ਸ਼੍ਰੀ ਦਸਮ ਗ੍ਰੰਥ

ਅੰਗ - 1198


ਨ ਹਰਿ ਮਿਲਾ ਨ ਧਨ ਭਯੋ ਬ੍ਰਿਥਾ ਭਈ ਸਭ ਸੇਵ ॥੭੯॥

ਨਾ ਪਰਮਾਤਮਾ ਮਿਲਦਾ ਹੈ ਅਤੇ ਨਾ ਹੀ ਧਨਵਾਨ ਹੁੰਦਾ ਹੈ। ਸਾਰੀ ਸੇਵਾ ਵਿਅਰਥ ਹੋ ਜਾਂਦੀ ਹੈ ॥੭੯॥

ਅੜਿਲ ॥

ਅੜਿਲ:

ਏ ਬਿਦ੍ਯਾ ਬਲ ਕਰਹਿ ਜੋਗ ਕੀ ਬਾਤ ਨ ਜਾਨੈ ॥

ਇਹ ਵਿਦਿਆ ਦੇ ਬਲ ਤੇ ਗੱਲ ਕਰਦੇ ਹਨ, ਪਰ ਯੋਗ ਦੀ ਗੱਲ ਨੂੰ ਨਹੀਂ ਜਾਣਦੇ।

ਏ ਸੁਚੇਤ ਕਰਿ ਰਹਹਿ ਹਮਨਿ ਆਚੇਤ ਪ੍ਰਮਾਨੈ ॥

ਇਹ (ਆਪਣੇ ਆਪ ਨੂੰ) ਸੂਝਵਾਨ ਸਮਝਦੇ ਹਨ ਅਤੇ ਸਾਨੂੰ ਮੂਰਖ ਦਸਦੇ ਹਨ।

ਕਹਾ ਭਯੌ ਜੌ ਭਾਗ ਭੂਲਿ ਭੌਂਦੂ ਨਹਿ ਖਾਈ ॥

ਕੀ ਹੋਇਆ ਜੋ ਮੂਰਖ ਨੇ ਭੁਲ ਕੇ ਵੀ ਭੰਗ ਨਹੀਂ ਖਾਈ।

ਹੋ ਨਿਜੁ ਤਨ ਤੇ ਬਿਸੰਭਾਰ ਰਹਤ ਸਭ ਲਖਤ ਲੁਕਾਈ ॥੮੦॥

ਪਰ ਸਾਰੇ ਜਾਣਦੇ ਹਨ ਕਿ ਉਹ ਆਪਣੇ ਸ਼ਰੀਰ ਤੋਂ ਵੀ ਬੇਸੁਰਤ ਰਹਿੰਦੇ ਹਨ ॥੮੦॥

ਭਾਗ ਖਾਇ ਭਟ ਭਿੜਹਿ ਗਜਨ ਕੇ ਦਾਤ ਉਪਾਰਹਿ ॥

ਭੰਗ ਖਾ ਕੇ ਸੂਰਮੇ ਲੜਦੇ ਹਨ ਅਤੇ ਹਾਥੀਆਂ ਤਕ ਦੇ ਦੰਦ ਉਖਾੜ ਦਿੰਦੇ ਹਨ।

ਸਿਮਟਿ ਸਾਗ ਸੰਗ੍ਰਹਹਿ ਸਾਰ ਸਨਮੁਖ ਹ੍ਵੈ ਝਾਰਹਿ ॥

ਉਹ ਬਰਛੇ ਨੂੰ ਘੁਟ ਕੇ ਫੜਦੇ ਹਨ ਅਤੇ (ਵੈਰੀ ਦੇ) ਸਾਹਮਣੇ ਹਥਿਆਰ ('ਸਾਰ' ਲੋਹਾ) ਚਲਾਉਂਦੇ ਹਨ।

ਤੈ ਮੂਜੀ ਪੀ ਭਾਗ ਕਹੋ ਕਾ ਕਾਜ ਸਵਰਿ ਹੈਂ ॥

ਹੇ ਮੂਰਖ! ਤੂੰ ਭੰਗ ਪੀ ਕੇ ਦਸ ਕੀ ਕੰਮ ਸੰਵਾਰੇਂਗਾ।

ਹੋ ਹ੍ਵੈ ਕੈ ਮ੍ਰਿਤਕ ਸਮਾਨ ਜਾਇ ਔਧੇ ਮੁਖ ਪਰਿ ਹੈਂ ॥੮੧॥

ਮ੍ਰਿਤਕ ਵਾਂਗ ਹੋ ਕੇ ਮੂਧੇ ਮੂੰਹ ਡਿਗੇਂਗਾ ॥੮੧॥

ਭੁਜੰਗ ਛੰਦ ॥

ਭੁਜੰਗ ਛੰਦ:

