ਸ਼੍ਰੀ ਦਸਮ ਗ੍ਰੰਥ

ਅੰਗ - 648


ਕੇਈ ਸੁਨਤ ਪਾਠ ਪਰਮੰ ਪੁਨੀਤ ॥

ਕਈ ਪਰਮ ਪਵਿਤ੍ਰ ਪਾਠ ਨੂੰ ਸੁਣਦੇ ਹਨ

ਨਹੀ ਮੁਰਤ ਕਲਪ ਬਹੁਤ ਜਾਤ ਬੀਤ ॥੧੫੮॥

ਅਤੇ ਕਈ ਕਲਪ (ਯੁਗ) ਬੀਤ ਜਾਣ ਤੇ ਵੀ (ਇਹ ਕੰਮ ਕਰਨੋਂ) ਮੁੜਦੇ ਨਹੀਂ ਹਨ ॥੧੫੮॥

ਕੇਈ ਬੈਠ ਕਰਤ ਜਲਿ ਕੋ ਅਹਾਰ ॥

ਕਈ ਬੈਠ ਕੇ ਜਲ ਦਾ ਆਹਾਰ ਕਰਦੇ ਹਨ।

ਕੇਈ ਭ੍ਰਮਤ ਦੇਸ ਦੇਸਨ ਪਹਾਰ ॥

ਕਈ ਦੇਸ ਦੇਸਾਂਤਰਾਂ ਦੇ ਪਰਬਤਾਂ ਵਿਚ ਭਰਮਦੇ ਫਿਰਦੇ ਹਨ।

ਕੇਈ ਜਪਤ ਮਧ ਕੰਦਰੀ ਦੀਹ ॥

ਕਈ ਵੱਡੀਆਂ ਕੰਦਰਾਂ (ਗੁਫਾਵਾਂ) ਵਿਚ (ਬੈਠ ਕੇ) ਜਪ ਕਰਦੇ ਹਨ।

ਕੇਈ ਬ੍ਰਹਮਚਰਜ ਸਰਤਾ ਮਝੀਹ ॥੧੫੯॥

ਕਈ ਬ੍ਰਹਮਚਰਯ ਰੂਪ ਨਦੀ ਵਿਚ (ਟੁਬੀਆਂ ਲਾਉਂਦੇ ਹਨ) ॥੧੫੯॥

ਕੇਈ ਰਹਤ ਬੈਠਿ ਮਧ ਨੀਰ ਜਾਇ ॥

ਕਈ ਪਾਣੀ ਵਿਚ ਜਾ ਕੇ ਬੈਠੇ ਰਹਿੰਦੇ ਹਨ।

ਕੇਈ ਅਗਨ ਜਾਰਿ ਤਾਪਤ ਬਨਾਇ ॥

ਕਈ ਅੱਗ ਬਾਲ ਕੇ ਚੰਗੀ ਤਰ੍ਹਾਂ ਸੇਕਦੇ ਹਨ।

ਕੇਈ ਰਹਤ ਸਿਧਿ ਮੁਖ ਮੋਨ ਠਾਨ ॥

ਕਈ ਸਿੱਧ ਲੋਕ ਮੂੰਹ ਉਤੇ ਚੁਪ ਸਾਧੀ ਰਖਦੇ ਹਨ।

ਅਨਿ ਆਸ ਚਿਤ ਇਕ ਆਸ ਮਾਨ ॥੧੬੦॥

(ਕਈ) ਹੋਰਾਂ ਆਸਾਂ ਨੂੰ ਛਡ ਕੇ ਇਕ ਆਸ ਨੂੰ ਚਿਤ ਵਿਚ ਵਸਾ ਰਖਦੇ ਹਨ ॥੧੬੦॥

ਅਨਡੋਲ ਗਾਤ ਅਬਿਕਾਰ ਅੰਗ ॥

(ਕਈਆਂ ਦੇ) ਸ਼ਰੀਰ ਡੋਲਦੇ ਨਹੀਂ ਅਤੇ ਨਾ ਹੀ ਅੰਗਾਂ ਵਿਚ ਵਿਕਾਰ ਆਉਂਦਾ ਹੈ।

ਮਹਿਮਾ ਮਹਾਨ ਆਭਾ ਅਭੰਗ ॥

(ਉਨ੍ਹਾਂ ਦੀ) ਮਹਿਮਾ ਮਹਾਨ ਹੈ ਅਤੇ ਆਭਾ ਅਭੰਗ (ਨਾਸ ਰਹਿਤ) ਹੈ।

ਅਨਭੈ ਸਰੂਪ ਅਨਭਵ ਪ੍ਰਕਾਸ ॥

(ਉਹ) ਭੈ ਰਹਿਤ ਸਰੂਪ ਵਾਲੇ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੋਣ ਵਾਲੇ ਹਨ।

