ਸ਼੍ਰੀ ਦਸਮ ਗ੍ਰੰਥ

ਅੰਗ - 360


ਕਾਨ੍ਰਹ ਛੁਹਿਯੋ ਚਹੈ ਗ੍ਵਾਰਿਨ ਕੌ ਸੋਊ ਭਾਗ ਚਲੈ ਨਹੀ ਦੇਤ ਛੁਹਾਈ ॥

ਕ੍ਰਿਸ਼ਨ (ਉਨ੍ਹਾਂ) ਗੋਪੀਆਂ ਨੂੰ ਛੋਹਣਾ ਚਾਹੁੰਦਾ ਹੈ, (ਪਰ) ਉਹ ਭਜ ਜਾਂਦੀਆਂ ਹਨ ਅਤੇ ਛੋਹਣ ਨਹੀਂ ਦਿੰਦੀਆਂ।

ਜਿਉ ਮ੍ਰਿਗਨੀ ਅਪਨੇ ਪਤਿ ਕੋ ਰਤਿ ਕੇਲ ਸਮੈ ਨਹੀ ਦੇਤ ਮਿਲਾਈ ॥

ਜਿਵੇਂ ਹਿਰਨੀ ਆਪਣੇ ਪਤੀ ਨੂੰ ਪ੍ਰੇਮ-ਕ੍ਰੀੜਾ ਵੇਲੇ ਨੇੜੇ ਨਹੀਂ ਲਗਣ ਦਿੰਦੀ।

ਕੁੰਜਨ ਭੀਤਰ ਤੀਰ ਨਦੀ ਬ੍ਰਿਖਭਾਨ ਸੁਤਾ ਸੁ ਫਿਰੈ ਤਹ ਧਾਈ ॥

ਨਦੀ ਦੇ ਕੰਢੇ ਕੁੰਜ ਗਲੀਆਂ ਅੰਦਰ ਰਾਧਾ ਭਜੀ ਫਿਰਦੀ ਹੈ।

ਠਉਰ ਤਹਾ ਕਬਿ ਸ੍ਯਾਮ ਕਹੈ ਇਹ ਭਾਤਿ ਸੋ ਸ੍ਯਾਮ ਜੂ ਖੇਲ ਮਚਾਈ ॥੬੫੮॥

ਕਵੀ ਸ਼ਿਆਮ ਕਹਿੰਦੇ ਹਨ, ਉਸ ਥਾਂ ਉਤੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦੀ ਖੇਡ ਮਚਾਈ ਹੋਈ ਹੈ ॥੬੫੮॥

ਰਾਤਿ ਕਰੀ ਛਠ ਮਾਸਨ ਕੀ ਅਤਿ ਉਜਲ ਪੈ ਸੋਊ ਅਰਧ ਅੰਧੇਰੀ ॥

(ਸ੍ਰੀ ਕ੍ਰਿਸ਼ਨ ਨੇ ਉਹ) ਰਾਤ ਛੇ ਮਹੀਨਿਆਂ ਦੀ ਕਰ ਦਿੱਤੀ, ਜਿਹੜੀ ਬਹੁਤ ਸਾਫ ਸੀ ਉਸ ਨੂੰ ਅਧੀ ਕੁ ਹਨ੍ਹੇਰੀ ਕਰ ਦਿੱਤਾ।

ਤਾਹੀ ਸਮੈ ਤਿਹ ਠਉਰ ਬਿਖੈ ਕਬਿ ਸ੍ਯਾਮ ਸਭੈ ਹਰਿ ਗ੍ਵਾਰਿਨ ਘੇਰੀ ॥

ਕਵੀ ਸ਼ਿਆਮ (ਕਹਿੰਦੇ ਹਨ) ਉਸ ਸਮੇਂ, ਉਸ ਸਥਾਨ ਉਤੇ ਕ੍ਰਿਸ਼ਨ ਨੇ ਗੋਪੀਆਂ ਨੂੰ ਘੇਰ ਲਿਆ।

ਨੈਨ ਕੀ ਕੋਰ ਕਟਾਛਨ ਪੇਖਤ ਝੂਮਿ ਗਿਰੀ ਇਕ ਹ੍ਵੈ ਗਈ ਚੇਰੀ ॥

ਅੱਖਾਂ ਦੀਆਂ ਨੁਕਰਾਂ ਦੇ ਸੰਕੇਤਾਂ ਨਾਲ ਵੇਖਣ 'ਤੇ (ਉਹ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਈਆਂ ਅਤੇ (ਕਈ) ਇਕ ਦਾਸੀਆਂ ਹੋ ਗਈਆਂ।

