ਦੋਹਰਾ:
ਉਹ (ਸਾਰੇ) ਰੋਣ ਲਗੇ ਅਤੇ ਕਿਸੇ ਦੇ (ਮੂੰਹ ਵਿਚੋਂ) ਕੋਈ ਗੱਲ ਨਾ ਨਿਕਲੀ।
ਤਦ ਰਾਜੇ ਨੇ ਉਸ ਇਸਤਰੀ ਨੂੰ ਹਸਦੇ ਹੋਇਆਂ (ਇਹ) ਗੱਲ ਕਹੀ ॥੧੭॥
ਚੌਪਈ:
ਇਨ੍ਹਾਂ ਲੋਕਾਂ ਨੇ ਕੁਝ ਵੀ ਕਰਾਮਾਤ ਨਹੀਂ ਵਿਖਾਈ।
ਹੁਣ (ਮੈਂ) ਚਾਹੁੰਦਾ ਹਾਂ, ਤੇਰੇ ਤੋਂ ਕੁਝ (ਕਰਾਮਾਤ) ਪ੍ਰਾਪਤ ਕਰਾਂ (ਅਰਥਾਤ-ਵੇਖਾਂ)
(ਤਦ) ਹਿੰਗਲਾ ਦੇਵੀ ਨੇ ਕਿਹਾ ਕਿ
ਹੇ ਰਾਜਨ! ਮੇਰੀ ਗੱਲ ਸੁਣੋ ॥੧੮॥
ਅੜਿਲ:
ਪਹਿਲਾਂ ਇਕ ਕਰਾਮਾਤ ਤਾਂ ਤਲਵਾਰ ਵਿਚ ਸਮਝੋ।
ਜਿਸ ਦਾ ਤੇਜ ਅਤੇ ਭੈ ਸਾਰੇ ਸੰਸਾਰ ਵਿਚ ਮੰਨਿਆ ਜਾਂਦਾ ਹੈ।
ਜਿਤ, ਹਾਰ ਅਤੇ ਮ੍ਰਿਤੂ ਜਿਸ ਦੀ ਧਾਰ ਵਿਚ ਵਸਦੀਆਂ ਹਨ।
ਮੇਰਾ ਮਨ ਉਸੇ ਨੂੰ ਪਰਮੇਸਰ ਕਹਿੰਦਾ ਹੈ ॥੧੯॥
(ਸੰਸਾਰ ਵਿਚ) ਦੂਜੀ ਕਰਾਮਾਤ ਕਾਲ ਵਿਚ ਸਮਝੋ
ਜਿਸ ਦਾ ਚਕ੍ਰ ਚੌਦਾਂ ਲੋਕਾਂ ਵਿਚ ਚਲਦਾ ਮੰਨਿਆ ਜਾਂਦਾ ਹੈ।
ਕਾਲ ਕਰ ਕੇ ਜਗਤ ਹੋਂਦ ਵਿਚ ਆਉਂਦਾ ਹੈ ਕਾਲ ਕਰ ਕੇ ਖ਼ਤਮ ਹੋ ਜਾਂਦਾ ਹੈ।
ਇਸ ਲਈ ਮੇਰਾ ਮਨ ਕਾਲ ਨੂੰ ਹੀ ਗੁਰੂ ਮੰਨਦਾ ਹੈ ॥੨੦॥
ਹੇ ਰਾਜਨ! (ਤੀਜੀ) ਕਰਾਮਾਤ ਜ਼ਬਾਨ ਦਾ ਅਗਲਾ ਭਾਗ ਜਾਣੋ
ਜਿਸ ਤੋਂ ਜਗਤ ਵਿਚ ਚੰਗਾ ਮਾੜਾ ਹੋਣਾ ਸੰਭਵ ਸਮਝੋ।
ਚੌਥੀ ਕਰਾਮਾਤ ਧਨ ਵਿਚ ਹੈ,
ਕਿਉਂਕਿ ਉਸ ਦੇ ਧਾਰਨ ਕਰਨ ਨਾਲ ਰੰਕ ਰਾਜਾ ਬਣ ਜਾਂਦਾ ਹੈ ॥੨੧॥
ਚੌਪਈ:
ਇਨ੍ਹਾਂ (ਵਿਅਕਤੀਆਂ) ਵਿਚ ਕੋਈ ਕਰਾਮਾਤ ਨਾ ਮੰਨੋ।
ਇਹ ਸਾਰੇ ਧਨ ਦੇ ਉਪਾ ਸਮਝੋ।
ਜੇ ਇਨ੍ਹਾਂ ਵਿਚ ਚਮਤਕਾਰ ਹੁੰਦਾ
