ਸ਼੍ਰੀ ਦਸਮ ਗ੍ਰੰਥ

ਅੰਗ - 384


ਫੂਲ ਚੰਬੇਲੀ ਕੇ ਫੂਲਿ ਰਹੇ ਜਹਿ ਨੀਰ ਘਟਿਯੋ ਜਮਨਾ ਜੀਅ ਆਈ ॥

ਜਿਥੇ ਚੰਬੇਲੀ ਦੇ ਫੁਲ ਖਿੜ ਰਹੇ ਸਨ ਅਤੇ ਜਮਨਾ ਦਾ ਜਲ ਘਾਟ ਨਾਲ ਵਗਦਾ ਸੀ।

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੬॥

ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, ਇਸ ਵੇਲੇ ਦੁਖਦਾਇਕ ਹੋ ਗਈ ਹੈ ॥੮੭੬॥

ਬੀਚ ਸਰਦ ਰਿਤੁ ਕੇ ਸਜਨੀ ਹਮ ਖੇਲਤ ਸ੍ਯਾਮ ਸੋ ਪ੍ਰੀਤਿ ਲਗਾਈ ॥

ਹੇ ਸਜਨੀ! ਸਰਦ ਰੁਤ ਵਿਚ (ਅਰਥਾਤ ਪੋਹ ਦੇ ਮਹੀਨੇ ਵਿਚ) ਅਸੀਂ ਕ੍ਰਿਸ਼ਨ ਨਾਲ ਪ੍ਰੇਮ ਪੂਰਵਕ ਖੇਡਦੀਆਂ ਸਾਂ।

ਆਨੰਦ ਕੈ ਅਤਿ ਹੀ ਮਨ ਮੈ ਤਜ ਕੈ ਸਭ ਹੀ ਜੀਯ ਕੀ ਦੁਚਿਤਾਈ ॥

ਮਨ ਵਿਚ ਅਤਿ ਅਧਿਕ ਆਨੰਦ ਮਾਣਦੀਆਂ ਸਾਂ ਅਤੇ ਚਿਤ ਦੀ ਸਾਰੀ ਦੁਬਿਧਾ ਦੂਰ ਕਰ ਦਿੰਦੀਆਂ ਸਾਂ।

ਨਾਰਿ ਸਭੈ ਬ੍ਰਿਜ ਕੀਨ ਬਿਖੈ ਮਨ ਕੀ ਤਜਿ ਕੈ ਸਭ ਸੰਕ ਕਨ੍ਰਹਾਈ ॥

ਬ੍ਰਜ ਦੀਆਂ ਸਾਰੀਆਂ ਨਾਰੀਆਂ ਮਨ ਦਾ ਸਭ ਤਰ੍ਹਾਂ ਦਾ ਸੰਗ ਸੰਕੋਚ ਛਡ ਕੇ (ਕ੍ਰਿਸ਼ਨ ਵਿਚ) ਮਗਨ ਸਨ।

ਤਾ ਸੰਗ ਸੋ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੭॥

ਉਸ (ਕ੍ਰਿਸ਼ਨ) ਦੀ ਸੰਗਤ ਵਿਚ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਦੁਖਦਾਇਕ ਹੋ ਗਈ ਹੈ ॥੮੭੭॥

ਮਾਘ ਬਿਖੈ ਮਿਲ ਕੈ ਹਰਿ ਸੋ ਹਮ ਸੋ ਰਸ ਰਾਸ ਕੀ ਖੇਲ ਮਚਾਈ ॥

ਮਾਘ (ਦੇ ਮਹੀਨੇ) ਵਿਚ ਕ੍ਰਿਸ਼ਨ ਨਾਲ ਮਿਲ ਕੇ ਅਤੇ (ਕ੍ਰਿਸ਼ਨ ਨੇ) ਸਾਡੇ ਨਾਲ ਮਿਲ ਕੇ (ਪ੍ਰੇਮ) ਰਸ ਨਾਲ (ਭਰ ਕੇ) ਰਾਸ ਦੀ ਖੇਡ ਮਚਾਈ ਸੀ।