ਯੌ ਉਪਜੀ ਉਪਮਾ ਜੀਯ ਮੈ ਸਰ ਸੋ ਮ੍ਰਿਗਨੀ ਜਿਮ ਘਾਵਤ ਹੇਰੀ ॥੬੫੯॥

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਜਿਵੇਂ ਅਹੇੜੀ ਦੇ ਤੀਰ ਨਾਲ ਘਾਇਲ ਹਿਰਨੀ ਹੁੰਦੀ ਹੈ ॥੬੫੯॥

ਫੇਰ ਉਠੈ ਉਠਤੇ ਹੀ ਭਗੈ ਜਦੁਰਾ ਕੌ ਨ ਗ੍ਵਾਰਿਨ ਦੇਤ ਮਿਲਾਈ ॥

(ਉਹ) ਗੋਪੀ ਫਿਰ ਉਠਦੀ ਹੈ ਅਤੇ ਉਠਦਿਆਂ ਹੀ ਭਜ ਪੈਂਦੀ ਹੈ ਅਤੇ ਕ੍ਰਿਸ਼ਨ ਨੂੰ ਮਿਲਾਈ ਨਹੀਂ ਦਿੰਦੀ।

ਪਾਛੈ ਪਰੈ ਤਿਨ ਕੇ ਹਰਿ ਜੂ ਚੜਿ ਕੈ ਰਸ ਕੈ ਹਯ ਊਪਰ ਧਾਈ ॥

(ਪਰ) ਕ੍ਰਿਸ਼ਨ ਜੀ ਉਸ ਦੇ ਪਿਛੇ ਪੈ ਜਾਂਦੇ ਹਨ ਜੋ (ਪ੍ਰੇਮ) ਰਸ ਦੇ ਘੋੜੇ ਉਤੇ ਸਵਾਰ ਹੋ ਕੇ ਭਜੇ ਫਿਰਦੇ ਹਨ।

ਰਾਧੇ ਕੋ ਨੈਨਨ ਕੇ ਸਰ ਸੰਗ ਬਧੈ ਮਨੋ ਭਉਹ ਕਮਾਨ ਚੜਾਈ ॥

ਰਾਧਾ ਨੂੰ (ਕ੍ਰਿਸ਼ਨ ਨੇ) ਨੈਣਾਂ ਦੇ ਬਾਣਾਂ ਨਾਲ ਵਿੰਨ੍ਹ ਦਿੱਤਾ ਹੈ, ਮਾਨੋ ਭੌਆਂ ਦੀ ਕਮਾਨ ਕਸੀ ਹੋਈ ਹੈ।

ਝੂਮਿ ਗਿਰੈ ਧਰਨੀ ਪਰ ਸੋ ਮ੍ਰਿਗਨੀ ਮ੍ਰਿਗਹਾ ਮਨੋ ਮਾਰਿ ਗਿਰਾਈ ॥੬੬੦॥

ਉਹ ਧਰਤੀ ਉਤੇ ਘੁਮੇਰੀ ਖਾ ਕੇ ਇਸ ਤਰ੍ਹਾਂ ਡਿਗ ਪਈ, ਮਾਨੋ ਸ਼ਿਕਾਰੀ ਨੇ ਹਿਰਨੀ ਨੂੰ ਮਾਰ ਕੇ ਗਿਰਾ ਦਿੱਤਾ ਹੋਵੇ ॥੬੬੦॥