ਸੁਨੋ ਮਿਸ੍ਰ ਸਿਛਾ ਇਨੀ ਕੋ ਸੁ ਦੀਜੈ ॥

ਹੇ ਬ੍ਰਾਹਮਣ! ਸੁਣੋ, (ਤੁਸੀਂ) ਸਿਖਿਆ ਇਨ੍ਹਾਂ (ਮੂਰਖਾਂ) ਨੂੰ ਹੀ ਦਿਓ।

ਮਹਾ ਝੂਠ ਤੇ ਰਾਖਿ ਕੈ ਮੋਹਿ ਲੀਜੈ ॥

ਮੈਨੂੰ ਇਸ ਮਹਾ ਝੂਠ ਤੋਂ ਬਚਾ ਲਵੋ।

ਇਤੋ ਝੂਠ ਕੈ ਔਰ ਨੀਕੋ ਦ੍ਰਿੜਾਵੌ ॥

ਇਸ ਝੂਠ ਨੂੰ ਕਿਸੇ ਹੋਰ ਢੰਗ ਨਾਲ ਦ੍ਰਿੜ੍ਹ ਕਰਾਓ

ਕਹਾ ਚਾਮ ਕੇ ਦਾਮ ਕੈ ਕੈ ਚਲਾਵੌ ॥੮੨॥

ਅਤੇ ਚੰਮ ਦੇ ਦੰਮ ਕਹਿ ਕੇ ਚਲਾਓ ॥੮੨॥

ਮਹਾ ਘੋਰ ਈ ਨਰਕ ਕੇ ਬੀਚ ਜੈ ਹੌ ॥

(ਤੁਸੀਂ) ਮਹਾ ਘੋਰ ਨਰਕ ਵਿਚ ਜਾਓਗੇ।

ਕਿ ਚੰਡਾਲ ਕੀ ਜੋਨਿ ਮੈ ਔਤਰੈ ਹੌ ॥

ਜਾਂ ਚੰਡਾਲ ਦੀ ਜੂਨ ਵਿਚ ਜਨਮ ਧਾਰਨ ਕਰੋਗੇ।

ਕਿ ਟਾਗੇ ਮਰੋਗੇ ਬਧੇ ਮ੍ਰਿਤਸਾਲਾ ॥

ਜਾਂ (ਤੁਸੀਂ) ਪੁਠੇ ਟੰਗੇ ਹੋਏ ਮੁਰਦਾ ਘਰ ਵਿਚ ਮਾਰੇ ਜਾਓਗੇ

ਸਨੈ ਬੰਧੁ ਪੁਤ੍ਰਾ ਕਲਤ੍ਰਾਨ ਬਾਲਾ ॥੮੩॥

ਭਰਾ, ਪੁੱਤਰ, ਪਤਨੀ, ਪੁੱਤਰੀ ਸਮੇਤ ॥੮੩॥

ਕਹੋ ਮਿਸ੍ਰ ਆਗੇ ਕਹਾ ਜ੍ਵਾਬ ਦੈਹੋ ॥

ਹੇ ਬ੍ਰਾਹਮਣ! ਦਸੋ, ਅਗੇ ਕੀ ਜਵਾਬ ਦਿਓਗੇ,

ਜਬੈ ਕਾਲ ਕੇ ਜਾਲ ਮੈ ਫਾਸਿ ਜੈਹੋ ॥

ਜਦੋਂ ਕਾਲ ਦੇ ਜਾਲ ਵਿਚ ਫਸ ਜਾਓਗੇ।

ਕਹੋ ਕੌਨ ਸੋ ਪਾਠ ਕੈਹੋ ਤਹਾ ਹੀ ॥

ਦਸੋ, ਉਥੇ ਕਿਹੜਾ ਪਾਠ ਕਰੋਗੇ।

ਤਊ ਲਿੰਗ ਪੂਜਾ ਕਰੌਗੇ ਉਹਾ ਹੀ ॥੮੪॥

ਕੀ ਉਥੇ ਵੀ ਤੁਸੀਂ ਲਿੰਗ ਦੀ ਪੂਜਾ ਕਰੋਗੇ ॥੮੪॥

ਤਹਾ ਰੁਦ੍ਰ ਐ ਹੈ ਕਿ ਸ੍ਰੀ ਕ੍ਰਿਸਨ ਐ ਹੈ ॥

ਉਥੇ ਰੁਦ੍ਰ ਆਵੇਗਾ ਜਾਂ ਸ੍ਰੀ ਕ੍ਰਿਸ਼ਨ ਆਵੇਗਾ,

ਜਹਾ ਬਾਧਿ ਸ੍ਰੀ ਕਾਲ ਤੋ ਕੌ ਚਲੇ ਹੈ ॥

ਜਿਥੇ ਕਾਲ ਬੰਨ੍ਹ ਕੇ ਤੁਹਾਨੂੰ ਲੈ ਕੇ ਜਾਵੇਗਾ।

ਕਿਧੌ ਆਨਿ ਕੈ ਰਾਮ ਹ੍ਵੈ ਹੈ ਸਹਾਈ ॥

ਕੀ ਉਥੇ ਤੁਹਾਡੀ ਰਾਮ ਆ ਕੇ ਮੱਦਦ ਕਰੇਗਾ?