ਕਾਨ੍ਰਹ ਬਜਾਵਤ ਥੋ ਮੁਰਲੀ ਤਿਹ ਅਉਸਰ ਕੋ ਬਰਨਿਯੋ ਨਹਿ ਜਾਈ ॥

ਕਾਨ੍ਹ (ਉਸ ਵੇਲੇ) ਮੁਰਲੀ ਵਜਾਉਂਦਾ ਸੀ, ਉਸ ਅਵਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਫੂਲਿ ਰਹੇ ਤਹਿ ਫੂਲ ਭਲੇ ਪਿਖਿਯੋ ਜਿਹ ਰੀਝਿ ਰਹੈ ਸੁਰਰਾਈ ॥

(ਉਸ ਵੇਲੇ) ਚੰਗੇ ਫੁਲ ਖਿੜਦੇ ਸਨ, ਜਿਨ੍ਹਾਂ ਨੂੰ ਵੇਖ ਕੇ ਇੰਦਰ ਵੀ ਪ੍ਰਸੰਨ ਹੋ ਜਾਂਦਾ ਸੀ।

ਤਉਨ ਸਮੈ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੮॥

ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ (ਹੁਣ) ਦੁਖਦਾਇਕ ਹੋ ਗਈ ਹੈ ॥੮੭੮॥

ਸ੍ਯਾਮ ਚਿਤਾਰਿ ਸਭੈ ਤਹ ਗ੍ਵਾਰਨਿ ਸ੍ਯਾਮ ਕਹੈ ਜੁ ਹੁਤੀ ਬਡਭਾਗੀ ॥

(ਕਵੀ) ਸ਼ਿਆਮ ਕਹਿੰਦੇ ਹਨ, ਜੋ ਉਥੇ ਵਡਭਾਗਣਾਂ (ਗੋਪੀਆਂ) ਸਨ, ਉਹ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਯਾਦ ਕਰਦੀਆਂ ਹਨ।

ਤ੍ਯਾਗ ਦਈ ਸੁਧਿ ਅਉਰ ਸਭੈ ਹਰਿ ਬਾਤਨ ਕੇ ਰਸ ਭੀਤਰ ਪਾਗੀ ॥

(ਉਨ੍ਹਾਂ ਨੇ) ਹੋਰ ਸਾਰੀ ਸੁਧ ਛਡ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਦੇ ਰਸ ਵਿਚ ਭਿਜ ਗਈਆਂ ਹਨ।

ਏਕ ਗਿਰੀ ਧਰਿ ਹ੍ਵੈ ਬਿਸੁਧੀ ਇਕ ਪੈ ਕਰੁਨਾ ਹੀ ਬਿਖੈ ਅਨੁਰਾਗੀ ॥

ਇਕ (ਗੋਪੀ) ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ ਕਰੁਣਾ ਦੇ ਰਸ ਵਿਚ ਮਗਨ ਹੈ।

ਕੈ ਸੁਧਿ ਸ੍ਯਾਮ ਕੇ ਖੇਲਨ ਕੀ ਮਿਲ ਕੈ ਸਭ ਗ੍ਵਾਰਨਿ ਰੋਵਨ ਲਾਗੀ ॥੮੭੯॥

ਜਾਂ ਕ੍ਰਿਸ਼ਨ ਦੇ ਖੇਡਣ ਦੀ ਯਾਦ ਕਰ ਕੇ ਸਾਰੀਆਂ ਗੋਪੀਆਂ ਮਿਲ ਕੇ ਰੋਣ ਲਗ ਜਾਂਦੀਆਂ ਹਨ ॥੮੭੯॥

ਇਤਿ ਗੋਪੀਅਨ ਕੋ ਬ੍ਰਿਲਾਪ ਪੂਰਨੰ ॥

ਇਥੇ ਗੋਪੀਆਂ ਦੇ ਵਿਰਲਾਪ ਦਾ ਪ੍ਰਸੰਗ ਸਮਾਪਤ।

ਅਥ ਕਾਨ੍ਰਹ ਜੂ ਮੰਤ੍ਰ ਗਾਇਤ੍ਰੀ ਸੀਖਨ ਸਮੈ ॥

ਹੁਣ ਕ੍ਰਿਸ਼ਨ ਜੀ ਦੇ ਗਾਇਤ੍ਰੀ ਮੰਤਰ ਸਿਖਣ ਦੇ ਸਮੇਂ ਦਾ ਕਥਨ

ਸਵੈਯਾ ॥

ਸਵੈਯਾ:

