ਸ਼੍ਰੀ ਦਸਮ ਗ੍ਰੰਥ

ਅੰਗ - 225


ਸੂਲ ਸਹੋਂ ਤਨ ਸੂਕ ਰਹੋਂ ਪਰ ਸੀ ਨ ਕਹੋਂ ਸਿਰ ਸੂਲ ਸਹੋਂਗੀ ॥

ਸੂਲ ਸਹਿਨ ਕਰਾਂਗੀ, ਤਨ ਭਾਵੇਂ ਸੁਕ ਜਾਵੇ, ਪਰ (ਮੁਖੋਂ) 'ਸੀ' ਨਹੀਂ ਕਰਾਂਗੀ ਅਤੇ (ਹਰ ਪ੍ਰਕਾਰ ਦੇ) ਦੁੱਖ ਸਿਰ ਉੱਤੇ ਸਹਾਂਗੀ।

ਬਾਘ ਬੁਕਾਰ ਫਨੀਨ ਫੁਕਾਰ ਸੁ ਸੀਸ ਗਿਰੋ ਪਰ ਸੀ ਨ ਕਹੋਂਗੀ ॥

ਸ਼ੇਰਾਂ ਦਾ ਬੁੱਕਣਾ, ਸੱਪਾਂ ਦਾ ਸ਼ੂਕਣਾ, ਆਦਿਕ ਦੁੱਖਾਂ (ਦਾ ਪਹਾੜ) ਸਿਰ ਉੱਤੇ ਡਿੱਗ ਪਵੇ, ਪਰ ਮੈਂ 'ਸੀ' ਨਹੀਂ ਕਹਾਂਗੀ।

ਬਾਸ ਕਹਾ ਬਨਬਾਸ ਭਲੋ ਨਹੀ ਪਾਸ ਤਜੋ ਪੀਯ ਪਾਇ ਗਹੋਂਗੀ ॥

(ਹੇ ਪਤੀ ਦੇਵ!) (ਆਪ ਬਗੈਰ) ਮਹਿਲਾਂ ਵਿੱਚ ਕੀ ਵਸਣਾ, (ਇਸ ਨਾਲੋਂ) ਬਣਾਂ ਵਿੱਚ ਰਹਿਣਾ ਹੀ ਚੰਗਾ ਹੈ ਕਿਉਂਕਿ (ਉਥੇ ਮੈਂ) ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਰਹਾਂਗੀ।

ਹਾਸ ਕਹਾ ਇਹ ਉਦਾਸ ਸਮੈ ਗ੍ਰਿਹ ਆਸ ਰਹੋ ਪਰ ਮੈ ਨ ਰਹੋਂਗੀ ॥੨੪੯॥

ਇਸ ਉਦਾਸੀ ਦੇ ਵੇਲੇ ਹਾਸਾ ਕੇਹਾ? ਘਰ ਵਿੱਚ ਭਾਵੇਂ ਆਸ ਬਣੀ ਰਹੇ, ਪਰ ਮੈਂ ਨਹੀਂ ਰਹਾਂਗੀ ॥੨੪੯॥

ਰਾਮ ਬਾਚ ਸੀਤਾ ਪ੍ਰਤਿ ॥

ਰਾਮ ਨੇ ਸੀਤਾ ਪ੍ਰਤਿ ਕਿਹਾ-

ਰਾਸ ਕਹੋ ਤੁਹਿ ਬਾਸ ਕਰੋ ਗ੍ਰਿਹ ਸਾਸੁ ਕੀ ਸੇਵ ਭਲੀ ਬਿਧਿ ਕੀਜੈ ॥

(ਹੇ ਸੀਤਾ!) ਮੈਂ ਤੈਨੂੰ ਠੀਕ ਕਹਿੰਦਾ ਹਾਂ ਤੂੰ ਘਰ ਵਿੱਚ ਰਹਿ ਅਤੇ ਸੱਸ ਦੀ ਸੇਵਾ ਚੰਗੀ ਤਰ੍ਹਾਂ ਨਾਲ ਕਰ।