ਸੁਧਿ ਲੈ ਬ੍ਰਿਖਭਾਨੁ ਸੁਤਾ ਤਬ ਹੀ ਹਰਿ ਅਗ੍ਰਜ ਕੁੰਜਨ ਮੈ ਉਠਿ ਭਾਗੈ ॥

ਰਾਧਾ ਦੀ ਸੁਧ ਲੈ ਕੇ ਉਸ ਵੇਲੇ ਸ੍ਰੀ ਕ੍ਰਿਸ਼ਨ ਅਗੇ ਨੂੰ ਕੁੰਜ ਗਲੀਆਂ ਵਲ ਨੂੰ ਉਠ ਕੇ ਭਜ ਗਏ।

ਰਸ ਸੋ ਜਦੁਰਾਇ ਮਹਾ ਰਸੀਆ ਤਬ ਹੀ ਤਿਹ ਕੇ ਪਿਛੂਆਨ ਸੋ ਲਾਗੈ ॥

(ਪ੍ਰੇਮ) ਰਸ ਵਿਚ ਸ੍ਰੀ ਕ੍ਰਿਸ਼ਨ ਮਹਾਨ ਰਸੀਆ ਹੈ, ਉਹ ਤਦੋਂ ਹੀ ਉਸ ਦੇ ਪਿਛੇ ਪਿਛੇ ਲਗ ਤੁਰਿਆ।

ਮੋਛ ਲਹੈ ਨਰ ਸੋ ਛਿਨ ਮੈ ਹਰਿ ਕੇ ਇਹ ਕਉਤੁਕ ਜੋ ਅਨੁਰਾਗੈ ॥

ਉਹ ਮਨੁੱਖ ਛਿਣ ਵਿਚ ਮੋਕਸ਼ ਪ੍ਰਾਪਤ ਕਰ ਲੈਂਦਾ ਹੈ, ਜੋ ਸ੍ਰੀ ਕ੍ਰਿਸ਼ਨ ਦੇ ਇਨ੍ਹਾਂ ਕੌਤਕਾਂ ਦਾ ਪ੍ਰੇਮੀ ਹੈ।

ਯੌ ਉਪਜੈ ਉਪਮਾ ਮਨ ਮੈ ਮ੍ਰਿਗਨੀ ਜਿਮ ਘਾਇਲ ਸ੍ਵਾਰ ਕੇ ਆਗੈ ॥੬੬੧॥

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਜਿਵੇਂ ਘਾਇਲ ਹਿਰਨੀ ਸਵਾਰ ਦੇ ਅਗੇ ਅਗੇ ਭਜੀ ਜਾਂਦੀ ਹੈ ॥੬੬੧॥

ਅਤਿ ਭਾਗਤ ਕੁੰਜ ਗਲੀਨ ਬਿਖੈ ਬ੍ਰਿਖਭਾਨੁ ਸੁਤਾ ਕੋ ਗਹੇ ਹਰਿ ਐਸੇ ॥

ਕੁੰਜ ਗਲੀਆਂ ਵਿਚ ਬਹੁਤ ਭਜਦੀ ਹੋਈ ਰਾਧਾ ਨੂੰ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਪਕੜਨਾ ਚਾਹੁੰਦਾ ਹੈ।

ਕੈਧੌ ਧਵਾਇ ਧਵਾਇ ਮਹਾ ਜਮੁਨਾ ਤਟਿ ਹਾਰਤ ਮਾਨਕ ਜੈਸੇ ॥

ਜਾਂ ਜਮਨਾ ਨਦੀ ਦੇ ਵਡੇ (ਲੰਮੇ) ਕੰਢੇ ਉਤੇ ਭਜਾ ਭਜਾ ਕੇ (ਜਿਵੇਂ ਕੋਈ) ਹਾਰ ਮੰਨਵਾਉਂਦਾ ਹੈ।

ਪੈ ਚੜਿ ਕੈ ਰਸ ਹੈ ਮਨ ਨੈਨਨ ਭਉਹ ਤਨਾਇ ਕੈ ਮਾਰਤ ਲੈਸੇ ॥

ਜਾਂ (ਪ੍ਰੇਮ) ਰਸ ਦੇ ਮਨ ਰੂਪ ਘੋੜੇ ਉਤੇ ਚੜ੍ਹ ਕੇ ਭੌਆਂ ਰੂਪ ਕਮਾਨ ਨੂੰ ਕਸ ਕੇ ਨੈਣਾਂ ਦੇ ਤੀਰਾਂ ਨਾਲ ਮਾਰ ਲੈਂਦਾ ਹੈ।