ਉਤ ਤੇ ਇਹ ਗ੍ਵਾਰਨਿ ਕੀ ਭੀ ਦਸਾ ਇਤ ਕਾਨ੍ਰਹ ਕਥਾ ਭਈ ਤਾਹਿ ਸੁਨਾਊ ॥

ਉਧਰ ਗੋਪੀਆਂ ਦੀ ਇਹ ਹਾਲਤ ਹੋ ਗਈ ਹੈ ਅਤੇ ਇਧਰ (ਜੋ) ਕ੍ਰਿਸ਼ਨ ਦੀ ਕਥਾ ਹੋਈ, ਉਸ ਨੂੰ ਸੁਣਾਉਂਦਾ ਹਾਂ।

ਲੀਪ ਕੈ ਭੂਮਹਿ ਗੋਬਰ ਸੋ ਕਬਿ ਸ੍ਯਾਮ ਕਹੈ ਸਭ ਪੁਰੋਹਿਤ ਗਾਊ ॥

ਕਵੀ ਸ਼ਿਆਮ ਕਹਿੰਦੇ ਹਨ, (ਸਾਰੀ) ਧਰਤੀ ਨੂੰ ਗੋਹੇ ਨਾਲ ਲਿੰਬ ਕੇ ਪਿੰਡ ਦੇ ਸਾਰਿਆਂ ਪਰੋਹਿਤਾਂ ਨੂੰ ਬੁਲਾ ਲਿਆ।

ਕਾਨ੍ਰਹ ਬੈਠਾਇ ਕੈ ਸ੍ਯਾਮ ਕਹੈ ਕਬਿ ਪੈ ਗਰਗੈ ਸੁ ਪਵਿਤ੍ਰਹਿ ਠਾਊ ॥

ਕਵੀ ਸ਼ਿਆਮ ਕਹਿੰਦੇ ਹਨ, ਗਰਗ ਮੁਨੀ ਨੇ ਕ੍ਰਿਸ਼ਨ ਨੂੰ ਪਵਿਤਰ ਥਾਂ ਉਤੇ ਬਿਠਾ ਲਿਆ।

ਮੰਤ੍ਰ ਗਾਇਤ੍ਰੀ ਕੋ ਤਾਹਿ ਦਯੋ ਜੋਊ ਹੈ ਭੁਗੀਆ ਧਰਨੀਧਰ ਨਾਊ ॥੮੮੦॥

ਉਸ ਨੂੰ ਗਾਇਤ੍ਰੀ ਮੰਤਰ ਦਾ ਉਪਦੇਸ਼ ਦਿੱਤਾ, ਜਿਸ ਦਾ ਨਾਂ ਸਾਰੀ ਧਰਤੀ ਦਾ ਭੋਗ ਕਰਨ ਵਾਲਾ ਹੈ ॥੮੮੦॥

ਡਾਰਿ ਜਨੇਊ ਸੁ ਸ੍ਯਾਮਿ ਗਰੈ ਫਿਰ ਕੈ ਤਿਹ ਮੰਤ੍ਰ ਸੁ ਸ੍ਰਉਨ ਮੈ ਦੀਨੋ ॥

ਸ਼ਿਆਮ ਦੇ ਗਲੇ ਵਿਚ ਜਨੇਊ ਪਾ ਦਿੱਤਾ ਅਤੇ ਫਿਰ ਉਸ ਦੇ ਕੰਨਾਂ ਵਿਚ ਮੰਤਰ ਪਾ ਦਿੱਤਾ (ਅਰਥਾਤ ਸੁਣਾ ਦਿੱਤਾ)।