ਕਾਲ ਹੀ ਬਾਸ ਬਨੈ ਮ੍ਰਿਗ ਲੋਚਨਿ ਰਾਜ ਕਰੋਂ ਤੁਮ ਸੋ ਸੁਨ ਲੀਜੈ ॥

ਹੇ ਮ੍ਰਿਗ-ਲੋਚਨੀ! ਸੁਣ ਲੈ, ਕਲ ਹੀ ਬਣ ਵਿੱਚ ਨਿਵਾਸ ਕਰਾਂਗਾ, ਬਨਵਾਸ ਦਾ ਸਮਾਂ ਗੁਜ਼ਾਰ ਕੇ ਮੈਂ ਤੇਰੇ ਨਾਲ (ਮਿਲ ਕੇ) ਰਾਜ ਕਰਾਂਗਾ।

ਜੌ ਨ ਲਗੈ ਜੀਯ ਅਉਧ ਸੁਭਾਨਨਿ ਜਾਹਿ ਪਿਤਾ ਗ੍ਰਿਹ ਸਾਚ ਭਨੀਜੈ ॥

ਹੇ ਸੋਹਣੇ ਮੁੱਖ ਵਾਲੀਏ! ਮੈਂ ਸੱਚ ਕਹਿੰਦਾ ਹਾਂ। ਜੇ ਕਰ ਅਯੁੱਧਿਆ ਵਿੱਚ ਤੇਰਾ ਮਨ ਨ ਲੱਗੇ ਤਾਂ ਪਿਤਾ ਦੇ ਘਰ ਚਲੀ ਜਾ।

ਤਾਤ ਕੀ ਬਾਤ ਗਡੀ ਜੀਯ ਜਾਤ ਸਿਧਾਤ ਬਨੈ ਮੁਹਿ ਆਇਸ ਦੀਜੈ ॥੨੫੦॥

ਪਿਤਾ ਦੀ ਗੱਲ (ਮੇਰੇ) ਚਿੱਤ ਵਿੱਚ ਵਸ ਗਈ ਹੈ, ਇਸ ਲਈ ਬਣ ਵਿੱਚ ਜਾਣਾ ਬਣਦਾ ਹੈ। (ਹੁਣ) ਮੈਨੂੰ ਵਿਦਾ ਕਰ ॥੨੫੦॥

ਲਛਮਣ ਬਾਚ ॥

ਲੱਛਮਣ ਨੇ ਕਿਹਾ-

ਬਾਤ ਇਤੈ ਇਹੁ ਭਾਤ ਭਈ ਸੁਨਿ ਆਇਗੇ ਭ੍ਰਾਤ ਸਰਾਸਨ ਲੀਨੇ ॥

ਇਧਰ ਇਸ ਪ੍ਰਕਾਰ ਦੀ ਹੋਈ ਗੱਲ ਨੂੰ ਸੁਣ ਕੇ ਭਰਾਤਾ (ਲੱਛਮਣ ਹੱਥ ਵਿੱਚ) ਧਨੁਸ਼ ਬਾਣ ਲੈ ਕੇ ਆ ਗਿਆ।

ਕਉਨ ਕੁਪੂਤ ਭਯੋ ਕੁਲ ਮੈ ਜਿਨ ਰਾਮਹਿ ਬਾਸ ਬਨੈ ਕਹੁ ਦੀਨੇ ॥

(ਅਤੇ ਕਹਿਣ ਲੱਗਾ-) ਸੂਰਜ ਕੁਲ ਵਿੱਚ ਕੌਣ ਕੁਪੁੱਤਰ ਪੈਦਾ ਹੋਇਆ ਹੈ ਜਿਸ ਨੇ ਰਾਮ ਨੂੰ ਬਨਵਾਸ ਦਿੱਤਾ ਹੈ।