ਯੌ ਉਪਜੀ ਉਪਮਾ ਜਿਮ ਸ੍ਵਾਰ ਮਨੋ ਜਿਤ ਲੇਤ ਮ੍ਰਿਗੀ ਕਹੁ ਜੈਸੇ ॥੬੬੨॥

(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਜਿਵੇਂ ਸਵਾਰ (ਭਜਾ ਭਜਾ ਕੇ) ਹਿਰਨੀ ਨੂੰ ਮਾਨੋ ਜਿਤ ਲੈਂਦਾ ਹੋਵੇ ॥੬੬੨॥

ਗਹਿ ਕੈ ਬ੍ਰਿਖਭਾਨੁ ਸੁਤਾ ਜਦੁਰਾਇ ਜੂ ਬੋਲਤ ਤਾ ਸੰਗਿ ਅੰਮ੍ਰਿਤ ਬਾਨੀ ॥

ਰਾਧਾ ਨੂੰ ਪਕੜ ਕੇ ਕ੍ਰਿਸ਼ਨ ਜੀ ਉਸ ਨਾਲ ਅੰਮ੍ਰਿਤ ਵਰਗੇ ਮਿਠੇ ਬਚਨ ਬੋਲਦੇ ਹਨ,

ਭਾਗਤ ਕਾਹੇ ਕੇ ਹੇਤ ਸੁਨੋ ਹਮ ਹੂੰ ਤੇ ਤੂੰ ਕਿਉ ਸੁਨਿ ਗ੍ਵਾਰਿਨ ਰਾਨੀ ॥

ਹੇ ਗੋਪੀਆਂ ਦੀ ਰਾਣੀ! ਸੁਣ, ਤੂੰ ਮੇਰੇ ਕੋਲੋਂ ਕਿਸ ਲਈ ਭਜਦੀ ਹੈਂ।

ਕੰਜਮੁਖੀ ਤਨ ਕੰਚਨ ਸੋ ਹਮ ਹ੍ਵੈ ਮਨ ਕੀ ਸਭ ਬਾਤ ਪਛਾਨੀ ॥

ਹੇ ਕਮਲ ਮੁਖ ਵਾਲੀਏ! ਹੇ ਸੋਨੇ ਵਰਗੇ ਸ਼ਰੀਰ ਵਾਲੀਏ! ਮੈਂ ਤੇਰੇ ਮਨ ਦੀ ਸਾਰੀ ਗੱਲ ਨੂੰ ਭਾਂਪ ਲਿਆ ਹੈ।

ਸ੍ਯਾਮ ਕੇ ਪ੍ਰੇਮ ਛਕੀ ਮਨਿ ਸੁੰਦਰਿ ਹ੍ਵੈ ਬਨਿ ਖੋਜਤ ਸ੍ਯਾਮ ਦਿਵਾਨੀ ॥੬੬੩॥

ਸ੍ਰੀ ਕ੍ਰਿਸ਼ਨ ਦੇ ਪ੍ਰੇਮ ਵਿਚ ਮਸਤ ਹੋਈ ਸੁੰਦਰ ਮਨ ਵਾਲੀ (ਰਾਧਾ) ਬੌਰੀ ਹੋਈ ਬਨ ਵਿਚ ਕ੍ਰਿਸ਼ਨ ਨੂੰ ਲਭ ਰਹੀ ਹੈ ॥੬੬੩॥

