ਸੂਰਮੇ ਡਿਗ ਰਹੇ ਹਨ।
ਡਰਪੋਕ ਭਜ ਰਹੇ ਹਨ ॥੨੦੬॥
ਸ਼ਿਵ ਨਚ ਰਿਹਾ ਹੈ।
ਮੁੰਡਾਂ ਨੂੰ ਪਰੋ ਰਿਹਾ ਹੈ।
ਡੌਰੂ ਵਜਾਉਂਦਾ ਹੈ।
ਭਿਆਨਕ ਸ਼ਕਲ ਵਿਚ ਘੁੰਮ ਰਿਹਾ ਹੈ ॥੨੦੭॥
ਅਪੱਛਰਾਵਾਂ ਨਚ ਰਹੀਆਂ ਹਨ।
(ਉਨ੍ਹਾਂ ਦੇ) ਤਾਲ ਟੁੱਟ ਰਹੇ ਹਨ।
ਸੂਰਮੇ (ਚਾਉ ਨਾਲ) ਮਚ ਰਹੇ ਹਨ।
ਕਾਇਰ ਭਜ ਰਹੇ ਹਨ ॥੨੦੮॥
ਬਾਣ ਲਗ ਰਹੇ ਹਨ।
ਜੁਆਨ ਡਿਗ ਰਹੇ ਹਨ।
(ਸੂਰਮੇ) ਅੱਧ ਵਿਚ ਕਟੇ ਜਾ ਰਹੇ ਹਨ।
ਯੋਧੇ ਮਾਰੇ ਜਾ ਰਹੇ ਹਨ ॥੨੦੯॥
ਖ਼ੂਨਖਾਰ (ਯੋਧੇ ਆਪਸ ਵਿਚ) ਖਹਿੰਦੇ ਹਨ।
(ਉਨ੍ਹਾਂ ਦੇ ਮਨ ਵਿਚ) ਦੂਣਾ ਚਾਉ ਚੜ੍ਹਿਆ ਹੋਇਆ ਹੈ।
ਅਸਤ੍ਰ ਚਲ ਰਹੇ ਹਨ।
ਛਤ੍ਰ ਕਟੇ ਜਾ ਰਹੇ ਹਨ ॥੨੧੦॥
ਖੰਭਾਂ ਵਾਲੇ ਤੀਰ ਚਲਦੇ ਹਨ।
ਅਸਤ੍ਰਾਂ (ਵਾਲੇ ਯੋਧੇ) ਜੂਝ ਰਹੇ ਹਨ।
ਘੋੜੇ ਹਿਣਕ ਰਹੇ ਹਨ।
ਸੂਰਮੇ ਗੱਜਦੇ ਹਨ ॥੨੧੧॥
ਢਾਲਾਂ ('ਚਰਮੰ') ਟੁੱਟ ਰਹੀਆਂ ਹਨ।
ਕਵਚ ਕਟੇ ਜਾ ਰਹੇ ਹਨ।
(ਲੜਦੇ ਹੋਏ ਯੋਧੇ) ਭੂਮੀ ਉਤੇ ਡਿਗ ਰਹੇ ਹਨ
ਅਤੇ ਘੁੰਮੇਰੀ ਖਾ ਕੇ ਉਠ ਰਹੇ ਹਨ ॥੨੧੨॥
(ਬਾਰ ਬਾਰ) ਪਾਣੀ ਮੰਗਦੇ ਹਨ।
ਸੂਰਮੇ ਕਟੇ ਜਾ ਰਹੇ ਹਨ।
ਇਕ (ਤੀਰ) ਉਡਦੇ (ਅਰਥਾਤ ਛੁਟਦੇ ਹਨ)
ਅਤੇ ਅਨੇਕਾਂ (ਦੇ ਸ਼ਰੀਰ ਵਿਚ) ਗਡੇ ਜਾਂਦੇ ਹਨ ॥੨੧੩॥
ਅਨੂਪ ਨਿਰਾਜ ਛੰਦ:
(ਜਿਨ੍ਹਾਂ ਦੇ) ਰੂਪ ਬਹੁਤ ਸੁੰਦਰ ਦਿਖਦੇ ਹਨ, ਉਹ ਬਲਵਾਨ (ਜਵਾਨ) ਕ੍ਰੋਧਵਾਨ ਹੋ ਕੇ
ਹਥਿਆਰ ਸਜਾ ਕੇ, ਕ੍ਰੋਧ ਨੂੰ ਪ੍ਰਗਟ ਕਰਦੇ ਹਨ।
(ਉਹ) ਵਿਜੈ ਪੱਤਰ ਚਾਹੁੰਦੇ ਹਨ ਅਤੇ ਡੂੰਘੇ ਘਾਉ ਕਰਦੇ ਹਨ।