ਅਬਯਕਤ ਤੇਜ ਨਿਸ ਦਿਨ ਉਦਾਸ ॥੧੬੧॥

(ਉਨ੍ਹਾਂ ਦਾ) ਤੇਜ ਪ੍ਰਗਟਾਇਆ ਨਹੀਂ ਜਾ ਸਕਦਾ ਅਤੇ ਰਾਤ ਦਿਨ ਉਦਾਸ ਰਹਿੰਦੇ ਹਨ ॥੧੬੧॥

ਇਹ ਭਾਤਿ ਜੋਗਿ ਕੀਨੇ ਅਪਾਰ ॥

ਇਸ ਤਰ੍ਹਾਂ (ਅਨੇਕਾਂ ਨੇ) ਅਪਾਰ ਯੋਗ ਕੀਤੇ ਹਨ।

ਗੁਰ ਬਾਝ ਯੌ ਨ ਹੋਵੈ ਉਧਾਰ ॥

ਪਰ ਗੁਰੂ ਤੋਂ ਬਿਨਾ ਇੰਜ (ਉਨ੍ਹਾਂ ਦਾ) ਉੱਧਾਰ ਨਹੀਂ ਹੋਇਆ।

ਤਬ ਪਰੇ ਦਤ ਕੇ ਚਰਨਿ ਆਨਿ ॥

ਤਦ (ਉਹ) ਆ ਕੇ ਦੱਤ ਦੇ ਚਰਨੀਂ ਪੈ ਗਏ

ਕਹਿ ਦੇਹਿ ਜੋਗ ਕੇ ਗੁਰ ਬਿਧਾਨ ॥੧੬੨॥

(ਅਤੇ ਕਹਿਣ ਲਗੇ) ਹੇ ਗੁਰੂਦੇਵ! ਯੋਗ ਦੀ ਵਿਧੀ ਦਸ ਦਿਓ ॥੧੬੨॥

ਜਲ ਮਧਿ ਜੌਨ ਮੁੰਡੇ ਅਪਾਰ ॥

ਜੋ ਅਪਾਰ (ਚੇਲੇ) ਜਲ ਵਿਚ ਮੁੰਨੇ ਸਨ,

ਬਨ ਨਾਮ ਤਉਨ ਹ੍ਵੈਗੇ ਕੁਮਾਰ ॥

ਉਨ੍ਹਾਂ ਚੇਲਿਆ ਦਾ ਨਾਂ 'ਬਨ' (ਬਨੀ) ਹੋ ਗਿਆ।

ਗਿਰਿ ਮਧਿ ਸਿਖ ਕਿਨੇ ਅਨੇਕ ॥

(ਜੋ) ਅਨੇਕਾਂ ਸਿੱਖ ਪਹਾੜਾਂ ਵਿਚ ਕੀਤੇ ਸਨ,

ਗਿਰਿ ਭੇਸ ਸਹਤਿ ਸਮਝੋ ਬਿਬੇਕ ॥੧੬੩॥

(ਉਨ੍ਹਾਂ ਦਾ ਨਾਂ) ਭੇਖ ਸਹਿਤ 'ਗਿਰਿ' ਸਮਝੋ ॥੧੬੩॥

ਭਾਰਥ ਭਣੰਤ ਜੇ ਭੇ ਦੁਰੰਤ ॥

ਭਾਰਥ ਦਾ ਵਰਣਨ ਕਰਦਿਆਂ ਜੋ ਬੇਅੰਤ (ਚੇਲੇ) ਬਣੇ ਸਨ,

ਭਾਰਥੀ ਨਾਮ ਤਾ ਕੇ ਭਣੰਤ ॥

ਉਨ੍ਹਾਂ ਦਾ ਨਾਂ 'ਭਾਰਥੀ' ਕਿਹਾ ਜਾਂਦਾ ਹੈ।

ਪੁਰਿ ਜਾਸ ਸਿਖ ਕੀਨੇ ਅਪਾਰ ॥

