ਸ਼੍ਰੀ ਦਸਮ ਗ੍ਰੰਥ

ਅੰਗ - 154


ਨ੍ਰਿਪ ਕੇ ਸੰਗਿ ਜੋ ਮਿਲਿ ਜਾਤੁ ਭਏ ॥

ਜੋ (ਬ੍ਰਾਹਮਣ) ਰਾਜੇ ਦੇ ਨਾਲ ਮਿਲ ਗਏ,

ਨਰ ਸੋ ਰਜਪੂਤ ਕਹਾਤ ਭਏ ॥੧੮॥੩੦੮॥

ਉਹ ਪੁਰਸ਼ ਰਾਜਪੂਤ ਅਖਵਾਉਣ ਲਗੇ ॥੧੮॥੩੦੮॥

ਤਿਨ ਜੀਤ ਬਿਜੈ ਕਹੁ ਰਾਉ ਚੜ੍ਯੋ ॥

ਉਨ੍ਹਾਂ ਨੂੰ ਜਿਤ ਕੇ ਦਿਗਵਿਜੈ ਲਈ ਰਾਜਾ (ਅਜੈ ਸਿੰਘ) ਨੇ ਚੜ੍ਹਾਈ ਕਰ ਦਿੱਤੀ।

ਅਤਿ ਤੇਜੁ ਪ੍ਰਚੰਡ ਪ੍ਰਤਾਪੁ ਬਢ੍ਯੋ ॥

(ਉਸ ਦਾ) ਤੇਜ ਪ੍ਰਚੰਡ ਹੋ ਗਿਆ ਅਤੇ ਪ੍ਰਤਾਪ ਬਹੁਤ ਵੱਧ ਗਿਆ।

ਜੋਊ ਆਨਿ ਮਿਲੇ ਅਰੁ ਸਾਕ ਦਏ ॥

ਜਿਹੜੇ (ਉਸ ਨੂੰ) ਆ ਕੇ ਮਿਲ ਪਏ ਅਤੇ (ਬੇਟੀਆਂ ਦੇ) ਸਾਕ ਦਿੱਤੇ,

ਨਰ ਤੇ ਰਜਪੂਤ ਕਹਾਤ ਭਏ ॥੧੯॥੩੦੯॥

ਉਹ ਪੁਰਸ਼ ਵੀ ਰਾਜਪੂਤ ਅਖਵਾਉਣ ਲਗੇ ॥੧੯॥੩੦੯॥

ਜਿਨ ਸਾਕ ਦਏ ਨਹਿ ਰਾਰਿ ਬਢੀ ॥

ਜਿਨ੍ਹਾਂ ਨੇ ਸਾਕ ਨਾ ਦਿੱਤੇ (ਉਨ੍ਹਾਂ ਨਾਲ) ਲੜਾਈ ਵੱਧ ਗਈ।

ਤਿਨ ਕੀ ਇਨ ਲੈ ਜੜ ਮੂਲ ਕਢੀ ॥

ਉਨ੍ਹਾਂ ਦੀ ਜੜ੍ਹ ਇਸ ਨੇ ਮੂਲੋਂ ਕਢ ਸੁਟੀ।

ਦਲ ਤੇ ਬਲ ਤੇ ਧਨ ਟੂਟਿ ਗਏ ॥

(ਜੋ) ਸੈਨਾ ਵਜੋਂ, ਸ਼ਕਤੀ ਵਜੋਂ ਜਾਂ ਧਨ ਵਜੋਂ ਟੁਟ ਗਏ,

ਵਹਿ ਲਾਗਤ ਬਾਨਜ ਕਰਮ ਭਏ ॥੨੦॥੩੧੦॥

ਉਹ ਵਣਜ ਕਰਨ ਲਗ ਗਏ ॥੨੦॥੩੧੦॥

