ਸ਼੍ਰੀ ਦਸਮ ਗ੍ਰੰਥ

ਅੰਗ - 934


ਚਿਤ੍ਰ ਚਿਤ ਯੌ ਬਚਨ ਉਚਾਰੇ ॥੩੨॥

ਤਾਂ ਚਿੰਨ੍ਹ ਚਿਤਰਨ ਵੇਲੇ ਉਸ ਨੇ (ਰਿਸਾਲੂ ਨੂੰ) ਕਿਹਾ ॥੩੨॥

ਚੌਪਰ ਬਾਜ ਤੋਹਿ ਤਬ ਜਾਨੋ ॥

(ਮੈਂ) ਤੈਨੂੰ ਚੌਪੜਬਾਜ਼ ਉਦੋਂ ਸਮਝਾਂਗਾ

ਮੇਰੋ ਕਹਿਯੋ ਏਕ ਤੁਮ ਮਾਨੋ ॥

ਜੇ ਤੂੰ ਮੇਰਾ ਇਕ ਕਿਹਾ ਮੰਨੇਗਾ।

ਸਿਰਕਪ ਕੇ ਸੰਗ ਖੇਲ ਰਚਾਵੋ ॥

ਸਿਰਕਪ (ਰਾਜੇ ਨਾਲ ਸ਼ਤਰੰਜ ਦੀ) ਖੇਡ ਰਚਾਏਂਗਾ

ਤਬ ਇਹ ਖੇਲ ਜੀਤਿ ਗ੍ਰਿਹ ਆਵੋ ॥੩੩॥

ਅਤੇ ਤਦ ਇਹ ਖੇਡ ਜਿਤ ਕੇ ਘਰ ਨੂੰ ਆਵੇਂਗਾ ॥੩੩॥

ਯੌ ਸੁਣ ਬਚਨ ਰਿਸਾਲੂ ਧਾਯੋ ॥

ਇਹ ਬੋਲ ਸੁਣ ਕੇ ਰਿਸਾਲੂ ਘੋੜੇ ਉਤੇ ਚੜ੍ਹ ਕੇ

ਚੜਿ ਘੋਰਾ ਪੈ ਤਹੀ ਸਿਧਾਯੋ ॥

ਉਸ ਵਲ ਚਲ ਪਿਆ।

ਸਿਰਕਪ ਕੇ ਦੇਸੰਤਰ ਆਯੋ ॥

ਸਿਰਕਪ ਦੇ ਦੇਸ ਵਿਚ ਆ ਗਿਆ

ਆਨਿ ਰਾਵ ਸੌ ਖੇਲ ਰਚਾਯੋ ॥੩੪॥

ਅਤੇ ਆ ਕੇ ਰਾਜੇ ਨਾਲ ਖੇਡਣਾ ਸ਼ੁਰੂ ਕੀਤਾ ॥੩੪॥

ਤਬ ਸਿਰਕਪ ਛਲ ਅਧਿਕ ਸੁ ਧਾਰੇ ॥

ਤਦ ਸਿਰਕਪ ਨੇ ਬਹੁਤ ਛਲ ਕਪਟ ਕੀਤੇ,

ਸਸਤ੍ਰ ਅਸਤ੍ਰ ਬਸਤ੍ਰਨ ਜੁਤ ਹਾਰੇ ॥

(ਪਰ) ਸ਼ਸਤ੍ਰ, ਅਸਤ੍ਰ ਅਤੇ ਬਸਤ੍ਰ ਸਮੇਤ (ਸਭ ਕੁਝ) ਹਾਰ ਦਿੱਤਾ।

ਧਨ ਹਰਾਇ ਸਿਰ ਬਾਜੀ ਲਾਗੀ ॥

ਧਨ ਹਾਰ ਕੇ ਉਸ ਨੇ ਸਿਰ ਦੀ ਬਾਜ਼ੀ ਲਗਾ ਦਿੱਤੀ,

ਸੋਊ ਜੀਤਿ ਲਈ ਬਡਭਾਗੀ ॥੩੫॥

ਉਹ ਵੀ ਵਡਭਾਗੀ (ਰਿਸਾਲੂ) ਨੇ ਜਿੱਤ ਲਈ ॥੩੫॥

ਜੀਤਿ ਤਾਹਿ ਮਾਰਨ ਲੈ ਧਾਯੋ ॥

ਉਸ ਨੂੰ ਜਿਤ ਕੇ (ਉਹ) ਮਾਰਨ ਨੂੰ ਤੁਰਿਆ।

ਯੌ ਸੁਨਿ ਕੈ ਰਨਿਵਾਸਹਿ ਪਾਯੋ ॥

(ਉਸ ਨੇ) ਰਣਵਾਸ ਤੋਂ ਇਹ ਸੁਣਿਆ

ਯਾ ਕੀ ਸੁਤਾ ਕੋਕਿਲਾ ਲੀਜੈ ॥

ਕਿ ਇਸ ਦੀ ਪੁੱਤਰੀ ਕੋਕਿਲਾ ਲੈ ਲਵੋ,

ਜਿਯ ਤੇ ਬਧ ਯਾ ਕੌ ਨਹਿ ਕੀਜੈ ॥੩੬॥

ਪਰ ਇਸ ਨੂੰ ਜਾਨ ਤੋਂ ਨਾ ਮਾਰੋ ॥੩੬॥

ਤਬ ਤਿਹ ਜਾਨ ਮਾਫ ਕੈ ਦਈ ॥