(ਜੋ) ਅਪਾਰ ਚੇਲੇ ਸ਼ਹਿਰਾਂ ਵਿਚ ਕੀਤੇ ਸਨ,

ਪੁਰੀ ਨਾਮ ਤਉਨ ਜਾਨ ਬਿਚਾਰ ॥੧੬੪॥

ਉਨ੍ਹਾਂ ਦਾ ਨਾਮ 'ਪੁਰੀ' ਵਿਚਾਰ ਲਿਆ ਜਾਵੇ ॥੧੬੪॥

ਪਰਬਤ ਬਿਖੈ ਸਜੇ ਸਿਖ ਕੀਨ ॥

ਪਰਬਤਾਂ ਵਿਚ ਜਿਹੜੇ ਚੇਲੇ ਸਜਾਏ ਸਨ,

ਪਰਬਤਿ ਸੁ ਨਾਮ ਲੈ ਤਾਹਿ ਦੀਨ ॥

ਉਨ੍ਹਾਂ ਦਾ ਨਾਮ 'ਪਰਬਤਿ' ਦੇ ਦਿੱਤਾ।

ਇਹ ਭਾਤਿ ਉਚਰਿ ਕਰਿ ਪੰਚ ਨਾਮ ॥

ਇਸ ਤਰ੍ਹਾਂ ਨਾਲ ਪੰਜ ਨਾਂਵਾਂ ਦਾ ਉਚਾਰਨ ਹੋਇਆ।

ਤਬ ਦਤ ਦੇਵ ਕਿੰਨੇ ਬਿਸ੍ਰਾਮ ॥੧੬੫॥

ਤਦ ਦੱਤ ਦੇਵ ਨੇ ਬਿਸਰਾਮ ਕੀਤਾ ॥੧੬੫॥

ਸਾਗਰ ਮੰਝਾਰ ਜੇ ਸਿਖ ਕੀਨ ॥

ਸਾਗਰ ਵਿਚ ਜਿਹੜੇ ਚੇਲੇ ਬਣਾਏ ਸਨ,

ਸਾਗਰਿ ਸੁ ਨਾਮ ਤਿਨ ਕੇ ਪ੍ਰਬੀਨ ॥

ਉਨ੍ਹਾਂ ਪ੍ਰਬੀਨਾਂ ਦਾ ਨਾਂ 'ਸਾਗਰਿ' ਵਜੋਂ ਪ੍ਰਸਿੱਧ ਹੈ।

ਸਾਰਸੁਤਿ ਤੀਰ ਜੇ ਕੀਨ ਚੇਲ ॥

ਜੋ ਸਰਸਵਤੀ ਦੇ ਕੰਢੇ ਦੇ ਚੇਲੇ ਕੀਤੇ ਸਨ,

ਸਾਰਸੁਤੀ ਨਾਮ ਤਿਨ ਨਾਮ ਮੇਲ ॥੧੬੬॥

ਉਨ੍ਹਾਂ ਦੇ ਨਾਂ ਨਾਲ 'ਸਰਸਵਤੀ' ਨਾਮ ਮਿਲਾ ਦਿੱਤਾ ॥੧੬੬॥

ਤੀਰਥਨ ਬੀਚ ਜੇ ਸਿਖ ਕੀਨ ॥

ਤੀਰਥਾਂ ਵਿਚ ਜੋ ਸੇਵਕ ਕੀਤੇ,

ਤੀਰਥਿ ਸੁ ਨਾਮ ਤਿਨ ਕੋ ਪ੍ਰਬੀਨ ॥

ਉਨ੍ਹਾਂ ਪ੍ਰਬੀਨਾਂ ਦੇ ਨਾਂ ਨਾਲ 'ਤੀਰਥਿ' ਨਾਮ ਜੋੜ ਦਿੱਤਾ।

ਜਿਨ ਚਰਨ ਦਤ ਕੇ ਗਹੇ ਆਨਿ ॥

ਜਿਨ੍ਹਾਂ ਨੇ ਦੱਤ ਦੇ ਚਰਨ ਆ ਫੜੇ ਸਨ,

