ਸ਼੍ਰੀ ਦਸਮ ਗ੍ਰੰਥ

ਅੰਗ - 860


ਬਹੁਰਿ ਜਾਟ ਇਹ ਭਾਤਿ ਉਚਾਰੋ ॥

ਫਿਰ ਜਟ ਨੇ ਇਸ ਤਰ੍ਹਾਂ ਕਿਹਾ,

ਸੁਨੁ ਅਬਲਾ ਤੈ ਬਚਨ ਹਮਾਰੋ ॥੧੨॥

ਹੇ ਇਸਤਰੀ! ਤੂੰ ਮੇਰਾ ਬਚਨ ਸੁਣ ॥੧੨॥

ਸੁਖੀ ਚਲਹੁ ਚੜਿ ਨਾਵ ਪਿਯਾਰੀ ॥

ਹੇ ਪਿਆਰੀ! ਬੇੜੀ ਉਤੇ ਚੜ੍ਹ ਕੇ ਆਰਾਮ ਨਾਲ ਚਲ

ਮਾਨਿ ਲੇਹੁ ਯਹ ਮੋਰ ਉਚਾਰੀ ॥

ਅਤੇ ਮੇਰੀ ਕਹੀ ਇਹ (ਗੱਲ) ਮੰਨ ਲੈ।.

ਤ੍ਰਿਯ ਕਹਿਯੋ ਬੈਲ ਪੂਛਿ ਗਹਿ ਜੈਹੌ ॥

ਇਸਤਰੀ ਨੇ ਕਿਹਾ, ਮੈਂ ਬਲਦ ਦੀ ਪੂਛ ਫੜ ਕੇ ਜਾਵਾਂਗੀ

ਅਬ ਹੀ ਪਾਰਿ ਨਦੀ ਕੇ ਹ੍ਵੈਹੌ ॥੧੩॥

ਅਤੇ ਹੁਣੇ ਨਦੀ ਤੋਂ ਪਾਰ ਹੋ ਜਾਵਾਂਗੀ ॥੧੩॥

ਸਵੈਯਾ ॥

ਸਵੈਯਾ:

ਭੋਰ ਹੁਤੇ ਗਰਜੈ ਲਰਜੈ ਬਰਜੈ ਸਭ ਲੋਗ ਰਹੈ ਨਹਿ ਠਾਨੀ ॥

(ਉਹ) ਸਵੇਰ ਹੋਣ ਤੇ ਗੱਜਣ (ਅਰਥਾਤ ਬਕਵਾਦ ਕਰਨ) ਅਤੇ ਲੜਨ ਲਗ ਜਾਂਦੀ ਹੈ। ਸਭ ਲੋਕ ਮੰਨਾ ਕਰ ਥਕਦੇ ਹਨ, (ਪਰ ਉਹ) ਰੁਕਦੀ ਨਹੀਂ ਹੈ।

ਸਾਸੁ ਕੇ ਤ੍ਰਾਸ ਨ ਆਵਤ ਸ੍ਵਾਸ ਦੁਆਰਨ ਤੇ ਫਿਰਿ ਜਾਤ ਜਿਠਾਨੀ ॥

ਡਰ ਦੇ ਮਾਰਿਆਂ ਸੱਸ ਨੂੰ ਸਾਹ ਨਹੀਂ ਆਉਂਦਾ ਅਤੇ ਜਿਠਾਣੀ ਘਰ ਦੇ ਬੂਹੇ ਤੋਂ (ਉਸ ਨੂੰ ਬੋਲਦਿਆਂ ਸੁਣ ਕੇ) ਮੁੜ ਜਾਂਦੀ ਹੈ।

ਪਾਸ ਪਰੋਸਿਨ ਬਾਸ ਗਹਿਯੋ ਬਨ ਲੋਗ ਭਏ ਸਭ ਹੀ ਨਕ ਵਾਨੀ ॥

ਆਸ ਪਾਸ ਦੇ ਪੜੋਸੀਆਂ ਨੇ ਬਨ ਵਿਚ ਨਿਵਾਸ ਕਰ ਲਿਆ ਹੈ (ਅਰਥਾਤ ਆਪਣੇ ਘਰ ਛਡ ਕੇ ਚਲੇ ਗਏ ਹਨ) ਅਤੇ ਸਾਰਿਆਂ ਲੋਕਾਂ ਦਾ ਨਕ ਵਿਚ ਦਮ ਹੋ ਗਿਆ ਹੈ (ਭਾਵ-ਬਹੁਤ ਤੰਗ ਹੋ ਗਏ)।