ਜੋਊ ਆਨਿ ਮਿਲੇ ਨਹਿ ਜੋਰਿ ਲਰੇ ॥

ਜਿਹੜੇ ਆਣ ਕੇ ਮਿਲੇ ਨਹੀਂ, ਸਗੋਂ ਜ਼ੋਰ ਨਾਲ ਲੜੇ ਸਨ,

ਵਹਿ ਬਾਧ ਮਹਾਗਨਿ ਹੋਮ ਕਰੇ ॥

ਉਨ੍ਹਾਂ ਨੂੰ ਬੰਨ੍ਹ ਕੇ ਮਹਾਨ ਅਗਨੀ ਵਿਚ ਸਾੜ ਦਿੱਤੇ।

ਅਨਗੰਧ ਜਰੇ ਮਹਾ ਕੁੰਡ ਅਨਲੰ ॥

ਉਹ ਵੱਡੇ ਅਗਨਕੁੰਡ ਵਿਚ ਬਿਨਾ ਪਤਾ ਚਲੇ (ਅਨਗੰਧ) ਸੜ ਗਏ।

ਭਇਓ ਛਤ੍ਰੀਅ ਮੇਧੁ ਮਹਾ ਪ੍ਰਬਲੰ ॥੨੧॥੩੧੧॥

(ਇਸ ਤਰ੍ਹਾਂ) ਛਤਰੀਆਂ ਦੀ ਕੁਰਬਾਨੀ ਦਾ ਬਹੁਤ ਵੱਡਾ ਯੱਗ ਹੋਇਆ ॥੨੧॥੩੧੧॥

ਇਤਿ ਅਜੈ ਸਿੰਘ ਕਾ ਰਾਜ ਸੰਪੂਰਨ ਭਇਆ ॥

ਇਥੇ ਅਜੈ ਸਿੰਘ ਦਾ ਰਾਜ ਸੰਪੂਰਨ ਹੋਇਆ।

ਜਗਰਾਜ ॥ ਤੋਮਰ ਛੰਦ ॥ ਤ੍ਵਪ੍ਰਸਾਦਿ ॥

ਜਗਰਾਜ ਤੋਮਰ ਛੰਦ: ਤੇਰੀ ਕ੍ਰਿਪਾ ਨਾਲ:

ਬਿਆਸੀ ਬਰਖ ਪਰਮਾਨ ॥

ਬਿਆਸੀ ਸਾਲ,

ਦਿਨ ਦੋਇ ਮਾਸ ਅਸਟਾਨ ॥

ਅੱਠ ਮਹੀਨੇ ਅਤੇ ਦੋ ਦਿਨ ਤਕ

ਬਹੁ ਰਾਜੁ ਭਾਗ ਕਮਾਇ ॥

ਰਾਜ-ਭਾਗ ਚੰਗੀ ਤਰ੍ਹਾਂ ਕਮਾ ਕੇ

ਪੁਨਿ ਨ੍ਰਿਪ ਕੋ ਨ੍ਰਿਪਰਾਇ ॥੧॥੩੧੨॥

ਰਾਜਿਆਂ ਦੇ ਰਾਜੇ (ਅਜੈ ਸਿੰਘ) ਦਾ ਫਿਰ (ਦੇਹਾਂਤ ਹੋ ਗਿਆ) ॥੧॥੩੧੨॥

ਸੁਨ ਰਾਜ ਰਾਜ ਮਹਾਨ ॥

ਸੁਣੋ, ਰਾਜਿਆਂ ਦੇ ਵੱਡੇ ਰਾਜੇ

ਦਸ ਚਾਰਿ ਚਾਰਿ ਨਿਧਾਨ ॥

ਅਤੇ ਦਸ ਅਤੇ ਚਾਰ ਵਿਦਿਆਵਾਂ ਦੇ ਸੁੰਦਰ ਖ਼ਜ਼ਾਨੇ!