ਤੇ ਭਏ ਸਰਬ ਬਿਦਿਆ ਨਿਧਾਨ ॥੧੬੭॥

ਉਹ ਸਾਰੇ ਵਿਦਿਆ ਨਿਧਾਨ ਹੋ ਗਏ ॥੧੬੭॥

ਇਮਿ ਕਰਤ ਸਿਖ ਜਹ ਤਹ ਬਿਹਾਰਿ ॥

ਜਿਹੜੇ ਜਿਥੇ ਕਿਥੇ ਵਿਚਰਦਿਆਂ ਚੇਲੇ ਕੀਤੇ ਸਨ

ਆਸ੍ਰਮਨ ਬੀਚ ਜੋ ਜੋ ਨਿਹਾਰਿ ॥

ਅਤੇ ਆਸ਼੍ਰਮਾਂ ਵਿਚ ਜੋ ਜੋ ਵੇਖੇ ਸਨ

ਤਹ ਤਹੀ ਸਿਖ ਜੋ ਕੀਨ ਜਾਇ ॥

ਅਤੇ ਉਥੇ ਜਾ ਕੇ ਉਨ੍ਹਾਂ ਨੂੰ ਸੇਵਕ ਬਣਾਇਆ ਸੀ।

ਆਸ੍ਰਮਿ ਸੁ ਨਾਮ ਕੋ ਤਿਨ ਸੁਹਾਇ ॥੧੬੮॥

ਉਨ੍ਹਾਂ ਨੂੰ 'ਆਸ਼੍ਰਮਿ' ਨਾਂ ਨਾਲ ਸ਼ੋਭਾਸ਼ਾਲੀ ਕਰ ਦਿੱਤਾ ॥੧੬੮॥

ਆਰੰਨ ਬੀਚ ਜੇਅ ਭੇ ਦਤ ॥

ਬਨ ('ਆਰੰਨ') ਵਿਚ ਜਿਹੜੇ ਦੱਤ ਦੇ ਚੇਲੇ ਹੋਏ ਸਨ

ਸੰਨ੍ਯਾਸ ਰਾਜ ਅਤਿ ਬਿਮਲ ਮਤਿ ॥

ਅਤੇ ਸੰਨਿਆਸ ਸ਼ਿਰੋਮਣੀ ਅਤੇ ਬਹੁਤ ਨਿਰਮਲ ਬੁੱਧੀ ਵਾਲੇ (ਦੱਤ ਨੇ)

ਤਹ ਤਹ ਸੁ ਕੀਨ ਜੇ ਸਿਖ ਜਾਇ ॥

ਉਥੇ ਉਥੇ ਜਾ ਕੇ ਜੋ ਚੇਲੇ ਬਣਾਏ ਸਨ,

ਅਰਿੰਨਿ ਨਾਮ ਤਿਨ ਕੋ ਰਖਾਇ ॥੧੬੯॥

ਉਨ੍ਹਾਂ ਦਾ ਨਾਂ 'ਆਰਿੰਨਿ' ਰਖ ਦਿੱਤਾ ॥੧੬੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਅਨਭਉ ਪ੍ਰਕਾਸੇ ਦਸ ਨਾਮ ਧ੍ਰਯਾਯ ਸੰਪੂਰਣ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਦੱਤ ਮਹਾਤਮ 'ਅਨਭਉ ਪ੍ਰਕਾਸ ਦਸ ਨਾਮ' ਵਾਲਾ ਅਧਿਆਇ ਸੰਪੂਰਨ ਹੋਇਆ।

