹਰਿ ਪੈ ਇਕ ਤਾਲ ਬਡੋ ਤਿਹ ਪੈ ਫਲ ਹਛੇ ॥

ਗਵਾਲ ਬਾਲਕਾਂ ਨੇ ਸ੍ਰੀ ਕ੍ਰਿਸ਼ਨ ਅਗੇ ਬੇਨਤੀ ਕੀਤੀ, "ਇਕ ਬਹੁਤ ਵੱਡਾ ਤਲਾ ਹੈ ਅਤੇ ਉਸ ਉਤੇ ਬੜੇ ਚੰਗੇ ਸੁੰਦਰ ਫਲ ਹਨ।

ਲਾਇਕ ਹੈ ਤੁਮਰੇ ਮੁਖ ਕੀ ਕਰੂਆ ਜਹ ਦਾਖ ਦਸੋ ਦਿਸ ਗੁਛੇ ॥

ਹਰ ਪਾਸੇ ਅੰਗੂਰ ਦੇ ਗੁੱਛੇ ਲਗੇ ਹੋਏ ਹਨ ਜੋ ਤੁਹਾਡੇ ਮੂੰਹ ਦੀ ਬੁਰਕੀ ਦੇ ਲਾਇਕ ਹਨ।

ਧੇਨੁਕ ਦੈਤ ਬਡੋ ਤਿਹ ਜਾਇ ਕਿਧੋ ਹਨਿ ਲੋਗਨ ਕੇ ਉਨ ਰਛੇ ॥

ਪਰ ਉਸ ਥਾਂ ਤੇ ਧੇਨਕ (ਨਾਂ ਦਾ ਇਕ) ਦੈਂਤ ਰਹਿੰਦਾ ਹੈ, ਉਸ ਨੂੰ ਮਾਰ ਕੇ ਲੋਕਾਂ ਦੀ ਰਖਿਆ ਕਰੋ।

ਪੁਤ੍ਰ ਮਨੋ ਮਧਰੇਾਂਦ ਪ੍ਰਭਾਤਿ ਤਿਨੈ ਉਠਿ ਪ੍ਰਾਤ ਸਮੈ ਵਹ ਭਛੇ ॥੧੯੭॥

(ਉਹ ਅੰਗੂਰ) ਮਾਨੋ ਅੰਮ੍ਰਿਤ ਦੇ ਸਰੋਵਰ ਦੇ ਪੁੱਤਰ ਹਨ, ਉਹ ਸਵੇਰੇ ਉਠ ਕੇ ਉਨ੍ਹਾਂ ਨੂੰ ਖਾਂਦਾ ਹੈ" ॥੧੯੭॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸਵੈਯਾ ॥

ਸਵੈਯਾ:

ਜਾਇ ਕਹੀ ਤਿਨ ਕੋ ਹਰਿ ਜੀ ਜਹ ਤਾਲ ਵਹੈ ਅਰੁ ਹੈ ਫਲ ਨੀਕੇ ॥

ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਜਿਥੇ ਉਹ ਤਲਾ ਤੇ ਚੰਗੇ ਫਲ ਹਨ, ਉਥੇ ਜਾਵਾਂਗੇ।

ਬੋਲਿ ਉਠਿਓ ਮੁਖ ਤੇ ਮੁਸਲੀ ਸੁ ਤੋ ਅੰਮ੍ਰਿਤ ਕੇ ਨਹਿ ਹੈ ਫੁਨਿ ਫੀਕੇ ॥

ਕੋਲੋਂ ਬਲਰਾਮ ਬੋਲ ਪਿਆ, ਉਹ ਅੰਮ੍ਰਿਤ ਦੇ ਸਮਾਨ ਨਹੀਂ ਸਗੋਂ ਅੰਮ੍ਰਿਤ ਵੀ ਫਿੱਕਾ ਹੈ;

ਮਾਰ ਹੈ ਦੈਤ ਤਹਾ ਚਲ ਕੈ ਜਿਹ ਤੇ ਸੁਰ ਜਾਹਿ ਨਭੈ ਦੁਖ ਜੀ ਕੇ ॥

ਉਥੇ ਚਲ ਕੇ ਦੈਂਤ ਨੂੰ ਮਾਰਾਂਗੇ ਜਿਸ ਕਰ ਕੇ (ਨਭਚਾਰੀ) ਦੇਵਤਿਆਂ ਦੇ ਦਿਲ ਦਾ ਦੁਖ ਮਿਟ ਜਾਏਗਾ।

ਹੋਇ ਪ੍ਰਸੰਨਿ ਚਲੇ ਤਹ ਕੋ ਮਿਲਿ ਸੰਖ ਬਜਾਇ ਸਭੈ ਮੁਰਲੀ ਕੇ ॥੧੯੮॥

ਸਾਰੇ ਇਕੱਠੇ ਹੋ ਕੇ ਸੰਖ ਵਾਂਗ ਮੁਰਲੀ ਨੂੰ ਵਜਾਉਂਦੇ ਹੋਏ ਪ੍ਰਸੰਨਤਾ ਪੂਰਵਕ ਉਧਰ ਨੂੰ ਤੁਰ ਪਏ ॥੧੯੮॥


Flag Counter