ਬ੍ਰਿਖਭਾਨ ਸੁਤਾ ਪਿਖਿ ਗ੍ਵਾਰਿਨ ਕੋ ਨਿਹੁਰਾਇ ਕੈ ਨੀਚੇ ਰਹੀ ਅਖੀਆ ॥

ਰਾਧਾ (ਹੋਰਨਾਂ) ਗੋਪੀਆਂ ਨੂੰ (ਨੇੜੇ ਆਇਆ) ਵੇਖ ਕੇ ਝੁਕ ਗਈ ਅਤੇ ਅੱਖੀਆਂ ਨੀਵੀਆਂ ਕਰ ਲਈਆਂ।

ਮਨੋ ਯਾ ਮ੍ਰਿਗ ਭਾ ਸਭ ਛੀਨ ਲਈ ਕਿ ਮਨੋ ਇਹ ਕੰਜਨ ਕੀ ਪਖੀਆ ॥

(ਉਸ ਵੇਲੇ ਅੱਖਾਂ ਉਦਾਸ ਲਗਦੀਆਂ ਸਨ) ਮਾਨੋ ਇਨ੍ਹਾਂ ਦੀ ਸਾਰੀ ਜੋਤਿ ਹਿਰਨ (ਅਰਥਾਤ ਕ੍ਰਿਸ਼ਨ) ਨੇ ਖੋਹ ਲਈ ਹੋਵੇ ਜਾਂ ਮਾਨੋ ਇਹ ਕਮਲ ਦੀਆਂ ਪੰਖੜੀਆਂ ਹੋਣ।

ਸਮ ਅੰਮ੍ਰਿਤ ਕੀ ਹਸਿ ਕੈ ਤ੍ਰੀਯਾ ਯੌ ਬਤੀਯਾ ਹਰਿ ਕੇ ਸੰਗ ਹੈ ਅਖੀਆ ॥

ਇਸਤਰੀ (ਰਾਧਾ) ਨੇ ਹਸ ਕੇ ਸ੍ਰੀ ਕ੍ਰਿਸ਼ਨ ਨਾਲ ਅੰਮ੍ਰਿਤ ਵਰਗੀ ਗੱਲ ਕੀਤੀ।

ਹਰਿ ਛਾਡਿ ਦੈ ਮੋਹਿ ਕਹਿਯੋ ਹਮ ਕੌ ਸੁ ਨਿਹਾਰਤ ਹੈ ਸਭ ਹੀ ਸਖੀਆ ॥੬੬੪॥

ਕਹਿਣ ਲਗੀ, ਹੇ ਕ੍ਰਿਸ਼ਨ! ਮੈਨੂੰ ਛਡ ਦੇ, ਸਾਨੂੰ ਸਾਰੀਆਂ ਸਖੀਆਂ ਵੇਖ ਰਹੀਆਂ ਹਨ ॥੬੬੪॥

ਸੁਨ ਕੈ ਹਰਿ ਗ੍ਵਾਰਿਨ ਕੀ ਬਤੀਯਾ ਇਹ ਭਾਤਿ ਕਹਿਯੋ ਨਹੀ ਛੋਰਤ ਤੋ ਕੌ ॥

ਕ੍ਰਿਸ਼ਨ ਨੇ ਗੋਪੀ (ਰਾਧਾ) ਦੀ ਗੱਲ ਸੁਣ ਕੇ ਇਸ ਤਰ੍ਹਾਂ ਕਿਹਾ, ਤੈਨੂੰ ਨਹੀਂ ਛਡਦਾ।

ਦੇਖਤ ਹੈ ਤੋ ਕਹਾ ਭਯੋ ਗ੍ਵਾਰਿਨ ਪੈ ਇਨ ਤੇ ਕਛੂ ਸੰਕ ਨ ਮੋ ਕੌ ॥

ਜੇ ਗੋਪੀਆਂ (ਸਾਨੂੰ) ਵੇਖਦੀਆਂ ਹਨ, ਤਾਂ ਕੀ ਹੋਇਆ, ਮੈਨੂੰ ਇਨ੍ਹਾਂ ਦਾ ਕੁਝ ਡਰ ਨਹੀਂ ਹੈ।

ਅਉ ਹਮਰੀ ਰਸ ਖੇਲਨ ਕੀ ਇਹ ਠਉਰ ਬਿਖੈ ਕੀ ਨਹੀ ਸੁਧਿ ਲੋਕੋ ॥

ਹੋਰ ਸਾਡੇ ਖੇਡਣ ਦੀ ਜੋ ਇਹ ਥਾਂ ਹੈ, ਇਸ ਦੀ ਲੋਕਾਂ ਨੂੰ ਕੁਝ ਵੀ ਖ਼ਬਰ ਨਹੀਂ ਹੈ।

ਕਾਹੇ ਕਉ ਮੋ ਸੋ ਬਿਬਾਦ ਕਰੈ ਸੁ ਡਰੈ ਇਨ ਤੇ ਬਿਨ ਹੀ ਸੁ ਤੂ ਕੋ ਕੌ ॥੬੬੫॥

ਮੇਰੇ ਨਾਲ ਕਿਉਂ ਤਕਰਾਰ ਕਰਦੀ ਹੈਂ, ਤੇਰੇ ਬਿਨਾ ਇਨ੍ਹਾਂ ਤੋਂ ਹੋਰ ਕੌਣ ਡਰਦਾ ਹੈ? ॥੬੬੫॥

ਸੁਨਿ ਕੈ ਜਦੁਰਾਇ ਕੀ ਬਾਤ ਤ੍ਰੀਯਾ ਬਤੀਆ ਹਰਿ ਕੇ ਇਮ ਸੰਗਿ ਉਚਾਰੀ ॥

ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਇਸਤਰੀ (ਰਾਧਾ) ਨੇ ਕ੍ਰਿਸ਼ਨ ਨਾਲ ਇਸ ਤਰ੍ਹਾਂ ਗੱਲ ਕੀਤੀ।

ਚਾਦਨੀ ਰਾਤਿ ਰਹੀ ਛਕਿ ਕੈ ਦਿਜੀਯੈ ਹਰਿ ਹੋਵਨ ਰੈਨ ਅੰਧਯਾਰੀ ॥

ਹੇ ਕ੍ਰਿਸ਼ਨ! ਚਾਂਦਨੀ ਰਾਤ ਛਟਕੀ ਹੋਈ ਹੈ, ਇਸ ਨੂੰ ਹਨੇਰੀ ਹੋਣ ਦਿਓ।

ਸੁਨ ਕੈ ਹਮਹੂੰ ਤੁਮਰੀ ਬਤੀਯਾ ਅਪਨੇ ਮਨ ਮੈ ਇਹ ਭਾਤਿ ਬਿਚਾਰੀ ॥

ਤੇਰੀਆਂ ਗੱਲਾਂ ਸੁਣ ਕੇ ਮੈਂ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਹੈ।

ਸੰਕ ਕਰੋ ਨਹੀ ਗ੍ਵਾਰਿਨ ਕੀ ਸੁ ਮਨੋ ਤੁਮ ਲਾਜ ਬਿਦਾ ਕਰਿ ਡਾਰੀ ॥੬੬੬॥

(ਤੂੰ) ਗੋਪੀਆਂ ਕੋਲੋਂ (ਜ਼ਰਾ) ਸੰਗ ਨਹੀਂ ਕਰਦਾ, (ਇੰਜ ਲਗਦਾ ਹੈ) ਮਾਨੋ ਤੂੰ ਲਾਜ ਨੂੰ ਵਿਦਾ ਕਰ ਦਿੱਤਾ ਹੋਵੇ ॥੬੬੬॥

ਭਾਖਤ ਹੋ ਬਤੀਯਾ ਹਮ ਸੋ ਹਸਿ ਕੈ ਹਰਿ ਕੈ ਅਤਿ ਹੀ ਹਿਤ ਭਾਰੋ ॥

ਹੇ ਕ੍ਰਿਸ਼ਨ! (ਤੂੰ) ਮੇਰੇ ਨਾਲ ਹਸ ਕੇ (ਇਵੇਂ) ਗੱਲਾਂ ਹੀ ਕਰਦਾ ਹੈਂ, ਜਾਂ (ਸਚਮੁਚ) ਬਹੁਤ ਪ੍ਰੇਮ ਕਰਦਾ ਹੈਂ।

ਮੁਸਕਾਤ ਹੈ ਗ੍ਵਾਰਿਨ ਹੇਰਿ ਉਤੈ ਪਿਖਿ ਕੈ ਹਮਰੋ ਇਹ ਕਉਤੁਕ ਸਾਰੋ ॥

ਸਾਡੇ ਇਸ ਸਾਰੇ ਕੌਤਕ ਨੂੰ ਵੇਖ ਕੇ ਉਧਰ ਗੋਪੀਆਂ ਹਸ ਰਹੀਆਂ ਹਨ।

ਛੋਰ ਦੈ ਕਾਨ੍ਰਹ ਕਹਿਯੋ ਹਮ ਕੋ ਅਪਨੇ ਮਨ ਬੁਧਿ ਅਕਾਮ ਕੀ ਧਾਰੋ ॥

ਹੇ ਕ੍ਰਿਸ਼ਨ! (ਮੈਂ) ਕਹਿੰਦੀ ਹਾਂ, ਮੈਨੂੰ ਛਡ ਦੇ ਅਤੇ ਆਪਣੇ ਮਨ ਵਿਚ ਕਾਮ-ਰਹਿਤ ਬੁੱਧੀ ਨੂੰ ਧਾਰਨ ਕਰ।

ਤਾਹੀ ਤੇ ਤੋ ਸੰਗਿ ਮੈ ਸੋ ਕਹੋ ਜਦੁਰਾਇ ਘਨੀ ਤੁਮ ਸੰਕ ਬਿਚਾਰੋ ॥੬੬੭॥

ਇਸ ਲਈ ਹੇ ਕ੍ਰਿਸ਼ਨ! ਮੈਂ ਤੈਨੂੰ ਕਹਿੰਦੀ ਹਾਂ ਕਿ ਤੁਸੀਂ ਬਹੁਤ ਅਧਿਕ ਲਾਜ ਨੂੰ ਮੰਨੋ ॥੬੬੭॥

ਭੂਖ ਲਗੇ ਸੁਨੀਐ ਸਜਨੀ ਲਗਰਾ ਕਹੂੰ ਛੋਰਤ ਜਾਤ ਬਗੀ ਕੋ ॥

(ਕ੍ਰਿਸ਼ਨ ਨੇ ਕਿਹਾ) ਹੇ ਸਜਨੀ! (ਕਦੇ) ਸੁਣਿਆ ਹੈ ਕਿ ਭੁਖ ਲਗਣ ਤੇ ਕਿਸੇ ਸ਼ਿਕਾਰੀ ਪੰਛੀ ('ਲਗਰਾ') ਨੇ ਬਗਲੀ ਨੂੰ ਛਡ ਦਿੱਤਾ ਹੋਵੇ।

ਤਾਤ ਕੀ ਸ੍ਯਾਮ ਸੁਨੀ ਤੈ ਕਥਾ ਬਿਰਹੀ ਨਹਿ ਛੋਰਤ ਪ੍ਰੀਤਿ ਲਗੀ ਕੋ ॥

(ਕਵੀ) ਸ਼ਿਆਮ (ਕਹਿੰਦੇ ਹਨ) ਤੂੰ ਬ੍ਰਹਮਾ ('ਤਾਤ') ਦੀ ਕਥਾ ਸੁਣੀ ਹੋਵੇਗੀ ਕਿ ਵਿਯੋਗੀ (ਪ੍ਰੇਮੀ) ਲਗੀ ਹੋਈ ਪ੍ਰੀਤ ਨੂੰ ਛਡਦਾ ਨਹੀਂ ਹੈ।