ਪਾਧੜੀ ਛੰਦ ॥

ਪਾਧੜੀ ਛੰਦ:

ਆਜਾਨ ਬਾਹੁ ਅਤਿਸੈ ਪ੍ਰਭਾਵ ॥

ਗੋਡਿਆਂ ਤਕ ਬਾਂਹਵਾਂ ਵਾਲਾ ਅਤੇ ਬਹੁਤ ਵੱਡੇ ਪ੍ਰਭਾਵ ਵਾਲਾ

ਅਬਿਯਕਤ ਤੇਜ ਸੰਨ੍ਯਾਸ ਰਾਵ ॥

ਅਤੇ ਅਵਿਅਕਤ ਤੇਜ ਵਾਲਾ ਸੰਨਿਆਸ ਰਾਜ ਦੱਤ ਮੁਨੀ

ਜਹ ਜਹ ਬਿਹਾਰ ਮੁਨਿ ਕਰਤ ਦਤ ॥

ਜਿਥੇ ਕਿਥੇ ਵਿਚਰਦਾ ਸੀ,

ਅਨਭਉ ਪ੍ਰਕਾਸ ਅਰੁ ਬਿਮਲ ਮਤ ॥੧੭੦॥

(ਉਥੇ ਉਥੇ) ਅਨਭਉ ਪ੍ਰਕਾਸ਼ ਅਤੇ ਨਿਰਮਲ ਬੁੱਧੀ ਹੁੰਦੀ ਜਾਂਦੀ ਸੀ ॥੧੭੦॥

ਜੇ ਹੁਤੇ ਦੇਸ ਦੇਸਨ ਨ੍ਰਿਪਾਲ ॥

ਜਿਹੜੇ ਦੇਸਾਂ ਦੇਸਾਂਤਰਾਂ ਦੇ ਰਾਜੇ ਸਨ,

ਤਜਿ ਗਰਬ ਪਾਨ ਲਾਗੇ ਸੁ ਢਾਲ ॥

ਉਹ ਹੰਕਾਰ ਛਡ ਕੇ ਅਤੇ (ਮਨ ਨੂੰ) ਢਾਲ ਕੇ (ਦੱਤ ਦੇ) ਚਰਨੀਂ ਆ ਲਗੇ ਸਨ।

ਤਜਿ ਦੀਨ ਅਉਰ ਝੂਠੇ ਉਪਾਇ ॥

(ਉਨ੍ਹਾਂ ਨੇ) ਹੋਰ ਕੂੜਿਆਂ ਉਪਾਵਾਂ ਨੂੰ ਛਡ ਦਿੱਤਾ ਸੀ

ਦ੍ਰਿੜ ਗਹਿਓ ਏਕ ਸੰਨ੍ਯਾਸ ਰਾਇ ॥੧੭੧॥

ਅਤੇ ਕੇਵਲ ਇਕ ਸੰਨਿਆਸ ਰਾਜ (ਦੱਤ ਦੇ ਪੈਰ) ਪਕੜ ਲਏ ਸਨ ॥੧੭੧॥

ਤਜਿ ਸਰਬ ਆਸ ਇਕ ਆਸ ਚਿਤ ॥

ਹੋਰ ਸਾਰੀਆਂ ਆਸਾਂ ਛਡ ਕੇ ਇਕ ਆਸ ਚਿਤ ਵਿਚ (ਧਾਰ ਲਈ ਸੀ)

ਅਬਿਕਾਰ ਚਿਤ ਪਰਮੰ ਪਵਿਤ ॥

ਅਤੇ ਉਨ੍ਹਾਂ ਦਾ ਚਿਤ ਵਿਕਾਰਾਂ ਤੋਂ ਰਹਿਤ ਅਤੇ ਪਰਮ ਪਵਿਤ੍ਰ ਹੋ ਗਿਆ ਸੀ।

ਜਹ ਕਰਤ ਦੇਸ ਦੇਸਨ ਬਿਹਾਰ ॥

ਜਿਥੇ ਵੀ ਦੇਸਾਂ ਦੇਸਾਂਤਰਾਂ ਵਿਚ (ਦੱਤ) ਵਿਚਰਦੇ ਸਨ,

ਉਠਿ ਚਲਤ ਸਰਬ ਰਾਜਾ ਅਪਾਰ ॥੧੭੨॥

ਉਥੋਂ ਦੇ ਸਾਰੇ ਅਪਾਰ ਰਾਜੇ ਉਠ ਕੇ ਨਾਲ ਤੁਰ ਪੈਂਦੇ ਸਨ ॥੧੭੨॥

ਦੋਹਰਾ ॥

ਦੋਹਰਾ:

ਗਵਨ ਕਰਤ ਜਿਹਾਂ ਜਿਹਾਂ ਦਿਸਾ ਮੁਨਿ ਮਨ ਦਤ ਅਪਾਰ ॥

ਅਪਾਰ ਮਨ ਵਾਲਾ ਮੁਨੀ ਦੱਤ ਜਿਸ ਜਿਸ ਪਾਸੇ ਵਲ ਗਮਨ ਕਰਦਾ ਸੀ,

ਸੰਗਿ ਚਲਤ ਉਠਿ ਸਬ ਪ੍ਰਜਾ ਤਜ ਘਰ ਬਾਰ ਪਹਾਰ ॥੧੭੩॥

(ਉਥੋਂ ਉਥੋਂ ਦੀ) ਸਾਰੀ ਪ੍ਰਜਾ ਘਰ, ਬਾਰ ਛਡ ਕੇ ਪਹਾੜ ਵਲ ਨਾਲ ਚਲ ਪੈਂਦੀ ਸੀ ॥੧੭੩॥

ਚੌਪਈ ॥

ਚੌਪਈ:

ਜਿਹ ਜਿਹ ਦੇਸ ਮੁਨੀਸਰ ਗਏ ॥

ਜਿਸ ਜਿਸ ਦੇਸ ਵਿਚ ਸ੍ਰੇਸ਼ਠ ਮੁਨੀ (ਦੱਤ) ਗਏ,

ਊਚ ਨੀਚ ਸਬ ਹੀ ਸੰਗਿ ਭਏ ॥

(ਉਥੋਂ ਦੇ ਸਾਰੇ) ਊਚ ਨੀਚ ਉਨ੍ਹਾਂ ਦੇ ਸੰਗ ਹੋ ਗਏ।

ਏਕ ਜੋਗ ਅਰੁ ਰੂਪ ਅਪਾਰਾ ॥

ਇਕ ਯੋਗ ਅਤੇ ਦੂਜਾ ਅਪਾਰ ਰੂਪ,

ਕਉਨ ਨ ਮੋਹੈ ਕਹੋ ਬਿਚਾਰਾ ॥੧੭੪॥

ਭਲਾ ਵਿਚਾਰ ਕਰ ਕੇ ਦਸੋ, ਕਿਹੜਾ ਮੋਹਿਤ ਨਾ ਹੁੰਦਾ ॥੧੭੪॥

ਜਹ ਤਹ ਚਲਾ ਜੋਗੁ ਸੰਨ੍ਯਾਸਾ ॥

ਜਿਥੇ ਕਿਥੇ ਸੰਨਿਆਸ ਯੋਗ ਚਲ ਪਿਆ।

ਰਾਜ ਪਾਟ ਤਜ ਭਏ ਉਦਾਸਾ ॥

(ਰਾਜੇ) ਰਾਜਸੀ ਠਾਠ ਬਾਠ ਨੂੰ ਛਡ ਕੇ ਵਿਰਕਤ ਹੋ ਗਏ।

ਐਸੀ ਭੂਮਿ ਨ ਦੇਖੀਅਤ ਕੋਈ ॥

ਅਜਿਹੀ ਕੋਈ ਧਰਤੀ ਨਹੀਂ ਦਿਖਦੀ ਸੀ,

ਜਹਾ ਸੰਨ੍ਯਾਸ ਜੋਗ ਨਹੀ ਹੋਈ ॥੧੭੫॥

ਜਿਥੇ ਸੰਨਿਆਸ ਯੋਗ ਨਹੀਂ ਹੁੰਦਾ ਸੀ ॥੧੭੫॥


Flag Counter