ਸੋ ਸੁਨਿ ਕੈ ਹਰਿ ਪਾਇ ਪਰਿਯੋ ਗਰਗੈ ਬਹੁ ਭਾਤਨ ਕੋ ਧਨ ਦੀਨੋ ॥

ਉਸ ਨੂੰ ਸੁਣ ਕੇ ਕ੍ਰਿਸ਼ਨ ਗਰਗ ਮੁਨੀ ਦੇ ਪੈਰੀਂ ਪੈ ਗਏ ਅਤੇ ਬਹੁਤ ਤਰ੍ਹਾਂ ਨਾਲ ਧਨ ਦਿੱਤਾ।

ਅਸ ਬਡੈ ਗਜਰਾਜ ਔ ਉਸਟ ਦਏ ਪਟ ਸੁੰਦਰ ਸਾਜ ਨਵੀਨੋ ॥

ਵੱਡੇ ਘੋੜੇ ਅਤੇ ਸ੍ਰੇਸ਼ਠ ਹਾਥੀ ਅਤੇ ਊਠ ਦਿੱਤੇ ਜੋ ਨਵੀਂ ਸਾਜ ਸਜਾਵਟ ਨਾਲ ਸ਼ਿੰਗਾਰੇ ਹੋਏ ਸਨ।

ਲਾਲ ਪਨੇ ਅਰੁ ਸਬਜ ਮਨੀ ਤਿਹ ਪਾਇ ਪੁਰੋਹਿਤ ਆਨੰਦ ਕੀਨੋ ॥੮੮੧॥

ਲਾਲ, ਪੰਨੇ ਅਤੇ ਫਿਰੋਜ਼ੇ (ਆਦਿਕ ਵਸਤੂਆਂ ਦੇ ਕੇ) ਪ੍ਰੇਮ ਨਾਲ ਆਨੰਦਿਤ ਹੋ ਕੇ (ਮੁਨੀ ਦੇ) ਪੈਰੀਂ ਪੈ ਗਏ ॥੮੮੧॥

