(ਉਸ ਨੇ) ਸੁੰਦਰ ਲਾਲ ਬਸਤ੍ਰ ਧਾਰਨ ਕੀਤੇ
ਅਤੇ ਦੋਹਾਂ ਹੱਥਾਂ ਵਿਚ ਨਾਰੀਅਲ ਪਕੜ ਲਏ।
(ਉਸ) ਕੋਲ ਜੋ ਧਨ ਸੀ, ਸਾਰਾ ਲੁਟਾ ਦਿੱਤਾ
ਅਤੇ ਆਪ ਸਤੀ ਦਾ ਭੇਸ ਬਣਾ ਲਿਆ ॥੧੪॥
ਜਿਸ ਮਾਰਗ ਤੇ ਰਾਜੇ ਨੇ ਆਉਣਾ ਸੀ,
ਉਸੇ ਉਤੇ ਇਸਤਰੀ ਨੇ ਆ ਕੇ ਚਿਤਾ ਬਣਾ ਲਈ।
ਤਦ ਤਕ ਰਾਜਾ ਉਥੇ ਆ ਗਿਆ
ਅਤੇ ਉਸ ਸਤੀ ਨੂੰ ਵੇਖਿਆ ॥੧੫॥
ਰਾਜੇ ਨੇ ਹਸ ਕੇ ਉਸ ਵਲ ਵੇਖਿਆ
ਅਤੇ ਸੇਵਕ ਨੂੰ ਕੋਲ ਬੁਲਾ ਕੇ ਕਿਹਾ
ਕਿ ਤੂੰ ਜਾ ਕੇ ਪਤਾ ਕਰ ਕੇ ਆ
ਕਿ ਕੌਣ ਸਤੀ ਹੋਣ ਲਈ ਆਈ ਹੈ ॥੧੬॥
ਦੋਹਰਾ:
ਰਾਜੇ ਦੇ ਬੋਲ ਸੁਣ ਕੇ ਦੂਤ (ਨੌਕਰ) ਉਥੇ ਜਾ ਪਹੁੰਚਿਆ
ਅਤੇ ਸਤੀ (ਹੋਣ ਵਾਲੀ ਇਸਤਰੀ ਦਾ) ਸਾਰ ਭੇਦ ਲੈ ਕੇ ਆਪਣੇ ਸੁਆਮੀ ਨੂੰ ਕਹਿ ਕੇ ਸੁਣਾ ਦਿੱਤਾ ॥੧੭॥
ਚੌਪਈ:
ਉਸ (ਇਸਤਰੀ) ਦੇ ਬਚਨ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ
ਅਤੇ ਉਸ ਨੂੰ ਮੁਖ ਤੋਂ ਧੰਨ ਧੰਨ ਕਹਿਣ ਲਗਾ।
ਇਸ ਪ੍ਰਤਿ ਮੇਰਾ ਕੋਈ ਪ੍ਰੇਮ ਨਹੀਂ ਜਾਗਿਆ,
ਪਰ ਮੇਰੇ ਲਈ ਇਹ ਜਾਨ ਦੇਣ ਨੂੰ ਤਿਆਰ ਹੋ ਗਈ ॥੧੮॥
ਮੈਨੂੰ ਧਿੱਕਾਰ ਹੈ ਕਿ ਮੈਂ ਇਸ ਭੇਦ ਨੂੰ ਨਹੀਂ ਸਮਝ ਸਕਿਆ
ਅਤੇ ਹੁਣ ਤਕ ਇਸ ਨਾਲ ਵਿਆਹ ਨਹੀਂ ਕੀਤਾ।
ਜਿਨ੍ਹਾਂ ਇਸਤਰੀਆਂ ਨਾਲ (ਮੈਂ) ਪ੍ਰੀਤ ਲਗਾਈ ਸੀ,
(ਉਨ੍ਹਾਂ ਵਿਚੋਂ ਕੋਈ ਵੀ) ਇਸ ਸਮੇਂ ਕੰਮ ਨਹੀਂ ਆਈ ॥੧੯॥
ਇਸ ਲਈ ਮੈਂ ਇਸ ਨਾਲ ਹੁਣੇ ਵਿਆਹ ਕਰਾਂਗਾ
ਅਤੇ ਸ਼ਰੀਰ ਦੇ ਕਾਇਮ ਰਹਿਣ ਤਕ ਇਸ ਨਾਲ ਪ੍ਰੇਮ ਨਿਭਾਵਾਂਗਾ।
(ਹੁਣ ਮੈਂ) ਅਗਨੀ-ਬ੍ਰਤ ਤੋਂ ਇਸ ਨੂੰ ਉਬਾਰਦਾ ਹਾਂ।
