ਸ਼੍ਰੀ ਦਸਮ ਗ੍ਰੰਥ

ਅੰਗ - 1171


ਕਹਤ ਦੈਤਜਾ ਹਮ ਹੀ ਬਰਿ ਹੈਂ ॥

ਦੈਂਤਾਂ ਦੀਆਂ ਧੀਆਂ ਕਹਿਣ ਲਗੀਆਂ ਕਿ ਅਸੀਂ ਹੀ ਵਰਾਂਗੀਆਂ

ਦੇਵ ਸੁਤਾ ਭਾਖੈ ਹਮ ਕਰਿ ਹੈਂ ॥

ਅਤੇ ਦੇਵਤਿਆਂ ਦੀਆਂ ਪੁੱਤਰੀਆਂ ਕਹਿੰਦੀਆਂ ਕਿ ਅਸੀਂ ਵਿਆਹ ਕਰਾਂਗੀਆਂ।

ਜਛ ਕਿੰਨ੍ਰਜਾ ਕਹਿ ਹਮ ਲੈ ਹੈਂ ॥

ਯਕਸ਼ ਅਤੇ ਕਿੰਨਰਾਂ ਦੀ ਜਾਈਆਂ ਕਹਿੰਦੀਆਂ ਕਿ ਅਸੀਂ ਪ੍ਰਾਪਤ ਕਰਾਂਗੀਆਂ,

ਨਾਤਰ ਪਿਯ ਕਾਰਨ ਜਿਯ ਦੈ ਹੈਂ ॥੨੨॥

ਨਹੀਂ ਤਾਂ ਪ੍ਰਿਯ ਲਈ ਆਪਣੀਆਂ ਜਾਨਾਂ ਦੇ ਦਿਆਂਗੀਆਂ ॥੨੨॥

ਦੋਹਰਾ ॥

ਦੋਹਰਾ:

ਜਛ ਗੰਧ੍ਰਬੀ ਕਿੰਨ੍ਰਨੀ ਲਖਿ ਛਬਿ ਗਈ ਬਿਕਾਇ ॥

ਯਕਸ਼, ਗੰਧਰਬ ਅਤੇ ਕਿੰਨਰ ਇਸਤਰੀਆਂ ਉਸ ਦੀ ਸੂਰਤ ਨੂੰ ਵੇਖ ਕੇ ਵਿਕ ਗਈਆਂ।

ਸੁਰੀ ਆਸੁਰੀ ਨਾਗਨੀ ਨੈਨਨ ਰਹੀ ਲਗਾਇ ॥੨੩॥

ਦੇਵਤਿਆਂ, ਦੈਂਤਾਂ, ਨਾਗਾਂ ਦੀਆਂ ਇਸਤਰੀਆਂ ਨੈਣਾਂ ਨਾਲ ਨੈਣ ਲਗਾ ਕੇ (ਟਿਕ ਗਈਆਂ) ॥੨੩॥

ਚੌਪਈ ॥

ਚੌਪਈ:

ਇਕ ਤ੍ਰਿਯ ਰੂਪ ਬਿਸਨ ਕੋ ਧਰਾ ॥

ਇਕ ਇਸਤਰੀ ਨੇ ਵਿਸ਼ਣੂ ਦਾ ਰੂਪ ਧਾਰਨ ਕੀਤਾ

ਏਕਨ ਰੂਪ ਬ੍ਰਹਮਾ ਕੋ ਕਰਾ ॥

ਅਤੇ ਇਕ ਨੇ ਬ੍ਰਹਮਾ ਦਾ ਰੂਪ ਬਣਾਇਆ।

ਇਕ ਤ੍ਰਿਯ ਭੇਸ ਰੁਦ੍ਰ ਕੋ ਧਾਰਿਯੋ ॥

ਇਕ ਇਸਤਰੀ ਨੇ ਰੁਦ੍ਰ ਦਾ ਰੂਪ ਧਾਰਿਆ

ਇਕਨ ਧਰਮ ਕੋ ਰੂਪ ਸੁਧਾਰਿਯੋ ॥੨੪॥

ਅਤੇ ਇਕ ਨੇ ਧਰਮ ਰਾਜ ਦਾ ਰੂਪ ਸੰਵਾਰਿਆ ॥੨੪॥

ਏਕੈ ਭੇਸ ਇੰਦ੍ਰ ਕੋ ਕਿਯਾ ॥

ਇਕ ਨੇ ਇੰਦਰ ਦਾ ਭੇਸ ਬਣਾਇਆ

ਏਕਨ ਰੂਪ ਸੂਰਜ ਕੋ ਲਿਯਾ ॥

ਅਤੇ ਇਕ ਨੇ ਸੂਰਜ ਦੀ ਸ਼ਕਲ ਸੰਵਾਰ ਲਈ।

ਏਕਨ ਭੇਸ ਚੰਦ੍ਰ ਕੌ ਧਾਰਿਯੋ ॥

ਇਕ ਨੇ ਚੰਦ੍ਰਮਾ ਦਾ ਭੇਸ ਧਾਰਿਆ,

ਮਨਹੁ ਮਦਨ ਕੌ ਮਾਨ ਉਤਾਰਿਯੋ ॥੨੫॥

ਮਾਨੋ ਕਾਮ ਦੇਵ ਦਾ ਹੰਕਾਰ ਤੋੜ ਦਿੱਤਾ ਹੋਵੇ ॥੨੫॥

ਅੜਿਲ ॥

ਅੜਿਲ:

ਸਾਤ ਕੁਮਾਰੀ ਚਲੀ ਭੇਸ ਇਹ ਧਾਰਿ ਕੈ ॥

ਸੱਤ ਕੁਮਾਰੀਆਂ ਇਸ ਪ੍ਰਕਾਰ ਦਾ ਰੂਪ ਧਾਰਨ ਕਰ ਕੇ ਚਲੀਆਂ

ਵਾ ਰਾਜਾ ਕਹ ਦਰਸਨ ਦੀਯਾ ਸੁਧਾਰਿ ਕੈ ॥

ਅਤੇ ਉਸ ਰਾਜੇ ਨੂੰ ਚੰਗੀ ਤਰ੍ਹਾਂ ਦਰਸ਼ਨ ਦਿੱਤਾ।

ਸਾਤ ਸੁਤਾ ਰਾਜਾ ਹਮਰੀ ਏ ਬਰੁ ਅਬੈ ॥

(ਅਤੇ ਕਿਹਾ) ਹੇ ਰਾਜਨ! ਸਾਡੀਆਂ ਇਨ੍ਹਾਂ ਸੱਤ ਪੁੱਤਰੀਆਂ ਨਾਲ ਹੁਣੇ ਵਿਆਹ ਕਰ ਲਵੋ

ਹੋ ਰਾਜ ਪਾਟ ਪੁਨਿ ਕਰਹੁ ਜੀਤਿ ਖਲ ਦਲ ਸਭੈ ॥੨੬॥

ਅਤੇ ਫਿਰ ਸਾਰੇ ਵੈਰੀਆਂ ਦੇ ਦਲਾਂ ਨੂੰ ਜਿਤ ਕੇ ਰਾਜ-ਪਾਟ ਕਰੋ ॥੨੬॥

ਚੌਪਈ ॥

ਚੌਪਈ:

ਜਬ ਰਾਜੈ ਉਨ ਰੂਪ ਨਿਹਰਾ ॥

ਜਦ ਰਾਜੇ ਨੇ ਉਨ੍ਹਾਂ ਦਾ ਰੂਪ ਵੇਖਿਆ

ਸਟਪਟਾਇ ਪਾਇਨ ਪਰ ਪਰਾ ॥

ਅਤੇ ਤੁਰਤ ਪੈਰਾਂ ਉਤੇ ਪੈ ਗਿਆ।

ਧਕ ਧਕ ਅਧਿਕ ਹ੍ਰਿਦੈ ਤਿਹ ਭਈ ॥

ਉਸ ਦੇ ਹਿਰਦੇ ਵਿਚ ਬਹੁਤ ਧਕ ਧਕ ਹੋਣ ਲਗੀ

ਚਟਪਟ ਸਕਲ ਬਿਸਰ ਸੁਧਿ ਗਈ ॥੨੭॥

ਅਤੇ ਝਟਪਟ (ਉਸ ਦੀ) ਸਾਰੀ ਹੋਸ਼ ਗੁੰਮ ਹੋ ਗਈ ॥੨੭॥

ਧੀਰਜ ਧਰਾ ਜਬੈ ਸੁਧਿ ਆਈ ॥

ਉਸ ਨੂੰ ਜਦ ਹੋਸ਼ ਆਈ ਤਾਂ ਧੀਰਜ ਧਾਰਨ ਕੀਤਾ

ਪੁਨਿ ਪਾਇਨ ਲਪਟਾਨਾ ਧਾਈ ॥

ਅਤੇ ਫਿਰ (ਉਨ੍ਹਾਂ ਦੇ) ਚਰਨਾਂ ਨੂੰ ਪਕੜਨ ਲਈ ਅਗੇ ਵਧਿਆ।

ਧੰਨਿ ਧੰਨਿ ਭਾਗ ਹਮਾਰੇ ਭਏ ॥

(ਨਾਲ ਹੀ ਕਹਿਣ ਲਗਾ ਕਿ) ਮੇਰੇ ਧੰਨ ਭਾਗ ਹਨ

ਸਭ ਦੇਵਨ ਦਰਸਨ ਮੁਹਿ ਦਏ ॥੨੮॥

ਜੋ ਸਾਰਿਆਂ ਦੇਵਤਿਆਂ ਨੇ ਮੈਨੂੰ ਦਰਸ਼ਨ ਦਿੱਤਾ ਹੈ ॥੨੮॥

ਦੋਹਰਾ ॥

ਦੋਹਰਾ:

ਪਾਪੀ ਤੇ ਧਰਮੀ ਭਯੋ ਚਰਨ ਤਿਹਾਰੇ ਲਾਗ ॥

(ਮੈਂ) ਤੁਹਾਡੇ ਚਰਨਾਂ ਨਾਲ ਲਗ ਕੇ ਪਾਪੀ ਤੋਂ ਧਰਮੀ ਹੋ ਗਿਆ ਹਾਂ।

ਰੰਕ ਹੁਤੋ ਰਾਜਾ ਭਯੋ ਧੰਨ੍ਯ ਹਮਾਰੇ ਭਾਗ ॥੨੯॥

(ਮੈਂ) ਰੰਕ (ਨਿਰਧਨ) ਸਾਂ, (ਹੁਣ) ਰਾਜਾ ਬਣ ਗਿਆ ਹਾਂ। (ਸਚਮੁਚ) ਮੇਰੇ ਧੰਨ ਭਾਗ ਹਨ ॥੨੯॥

ਚੌਪਈ ॥

ਚੌਪਈ:

ਮੈ ਸੁਈ ਕਰੌ ਜੁ ਤੁਮ ਮੁਹਿ ਭਾਖੌ ॥

ਮੈਂ ਉਹੀ (ਕੰਮ) ਕਰਾਂਗਾ, ਜੋ ਤੁਸੀਂ ਮੈਨੂੰ ਕਹੋਗੇ।

ਚਰਨਨ ਧ੍ਯਾਨ ਤਿਹਾਰੇ ਰਾਖੌ ॥

(ਮੈਂ ਸਦਾ) ਤੁਹਾਡੇ ਚਰਨਾਂ ਵਿਚ ਧਿਆਨ ਰਖਾਂਗਾ।

ਨਾਥ ਸਨਾਥ ਅਨਾਥਹਿ ਕਿਯਾ ॥

ਹੇ ਨਾਥ! (ਤੁਸੀਂ ਮੈਨੂੰ) ਅਨਾਥ ਤੋਂ ਸਨਾਥ ਕਰ ਦਿੱਤਾ ਹੈ।

ਕ੍ਰਿਪਾ ਕਰੀ ਦਰਸਨ ਮੁਹਿ ਦਿਯਾ ॥੩੦॥

ਕ੍ਰਿਪਾ ਕਰ ਕੇ ਮੈਨੂੰ ਦਰਸ਼ਨ ਦਿੱਤਾ ਹੈ ॥੩੦॥

ਯੌ ਬਚ ਸੁਨਿ ਲੋਪਿਤ ਤੇ ਭਈ ॥

(ਰਾਜੇ ਦੀ) ਇਹ ਗੱਲ ਸੁਣ ਕੇ ਉਹ ਅਲੋਪ ਹੋ ਗਈਆਂ

ਹ੍ਵੈ ਕਰ ਸਾਤ ਕੁਮਾਰੀ ਗਈ ॥

ਅਤੇ (ਫਿਰ) ਸੱਤ ਕੁਮਾਰੀਆਂ ਬਣ ਕੇ ਆ ਗਈਆਂ।

ਚਲਿ ਕਰਿ ਤੀਰ ਨ੍ਰਿਪਤਿ ਕੇ ਆਈ ॥

ਉਹ ਚਲ ਕੇ ਰਾਜੇ ਕੋਲ ਆਈਆਂ

ਕਹਿਯੋ ਆਜੁ ਮੁਹਿ ਬਰੋ ਇਹਾਈ ॥੩੧॥

ਅਤੇ ਕਹਿਣ ਲਗੀਆਂ ਕਿ ਅਜ ਸਾਡੇ ਨਾਲ ਇਥੇ ਹੀ ਵਿਆਹ ਕਰੋ ॥੩੧॥

ਦੋਹਰਾ ॥

ਦੋਹਰਾ:

ਯੌ ਜਬ ਤਿਨ ਉਚਰੇ ਬਚਨ ਕਛੁ ਨ ਲਹਾ ਅਗ੍ਯਾਨ ॥

ਜਦੋਂ ਉਨ੍ਹਾਂ (ਕੁਮਾਰੀਆਂ) ਨੇ ਇਹ ਬਚਨ ਕਹੇ, (ਤਾਂ ਉਹ) ਮੂਰਖ ਕੁਝ ਨਾ ਸਮਝ ਸਕਿਆ।

ਤਿਹ ਕਹ ਤੁਰਤ ਬਰਤ ਭਯੋ ਬਚ ਕਰਿ ਸੁਰਨ ਪ੍ਰਮਾਨ ॥੩੨॥

ਦੇਵਤਿਆਂ ਦੇ ਬਚਨ ਨੂੰ ਪ੍ਰਮਾਣਿਤ ਮੰਨ ਕੇ ਉਨ੍ਹਾਂ ਨਾਲ ਤੁਰਤ ਵਿਆਹ ਕਰ ਲਿਆ ॥੩੨॥

ਚੌਪਈ ॥

ਚੌਪਈ:

ਤਬ ਤਿਹ ਠੌਰ ਬਧਾਈ ਬਾਜੀ ॥

ਤਦ ਉਸ ਸਥਾਨ ਉਤੇ ਵਧਾਈ ਦੇ ਵਾਜੇ ਵਜੇ

ਸੁਰੀ ਆਸੁਰੀ ਜਹਾ ਬਿਰਾਜੀ ॥

ਜਿਥੇ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਬੈਠੀਆਂ ਹੋਈਆਂ ਸਨ।


Flag Counter