ਪਾਨੀ ਕੇ ਮਾਗਤ ਪਾਥਰ ਮਾਰਤ ਨਾਰਿ ਕਿਧੌ ਘਰ ਨਾਹਰ ਆਨੀ ॥੧੪॥

ਜੇ (ਪਤੀ) ਪਾਣੀ ਮੰਗੇ ਤਾਂ ਪੱਥਰ ਮਾਰਦੀ ਹੈ। ਇਹ ਇਸਤਰੀ ਹੈ ਜਾਂ ਘਰ ਵਿਚ ਸ਼ੇਰਨੀ ਲਿਆਂਦੀ ਹੋਈ ਹੈ ॥੧੪॥

ਦੋਹਰਾ ॥

ਦੋਹਰਾ:

ਬੈਲ ਪੂਛਿ ਗਹਿ ਕੈ ਜਬੈ ਗਈ ਨਦੀ ਕੇ ਧਾਰ ॥

ਜਦੋਂ ਬਲਦ ਦੀ ਪੂਛਲ ਪਕੜ ਕੇ ਨਦੀ ਦੀ ਧਾਰਾ ਵਿਚ ਜਾ ਪਹੁੰਚੀ,

ਦ੍ਰਿੜ ਕਰਿ ਯਾ ਕਹ ਪਕਰਿਯੈ ਬੋਲ ਸੁ ਕੂਕਿ ਗਵਾਰ ॥੧੫॥

ਤਦ ਸਭ ਨੇ ਕੂਕ ਕੇ ਕਿਹਾ, ਹੇ ਮੂਰਖ! ਇਸ ਨੂੰ ਘੁਟ ਕੇ ਪਕੜ ॥੧੫॥

ਛੋਰਿ ਪੂਛਿ ਕਰ ਤੇ ਦਈ ਸੁਨੀ ਕੂਕਿ ਜਬ ਕਾਨ ॥

ਜਦੋਂ ਉਸ ਨੇ ਕੂਕ ਕੰਨ ਨਾਲ ਸੁਣੀ ਤਾਂ ਹੱਥ ਵਿਚੋਂ ਪੂਛਲ ਛਡ ਦਿੱਤੀ

ਗਾਰੀ ਭਾਖਤ ਬਹਿ ਗਈ ਜਮ ਪੁਰ ਕਿਯਸਿ ਪਯਾਨ ॥੧੬॥

ਅਤੇ ਗਾਲ੍ਹਾਂ ਕਢਦੀ ਹੋਈ ਰੁੜ੍ਹ ਗਈ ਅਤੇ ਯਮ ਪੁਰੀ ਵਿਚ ਜਾ ਪਹੁੰਚੀ ॥੧੬॥

ਨਾਰਿ ਕਲਹਨੀ ਬੋਰਿ ਕਰਿ ਜਾਟ ਅਯੋ ਗ੍ਰਿਹ ਮਾਹਿ ॥

ਕੁਲੱਛਣੀ ਔਰਤ ਨੂੰ ਡੋਬ ਕੇ ਜਟ ਘਰ ਆ ਗਿਆ।

ਕਹਾ ਸੁਖੀ ਤੇ ਜਨ ਬਸੈ ਅਸਿਨ ਬ੍ਯਾਹਨ ਜਾਹਿ ॥੧੭॥

ਉਹ ਵਿਅਕਤੀ ਕਿਵੇਂ ਸੁਖੀ ਵਸ ਸਕਦਾ ਹੈ (ਜਿਸ ਨੇ) ਇਸ ਤਰ੍ਹਾਂ ਦੀ (ਇਸਤਰੀ) ਵਿਆਹੀ ਹੋਈ ਹੋਵੇ ॥੧੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦॥੭੬੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦॥੭੬੧॥ ਚਲਦਾ॥

ਦੋਹਰਾ ॥

ਦੋਹਰਾ:

ਸਾਹਜਹਾ ਪੁਰ ਮੈ ਹੁਤੀ ਇਕ ਪਟੂਆ ਕੀ ਨਾਰਿ ॥

ਸ਼ਾਹਜਹਾਨ ਪੁਰ ਵਿਚ ਇਕ 'ਪਟੂਆ' (ਰੇਸ਼ਮ ਦੇ ਬਪਾਰੀ) ਦੀ ਇਸਤਰੀ ਹੁੰਦੀ ਸੀ।

ਅਤਿ ਚਰਿਤ੍ਰ ਤਿਨ ਜੋ ਕਰਾ ਸੋ ਤੁਹਿ ਕਹੌ ਸੁਧਾਰਿ ॥੧॥

ਉਸ ਨੇ ਜੋ ਵੱਡਾ ਚਰਿਤ੍ਰ ਕੀਤਾ, ਉਹ ਤੁਹਾਨੂੰ ਚੰਗੀ ਤਰ੍ਹਾਂ ਦਸਦਾ ਹਾਂ ॥੧॥

ਅੜਿਲ ॥

ਅੜਿਲ:

ਪ੍ਰੀਤਿ ਮੰਜਰੀ ਤ੍ਰਿਯ ਕੋ ਨਾਮ ਬਖਾਨਿਯਤ ॥

ਉਸ ਇਸਤਰੀ ਦਾ ਨਾਂ ਪ੍ਰੀਤ ਮੰਜਰੀ ਦਸਿਆ ਜਾਂਦਾ ਸੀ

ਸੈਨਾਪਤਿ ਤਿਹ ਪਤਿ ਕੌ ਨਾਮ ਸੁ ਜਾਨਿਯਤ ॥

ਅਤੇ ਉਸ ਦਾ ਪਤੀ ਸੈਨਾਪਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਬੀਰਭਦ੍ਰ ਨਰ ਇਕ ਸੌ ਹਿਤ ਤਾ ਕੋ ਭਯੋ ॥

ਇਕ ਬੀਰਭਦ੍ਰ ਨਾਂ ਦਾ ਪੁਰਸ਼ ਸੀ, ਉਸ ਨਾਲ (ਉਸ ਇਸਤਰੀ ਦਾ) ਪ੍ਰੇਮ ਹੋ ਗਿਆ।

ਹੋ ਪਠੈ ਸਹਚਰੀ ਬੋਲਿ ਤਾਹਿ ਨਿਜੁ ਘਰ ਲਯੋ ॥੨॥

ਅਤੇ ਸਹੇਲੀ ਨੂੰ ਭੇਜ ਕੇ ਉਸ ਨੂੰ ਆਪਣੇ ਘਰ ਬੁਲਾ ਲਿਆ ॥੨॥

ਚੌਪਈ ॥

ਚੌਪਈ:

ਅਧਿਕ ਤਵਨ ਸੌ ਨੇਹ ਲਗਾਯੋ ॥

ਉਸ ਨਾਲ (ਉਸ ਨੇ) ਬਹੁਤ ਪ੍ਰੇਮ ਕੀਤਾ

ਸਮੈ ਪਾਇ ਕਰਿ ਕੇਲ ਮਚਾਯੋ ॥

ਅਤੇ ਸਮਾਂ ਪਾ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।

ਤਬ ਲੌ ਆਵਤ ਪਟੂਆ ਭਯੋ ॥

ਉਦੋਂ ਤਕ ਪਟੂਆ ਆ ਗਿਆ,

ਮਿਤ੍ਰਹਿ ਡਾਰਿ ਮਾਟ ਮਹਿ ਦਯੋ ॥੩॥

ਤਾਂ ਉਸ ਨੇ ਮਿਤਰ ਨੂੰ ਇਕ ਮਟ ਵਿਚ ਪਾ ਦਿੱਤਾ ॥੩॥

ਦ੍ਵੈ ਤਰਬੂਜਨਿ ਰਖਿ ਘਟ ਮਾਹੀ ॥

ਦੋ ਤਰਬੂਜ਼ (ਉਸ ਨੇ) ਘੜੇ ਵਿਚ ਰਖ ਦਿੱਤੇ।

ਇਕ ਕਾਟ੍ਯੋ ਕਾਟ੍ਯੋ ਇਕ ਨਾਹੀ ॥

ਇਕ ਨੂੰ ਕਟ ਦਿੱਤਾ ਅਤੇ ਇਕ ਨੂੰ ਨਾ ਕਟਿਆ।

ਗੁਦਾ ਭਖ੍ਰਯੋ ਖਪਰ ਸਿਰ ਧਰਿਯੋ ॥

(ਇਕ ਦਾ ਉਸ ਨੇ) ਗੁਦਾ ਖਾ ਲਿਆ ਅਤੇ ਖਪਰ ਸਿਰ ਉਤੇ ਧਰ ਲਿਆ

ਦੁਤਿਯਾ ਲੈ ਤਿਹ ਊਪਰ ਜਰਿਯੋ ॥੪॥

ਅਤੇ ਦੂਜਾ ਤਰਬੂਜ਼ ਉਸ ਦੇ ਉਪਰ ਜੜ੍ਹ ਦਿੱਤਾ ॥੪॥

ਇਹੀ ਬਿਖੈ ਪਟੂਆ ਗ੍ਰਿਹ ਆਯੋ ॥

ਇਤਨੇ ਵਿਚ ਪਟੂਆ ਘਰ ਆ ਗਿਆ

ਬੈਠਿ ਖਾਟ ਪਰ ਪ੍ਰਮੁਦ ਬਢਾਯੋ ॥

ਅਤੇ ਮੰਜੇ ਉਤੇ ਬੈਠ ਕੇ ਪ੍ਰਸੰਨ ਹੋਇਆ।

ਕਹਿਯੋ ਭਛ ਕਛੁ ਤਰੁਨਿ ਤਿਹਾਰੇ ॥

ਕਹਿਣ ਲਗਾ ਹੇ ਇਸਤਰੀ! ਤੇਰੇ ਪਾਸ ਕੁਝ ਖਾਣ ਲਈ ਹੈ

ਅਬ ਆਗੇ ਤਿਹ ਧਰਹੁ ਹਮਾਰੇ ॥੫॥

ਤਾਂ ਹੁਣੇ ਉਹ ਮੇਰੇ ਅਗੇ ਲਿਆ ਰਖ ॥੫॥

ਜਬ ਇਹ ਭਾਤਿ ਤ੍ਰਿਯਾ ਸੁਨ ਪਾਯੋ ॥

ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ

ਕਾਟਿ ਤਾਹਿ ਤਰਬੂਜ ਖੁਲਾਯੋ ॥

ਤਾਂ ਤਰਬੂਜ਼ ਕਟ ਕੇ (ਉਸ ਨੂੰ) ਖੁਆਇਆ।

ਮਿਤ੍ਰ ਲੇਤ ਤਿਹ ਕੌ ਅਤਿ ਡਰਾ ॥

ਮਿਤਰ ਉਸ ਨੂੰ ਲੈ ਕੇ (ਵੇਖ ਕੇ) ਬਹੁਤ ਡਰਿਆ

ਹਮਰੋ ਘਾਤ ਤ੍ਰਿਯਾ ਇਨ ਕਰਾ ॥੬॥

ਕਿ (ਹੁਣ) ਇਹ ਇਸਤਰੀ ਮੈਨੂੰ ਮਰਵਾ ਦੇਵੇਗੀ ॥੬॥

ਕਾਟਿ ਤਾਹਿ ਤਰਬੂਜ ਖੁਲਾਯੋ ॥

(ਉਸ ਨੇ) ਪਤੀ ਨੂੰ ਤਰਬੂਜ਼ ਕਟ ਕੇ ਖੁਆਇਆ

ਪੁਨਿ ਪਟੂਆ ਸੌ ਭੋਗ ਕਮਾਯੋ ॥

ਅਤੇ ਫਿਰ ਪਟੂਆ ਨਾਲ ਭੋਗ ਕੀਤਾ।

ਕੇਲ ਕਮਾਇ ਟਾਰਿ ਤਿਹ ਦਯੋ ॥

ਕਾਮ-ਕ੍ਰੀੜਾ ਕਰ ਕੇ ਉਸ ਨੂੰ ਭੇਜ ਦਿੱਤਾ

ਮਿਤ੍ਰਹਿ ਕਾਢਿ ਖਾਟ ਪਰ ਲਯੋ ॥੭॥

ਅਤੇ ਮਿਤਰ ਨੂੰ (ਮਟ ਵਿਚੋਂ) ਕਢ ਕੇ ਮੰਜੇ ਉਤੇ ਪਾ ਲਿਆ ॥੭॥