ਕਾਮ ਕੇ ਬਾਨ ਬਧਿਯੋ ਬਸ ਕਾਮਨਿ ਕੂਰ ਕੁਚਾਲ ਮਹਾ ਮਤਿ ਹੀਨੇ ॥

ਕਾਮ ਦੇ ਬਾਣ ਨਾਲ ਵਿਨ੍ਹਿਆ ਅਤੇ ਇਸਤਰੀ ਦੇ ਵਸ ਵਿੱਚ ਹੋਇਆ (ਰਾਜਾ) ਝੂਠਾ, ਮਾੜੇ ਚਲਣ ਵਾਲਾ ਅਤੇ ਬਹੁਤ ਹੀ ਮਤ-ਹੀਣ ਹੈ

ਰਾਡ ਕੁਭਾਡ ਕੇ ਹਾਥ ਬਿਕਿਯੋ ਕਪਿ ਨਾਚਤ ਨਾਚ ਛਰੀ ਜਿਮ ਚੀਨੇ ॥੨੫੧॥

ਅਤੇ ਦੁਰਬੁੱਧ ਔਰਤ ਦੇ ਹੱਥ ਵਿਕਿਆ ਹੋਇਆ ਹੈ। ਇਸ ਤਰ੍ਹਾਂ ਨੱਚ ਰਿਹਾ ਹੈ, ਜਿਵੇਂ ਸੋਟੀ ਦੇ ਇਸ਼ਾਰੇ ਨੂੰ ਪਛਾਣ ਕੇ ਬੰਦਰ ਨੱਚਦਾ ਹੈ ॥੨੫੧॥

ਕਾਮ ਕੋ ਡੰਡ ਲੀਏ ਕਰ ਕੇਕਈ ਬਾਨਰ ਜਿਉ ਨ੍ਰਿਪ ਨਾਚ ਨਚਾਵੈ ॥

ਕਾਮ ਦਾ ਡੰਡਾ, ਹੱਥ ਵਿੱਚ ਲਏ ਹੋਏ ਕੈਕਈ ਬੰਦਰ ਵਾਂਗ ਰਾਜੇ ਦਸ਼ਰਥ ਨੂੰ ਨਾਚ ਨਚਾਉਂਦੀ ਹੈ।

ਐਠਨ ਐਠ ਅਮੈਠ ਲੀਏ ਢਿਗ ਬੈਠ ਸੂਆ ਜਿਮ ਪਾਠ ਪੜਾਵੈ ॥

ਹੰਕਾਰ ਦੀ ਭਰੀ ਹੈਂਕੜ-ਬਾਜ਼ ਨੇ ਹੱਠ ਪੂਰਵਕ (ਰਾਜੇ) ਕੋਲ ਬੈਠ ਕੇ ਤੋਤੇ ਵੰਗ ਪਾਠ ਪੜ੍ਹਾਇਆ ਹੈ।

ਸਉਤਨ ਸੀਸ ਹ੍ਵੈ ਈਸਕ ਈਸ ਪ੍ਰਿਥੀਸ ਜਿਉ ਚਾਮ ਕੇ ਦਾਮ ਚਲਾਵੈ ॥

ਸੁਆਮੀ ਦੀ ਸੁਆਮੀ ਹੋ ਕੇ, ਸੌਂਕਣਾਂ ਦੇ ਸਿਰ ਉੱਤੇ ਰਾਜੇ ਵਾਂਗ ਚੰਮ ਦੇ ਦੰਮ ਚਲਾਉਂਦੀ ਹੈ।

ਕੂਰ ਕੁਜਾਤ ਕੁਪੰਥ ਦੁਰਾਨਨ ਲੋਗ ਗਏ ਪਰਲੋਕ ਗਵਾਵੈ ॥੨੫੨॥

ਝੂਠੀ, ਨੀਚ ਜਾਤਿ ਵਾਲੀ ਅਤੇ ਭੈੜੇ ਮੂੰਹ ਵਾਲੀ ਮਾੜੇ ਰਾਹ 'ਤੇ ਚੱਲ ਕੇ ਲੋਕ ਅਤੇ ਪਰਲੋਕ ਨੂੰ ਗੰਵਾ ਰਹੀ ਹੈ ॥੨੫੨॥

