ਦੋਹਰਾ:
ਤਦ ਰਾਜ ਕੁਮਾਰੀ ਨੇ ਸਾਰੀਆਂ ਸਖੀਆਂ ਨੂੰ ਇਸ ਤਰ੍ਹਾਂ ਬੋਲ ਕਹੇ।
ਅਜ ਮੈਂ ਵਿਕਟ ਅਤੇ ਸ੍ਰੇਸ਼ਠ ਸੂਰਮਿਆਂ ਨੂੰ ਯਮਲੋਕ ਭੇਜ ਦਿਆਂਗੀ ॥੨੦॥
ਸਾਰੀਆਂ ਸਖੀਆਂ ਨੂੰ ਸ਼ਸਤ੍ਰ ਦੇ ਕੇ ਅਤੇ ਕਵਚ ਪਵਾ ਕੇ
ਆਪ ਨਿਕਲ ਕੇ ਡਟ ਗਈ ਅਤੇ ਜਿੱਤ ਦਾ ਨਗਾਰਾ ਵਜਾ ਦਿੱਤਾ ॥੨੧॥
ਚੌਪਈ:
ਕੰਨਿਆ ਰਥ ਉਤੇ ਸਵਾਰ ਹੋ ਗਈ
ਅਤੇ ਸਾਰੀਆਂ ਨੂੰ ਯੁੱਧ ਦਾ ਸਾਮਾਨ ਦੇ ਦਿੱਤਾ (ਅਰਥਾਤ ਹਥਿਆਰ ਵੰਡ ਦਿੱਤੇ)।
ਸੈਨਾ ਦੀਆਂ ਕਤਾਰਾਂ ਵਿਚ ਘੋੜੇ ਨਚਾਏ
ਅਤੇ ਦੇਵਤੇ ਤੇ ਇੰਦਰ ਵੀ (ਉਸ) ਲੜਾਈ ਨੂੰ ਵੇਖਣ ਆਏ ॥੨੨॥
ਦੋਹਰਾ:
(ਉਥੇ) ਅਨੇਕ ਸੈਨਾ ਦਲ ਜਲ ਦੀਆਂ ਬੂੰਦਾਂ ਵਾਂਗ ਉਮਡ ਪਏ
ਅਤੇ ਯੁੱਧ ਸੁਅੰਬਰ ਦੀ ਗੱਲ ਸੁਣ ਕੇ ਰਾਜੇ ਸਜ ਧਜ ਕੇ ਆਉਣ ਲਗੇ ॥੨੩॥
ਚੌਪਈ:
ਉਥੇ ਬਹੁਤ ਘਮਸਾਨ ਯੁੱਧ ਹੋਇਆ।
ਅਭਿਮਾਨੀ ਸੂਰਮੇ ਨਚਣ ਲਗੇ।
(ਦ੍ਰਿੜ੍ਹਤਾ ਪੂਰਵਕ) ਧਨੁਸ਼ ਖਿਚ ਕੇ ਤੀਰ ਚਲਾਉਂਦੇ
ਅਤੇ 'ਹਾਇ ਮਾਂ ਮਰ ਗਏ' ਸ਼ਬਦ ਕੂਕ ਕੇ ਸੁਣਾਉਂਦੇ ॥੨੪॥
ਜਿਸ ਨੂੰ ਬਚਿਤ੍ਰ ਦੇਈ (ਰਾਜ ਕੁਮਾਰੀ) ਬਾਣ ਮਾਰਦੀ ਹੈ,
ਉਹ ਯੋਧਾ ਮ੍ਰਿਤ ਲੋਕ ਨੂੰ ਚਲਾ ਜਾਂਦਾ ਹੈ।
ਜਿਸ ਉਤੇ ਕ੍ਰੋਧਿਤ ਹੋ ਕੇ ਤਲਵਾਰ ਦਾ ਵਾਰ ਕਰਦੀ ਹੈ,
ਉਸ ਦਾ ਸਿਰ ਕਟ ਕੇ ਸੁਟ ਦਿੰਦੀ ਹੈ ॥੨੫॥
ਕਿਸੇ ਨੂੰ ਸੈਹਥੀ ਸੰਭਾਲ ਕੇ ਮਾਰ ਦਿੰਦੀ ਹੈ
ਅਤੇ (ਕਿਸੇ) ਇਕ ਸੂਰਮੇ ਨੂੰ ਵੀ ਮਨ ਵਿਚ ਨਹੀਂ ਗਿਣਦੀ।
ਸਾਰੇ ਦੇਵਤੇ ਬਿਮਾਨਾਂ ਉਤੇ ਚੜ੍ਹ ਕੇ ਵੇਖ ਰਹੇ ਹਨ
ਕਿ ਕਿਵੇਂ ਵਿਕਟ ਸੂਰਮੇ ਝਟਪਟ ਕਟੇ ਜਾ ਰਹੇ ਹਨ ॥੨੬॥
ਗਿਰਝਾਂ ਦੇ ਮਨ ਆਨੰਦਿਤ ਹੋ ਰਹੇ ਹਨ
ਕਿ ਅਜ ਮਨੁੱਖਾਂ ਦਾ ਮਾਸ ਖਾਣ ਨੂੰ ਮਿਲੇਗਾ।