ਦਸ ਦੋਇ ਦੁਆਦਸ ਮੰਤ ॥

ਦਸ ਅਤੇ ਦੋ ਬਾਰ੍ਹਾਂ (ਅੱਖਰਾਂ ਦੇ) ਮੰਤਰ

ਧਰਨੀ ਧਰਾਨ ਮਹੰਤਿ ॥੨॥੩੧੩॥

(ਓਨਮ ਭਗਵਤੇ ਵਾਸਦੇਵਯ) ਨੂੰ ਪੜ੍ਹਨ ਵਾਲੇ ਅਤੇ ਧਰਤੀ ਉਤੇ ਪੂਜਣ-ਯੋਗ! ॥੨॥੩੧੩॥

ਪੁਨਿ ਭਯੋ ਉਦੋਤ ਨ੍ਰਿਪਾਲ ॥

ਫਿਰ ਮਹਾਰਾਜਾ (ਜਗ) ਪ੍ਰਗਟ (ਉਦੋਤ) ਹੋਇਆ

ਰਸ ਰਤਿ ਰੂਪ ਰਸਾਲ ॥

ਜੋ ਪ੍ਰੇਮ ਦੀ ਰੀਤ ਵਾਲਾ ਅਤੇ ਸੁੰਦਰ ਸਰੂਪ ਵਾਲਾ ਸੀ।

ਅਤਿ ਭਾਨ ਤੇਜ ਪ੍ਰਚੰਡ ॥

(ਉਸ ਦਾ) ਤੇਜ ਸੂਰਜ ਨਾਲੋਂ ਵੀ ਪ੍ਰਚੰਡ ਸੀ

ਅਨਖੰਡ ਤੇਜ ਪ੍ਰਚੰਡ ॥੩॥੩੧੪॥

ਅਤੇ (ਉਹ) ਪ੍ਰਚੰਡ ਤੇਜ ਨਾਸ਼ ਤੋਂ ਰਹਿਤ ਸੀ ॥੩॥੩੧੪॥

ਤਿਨਿ ਬੋਲਿ ਬਿਪ੍ਰ ਮਹਾਨ ॥

ਉਸ ਨੇ (ਬਹੁਤ ਸਾਰੇ) ਮਹਾਨ ਬ੍ਰਾਹਮਣ ਬੁਲਾ ਲਏ

ਪਸੁ ਮੇਧ ਜਗ ਰਚਾਨ ॥

ਅਤੇ ਪਸ਼ੂ-ਮੇਧ ਯੱਗ ਚਾਇ।

ਦਿਜ ਪ੍ਰਾਗ ਜੋਤ ਬੁਲਾਇ ॥

ਜੋਤਿਸ਼ ਵਿਦਿਆ ਦੇ ਗਿਆਤਾ ਅਤੇ ਆਪਣੇ ਆਪ ਨੂੰ (ਅਸਾਮ ਦੇ)

ਅਪਿ ਕਾਮਰੂਪ ਕਹਾਇ ॥੪॥੩੧੫॥

ਕਾਮ-ਰੂਪ (ਤੀਰਥ ਦੇ ਨਿਵਾਸੀ) ਅਖਵਾਉਣ ਵਾਲੇ ਬ੍ਰਾਹਮਣਾਂ ਨੂੰ (ਬੁਲਾ ਲਿਆ) ॥੪॥੩੧੫॥

ਦਿਜ ਕਾਮਰੂਪ ਅਨੇਕ ॥

ਕਾਮ-ਰੂਪ (ਤੀਰਥ) ਤੋਂ ਅਨੇਕ ਬ੍ਰਾਹਮਣ

ਨ੍ਰਿਪ ਬੋਲਿ ਲੀਨ ਬਿਸੇਖ ॥

ਰਾਜੇ ਨੇ ਖ਼ਾਸ ਤੌਰ ਤੇ ਬੁਲਾ ਲਏ।

ਸਭ ਜੀਅ ਜਗ ਅਪਾਰ ॥

ਸਾਰੇ ਜਗਤ ਵਿਚੋਂ ਅਪਾਰ ਜੀਵ (ਇਕੱਠੇ ਕਰ ਲਏ)