ਲੋਗ ਕੁਟੇਵ ਲਗੇ ਉਨ ਕੀ ਪ੍ਰਭ ਪਾਵ ਤਜੇ ਮੁਹਿ ਕਯੋ ਬਨ ਐਹੈ ॥

ਲੋਕੀ ਉਨ੍ਹਾਂ (ਦੋਹਾਂ ਰਾਜੇ ਅਤੇ ਰਾਣੀ) ਦੀ ਨਿੰਦਾ ਵਿੱਚ ਲੱਗੇ ਹੋਏ ਹਨ, ਜੋ ਰਾਮ ਚੰਦਰ ਬਨਵਾਸ ਪਾਉਂਦੇ ਹਨ ਤਾਂ ਮੈਨੂੰ (ਘਰ ਬੈਠਣਾ) ਕਿਵੇਂ ਬਣ ਆਉਂਦਾ ਹੈ?

ਜਉ ਹਟ ਬੈਠ ਰਹੋ ਘਰਿ ਮੋ ਜਸ ਕਯੋ ਚਲਿਹੈ ਰਘੁਬੰਸ ਲਜੈਹੈ ॥

ਜੇ ਹਟ ਕੇ ਘਰ ਵਿੱਚ ਬੈਠ ਰਹਾਂ, ਤਾਂ ਯਸ਼ ਕਿਵੇਂ ਹੋਵੇਗਾ? ਸਗੋਂ ਰਘੁਬੰਸ ਸ਼ਰਮਸਾਰ ਹੋਵੇਗਾ।

ਕਾਲ ਹੀ ਕਾਲ ਉਚਾਰਤ ਕਾਲ ਗਯੋ ਇਹ ਕਾਲ ਸਭੋ ਛਲ ਜੈਹੈ ॥

ਕਲ੍ਹ ਹੀ ਕਲ੍ਹ ਕਹਿੰਦਿਆਂ ਸਮਾਂ ਬੀਤ ਜਾਏਗਾ, ਇਹ 'ਕਾਲ' ਸਭ ਨੂੰ ਛੱਲ ਜਾਏਗਾ।

ਧਾਮ ਰਹੋ ਨਹੀ ਸਾਚ ਕਹੋਂ ਇਹ ਘਾਤ ਗਈ ਫਿਰ ਹਾਥਿ ਨ ਐਹੈ ॥੨੫੩॥

(ਮੈ) ਘਰ ਵਿੱਚ ਨਹੀਂ ਰਹਾਂਗਾ। ਮੈਂ ਸੱਚ ਕਹਿਦਾ ਹਾਂ, ਕਿਉਂਕਿ ਇਹ ਅਵਸਰ ਚੁੱਕ ਗਿਆ ਤਾਂ ਮੁੜ ਕੇ ਹੱਥ ਨਹੀਂ ਆਵੇਗਾ ॥੨੫੩॥

ਚਾਪ ਧਰੈ ਕਰ ਚਾਰ ਕੁ ਤੀਰ ਤੁਨੀਰ ਕਸੇ ਦੋਊ ਬੀਰ ਸੁਹਾਏ ॥

ਹੱਥ ਵਿੱਚ ਧਨੁਸ਼ ਪਕੜ ਕੇ ਭੱਥਾ (ਲੱਕ ਨਾਲ) ਕਸ ਕੇ ਦੂਜੇ ਹੱਥ ਵਿੱਚ ਚਾਰ ਤੀਰ ਲਏ ਹੋਇਆਂ ਦੋਵੇਂ ਸੂਰਮੇ ਸ਼ੋਭਾ ਪਾ ਰਹੇ ਹਨ।

