ਹੋਰ ਕਿਸੇ ਨਾਲ ਵੈਰ ਨਹੀਂ ਪਾਲਾਂਗਾ ॥੩੧॥
ਜੋ ਲੋਕ ਸਾਨੂੰ ਪਰਮੇਸ਼ਵਰ ਕਹਿਣਗੇ,
ਉਹ ਸਾਰੇ ਨਰਕ-ਕੁੰਡ ਵਿਚ ਪੈਣਗੇ।
ਮੈਨੂੰ ਪਰਮੇਸ਼ਵਰ ਦਾ ਦਾਸ ਸਮਝੋ।
ਇਸ (ਗੱਲ) ਵਿਚ ਜ਼ਰਾ ਜਿੰਨਾ ਵੀ ਫ਼ਰਕ ਨਾ ਸਮਝੋ ॥੩੨॥
ਮੈਂ ਤਾਂ ਪਰਮ-ਪੁਰਖ (ਪਰਮਾਤਮਾ) ਦਾ ਦਾਸ ਹਾਂ
ਅਤੇ ਜਾਗਤਿਕ ਪ੍ਰਪੰਚ ਦਾ ਤਮਾਸ਼ਾ ਦੇਖਣ ਆਇਆ ਹਾਂ।
ਪ੍ਰਭੂ ਨੇ ਜੋ ਕਿਹਾ ਹੈ, ਉਹੀ ਜਗਤ ਵਿਚ ਕਹਾਂਗਾ
ਅਤੇ ਮਰਨ-ਸ਼ੀਲ ਸੰਸਾਰ (ਤੋਂ ਕਿਸੇ ਤਰ੍ਹਾਂ ਡਰ ਕੇ) ਮੌਨ ਨਹੀਂ ਰਹਾਂਗਾ ॥੩੩॥
ਨਰਾਜ ਛੰਦ:
ਪ੍ਰਭੂ ਨੇ (ਜੋ ਕੁਝ) ਕਿਹਾ ਹੈ, ਉਹੀ (ਮੈਂ) ਕਹਾਂਗਾ,
ਕਿਸੇ ਦੀ ਵੀ ਪਰਵਾਹ ਨਹੀਂ ਰਖਾਂਗਾ।
ਕਿਸੇ ਭੇਖ ਤੋਂ ਪ੍ਰਭਾਵਿਤ ਨਹੀਂ ਹੋਵਾਂਗਾ
ਅਤੇ ਪ੍ਰਭੂ ('ਅਲੇਖ' ਦੇ ਨਾਂ ਦਾ) ਬੀਜ ਬੀਜਾਂਗਾ (ਅਰਥਾਤ ਪ੍ਰਚਾਰ ਕਰਾਂਗਾ) ॥੩੪॥
ਮੈਂ ਪੱਥਰ-ਪੂਜ ਨਹੀਂ ਹਾਂ
ਅਤੇ ਨਾ ਹੀ (ਕਿਸੇ ਵਿਸ਼ੇਸ਼) ਭੇਖ ਵਿਚ ਭਿਜਣ ਵਾਲਾ ਹਾਂ।
(ਮੈਂ) ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂਗਾ
ਅਤੇ ਪਰਮ ਪੁਰਖ ਨੂੰ ਪ੍ਰਾਪਤ ਕਰਾਂਗਾ ॥੩੫॥
(ਮੈਂ) ਸੀਸ ਉਤੇ ਜਟਾਵਾਂ ਧਾਰਨ ਨਹੀਂ ਕਰਾਂਗਾ
ਅਤੇ ਨਾ ਹੀ (ਕੰਨਾਂ ਵਿਚ) ਮੁੰਦਰਾਂ ਪਾਵਾਂਗਾ।
ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ,
ਜੋ ਪ੍ਰਭੂ ਨੇ ਕਿਹਾ ਹੈ, ਉਹੀ ਕਰਾਂਗਾ ॥੩੬॥
(ਮੈਂ ਕੇਵਲ) ਇਕ (ਪ੍ਰਭੂ ਦੇ) ਨਾਮ ਦਾ ਭਜਨ ਕਰਾਂਗਾ
ਜੋ ਸਾਰਿਆਂ ਸਥਾਨਾਂ ਉਤੇ ਕੰਮ ਆਉਣ ਵਾਲਾ ਹੈ।
(ਮੈਂ) ਕਿਸੇ ਹੋਰ ਦਾ ਜਾਪ ਨਹੀਂ ਜਪਾਂਗਾ
ਅਤੇ ਨਾ ਹੀ ਹੋਰ ਕੋਈ ਸਥਾਪਨਾ ਕਰਾਂਗਾ ॥੩੭॥
(ਮੈਂ) ਪ੍ਰਭੂ (ਬੇਅੰਤ) ਦੇ ਨਾਮ ਦਾ ਸਿਮਰਨ ਕਰਾਂਗਾ
ਅਤੇ (ਉਸ) ਪਰਮ-ਜੋਤਿ ਨੂੰ ਪ੍ਰਾਪਤ ਕਰਾਂਗਾ।
(ਮੈਂ) ਕਿਸੇ ਹੋਰ (ਇਸ਼ਟ-ਦੇਵ ਦਾ) ਧਿਆਨ ਨਹੀਂ ਧਰਾਂਗਾ
ਅਤੇ ਨਾ ਹੀ (ਕਿਸੇ) ਦੂਜੇ ਦਾ ਨਾਮ ਉਚਾਰਾਂਗਾ ॥੩੮॥
ਤੇਰੇ ਇਕ ਨਾਮ ਵਿਚ (ਪੂਰੀ ਤਰ੍ਹਾਂ) ਰੰਗਿਆ ਜਾਵਾਂਗਾ,
ਹੋਰ ਕਿਸੇ ਮਾਨ-ਸਨਮਾਨ ਵਿਚ ਮਗਨ ਨਹੀਂ ਹੋਵਾਂਗਾ।
(ਮੈਂ ਪਰਮਾਤਮਾ ਦੇ) ਸ੍ਰੇਸ਼ਠ ਧਿਆਨ ਨੂੰ (ਹਿਰਦੇ ਵਿਚ) ਧਾਰਨ ਕਰਾਂਗਾ
ਅਤੇ (ਇਸ ਤਰ੍ਹਾਂ ਕਰਨ ਨਾਲ) ਅਨੇਕ ਪਾਪਾਂ ਨੂੰ ਟਾਲ ਦਿਆਂਗਾ ॥੩੯॥
ਤੇਰੇ ਹੀ ਰੂਪ ਵਿਚ ਲੀਨ ਹੋਵਾਂਗਾ,
ਹੋਰ ਕਿਸੇ ਦੇ ਦਾਨ ਵਿਚ ਰੁਚਿਤ ਨਹੀਂ ਹੋਵਾਂਗਾ।
ਤੇਰੇ ਹੀ ਇਕ ਨਾਮ ਨੂੰ ਉਚਾਰਾਂਗਾ
ਅਤੇ ਬੇਅੰਤ ਦੁਖਾਂ ਨੂੰ ਦੂਰ ਕਰ ਦਿਆਂਗਾ ॥੪੦॥
ਚੌਪਈ:
ਜਿਸ ਜਿਸ ਨੇ ਤੇਰੇ ਨਾਮ ਦੀ ਆਰਾਧਨਾ ਕੀਤੀ ਹੈ,
ਉਸ ਦੇ ਨੇੜੇ ਦੁਖ ਅਤੇ ਪਾਪ ਨਹੀਂ ਆਉਂਦੇ ਹਨ।
ਜਿਹੜੇ ਜਿਹੜੇ ਹੋਰਨਾਂ ਦੇ ਧਿਆਨ ਨੂੰ ਧਾਰਦੇ ਹਨ,
ਉਹ (ਅਧਿਆਤਮਿਕ) ਝਗੜਿਆਂ ਵਿਚ ਬਹਿਸ ਬਹਿਸ ਕੇ ਮਰਦੇ ਹਨ ॥੪੧॥
ਇਹੀ ਕੰਮ (ਕਰਨ ਲਈ) ਅਸੀਂ ਜਗਤ ਵਿਚ ਆਏ ਹਾਂ,
ਧਰਮ (ਦੇ ਪ੍ਰਸਾਰ) ਲਈ ਨਿਰਾਕਾਰ (ਗੁਰਦੇਵ) ਨੇ ਭੇਜਿਆ ਹੈ।
ਜਿਥੇ ਕਿਥੇ (ਸਰਬਤ੍ਰ) ਤੁਸੀਂ ਧਰਮ ਦਾ ਵਿਸਤਾਰ ਕਰੋ
ਅਤੇ ਦੁਸ਼ਟਾਂ ਅਤੇ ਦੋਖੀਆਂ ਨੂੰ ਪਕੜ ਕੇ ਪਛਾੜ ਦਿਓ ॥੪੨॥
ਇਸੇ ਕੰਮ ਲਈ ਅਸੀਂ ਜਨਮ ਧਾਰਨ ਕੀਤਾ ਹੈ।
ਹੇ ਸਾਧੂ ਪੁਰਸ਼ੋ! ਇਸ ਨੂੰ ਚੰਗੀ ਤਰ੍ਹਾਂ ਮਨ ਵਿਚ ਸਮਝ ਲਵੋ।
(ਇਸ ਤਰ੍ਹਾਂ ਸਾਡਾ ਕਰਤੱਵ ਹੈ ਕਿ) ਧਰਮ ਨੂੰ ਚਲਾਇਆ ਜਾਏ
ਅਤੇ ਸੰਤਾਂ ਦਾ ਉੱਧਾਰ ਕੀਤਾ ਜਾਏ ਅਤੇ ਸਾਰਿਆਂ ਦੁਸ਼ਟਾਂ ਨੂੰ ਜੜ੍ਹੋਂ ਪੁਟਿਆ ਜਾਏ ॥੪੩॥
ਜਿਹੜੇ ਜਿਹੜੇ ਪਹਿਲੇ ਅਵਤਾਰ ਹੋਏ ਹਨ,
ਉਨ੍ਹਾਂ ਨੇ ਆਪਣੇ ਆਪਣੇ (ਨਾਮ ਦਾ) ਜਾਪ ਕਰਵਾਇਆ ਹੈ।
ਕਿਸੇ ਵੀ ਪ੍ਰਭੂ-ਦੋਖੀ ਦਾ ਨਾਸ਼ ਨਹੀਂ ਕੀਤਾ
ਅਤੇ ਨਾ ਹੀ (ਲੋਕਾਂ ਨੂੰ) ਧਰਮ ਕਰਨ ਵਾਲੇ ਰਾਹ ਉਤੇ ਪਾਇਆ ਹੈ ॥੪੪॥
ਜਿਹੜੇ ਜਿਹੜੇ ਪੀਰ-ਫ਼ਕੀਰ ਅਤੇ ਨੱਬੀ ਹੋਏ ਹਨ,
(ਉਹ ਸਾਰੇ) ਮੈਂ ਮੈਂ ਕਰਦਿਆਂ ਜਗਤ ਤੋਂ ਗਏ ਹਨ।
ਕਿਸੇ ਨੇ ਵੀ ਮਹਾਪੁਰਖ (ਪ੍ਰਭੂ) ਨੂੰ ਨਹੀਂ ਪਛਾਣਿਆ
ਅਤੇ ਧਰਮ-ਕਰਮ ਨੂੰ ਵੀ ਕੁਝ ਨਹੀਂ ਜਾਣਿਆ ॥੪੫॥
ਹੋਰਨਾਂ ਦੀ ਆਸ ਦਾ ਕੁਝ ਵੀ (ਮਹੱਤਵ) ਨਹੀਂ ਹੈ,
ਇਕੋ (ਨਿਰੰਕਾਰ) ਦੀ ਆਸ ਨੂੰ ਮਨ ਵਿਚ ਧਾਰਨ ਕਰੋ।
ਹੋਰਨਾਂ (ਦੇਵੀ-ਦੇਵਤਿਆਂ) ਦੀ ਆਸ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ।
(ਇਸ ਲਈ ਕੇਵਲ) ਉਸ ਪ੍ਰਭੂ ਦੀ ਆਸ ਨੂੰ ਮਨ ਵਿਚ ਧਾਰਨ ਕਰੋ ॥੪੬॥
ਦੋਹਰਾ:
ਕੋਈ ਕੁਰਾਨ ਨੂੰ ਪੜ੍ਹਦਾ ਹੈ ਅਤੇ ਕੋਈ ਪੁਰਾਣ ਪੜ੍ਹਦਾ ਹੈ।
(ਪਰ) ਇਹ ਸਭ ਵਿਅਰਥ ਧਾਰਮਿਕ ਉਪਚਾਰ ਹਨ ਅਤੇ ਕਾਲ ਤੋਂ ਬਚਾ ਨਹੀਂ ਸਕਦੇ ॥੪੭॥
ਚੌਪਈ:
ਕਈ ਕਰੋੜਾਂ (ਲੋਕ) ਮਿਲ ਕੇ ਕੁਰਾਨ ਪੜ੍ਹਦੇ ਹਨ
ਅਤੇ (ਕਈ) ਅਣਜਾਣ ਲੋਕ ਪੁਰਾਣਾਂ ਨੂੰ ਵਾਚਦੇ ਹਨ,
(ਪਰ) ਅੰਤ-ਕਾਲ (ਇਨ੍ਹਾਂ ਵਿਚੋਂ) ਕੋਈ ਵੀ ਕੰਮ ਨਹੀਂ ਆਉਂਦਾ
(ਕਿਉਂਕਿ) ਕਾਲ ਦੇ ਦਾਓ ਤੋਂ ਕੋਈ ਵੀ ਬਚਾ ਨਹੀਂ ਸਕਦਾ ॥੪੮॥
ਹੇ ਭਾਈ! ਤੂੰ ਉਸ ਦੀ ਆਰਾਧਨਾ ਕਿਉਂ ਨਹੀਂ ਕਰਦਾ