ਸੱਜੇ ਖੱਬੇ ਲਹੂ ਦੇ ਬਰਤਨ
(ਖਪਰ) ਲੈ ਕੇ ਜੋਗਣਾਂ ਖੜੋਤੀਆਂ ਹਨ ॥੨੭॥
ਦੋਹਾਂ ਪਾਸਿਆਂ ਤੋਂ ਮਾਰੂ ਵਾਜੇ ਵਜਣ ਲਗੇ ਹਨ
ਅਤੇ ਦੋਹਾਂ ਪਾਸਿਆਂ ਤੋਂ ਸੂਰਮੇ ਸ਼ਸਤ੍ਰਾਂ ਨਾਲ ਸਜੇ ਹੋਏ ਹਨ।
ਉਪਰ ਗਿਰਝਾਂ ਅਤੇ ਅਪੱਛਰਾਵਾਂ ('ਸਾਲ' ਸ਼ਾਵਲ੍ਯਾ) ਮੰਡਰਾ ਰਹੀਆਂ ਹਨ
ਅਤੇ ਹੇਠਾਂ ਸੂਰਮਿਆਂ ਨੇ ਯੁੱਧ ਮਚਾਇਆ ਹੋਇਆ ਹੈ ॥੨੮॥
ਸਵੈਯਾ:
ਰਾਜ ਕੁਮਾਰੀ ਦੇ ਅਨੂਪਮ ਰੂਪ ਨੂੰ ਵੇਖ ਕੇ ਚੌਹਾਂ ਪਾਸਿਆਂ ਤੋਂ ਰਾਜੇ ਉਤਸਾਹ ਨਾਲ ਅਗੇ ਵਧ ਰਹੇ ਹਨ।
ਹਾਥੀਆਂ ਅਤੇ ਘੋੜਿਆਂ ਦੇ ਸਵਾਰ, ਰਥਾਂ ਵਾਲੇ ਅਤੇ ਪੈਦਲ ਇਕੱਠੇ ਹੋ ਕੇ (ਚਲ ਪਏ ਹਨ)।
ਜਦੋਂ ਰਾਜੇ ਦੀ ਪੁੱਤਰੀ ਬਚਿਤ੍ਰ ਦੇਵੀ ਨੇ ਕ੍ਰਿਪਾਨ ਧਾਰਨ ਕਰ ਲਈ ਤਾਂ ਲਾਜ ਮਰਯਾਦਾ ਛਡ ਕੇ (ਸਾਰੇ ਰਾਜੇ) ਰਣ ਵਿਚ ਅਜਿਹੇ ਵਿਚਲਿਤ ਹੋਏ
ਮਾਨੋ ਰਾਮ ਦਾ ਨਾਮ ਲੈਣ ਨਾਲ ਪਾਪਾਂ ਦੇ ਸਮੂਹ ਡਰ ਦੇ ਮਾਰੇ ਭਜ ਗਏ ਹੋਣ ॥੨੯॥
ਸੂਰਮੇ ਗੁੱਸੇ ਨਾਲ ਭਰ ਕੇ ਅਤੇ ਮਨ ਵਿਚ ਉਤਸਾਹਿਤ ਹੋ ਕੇ ਚੌਹਾਂ ਪਾਸਿਆਂ ਤੋਂ ਟੁਟ ਕੇ ਪੈ ਗਏ ਹਨ।
ਬਲਵਾਨਾਂ ਨੇ ਕ੍ਰਿਪਾਨਾਂ ਕਢ ਲਈਆਂ ਹਨ ਅਤੇ ਕਮਾਨਾਂ ਨੂੰ ਖਿਚ ਕੇ ਬਾਣ ਚਲਾਏ ਹਨ।
(ਤੀਰ) ਚੌਹਾਂ ਪਾਸਿਆਂ ਤੋਂ ਬਰਖਾ ਦੀਆਂ ਬੂੰਦਾਂ ਵਾਂਗ ਵਰ੍ਹਦੇ ਹਨ ਅਤੇ ਕਵਚਾਂ ('ਸਨਾਹਨ') ਨੂੰ ਵਿੰਨ੍ਹ ਕੇ ਪਾਰ ਹੁੰਦੇ ਜਾ ਰਹੇ ਹਨ।
ਸੂਰਮਿਆਂ ਨੂੰ ਚੀਰ ਕੇ ਅਤੇ ਧਰਤੀ ਨੂੰ ਪਾੜ ਕੇ ਅਤੇ ਜਲ ਨੂੰ ਫਾੜ ਕੇ ਪਤਾਲ ਪਹੁੰਚ ਗਏ ਹਨ ॥੩੦॥
ਚੌਪਈ:
ਝਟਪਟ ਵਿਕਟ ਸੂਰਮੇ ਕਟੇ ਗਏ
ਅਤੇ ਕਿਤਨੇ ਹਾਥੀ ਕੰਨਾਂ ਤੋਂ ਵਾਂਝੇ ਗਏ।
ਰਥ ਟੁਟ ਗਏ ਅਤੇ ਸੂਰਮੇ ਕੁਟ ਸੁਟੇ।
ਭੂਤ ਅਤੇ ਪ੍ਰੇਤ ਮਸਤ ਹੋ ਕੇ ਨਚਣ ਲਗੇ ॥੩੧॥