ਮੰਤ੍ਰ ਪੁਰੋਹਿਤ ਦੈ ਹਰਿ ਕੋ ਧਨੁ ਲੈ ਬਹੁਤ ਮਨ ਮੈ ਸੁਖੁ ਪਾਯੋ ॥

ਕ੍ਰਿਸ਼ਨ ਨੂੰ ਮੰਤਰ ਦੇ ਕੇ ਪਰੋਹਿਤ ਨੇ (ਉਸ ਕੋਲੋਂ) ਬਹੁਤ ਸਾਰਾ ਧਨ ਲੈ ਕੇ ਸੁਖ ਪ੍ਰਾਪਤ ਕੀਤਾ।

ਤਿਆਗਿ ਸਬੈ ਦੁਖ ਕੋ ਤਬ ਹੀ ਅਤਿ ਹੀ ਮਨ ਆਨੰਦ ਬੀਚ ਬਢਾਯੋ ॥

ਤਦੋਂ ਸਾਰੇ ਦੁਖਾਂ ਨੂੰ ਤਿਆਗ ਕੇ ਮਨ ਵਿਚ ਅਤਿ ਅਧਿਕ ਆਨੰਦ ਵਧਾ ਲਿਆ।

ਸੋ ਧਨ ਪਾਇ ਤਹਾ ਤੇ ਚਲਿਯੋ ਚਲਿ ਕੈ ਅਪੁਨੇ ਗ੍ਰਿਹ ਭੀਤਰ ਆਯੋ ॥

ਉਹ ਧਨ ਪ੍ਰਾਪਤ ਕਰ ਕੇ ਉਥੋਂ ਚਲਿਆ ਅਤੇ ਚਲ ਕੇ ਆਪਣੇ ਘਰ ਆ ਗਿਆ।

ਸੋ ਸੁਨਿ ਮਿਤ੍ਰ ਪ੍ਰਸੰਨਿ ਭਏ ਗ੍ਰਿਹ ਤੇ ਸਭ ਦਾਰਿਦ ਦੂਰ ਪਰਾਯੋ ॥੮੮੨॥

ਇਸ (ਦਾਨ ਦੀ ਗੱਲ) ਸੁਣ ਕੇ ਮਿੱਤਰ ਪ੍ਰਸੰਨ ਹੋਏ ਅਤੇ ਘਰ ਵਿਚੋਂ ਸਾਰੀ ਨਿਰਧਨਤਾ ਦੂਰ ਹੋ ਗਈ ॥੮੮੨॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸ੍ਰੀ ਕ੍ਰਿਸਨਿ ਜੂ ਕੋ ਗਾਇਤ੍ਰੀ ਮੰਤ੍ਰ ਸਿਖਾਇ ਜਗ੍ਰਯੋਪਵੀਤ ਗਰੇ ਡਾਰਾ ਧਿਆਇ ਸਮਾਪਤਮ ਸਤੁ ਸੁਭਮ ਸਤੁ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਸ੍ਰੀ ਕ੍ਰਿਸ਼ਨ ਨੂੰ ਗਾਇਤ੍ਰੀ ਮੰਤਰ ਸਿਖਾ ਕੇ ਜਨੇਊ ਗਲੇ ਵਿਚ ਪਾਣ ਦਾ ਅਧਿਆਇ ਸਮਾਪਤ। ਸਭ ਸ਼ੁਭ ਹੈ।

ਅਥ ਉਗ੍ਰਸੈਨ ਕੋ ਰਾਜ ਦੀਬੋ ॥

ਹੁਣ ਉਗ੍ਰਸੈਨ ਨੂੰ ਰਾਜ ਦੇਣ ਦਾ ਕਥਨ:

ਸਵੈਯਾ ॥

ਸਵੈਯਾ:

ਮੰਤ੍ਰ ਪੁਰੋਹਿਤ ਤੇ ਹਰਿ ਲੈ ਅਪੁਨੇ ਰਿਪੁ ਕੋ ਫਿਰਿ ਤਾਤ ਛਡਾਯੋ ॥

(ਗਰਗ ਨਾਂ ਦੇ) ਪੁਰੋਹਿਤ ਤੋਂ ਮੰਤਰ ਲੈ ਕੇ ਕ੍ਰਿਸ਼ਨ ਨੇ ਫਿਰ ਆਪਣੇ ਵੈਰੀ (ਕੰਸ) ਦੇ ਪਿਤਾ ਨੂੰ ਮੁਕਤ ਕਰਾਇਆ।

ਛੂਟਤ ਸੋ ਹਰਿ ਰੂਪੁ ਨਿਹਾਰ ਕੈ ਆਇ ਕੈ ਪਾਇਨ ਸੀਸ ਝੁਕਾਯੋ ॥

ਮੁਕਤ ਹੁੰਦਿਆਂ ਹੀ ਉਸ ਨੇ ਸ੍ਰੀ ਕ੍ਰਿਸ਼ਨ ਦਾ ਰੂਪ ਵੇਖ ਕੇ ਅਤੇ ਆ ਕੇ ਚਰਨਾਂ ਉਤੇ ਸਿਰ ਝੁਕਾ ਦਿੱਤਾ।

ਰਾਜੁ ਕਹਿਯੋ ਹਰਿ ਕੋ ਤੁਮ ਲੇਹੁ ਜੂ ਸੋ ਨ੍ਰਿਪ ਕੈ ਜਦੁਰਾਇ ਬੈਠਾਯੋ ॥

(ਉਗ੍ਰਸੈਨ ਨੇ) ਕਿਹਾ ਕਿ ਹੇ ਕ੍ਰਿਸ਼ਨ ਜੀ! ਤੁਸੀਂ ਰਾਜ ਲੈ ਲਵੋ, (ਪਰ) ਸ੍ਰੀ ਕ੍ਰਿਸ਼ਨ ਨੇ ਉਸ ਨੂੰ ਰਾਜਾ ਬਣਾ ਕੇ (ਸਿੰਘਾਸਨ ਉਤੇ) ਬਿਠਾ ਦਿੱਤਾ।