ਆਵਧ ਰਾਜ ਤ੍ਰੀਯਾ ਜਿਹ ਸੋਭਤ ਹੋਨ ਬਿਦਾ ਤਿਹ ਤੀਰ ਸਿਧਾਏ ॥

ਰਾਜੇ ਦਸ਼ਰਥ ਦੀਆਂ ਰਾਣੀਆਂ (ਕੁਸ਼ਲਿਆ ਅਤੇ ਸੁਮਿਤ੍ਰਾ) ਜਿਥੇ ਬੈਠੀਆਂ ਸਨ, ਵਿਦਾਇਗੀ ਲੈਣ ਲਈ ਉਨ੍ਹਾਂ ਕੋਲ ਗਏ ਹਨ।

ਪਾਇ ਪਰੇ ਭਰ ਨੈਨ ਰਹੇ ਭਰ ਮਾਤ ਭਲੀ ਬਿਧ ਕੰਠ ਲਗਾਏ ॥

ਜਾ ਕੇ ਚਰਨੀਂ ਪੈ ਗਏ ਹਨ ਅਤੇ ਅੱਖਾਂ (ਜਲ ਨਾਲ) ਭਰ ਗਈਆਂ ਹਨ। ਮਾਤਾਵਾਂ ਨੇ (ਗਲਵੱਕੜੀ ਵਿੱਚ ਭਰ ਕੇ) ਚੰਗੀ ਤਰ੍ਹਾਂ ਘੁੱਟ ਕੇ ਗਲ਼ ਨਾਲ ਲਾਇਆ

ਬੋਲੇ ਤੇ ਪੂਤ ਨ ਆਵਤ ਧਾਮਿ ਬੁਲਾਇ ਲਿਉ ਆਪਨ ਤੇ ਕਿਮੁ ਆਏ ॥੨੫੪॥

ਅਤੇ ਕਹਿਣ ਲੱਗੀਆਂ, ਹੇ ਪੁੱਤਰ! (ਅੱਗੇ ਤਾਂ ਬੁਲਾਉਣ ਤੇ ਵੀ ਘਰ ਨਹੀਂ ਆਉਂਦੇ ਸੋ, ਅੱਜ ਆਪਣੇ ਆਪ ਕਿਵੇਂ ਆਏ ਹੋ ॥੨੫੪॥

ਰਾਮ ਬਾਚ ਮਾਤਾ ਪ੍ਰਤਿ ॥

ਰਾਮ ਨੇ ਮਾਤਾ ਪ੍ਰਤਿ ਕਿਹਾ-

ਤਾਤ ਦਯੋ ਬਨਬਾਸ ਹਮੈ ਤੁਮ ਦੇਹ ਰਜਾਇ ਅਬੈ ਤਹ ਜਾਊ ॥

ਮੈਨੂੰ ਪਿਤਾ ਨੇ ਬਨਵਾਸ ਦਿੱਤਾ ਹੈ, ਤੁਸੀਂ ਆਗਿਆ ਦਿਓ (ਤਾਂ ਕਿ) ਹੁਣੇ ਹੀ ਉਥੇ ਚਲਾ ਜਾਵਾਂ।

ਕੰਟਕ ਕਾਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰ ਆਊ ॥

ਜੰਗਲ ਦੇ ਕੰਡਿਆਂ ਅਤੇ ਔਖੀਆਂ ਘਾਟੀਆਂ ਨੂੰ ਗਾਹ ਕੇ ਤੇਰ੍ਹਾਂ ਸਾਲ ਬੀਤਣ ਤੋਂ ਬਾਅਦ ਮੁੜ ਜਾਵਾਂਗਾ।