ਤਦ ਉਸ ਨੇ (ਸਿਰਕਪ ਦੀ) ਜਾਨ ਮਾਫ਼ ਕਰ ਦਿੱਤੀ

ਤਾ ਕੀ ਸੁਤਾ ਕੋਕਿਲਾ ਲਈ ॥

ਅਤੇ ਉਸ ਦੀ ਪੁੱਤਰੀ ਕੋਕਿਲਾ ਲੈ ਲਈ।

ਦੰਡਕਾਰ ਮੈ ਸਦਨ ਸਵਾਰਿਯੋ ॥

(ਉਸ ਨੇ) ਦੰਡਕਾਰ (ਦੰਡਕ ਬਨ) ਵਿਚ ਮਹੱਲ ਬਣਵਾਇਆ

ਤਾ ਕੇ ਬੀਚ ਰਾਖ ਤਿਹ ਧਾਰਿਯੋ ॥੩੭॥

ਅਤੇ ਉਸ ਵਿਚ ਉਸ ਨੂੰ ਟਿਕਾ ਦਿੱਤਾ ॥੩੭॥

ਤਾ ਕੌ ਲਰਿਕਾਪਨ ਜਬ ਗਯੋ ॥

ਜਦ ਉਸ ਦਾ ਬਚਪਨ ਖ਼ਤਮ ਹੋਇਆ,

ਜੋਬਨ ਆਨਿ ਦਮਾਮੋ ਦਯੋ ॥

(ਤਦ) ਜਵਾਨੀ ਨੇ ਆ ਕੇ ਨਗਾਰਾ ਵਜਾਇਆ।

ਰਾਜਾ ਨਿਕਟ ਨ ਤਾ ਕੇ ਆਵੈ ॥

(ਪਰ) ਰਾਜਾ ਉਸ ਦੇ ਨੇੜੇ ਨਹੀਂ ਜਾਂਦਾ ਸੀ,

ਯਾ ਤੇ ਅਤਿ ਰਾਨੀ ਦੁਖੁ ਪਾਵੇ ॥੩੮॥

ਜਿਸ ਕਰ ਕੇ ਰਾਣੀ ਬਹੁਤ ਦੁਖੀ ਹੁੰਦੀ ਸੀ ॥੩੮॥

ਏਕ ਦਿਵਸ ਰਾਜਾ ਜਬ ਆਯੋ ॥

ਇਕ ਦਿਨ ਜਦ ਰਾਜਾ ਆਇਆ

ਤਬ ਰਾਨੀ ਯੌ ਬਚਨ ਸੁਨਾਯੋ ॥

ਤਾਂ ਰਾਣੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।

ਹਮ ਕੋ ਲੈ ਤੁਮ ਸੰਗ ਸਿਧਾਰੌ ॥

ਤੁਸੀਂ ਮੈਨੂੰ ਨਾਲ ਲੈ ਕੇ (ਉਥੇ) ਚਲੋ

ਬਨ ਮੈ ਜਹਾ ਮ੍ਰਿਗਨ ਕੌ ਮਾਰੌ ॥੩੯॥

ਜਿਥੇ (ਤੁਸੀਂ) ਜੰਗਲ ਵਿਚ ਹਿਰਨਾਂ (ਜੰਗਲੀ ਪਸ਼ੂਆਂ) ਨੂੰ ਮਾਰਦੇ ਹੋ ॥੩੯॥

ਲੈ ਰਾਜਾ ਤਿਹ ਸੰਗ ਸਿਧਾਯੋ ॥

ਰਾਜਾ ਉਸ ਨੂੰ ਨਾਲ ਲੈ ਕੇ ਉਥੇ ਗਿਆ

ਜਹ ਮ੍ਰਿਗ ਹਨਤ ਹੇਤ ਤਹ ਆਯੋ ॥

ਜਿਥੇ ਉਹ ਹਿਰਨਾਂ ਨੂੰ ਮਾਰਨ ਲਈ ਆਉਂਦਾ ਸੀ।

ਦੈ ਫੇਰਾ ਸਰ ਸੌ ਮ੍ਰਿਗ ਮਾਰਿਯੋ ॥

(ਰਾਜੇ ਨੇ) ਹਿਰਨ ਨੂੰ ਫੇਰਾ ਦੇ ਕੇ (ਅਰਥਾਤ ਭਜਾ ਕੇ) ਬਾਣ ਨਾਲ ਮਾਰ ਦਿੱਤਾ।

ਯਹ ਕੌਤਕ ਕੋਕਿਲਾ ਨਿਹਾਰਿਯੋ ॥੪੦॥

ਇਹ ਕੌਤਕ ਕੋਕਿਲਾ ਨੇ ਵੇਖਿਆ ॥੪੦॥

ਤਬ ਰਾਨੀ ਯੌ ਬਚਨ ਉਚਾਰੇ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਬਾਤ ਨ੍ਰਿਪ ਨਾਥ ਹਮਾਰੇ ॥