ਆਨੰਦ ਭਯੋ ਜਗ ਮੈ ਜਸੁ ਭਯੋ ਹਰਿ ਸੰਤਨ ਕੋ ਦੁਖੁ ਦੂਰਿ ਪਰਾਯੋ ॥੮੮੩॥

(ਹਰ ਪਾਸੇ) ਖ਼ੁਸ਼ੀ ਪਸਰ ਗਈ, ਜਗਤ ਵਿਚ ਸ੍ਰੀ ਕ੍ਰਿਸ਼ਨ ਦਾ ਯਸ਼ ਪਸਰ ਗਿਆ ਅਤੇ ਸੰਤਾਂ ਦੇ ਦੁਖ ਦੂਰ ਹੋ ਗਏ ॥੮੮੩॥

ਕਾਨ੍ਰਹ ਜਬੈ ਰਿਪੁ ਕੋ ਬਧ ਕੈ ਰਿਪੁ ਤਾਤ ਕੋ ਰਾਜੁ ਕਿਧੋ ਫਿਰਿ ਦੀਨੋ ॥

ਕ੍ਰਿਸ਼ਨ ਨੇ ਜਦ ਵੈਰੀ (ਕੰਸ) ਨੂੰ ਮਾਰ ਕੇ ਵੈਰੀ ਦੇ ਪਿਤਾ (ਉਗ੍ਰਸੈਨ) ਨੂੰ ਉਸ ਵੇਲੇ ਰਾਜ ਮੋੜ ਦਿੱਤਾ।

ਦੇਤ ਉਦਾਰ ਸੁ ਜਿਉ ਦਮਰੀ ਤਿਹ ਕੋ ਇਮ ਕੈ ਫੁਨਿ ਰੰਚ ਨ ਲੀਨੋ ॥

ਜਿਵੇਂ ਕੋਈ ਵੱਡਾ ਉਦਾਰ (ਪੁਰਸ਼) ਕਿਸੇ ਨੂੰ ਦਮੜੀ ਦੇ ਦਿੰਦਾ ਹੈ (ਅਤੇ ਦੇ ਕੇ ਲਜਿਤ ਹੁੰਦਾ ਹੈ) ਉਸ ਨੂੰ ਇਸ ਤਰ੍ਹਾਂ ਦੇ ਕੇ ਫਿਰ ਜ਼ਰਾ ਜਿੰਨਾ ਵੀ ਕੁਝ ਨਾ ਲਿਆ।

ਮਾਰ ਕੈ ਸਤ੍ਰ ਅਭੇਖ ਕਰੇ ਸੁ ਦੀਯੋ ਸਭ ਸੰਤਨ ਕੇ ਸੁਖ ਜੀ ਨੋ ॥

ਵੈਰੀਆਂ ਨੂੰ ਮਾਰ ਕੇ ਉਨ੍ਹਾਂ ਦੀ ਹੋਂਦ ਖ਼ਤਮ ਕਰ ਦਿੱਤੀ ਅਤੇ ਸਾਰੇ ਸੰਤਾਂ ਦੇ ਹਿਰਦੇ ਨੂੰ ਸੁਖ ਦਿੱਤਾ।

ਅਸਤ੍ਰਨਿ ਕੀ ਬਿਧਿ ਸੀਖਨ ਕੋ ਕਬਿ ਸ੍ਯਾਮ ਹਲੀ ਮੁਸਲੀ ਮਨ ਕੀਨੋ ॥੮੮੪॥

ਕਵੀ ਸ਼ਿਆਮ (ਕਹਿੰਦੇ ਹਨ) (ਇਸ ਪਿਛੋਂ) ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਅਸਤ੍ਰਾਂ ਦੀ ਸਿਖਿਆ ਲੈਣ ਲਈ ਮਨ ਬਣਾਇਆ ॥੮੮੪॥