ਮਖ ਹੋਮ ਕੀਨ ਅਬਿਚਾਰ ॥੫॥੩੧੬॥

ਅਤੇ ਬਲਿਦਾਨ ਦੀ ਰੀਤ ਅਨੁਸਾਰ ('ਅਬਿਚਾਰ') ਸਭ ਨੂੰ ਯੱਗ ਵਿਚ ਹੋਮ ਕਰ ਦਿੱਤਾ ॥੫॥੩੧੬॥

ਪਸੁ ਏਕ ਪੈ ਦਸ ਬਾਰ ॥

ਇਕ ਇਕ ਪਸ਼ੂ ਉਤੇ (ਬ੍ਰਾਹਮਣਾਂ ਨੇ) ਦਸ ਦਸ ਵਾਰ

ਪੜਿ ਬੇਦ ਮੰਤ੍ਰ ਅਬਿਚਾਰ ॥

ਬਲਿਦਾਨ ਦੀ ਰੀਤ ਅਨੁਸਾਰ ਵੇਦ ਮੰਤਰ ਪੜ੍ਹ ਦਿੱਤੇ।

ਅਬਿ ਮਧਿ ਹੋਮ ਕਰਾਇ ॥

ਬਕਰਿਆਂ ('ਅਬਿ') ਨੂੰ (ਹਵਨ ਕੁੰਡ) ਵਿਚ ਹੋਮ ਕਰਾ ਕੇ

ਧਨੁ ਭੂਪ ਤੇ ਬਹੁ ਪਾਇ ॥੬॥੩੧੭॥

(ਬ੍ਰਾਹਮਣਾਂ ਨੇ) ਰਾਜ ਤੋਂ ਬਹੁਤ ਧਨ ਪ੍ਰਾਪਤ ਕੀਤਾ ॥੬॥੩੧੭॥

ਪਸੁ ਮੇਘ ਜਗ ਕਰਾਇ ॥

ਪਸ਼ੂ-ਮੇਧ ਯੱਗ ਕਰਾ ਕੇ

ਬਹੁ ਭਾਤ ਰਾਜੁ ਸੁਹਾਇ ॥

ਅਤੇ ਅਨੇਕ ਤਰ੍ਹਾਂ ਨਾਲ ਰਾਜਾ ਨੂੰ ਸੁਸ਼ੋਭਿਤ ਕਰਕੇ

ਬਰਖ ਅਸੀਹ ਅਸਟ ਪ੍ਰਮਾਨ ॥

ਅਠਾਸੀ ਵਰ੍ਹੇ

ਦੁਇ ਮਾਸ ਰਾਜੁ ਕਮਾਨ ॥੭॥੩੧੮॥

ਅਤੇ ਦੋ ਮਹੀਨੇ ਤਕ ਰਾਜ ਕੀਤਾ ॥੭॥੩੧੮॥

ਪੁਨ ਕਠਨ ਕਾਲ ਕਰਵਾਲ ॥

ਫਿਰ ਕਠੋਰ ਕਾਲ ਦੀ ਤਲਵਾਰ,

ਜਗ ਜਾਰੀਆ ਜਿਹ ਜੁਵਾਲ ॥

ਜਿਸ ਨੇ ਆਪਣੀ ਜੁਆਲਾ ਨਾਲ ਸਾਰਾ ਜਗਤ ਸਾੜ ਦਿੱਤਾ ਹੈ,

ਵਹਿ ਖੰਡੀਆ ਅਨਖੰਡ ॥

ਨੇ ਨਾ ਖੰਡੇ ਜਾ ਸਕਣ ਵਾਲੇ (ਜਗ ਰਾਜੇ) ਨੂੰ ਖੰਡਿਤ ਕਰ ਦਿੱਤਾ

ਅਨਖੰਡ ਰਾਜ ਪ੍ਰਚੰਡ ॥੮॥੩੧੯॥

ਜਿਸ ਦਾ ਰਾਜ ਪ੍ਰਚੰਡ ਅਤੇ ਅਖੰਡ ਸੀ ॥੮॥੩੧੯॥


Flag Counter