ਅਸਤ੍ਰ ਅਤੇ ਸ਼ਸਤ੍ਰ ਟੁੱਟ ਰਹੇ ਹਨ ਅਤੇ (ਤੀਰਾਂ ਦੇ) ਸਫ਼ੈਦ ਫਲ ਲਿਸ਼ਕ ਰਹੇ ਹਨ ॥੨੧੪॥
ਭੂਤ, ਪ੍ਰੇਤ (ਆਦਿ ਡਰਾਉਣੀਆਂ ਸ਼ਕਲਾਂ ਵਾਲੇ ਜੀਵ) ਉਠਦੇ ਹਨ ਅਤੇ ਭੈਦਾਇਕ ਆਵਾਜ਼ਾਂ ਕਢਦੇ ਹਨ।
ਡਰਪੋਕ ਲੋਗ ਡਰ ਕੇ ਭਜ ਰਹੇ ਹਨ ਅਤੇ ਪ੍ਰਭਾਵਸ਼ਾਲੀ ਸੂਰਮੇ ਗਰਜ ਰਹੇ ਹਨ।
ਤਤਥਈ ਕਰ ਕੇ ਤਾਲ ਟੁੱਟਦੇ ਹਨ ਅਤੇ ਰਣ-ਭੂਮੀ ਵਿਚ ਸ਼ਿਵ ਨਚ ਰਿਹਾ ਹੈ।
ਛਤ੍ਰੀਆਂ ਦੀਆਂ ਤਲਵਾਰਾਂ ਖੜਕ ਰਹੀਆਂ ਹਨ ਅਤੇ ਗਦਾਵਾਂ ਨਾਲ ਬੰਨ੍ਹੇ ਘੁੰਘਰੂਆਂ ਦੇ (ਇਕ-ਸੁਰ) ਧੁਨੀ ਨਿਕਲ ਰਹੀ ਹੈ ॥੨੧੫॥
ਭਿਆਨਕ ਧੁਨ ਦੇ ਉਠਣ ਨਾਲ ਦੈਂਤਾਂ ਦੇ ਪੁੱਤਰ ਭਜ ਰਹੇ ਹਨ।
ਤਿਖੇ ਤੀਰ ਚਲ ਰਹੇ ਹਨ ਅਤੇ ਉਨ੍ਹਾਂ ਦੇ ਚਿੱਟੇ ਕੀਤੇ ਹੋਏ ਫਲ ਚਮਕਦੇ ਹਨ।
ਰਣ-ਭੂਮੀ ਵਿਚ ਜੋਗਣਾਂ ਨਚ ਰਹੀਆਂ ਹਨ ਅਤੇ ਚੌਦਾਂ ਦਿਸ਼ਾਵਾਂ ਵਿਚ ਚਮਕਾਰਾ ਪੈ ਰਿਹਾ ਹੈ।
ਸਾਰੀਆਂ ਦਿਸ਼ਾਵਾਂ ਡਰ ਰਹੀਆਂ ਹਨ ਅਤੇ ਸੁਮੇਰ ਪਰਬਤ ('ਕੁੰਦਨੋ ਗਿਰੰ') ਕੰਬ ਰਿਹਾ ਹੈ ॥੨੧੬॥
ਬਵੰਜਾ ਬੀਰ ਨਚ ਰਹੇ ਹਨ ਅਤੇ ਸੈਨਾ ਦੀਆਂ ਧੁਜਾਵਾਂ (ਝੰਡੇ) ਆਪਸ ਵਿਚ ਖਹਿ ਰਹੀਆਂ ਹਨ।
ਪ੍ਰਤਾਪੀ ਅਤੇ ਪ੍ਰਬੀਨ ਯੋਧਿਆਂ ਨੂੰ ਅਪੱਛਰਾਵਾਂ ਚੁਣ ਚੁਣ ਕੇ ਵਰ ਰਹੀਆਂ ਹਨ।
ਡਾਇਣਾਂ ਅਤੇ ਚੁੜੇਲਾਂ ਕ੍ਰੋਧਵਾਨ ਹੋ ਕੇ ਅਨੰਤ ਤੰਤ੍ਰ ਮੰਤ੍ਰ ਬੋਲ ਰਹੀਆਂ ਹਨ।
ਯਕਸ਼, ਗੰਧਰਬ, ਪਿਸ਼ਾਚ, ਭੂਤ ਅਤੇ ਪ੍ਰੇਤ ਹਸ ਰਹੇ ਹਨ ॥੨੧੭॥
ਗਿਰਝਾਂ (ਮਾਸ ਨਾਲ ਆਪਣੀਆਂ) ਚੁੰਜਾਂ ਭਰ ਰਹੀਆਂ ਹਨ ਅਤੇ ਗਿਦੜੀਆਂ ਲਾਸ਼ਾਂ ('ਤਨੰ') ਨੂੰ ਖਾਂਦੀਆਂ ਹਨ।