ਹੇ ਰਾਜਨ! ਮੇਰੀ ਇਕ ਗੱਲ ਸੁਣੋ।

ਦ੍ਰਿਗ ਸਰ ਸੋ ਮ੍ਰਿਗ ਕੋ ਹੌ ਮਾਰੌ ॥

ਮੈਂ ਨੈਣਾਂ ਦੇ ਬਾਣਾਂ ਨਾਲ ਹੀ ਹਿਰਨ ਨੂੰ ਮਾਰ ਦੇਵਾਂਗੀ।

ਤੁਮ ਠਾਢੇ ਯਹ ਚਰਿਤ ਨਿਹਾਰੋ ॥੪੧॥

ਤੁਸੀਂ (ਇਥੇ) ਖੜੋਤੇ ਇਹ ਚਰਿਤ੍ਰ ਵੇਖੋ ॥੪੧॥

ਘੂੰਘਟ ਛੋਰਿ ਕੋਕਿਲਾ ਧਾਈ ॥

ਘੁੰਘਟ ਨੂੰ ਛਡ ਕੇ ਕੋਕਿਲਾ ਭਜਦੀ ਹੋਈ ਆਈ।

ਮ੍ਰਿਗ ਲਖਿ ਤਾਹਿ ਗਯੋ ਉਰਝਾਈ ॥

ਹਿਰਨ ਉਸ (ਦੇ ਰੂਪ) ਨੂੰ ਵੇਖ ਕੇ ਉਲਝ ਗਿਆ (ਅਰਥਾਤ ਚਕਰਾ ਗਿਆ)।

ਅਮਿਤ ਰੂਪ ਜਬ ਤਾਹਿ ਨਿਹਾਰਿਯੋ ॥

ਜਦ ਉਸ ਦੀ ਅਸੀਮ ਸੁੰਦਰਤਾ ਵੇਖੀ

ਠਾਢਿ ਰਹਿਯੋ ਨਹਿ ਸੰਕ ਪਧਾਰਿਯੋ ॥੪੨॥

ਤਾਂ ਉਥੇ ਨਿਸੰਗ ਖੜੋਤਾ ਰਿਹਾ ਅਤੇ ਨਾ ਦੌੜਿਆ ॥੪੨॥

ਕਰ ਸੌ ਮ੍ਰਿਗ ਰਾਨੀ ਜਬ ਗਹਿਯੋ ॥

ਜਦ ਰਾਣੀ ਨੇ ਹੱਥ ਨਾਲ ਹਿਰਨ ਪਕੜ ਲਿਆ

ਯਹ ਕੌਤਕ ਰੀਸਾਲੂ ਲਹਿਯੋ ॥

ਅਤੇ ਰਿਸਾਲੂ ਨੇ ਇਹ ਕੌਤਕ ਵੇਖਿਆ,

ਤਬ ਚਿਤ ਭੀਤਰ ਅਧਿਕ ਰਿਸਾਯੋ ॥

ਤਦ ਉਹ ਮਨ ਵਿਚ ਬਹੁਤ ਕ੍ਰੋਧਿਤ ਹੋਇਆ

ਕਾਨ ਕਾਟ ਕੈ ਤਾਹਿ ਪਠਾਯੋ ॥੪੩॥

ਅਤੇ ਕੰਨ ਕਟ ਕੇ ਉਸ ਨੂੰ ਭਜਾ ਦਿੱਤਾ ॥੪੩॥

ਕਾਨ ਕਟਿਯੋ ਮ੍ਰਿਗ ਲਖਿ ਜਬ ਪਾਯੋ ॥

ਜਦ ਹਿਰਨ ਨੇ ਕੰਨ ਕਟੇ ਹੋਏ ਵੇਖੇ

ਸੋ ਹੋਡੀ ਮਹਲਨ ਤਰ ਆਯੋ ॥

(ਤਾਂ) ਉਹ ਹੋਡੀ ਦੇ ਮਹੱਲ ਹੇਠਾਂ ਆ ਗਿਆ।