ਤਾਂ ਕੋਈ ਵੀ ਦਰ ਦਰ ਭਿਖ ਨਾ ਮੰਗਦਾ ॥੨੨॥
ਜੇ ਇਨ੍ਹਾਂ ਸਾਰਿਆਂ ਨੂੰ ਪਹਿਲਾਂ ਮਾਰ ਦਿਓ,
ਫਿਰ ਮੈਨੂੰ ਕੁਝ ਕਹਿਣਾ।
ਮੈਂ ਤੁਹਾਨੂੰ ਸੱਚੀ ਗੱਲ ਸੁਣਾਈ ਹੈ।
ਹੁਣ ਉਹੀ ਕਰੋ ਜੋ ਤੁਹਾਨੂੰ ਚੰਗੀ ਲਗੇ ॥੨੩॥
(ਇਸਤਰੀ ਦੇ) ਬੋਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ
ਅਤੇ ਉਸ ਇਸਤਰੀ ਨੂੰ ਬਹੁਤ ਦਾਨ ਦਿੱਤਾ।
ਉਸ ਇਸਤਰੀ ਨੇ (ਆਪਣੇ ਆਪ ਨੂੰ) ਜੋ ਜਗਤ ਮਾਤਾ ਅਖਵਾਇਆ ਸੀ,
ਉਸ (ਮਾਤਾ ਦੀ) ਕ੍ਰਿਪਾ ਕਰ ਕੇ ਆਪਣੇ ਪ੍ਰਾਣ ਬਚਾ ਲਏ ॥੨੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੩॥੬੭੬੦॥ ਚਲਦਾ॥
ਚੌਪਈ:
ਜਿਥੇ ਬੀਜਾ ਪੁਰ ਸ਼ਹਿਰ ਕਿਹਾ ਜਾਂਦਾ ਹੈ,
ਉਥੋਂ ਦਾ ਬਾਦਸ਼ਾਹ ਏਦਿਲਸ਼ਾਹ ਦਸਿਆ ਜਾਂਦਾ ਸੀ।
ਉਸ ਦੀ ਪੁੱਤਰੀ ਦਾ ਨਾਂ ਮਹਤਾਬ ਮਤੀ ਸੀ
ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ ਨਹੀਂ ਹੋਈ ਸੀ ॥੧॥
ਜਦ ਬਾਲਿਕਾ ਜਵਾਨ ਹੋ ਗਈ,
ਤਾਂ ਉਹ ਵੱਡੀਆਂ ਅੱਖਾਂ ਵਾਲੀ ਅਤਿ ਸੁੰਦਰ (ਬਣ ਗਈ)।
ਉਸ ਦਾ ਜੋਬਨ ਅਤੇ ਸੁੰਦਰਤਾ ਇਤਨੀ ਨਿਖਰੀ,
ਮਾਨੋ ਸੂਰਜ ਅਤੇ ਚੰਦ੍ਰਮਾ ਨੂੰ ਰਿੜਕ ਕੇ ਕਢੀ ਹੋਵੇ ॥੨॥
ਉਥੇ ਇਕ ਸ਼ਾਹ ਦਾ ਪੁੱਤਰ ਹੁੰਦਾ ਸੀ
ਜੋ ਸ਼ਕਲ ਅਤੇ ਸੁਭਾ ਵਜੋਂ ਸੁਪੁੱਤਰ ਲਗਦਾ ਸੀ।
ਉਸ ਦਾ ਨਾਂ ਧੂਮ੍ਰ ਕੇਤੁ ਕਿਹਾ ਜਾਂਦਾ ਸੀ
ਅਤੇ ਉਸ ਦੀ ਉਪਮਾ ਇੰਦਰ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੩॥