ਜੀਤ ਰਹੇ ਤੁ ਮਿਲੋ ਫਿਰਿ ਮਾਤ ਮਰੇ ਗਏ ਭੂਲਿ ਪਰੀ ਬਖਸਾਊ ॥

ਜੀਊਂਦਾ ਰਿਹਾ ਤਾਂ, ਹੇ ਮਾਤਾ! ਮੁੜ ਕੇ ਤੁਹਾਨੂੰ ਆ ਮਿਲਾਂਗਾ। ਜੇ ਮਰ ਗਿਆ (ਤਾਂ ਜਿਹੜੀ ਕੋਈ) ਭੁੱਲ ਹੋ ਗਈ ਹੈ, (ਉਹ ਹੁਣੇ ਹੀ) ਬਖ਼ਸ਼ਾਉਂਦਾ ਹਾਂ।

ਭੂਪਹ ਕੈ ਅਰਿਣੀ ਬਰ ਤੇ ਬਸ ਕੇ ਬਲ ਮੋ ਫਿਰਿ ਰਾਜ ਕਮਾਊ ॥੨੫੫॥

ਰਾਜੇ ਦਸ਼ਰਥ ਨੂੰ ਕੈਕਈ ਦੇ ਵਰ ਰੂਪ ਰਿਣ ਤੋਂ ਮੁਕਤ ਕਰਕੇ ਜੰਗਲ ਵਿੱਚ ਵਾਸ ਤੋਂ ਬਾਅਦ ਫਿਰ ਆ ਕੇ ਰਾਜ ਭੋਗਾਂਗਾ ॥੨੫੫॥

ਮਾਤਾ ਬਾਚ ਰਾਮ ਸੋਂ ॥

ਮਾਤਾ ਰਾਮ ਪ੍ਰਤਿ ਕਹਿਣ ਲੱਗੀ-

ਮਨੋਹਰ ਛੰਦ ॥

ਮਨੋਹਰ ਛੰਦ

ਮਾਤ ਸੁਨੀ ਇਹ ਬਾਤ ਜਬੈ ਤਬ ਰੋਵਤ ਹੀ ਸੁਤ ਕੇ ਉਰ ਲਾਗੀ ॥

ਜਦੋਂ ਮਾਤਾ ਨੇ ਇਹ ਗੱਲ ਸੁਣੀ, ਤਦੋਂ ਰੋਂਦਿਆਂ ਹੋਇਆਂ ਪੁੱਤਰ ਦੇ ਗਲ ਲੱਗ ਗਈ।

ਹਾ ਰਘੁਬੀਰ ਸਿਰੋਮਣ ਰਾਮ ਚਲੇ ਬਨ ਕਉ ਮੁਹਿ ਕਉ ਕਤ ਤਿਆਗੀ ॥

(ਕਹਿਣ ਲੱਗੀ-) ਹਾਇ ਰਘੁਕੁਲ ਦੇ ਸ਼ਿਰੋਮਣੀ (ਰਾਮ) ਤੂੰ ਮੈਨੂੰ ਕਿਉਂ ਅਤੇ ਕਿਸ ਕਰਕੇ ਛੱਡ ਕੇ ਬਣ ਨੂੰ ਚਲਿਆਂ ਹੈਂ?

ਨੀਰ ਬਿਨਾ ਜਿਮ ਮੀਨ ਦਸਾ ਤਿਮ ਭੂਖ ਪਿਆਸ ਗਈ ਸਭ ਭਾਗੀ ॥

ਪਾਣੀ ਤੋਂ ਬਿਨਾਂ ਮੱਛਲੀ ਦੀ ਜੋ ਹਾਲਤ ਹੁੰਦੀ ਹੈ, ਓਹੀ ਕੁਸ਼ਲਿਆ ਦੀ ਹਾਲਤ ਹੋਈ ਅਤੇ (ਉਸ ਦੀ) ਸਾਰੀ ਭੁਖ ਤ੍ਰੇਹ ਖ਼ਤਮ ਹੋ ਗਈ।

ਝੂਮ ਝਰਾਕ ਝਰੀ ਝਟ ਬਾਲ ਬਿਸਾਲ ਦਵਾ ਉਨ ਕੀ ਉਰ ਲਾਗੀ ॥੨੫੬॥

ਘੇਰਨੀ ਖਾ ਕੇ ਕੁਸ਼ਲਿਆ ਝੱਟ ਡਿੱਗ ਪਈ ਅਤੇ ਉਸ ਦੇ ਹਿਰਦੇ ਵਿੱਚ (ਰਾਮ ਅਤੇ ਲੱਛਮਣ ਦੇ ਵਿਯੋਗ ਦੀ) ਅੱਗ ਲੱਗ ਗਈ ॥੨੫੬॥

ਜੀਵਤ ਪੂਤ ਤਵਾਨਨ ਪੇਖ ਸੀਆ ਤੁਮਰੀ ਦੁਤ ਦੇਖ ਅਘਾਤੀ ॥

ਹੇ ਪੁੱਤਰ! ਤੇਰਾ ਮੁਖ ਵੇਖ ਕੇ ਜਿਊਂਦੀ ਹਾਂ। ਹੇ ਸੀਤਾ! ਤੇਰੀ ਚਮਕ-ਦਮਕ ਵੇਖ ਕੇ ਰੱਜਦੀ ਹਾਂ

ਚੀਨ ਸੁਮਿਤ੍ਰਜ ਕੀ ਛਬ ਕੋ ਸਭ ਸੋਕ ਬਿਸਾਰ ਹੀਏ ਹਰਖਾਤੀ ॥

ਅਤੇ ਲੱਛਮਣ ਦੀ ਛਬੀ ਨੂੰ ਵੇਖ ਕੇ ਸਾਰੇ ਸ਼ੋਕ ਭੁਲਾ ਕੇ ਹਿਰਦੇ ਵਿੱਚ ਪ੍ਰਸੰਨ ਹੁੰਦੀ ਹਾਂ।

ਕੇਕਈ ਆਦਿਕ ਸਉਤਨ ਕਉ ਲਖਿ ਭਉਹ ਚੜਾਇ ਸਦਾ ਗਰਬਾਤੀ ॥

ਕੈਕਈ ਆਦਿ ਸੌਂਕਣਾਂ ਨੂੰ ਵੇਖ ਕੇ, ਭੋਹਾਂ ਚੜ੍ਹਾ ਕੇ ਸਦਾ ਹੀ ਗਰਵ ਕਰਦੀ ਹਾਂ।

ਤਾਕਹੁ ਤਾਤ ਅਨਾਥ ਜਿਉ ਆਜ ਚਲੇ ਬਨ ਕੋ ਤਜਿ ਕੈ ਬਿਲਲਾਤੀ ॥੨੫੭॥

ਹੇ ਪੁੱਤਰ! ਤਦੇ ਹੀ (ਉਸ ਮਾਂ ਨੂੰ) ਅਨਾਥ ਵਾਂਗ ਰੋਂਦੀ ਛੱਡ ਕੇ ਅੱਜ ਬਣ ਨੂੰ ਤੁਰ ਚੱਲਿਆਂ ਹੈਂ ॥੨੫੭॥

ਹੋਰ ਰਹੇ ਜਨ ਕੋਰ ਕਈ ਮਿਲਿ ਜੋਰ ਰਹੇ ਕਰ ਏਕ ਨ ਮਾਨੀ ॥

ਕਰੋੜਾਂ ਵਿਅਕਤੀ ਮਿਲ ਕੇ (ਬਣ ਨੂੰ ਜਾਣ ਤੋਂ) ਰੋਕ ਰਹੇ ਹਨ ਅਤੇ ਹੱਥ ਜੋੜ ਰਹੇ ਹਨ, (ਪਰ ਰਾਮ ਨੇ ਕਿਸੇ ਦੀ) ਇਕ ਵੀ ਗੱਲ ਨਹੀਂ ਮੰਨੀ।

ਲਛਨ ਮਾਤ ਕੇ ਧਾਮ ਬਿਦਾ ਕਹੁ ਜਾਤ ਭਏ ਜੀਅ ਮੋ ਇਹ ਠਾਨੀ ॥

ਲੱਛਮਣ ਦੀ ਮਾਤਾ ਦੇ ਘਰ ਦਿਲ ਵਿੱਚ ਇਹ ਗੱਲ ਧਾਰ ਲਈ ਕੇ ਗਏ ਕਿ ਉਸ ਪਾਸੋਂ ਵਿਦਾਇਗੀ ਲੈ ਆਈਏ।

ਸੋ ਸੁਨਿ ਬਾਤ ਪਪਾਤ ਧਰਾ ਪਰ ਘਾਤ ਭਲੀ ਇਹ ਬਾਤ ਬਖਾਨੀ ॥

ਉਹ (ਸੁਮਿਤ੍ਰਾ) ਇਸ ਗੱਲ ਨੂੰ ਸੁਣਦਿਆਂ ਹੀ ਧਰਤੀ ਉੱਤੇ ਡਿੱਗ ਪਈ। ਇਸ ਅਵਸਰ ਦੀ ਗੱਲ ਇੰਜ ਵਰਣਨ ਕੀਤੀ ਜਾ ਸਕਦੀ ਹੈ

ਜਾਨੁਕ ਸੇਲ ਸੁਮਾਰ ਲਗੇ ਛਿਤ ਸੋਵਤ ਸੂਰ ਵਡੇ ਅਭਿਮਾਨੀ ॥੨੫੮॥

ਮਾਨੋ ਬਰਛੀ ਦੀ ਮਾਰ ਲਗਦਿਆਂ ਹੀ ਵੱਡਾ ਅਭਿਮਾਨੀ ਸੂਰਮਾ ਧਰਤੀ ਉੱਤੇ ਸੌਂ ਰਿਹਾ ਹੋਵੇ ॥੨੫੮॥

ਕਉਨ ਕੁਜਾਤ ਕੁਕਾਜ ਕੀਯੋ ਜਿਨ ਰਾਘਵ ਕੋ ਇਹ ਭਾਤ ਬਖਾਨਯੋ ॥

ਕਿਹੜੀ ਨੀਚਣੀ ਨੇ ਇਹ (ਕੁਕਰਮ) ਕੀਤਾ ਹੈ ਜਿਸ ਨੇ ਰਾਮ ਚੰਦਰ ਨੂੰ ਇਸ ਤਰ੍ਹਾਂ ਕਿਹਾ ਹੈ।

ਲੋਕ ਅਲੋਕ ਗਵਾਇ ਦੁਰਾਨਨ ਭੂਪ ਸੰਘਾਰ ਤਹਾ ਸੁਖ ਮਾਨਯੋ ॥

ਭੈੜੇ ਮੂੰਹ ਵਾਲੀ ਨੇ ਲੋਕ ਪਰਲੋਕ ਨੂੰ ਗੰਵਾ ਕੇ ਅਤੇ ਰਾਜੇ ਨੂੰ ਮਾਰ ਕੇ, ਵੱਡਾ ਸੁੱਖ ਮਾਣਿਆ ਹੈ।

ਭਰਮ ਗਯੋ ਉਡ ਕਰਮ ਕਰਯੋ ਘਟ ਧਰਮ ਕੋ ਤਿਆਗਿ ਅਧਰਮ ਪ੍ਰਮਾਨਯੋ ॥

ਸਾਰਾ ਭੁਲੇਖਾ ਮਿੱਟ ਗਿਆ, ਕਿਉਂਕਿ ਉਸ ਨੇ ਘਟੀਆ ਕਰਮ ਕੀਤਾ ਹੈ, ਧਰਮ ਨੂੰ ਛੱਡ ਕੇ ਅਧਰਮ ਪ੍ਰਵਾਨ ਕੀਤਾ ਹੈ।