ਛੋਰਤ ਹੈ ਸੁ ਨਹੀ ਕੁਟਵਾਰ ਕਿਧੌ ਗਹਿ ਕੈ ਪੁਰ ਹੂੰ ਕੀ ਠਗੀ ਕੋ ॥

ਜਾਂ ਕੋਤਵਾਲ ਨਗਰ ਦੇ ਠਗ ਨੂੰ ਪਕੜ ਕੇ ਛਡਦਾ ਨਹੀਂ ਹੈ।

ਤਾ ਤੇ ਨ ਛੋਰਤ ਹਉ ਤੁਮ ਕੌ ਕਿ ਸੁਨਿਯੋ ਕਹੂੰ ਛੋਰਤ ਸਿੰਘ ਮ੍ਰਿਗੀ ਕੋ ॥੬੬੮॥

ਇਸ ਲਈ ਮੈਂ ਤੈਨੂੰ ਨਹੀਂ ਛਡਦਾ, ਕੀ (ਤੂੰ) ਸੁਣਿਆ ਹੈ ਕਿ ਸ਼ੇਰ ਹਿਰਨੀ (ਨੂੰ ਪਕੜ ਕੇ ਫਿਰ) ਛਡ ਦਿੰਦਾ ਹੈ ॥੬੬੮॥

ਕਹੀ ਬਤੀਯਾ ਇਹ ਬਾਲ ਕੇ ਸੰਗ ਜੁ ਥੀ ਅਤਿ ਜੋਬਨ ਕੇ ਰਸ ਭੀਨੀ ॥

ਇਹ ਗੱਲਾਂ (ਸ੍ਰੀ ਕ੍ਰਿਸ਼ਨ ਨੇ) ਉਸ ਇਸਤਰੀ (ਰਾਧਾ) ਨੂੰ ਕਹੀਆਂ ਜੋ ਅਤਿ ਅਧਿਕ ਜੋਬਨ ਦੇ ਰਸ ਵਿਚ ਭਿਜੀ ਹੋਈ ਸੀ।

ਚੰਦ੍ਰਭਗਾ ਅਰੁ ਗ੍ਵਾਰਿਨ ਤੇ ਅਤਿ ਰੂਪ ਕੇ ਬੀਚ ਹੁਤੀ ਜੁ ਨਵੀਨੀ ॥

ਜੋ ਚੰਦ੍ਰਭਗਾ ਅਤੇ ਹੋਰ ਗੋਪੀਆਂ ਤੋਂ ਰੂਪ ਵਿਚ ਬਹੁਤ ਜ਼ਿਆਦਾ ਨਵੀਨ ਸੀ।

ਜਿਉ ਮ੍ਰਿਗਰਾਜ ਮ੍ਰਿਗੀ ਕੋ ਗਹੈ ਕਬਿ ਨੈ ਉਪਮਾ ਬਿਧਿ ਯਾ ਲਖਿ ਲੀਨੀ ॥

ਕਵੀ (ਸ਼ਿਆਮ) ਨੇ (ਉਸ ਵੇਲੇ) ਦੀ ਉਪਮਾ ਇਸ ਤਰ੍ਹਾਂ ਸਮਝ ਲਈ, ਜਿਵੇਂ ਸ਼ੇਰ ਹਿਰਨੀ ਨੂੰ ਪਕੜ ਲੈਂਦਾ ਹੈ

ਕਾਨ੍ਰਹ ਤਬੈ ਕਰਵਾ ਗਹ ਕੈ ਅਪਨੇ ਬਲ ਸੰਗਿ ਸੋਊ ਬਸਿ ਕੀਨੀ ॥੬੬੯॥

(ਉਸੇ ਤਰ੍ਹਾਂ) ਕ੍ਰਿਸ਼ਨ ਨੇ ਉਸੇ ਵੇਲੇ (ਉਸ ਨੂੰ) ਕਲਾਵੇ ਵਿਚ ਲੈ ਲਿਆ ਅਤੇ ਆਪਣੇ ਬਲ ਨਾਲ ਉਸ ਨੂੰ ਕਾਬੂ ਕਰ ਲਿਆ ॥੬੬੯॥


Flag Counter