ਇਤਿ ਰਾਜਾ ਉਗ੍ਰਸੈਨ ਕੋ ਰਾਜ ਦੀਬੋ ਧਿਆਇ ਸੰਪੂਰਨੰ ॥

ਇਥੇ ਰਾਜਾ ਉਗ੍ਰਸੈਨ ਨੂੰ ਰਾਜ ਦੇਣ ਦਾ ਅਧਿਆਇ ਸਮਾਪਤ।

ਅਥ ਧਨੁਖ ਬਿਦਿਆ ਸੀਖਨ ਸੰਦੀਪਨ ਪੈ ਚਲੇ ॥

ਹੁਣ ਧਨੁਸ਼ ਵਿਦਿਆ ਸਿਖਣ ਲਈ ਸੰਦੀਪਨ ਕੋਲ ਗਏ ਦਾ ਕਥਨ

ਸਵੈਯਾ ॥

ਸਵੈਯਾ:

ਆਇਸ ਪਾਇ ਪਿਤਾ ਤੇ ਦੋਊ ਧਨੁ ਸੀਖਨ ਕੀ ਬਿਧਿ ਕਾਜ ਚਲੇ ॥

ਪਿਤਾ ਦੀ ਆਗਿਆ ਪ੍ਰਾਪਤ ਕਰ ਕੇ ਦੋਵੇਂ (ਭਰਾ) ਧਨੁਸ਼ ਚਲਾਉਣ ਦੀ ਵਿਧੀ ਨੂੰ ਸਿਖਣ ਲਈ ਚਲ ਪਏ।

ਜਿਨ ਕੇ ਮੁਖਿ ਕੀ ਸਮ ਚੰਦ੍ਰ ਪ੍ਰਭਾ ਜੋਊ ਬੀਰਨ ਤੇ ਬਰਬੀਰ ਭਲੇ ॥

ਜਿਨ੍ਹਾਂ ਦੇ ਮੁਖ ਦੀ ਸੁੰਦਰਤਾ ਚੰਦ੍ਰਮਾ ਦੇ ਸਮਾਨ ਹੈ ਅਤੇ ਜੋ ਯੋਧਿਆਂ ਵਿਚੋਂ ਬਲਵਾਨ ਯੋਧੇ ਹਨ।

ਗੁਰ ਪਾਸਿ ਸੰਦੀਪਨ ਕੇ ਤਬ ਹੀ ਦਿਨ ਥੋਰਨਿ ਮੈ ਭਏ ਜਾਇ ਖਲੇ ॥

ਤਦ ਥੋੜੇ ਹੀ ਦਿਨਾਂ ਵਿਚ ਸੰਦੀਪਨ ਗੁਰੂ ਪਾਸ ਜਾ ਖਲੋਤੇ।

ਜਿਨਹੂੰ ਕੁਪਿ ਕੈ ਮੁਰ ਨਾਮ ਮਰਯੋ ਜਿਨ ਹੂੰ ਛਲ ਸੋ ਬਲਿ ਰਾਜ ਛਲੇ ॥੮੮੫॥

ਜਿਸ ਨੇ ਕ੍ਰੋਧਿਤ ਹੋ ਕੇ 'ਮੁਰ' ਨਾਂ ਦੇ (ਰਾਖਸ਼ ਨੂੰ) ਮਾਰਿਆ ਸੀ ਅਤੇ ਜਿਸ ਨੇ ਛਲ ਨਾਲ ਬਲਿ ਰਾਜੇ ਨੂੰ ਛਲਿਆ ਸੀ (ਉਹ ਧਨੁਸ਼ ਵਿਦਿਆ ਸਿਖਣ ਲਗਾ ਹੈ) ॥੮੮੫॥

ਚਉਸਠ ਦਿਵਸ ਮੈ ਸ੍ਯਾਮ ਕਹੈ ਸਭ ਹੀ ਤਿਹ ਤੇ ਬਿਧਿ ਸੀਖ ਸੁ ਲੀਨੀ ॥

(ਕਵੀ) ਸ਼ਿਆਮ ਕਹਿੰਦੇ ਹਨ, ਚੌਂਹਠ ਦਿਨਾਂ ਵਿਚ ਹੀ ਉਸ ਕੋਲੋਂ ਸਾਰੀ ਵਿਧੀ ਸਿਖ ਲਈ।