ਸਿੰਧ ਦੇਸ ਏਸ੍ਵਰ ਗਹਿ ਲਯੋ ॥

ਸਿੰਧ ਦੇਸ ਦੇ ਰਾਜੇ ਨੇ (ਜਦ) ਉਸ ਨੂੰ ਵੇਖਿਆ

ਚੜਿ ਘੋੜਾ ਪੈ ਪਾਛੇ ਧਯੋ ॥੪੪॥

(ਤਾਂ) ਉਹ ਘੋੜੇ ਉਤੇ ਚੜ੍ਹ ਕੇ ਉਸ ਦੇ ਪਿਛੇ ਦੌੜਿਆ ॥੪੪॥

ਤਬ ਆਗੇ ਤਾ ਕੇ ਮ੍ਰਿਗ ਧਾਯੋ ॥

ਤਦ ਉਸ ਦੇ ਅਗੇ ਹਿਰਨ ਦੌੜਦਾ ਹੋਇਆ

ਮਹਲ ਕੋਕਿਲਾ ਕੇ ਤਰ ਆਯੋ ॥

ਕੋਕਿਲਾ ਦੇ ਮਹੱਲ ਹੇਠਾਂ ਆ ਗਿਆ।

ਹੋਡੀ ਤਾ ਕੋ ਰੂਪ ਨਿਹਾਰਿਯੋ ॥

ਹੋਡੀ (ਰਾਜੇ) ਨੇ ਉਸ (ਕੋਕਿਲਾ) ਦਾ ਰੂਪ ਵੇਖਿਆ

ਹਰਿ ਅਰਿ ਸਰ ਤਾ ਕੌ ਤਨੁ ਮਾਰਿਯੋ ॥੪੫॥

ਤਾਂ ਕਾਮ ਦੇਵ ('ਹਰਿ-ਅਰਿ') ਨੇ ਉਸ ਦੇ ਸ਼ਰੀਰ ਵਿਚ ਤੀਰ ਮਾਰਿਆ ॥੪੫॥

ਹੋਡੀ ਜਬ ਕੋਕਿਲਾ ਨਿਹਾਰੀ ॥

ਹੋਡੀ ਨੂੰ ਜਦ ਕੋਕਿਲਾ ਨੇ ਵੇਖਿਆ

ਬਿਹਸਿ ਬਾਤ ਇਹ ਭਾਤਿ ਉਚਾਰੀ ॥

ਤਾਂ ਹਸ ਕੇ ਇਸ ਤਰ੍ਹਾਂ ਗੱਲ ਕਹੀ,

ਹਮ ਤੁਮ ਆਉ ਬਿਰਾਜਹਿੰ ਦੋਊ ॥

ਆਓ, ਮੈਂ ਤੇ ਤੁਸੀਂ ਇਕੱਠੇ ਬਹੀਏ,

ਜਾ ਕੋ ਭੇਦ ਨ ਪਾਵਤ ਕੋਊ ॥੪੬॥

ਜਿਸ ਦਾ ਭੇਦ ਕਿਸੇ ਨੂੰ ਪਤਾ ਨਹੀਂ ਲਗੇਗਾ ॥੪੬॥

ਹੈ ਤੇ ਉਤਰ ਭਵਨ ਪਗ ਧਾਰਿਯੋ ॥

(ਰਾਜਾ ਹੋਡੀ) ਘੋੜੇ ਤੋਂ ਉਤਰ ਕੇ ਮਹੱਲ ਵਿਚ ਦਾਖ਼ਲ ਹੋਇਆ

ਆਨਿ ਕੋਕਿਲਾ ਸਾਥ ਬਿਹਾਰਿਯੋ ॥

ਅਤੇ ਆ ਕੇ ਕੋਕਿਲਾ ਨਾਲ ਸਹਿਵਾਸ ਕੀਤਾ।

ਭੋਗ ਕਮਾਇ ਬਹੁਰਿ ਉਠ ਗਯੋ ॥