ਜਹਾ ਪੁਤ੍ਰ ਮਾਤਾ ਨ ਤਾਤਾ ਨ ਭਾਈ ॥੮੫॥

ਜਿਥੇ ਪੁੱਤਰ, ਮਾਤਾ, ਪਿਤਾ ਅਤੇ ਭਰਾ (ਤੁਹਾਡੇ ਨਾਲ) ਨਹੀਂ ਹੋਣਗੇ ॥੮੫॥

ਮਹਾ ਕਾਲ ਜੂ ਕੋ ਸਦਾ ਸੀਸ ਨ੍ਰਯੈਯੈ ॥

(ਇਸ ਲਈ) ਸਦਾ ਮਹਾ ਕਾਲ ਨੂੰ ਸੀਸ ਨਿਵਾਉਂਣਾ ਚਾਹੀਦਾ ਹੈ

ਪੁਰੀ ਚੌਦਹੂੰ ਤ੍ਰਾਸ ਜਾ ਕੋ ਤ੍ਰਸੈਯੈ ॥

ਜਿਸ ਦੇ ਡਰ ਤੋਂ ਚੌਦਾਂ ਪੁਰੀਆਂ ਡਰਦੀਆਂ ਹਨ।

ਸਦਾ ਆਨਿ ਜਾ ਕੀ ਸਭੈ ਜੀਵ ਮਾਨੈ ॥

ਜਿਸ ਦੀ ਪ੍ਰਭੁਤਾ ਸਾਰੇ ਜੀਵ ਮੰਨਦੇ ਹਨ

ਸਭੈ ਲੋਕ ਖ੍ਰਯਾਤਾ ਬਿਧਾਤਾ ਪਛਾਨੈ ॥੮੬॥

ਅਤੇ ਜਿਸ ਨੂੰ ਸਾਰੇ ਲੋਕ ਵਿਧਾਤਾ ਵਜੋਂ ਪਛਾਣਦੇ ਹਨ ॥੮੬॥

ਨਹੀ ਜਾਨਿ ਜਾਈ ਕਛੂ ਰੂਪ ਰੇਖਾ ॥

ਜਿਸ ਦੀ ਕੁਝ ਵੀ ਰੂਪ-ਰੇਖਾ ਜਾਣੀ ਨਹੀਂ ਜਾ ਸਕਦੀ।

ਕਹਾ ਬਾਸ ਤਾ ਕੋ ਫਿਰੈ ਕੌਨ ਭੇਖਾ ॥

ਉਸ ਦਾ ਵਾਸ ਕਿਥੇ ਹੈ ਅਤੇ ਕਿਸ ਭੇਸ ਵਿਚ ਫਿਰਦਾ ਹੈ।

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥

ਉਸ ਦਾ ਕੀ ਨਾਂ ਹੈ ਅਤੇ ਕਿਥੋਂ ਦਾ ਅਖਵਾਉਂਦਾ ਹੈ।

ਕਹਾ ਕੈ ਬਖਾਨੋ ਕਹੇ ਮੋ ਨ ਆਵੈ ॥੮੭॥

ਕਿਥੋਂ ਤਕ ਉਸ ਦਾ ਬਖਾਨ ਕਰਾਂ, ਕਥਨ ਵਿਚ ਨਹੀਂ ਆਉਂਦਾ ॥੮੭॥

ਨ ਤਾ ਕੋ ਕੋਊ ਤਾਤ ਮਾਤਾ ਨ ਭਾਈ ॥

ਉਸ ਦਾ ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਭਰਾ,

ਨ ਪੁਤ੍ਰਾ ਨ ਪੋਤ੍ਰਾ ਨ ਦਾਯਾ ਨ ਦਾਈ ॥