(ਇਹ ਤਾਂ) ਮੇਰੇ ਕੋਲੋਂ ਪਹਿਲਾਂ ਹੀ ਸੜੀ ਹੋਈ ਹੈ, (ਹੁਣ) ਇਸ ਨੂੰ ਸ਼ਰੀਰ ਤੋਂ ਨਹੀਂ ਸਾੜਨਾ ਚਾਹੀਦਾ ॥੨੦॥
ਉਸ ਸਤੀ ਨੇ ਜੋ ਚਿਖਾ ਬਾਲੀ ਹੋਈ ਸੀ,
ਉਸ ਨੂੰ ਵਿਯੋਗ ਦੀ ਅੱਗ ਮੰਨ ਕੇ
ਉਸ ਦੇ ਇਰਦ ਗਿਰਦ ਫੇਰੇ ਲਏ
ਅਤੇ ਜੋ ਰੰਕ ਸੀ, ਉਸ ਨੂੰ ਵਿਧਾਤਾ ਨੇ ਰਾਣੀ ਬਣਾ ਦਿੱਤਾ ॥੨੧॥
ਇਹ ਚਰਿਤ੍ਰ ਕਰ ਕੇ ਉਸ ਨੇ ਰਾਜੇ ਨੂੰ ਪ੍ਰਾਪਤ ਕਰ ਲਿਆ।
(ਰਾਜੇ ਨੇ) ਸਾਰੀਆਂ ਰਾਣੀਆਂ ਨੂੰ ਚਿਤ ਵਿਚੋਂ ਭੁਲਾ ਦਿੱਤਾ।
(ਉਸ ਨੇ ਰਾਜੇ ਨੂੰ) ਆਪਣੀ ਆਗਿਆ ਦੇ ਅਧੀਨ ਕਰ ਲਿਆ
ਮਾਨੋ ਕੋਈ ਦਾਸ ਮੁੱਲ ਲਿਆ ਹੋਵੇ ॥੨੨॥
ਦੋਹਰਾ:
ਉਸ ਦਿਨ ਤੋਂ ਉਸ ਨਾਲ ਪ੍ਰੀਤ ਬਹੁਤ ਵਧ ਗਈ ਅਤੇ ਸੁਖ ਪ੍ਰਾਪਤ ਕੀਤਾ
ਅਤੇ ਸਾਰੀਆਂ ਰਾਣੀਆਂ ਨੂੰ ਰਾਜੇ ਦੇ ਚਿਤ ਤੋਂ ਭੁਲਵਾ ਦਿੱਤਾ ॥੨੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਦਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੦॥੨੧੦੬॥ ਚਲਦਾ॥
ਚੌਪਈ:
ਦੁਰਜਨ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ,
ਜਿਸ ਨੂੰ ਚਾਰੇ ਦਿਸ਼ਾਵਾਂ ਪ੍ਰਨਾਮ ਕਰਦੀਆਂ ਸਨ।
ਉਸ ਦੇ ਰੂਪ ਨੂੰ ਵੇਖ ਕੇ (ਸਾਰੇ) ਬਲਿਹਾਰੇ ਜਾਂਦੇ ਸਨ
ਅਤੇ ਪ੍ਰਜਾ ਮਨ ਵਿਚ ਬਹੁਤ ਸੁਖ ਪਾਉਂਦੀ ਸੀ ॥੧॥
ਦੋਹਰਾ:
ਉਸ ਦੇ ਦੇਸ ਵਿਚ ਜੋ ਵੀ ਬੰਦਾ ਆਉਂਦਾ, ਉਸ ਦੇ ਰੂਪ ਨੂੰ ਵੇਖ ਕੇ
ਸਾਰਾ ਘਰ ਬਾਰ ਭੁਲਾ ਦਿੰਦਾ ਅਤੇ ਦਾਸ ਬਣ ਕੇ ਉਸ ਦੇ ਨਗਰ ਵਿਚ ਰਹਿ ਜਾਂਦਾ ॥੨॥