ਭੋਗ ਕਰ ਕੇ ਫਿਰ ਉਠ (ਕੇ ਚਲਾ) ਗਿਆ

ਦੁਤਯ ਦਿਵਸ ਪੁਨਿ ਆਵਤ ਭਯੋ ॥੪੭॥

ਅਤੇ ਦੂਜੇ ਦਿਨ ਫਿਰ ਆ ਗਿਆ ॥੪੭॥

ਤਬ ਮੈਨਾ ਯਹ ਭਾਤਿ ਬਖਾਨੀ ॥

ਤਦ ਮੈਨਾ ਨੇ ਇਸ ਤਰ੍ਹਾਂ ਕਿਹਾ,

ਕਾ ਕੋਕਿਲਾ ਤੂ ਭਈ ਅਯਾਨੀ ॥

ਕੀ ਕੋਕਿਲਾ ਤੂੰ ਇਆਣੀ ਹੋ ਗਈ ਹੈਂ।

ਯੌ ਸੁਨਿ ਬੈਨ ਤਾਹਿ ਹਨਿ ਡਾਰਿਯੋ ॥

(ਉਸ ਦੇ) ਇਸ ਤਰ੍ਹਾਂ ਦੇ ਬੋਲ ਸੁਣ ਕੇ ਉਸ ਨੂੰ ਮਾਰ ਦਿੱਤਾ।

ਤਬ ਸੁਕ ਤਿਹ ਇਹ ਭਾਤਿ ਉਚਾਰਿਯੋ ॥੪੮॥

ਤਦ ਤੋਤੇ ਨੇ ਉਸ ਪ੍ਰਤਿ ਇਸ ਤਰ੍ਹਾਂ ਕਿਹਾ ॥੪੮॥

ਭਲੋ ਕਰਿਯੋ ਮੈਨਾ ਤੈ ਮਾਰੀ ॥

ਤੂੰ ਚੰਗਾ ਕੀਤਾ ਕਿ ਮੈਨਾ ਨੂੰ ਮਾਰ ਦਿੱਤਾ ਹੈ

ਸਿੰਧ ਏਸ ਕੇ ਸਾਥ ਬਿਹਾਰੀ ॥

ਅਤੇ ਸਿੰਧ ਦੇਸ ਦੇ ਰਾਜੇ ਨਾਲ ਸਹਿਵਾਸ ਕੀਤਾ ਹੈ।

ਮੋਕਹ ਕਾਢਿ ਹਾਥ ਪੈ ਲੀਜੈ ॥

ਮੈਨੂੰ (ਪਿੰਜਰੇ ਵਿਚੋਂ) ਕਢ ਕੇ ਹੱਥ ਉਤੇ ਧਰ ਲਵੋ

ਬੀਚ ਪਿੰਜਰਾ ਰਹਨ ਨ ਦੀਜੈ ॥੪੯॥

ਅਤੇ ਪਿੰਜਰੇ ਵਿਚ ਰਹਿਣ ਨਾ ਦਿਓ ॥੪੯॥

ਸੋਰਠਾ ॥

ਸੋਰਠਾ:

ਜਿਨਿ ਰੀਸਾਲੂ ਧਾਇ ਇਹ ਠਾ ਪਹੁੰਚੈ ਆਇ ਕੈ ॥

ਮਤਾਂ ਰਿਸਾਲੂ ਇਸ ਸਥਾਨ ਉਤੇ ਆ ਪਹੁੰਚੇ

ਮੁਹਿ ਤੁਹਿ ਸਿੰਧੁ ਬਹਾਇ ਜਮਪੁਰ ਦੇਇ ਪਠਾਇ ਲਖਿ ॥੫੦॥

ਅਤੇ ਮੈਨੂੰ ਅਤੇ ਤੈਨੂੰ ਵੇਖ ਕੇ ਸਿੰਧ ਨਦੀ ਵਿਚ ਵਹਾ ਕੇ ਜਮਲੋਕ ਭੇਜ ਦੇਵੇ ॥੫੦॥


Flag Counter