ਨਾ ਪੁੱਤਰ, ਨਾ ਪੋਤਰਾ ਅਤੇ ਨਾ ਹੀ ਕੋਈ ਦਾਇਆ ਅਤੇ ਨਾ ਦਾਈ ਹੈ।

ਕਛੂ ਸੰਗ ਸੈਨਾ ਨ ਤਾ ਕੋ ਸੁਹਾਵੈ ॥

ਉਸ ਦੇ ਨਾਲ ਕੋਈ ਵੀ ਸੈਨਾ ਨਹੀਂ ਸ਼ੋਭਦੀ।

ਕਹੈ ਸਤਿ ਸੋਈ ਕਰੈ ਸੋ ਬਨ੍ਯਾਵੈ ॥੮੮॥

ਉਹ ਸਤਿ ਕਹਿੰਦਾ ਹੈ ਅਤੇ ਉਹੀ ਕਰਦਾ ਹੈ ਜੋ ਬਣਦਾ ਸਰਦਾ ਹੈ ॥੮੮॥

ਕਈਊ ਸਵਾਰੈ ਕਈਊ ਖਪਾਵੈ ॥

(ਉਸ ਨੇ) ਕਈਆਂ ਨੂੰ ਸੰਵਾਰਿਆ ਹੈ ਅਤੇ ਕਈਆ ਨੂੰ ਖਪਾ ਦਿੱਤਾ ਹੈ।

ਉਸਾਰੇ ਗੜੇ ਫੇਰਿ ਮੇਟੈ ਬਨਾਵੈ ॥

(ਕਈਆਂ ਨੂੰ) ਉਸਾਰਿਆ ਹੈ, ਘੜਿਆ ਹੈ, ਫਿਰ ਮਿਟਾਇਆ ਹੈ ਅਤੇ ਬਣਾਇਆ ਹੈ।

ਘਨੀ ਬਾਰ ਲੌ ਪੰਥ ਚਾਰੋ ਭ੍ਰਮਾਨਾ ॥

(ਉਹ) ਅਨੇਕ ਵਾਰ ਚੌਹਾਂ ਪਾਸੇ ਘੁੰਮਦਾ ਹੈ।

ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ ॥੮੯॥

ਮਹਾ ਕਾਲ ਨੂੰ ਗੁਰੂ ਰੂਪ ਵਿਚ ਪਛਾਣਿਆ ਜਾਂਦਾ ਹੈ ॥੮੯॥

ਮੁਰੀਦ ਹੈ ਉਸੀ ਕੀ ਵਹੈ ਪੀਰ ਮੇਰੋ ॥

(ਮੈਂ) ਉਸੇ ਦੀ ਮੁਰੀਦ ਹਾਂ ਅਤੇ ਉਹੀ ਮੇਰਾ ਪੀਰ ਹੈ।

ਉਸੀ ਕਾ ਕਿਯਾ ਆਪਨਾ ਜੀਵ ਚੇਰੋ ॥

ਉਸੇ ਦਾ ਹੀ (ਮੈਂ) ਆਪਣੇ ਜੀ ਨੂੰ ਚੇਲਾ ਬਣਾਇਆ ਹੋਇਆ ਹੈ।

ਤਿਸੀ ਕਾ ਕੀਆ ਬਾਲਕਾ ਮੈ ਕਹਾਵੌ ॥

ਉਸੇ ਦੀ ਕੀਤੀ ਹੋਈ ਮੈਂ ਬਾਲਕਾ ਅਖਵਾਉਂਦੀ ਹਾਂ।

ਉਹੀ ਮੋਹਿ ਰਾਖਾ ਉਸੀ ਕੋ ਧਿਆਵੌ ॥੯੦॥

ਉਹੀ ਮੇਰਾ ਰਾਖਾ ਹੈ ਅਤੇ ਉਸੇ ਦੀ ਮੈਂ ਆਰਾਧਨਾ ਕਰਦੀ ਹਾਂ ॥੯੦॥

ਚੌਪਈ ॥

ਚੌਪਈ: