ਜਿਸ ਵਰਗਾ ਧਰਤੀ ਉਤੇ ਹੋਰ ਕੋਈ ਦੂਜਾ ਰਾਜਾ ਨਹੀਂ ਸੀ ॥੧॥
ਚੌਪਈ:
ਮ੍ਰਿਗਰਾਜ ਕਲਾ ਉਸ ਦੀ ਇਸਤਰੀ ਸੀ
ਜੋ ਰਾਜੇ ਦੇ ਹਿਰਦੇ ਵਿਚ ਵਸਦੀ ਸੀ।
ਉਸ ਦੇ ਰੂਪ ਦੇ ਬਰਾਬਰ ਕੋਈ ਨਹੀਂ ਸੀ।
ਵਿਧਾਤਾ ਨੇ ਕੇਵਲ ਉਹ ਇਕ ਹੀ (ਅਜਿਹੀ) ਬਣਾਈ ਸੀ ॥੨॥
ਦੋਹਰਾ:
ਉਸ ਤੋਂ ਦੋ ਪੁੱਤਰ ਪੈਦਾ ਹੋਏ ਜੋ ਅਸੀਮ ਰੂਪ ਦੀ ਖਾਣ ਸਨ।
ਉਨ੍ਹਾਂ ਦਾ ਤੇਜ ਅਤੇ ਡਰ ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਸੀ ॥੩॥
ਅੜਿਲ:
ਪਹਿਲੇ ਦਾ ਸ਼ੁਭ ਨਾਂ ਬ੍ਰਿਖਭ ਕੇਤੁ ਸੀ
ਅਤੇ ਦੂਜੇ ਦਾ ਨਾਂ ਬ੍ਯਾਘ੍ਰ ਕੇਤੁ ਸੀ।
ਉਹ (ਦੋਵੇਂ) ਜਗਤ ਵਿਚ ਰੂਪਵਾਨ ਅਤੇ ਬਲਵਾਨ ਕਹੇ ਜਾਂਦੇ ਸਨ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਉਸ ਨਗਰ ਵਿਚ ਦੂਜੇ ਸੂਰਜ ਅਤੇ ਚੰਦ੍ਰ ਪ੍ਰਗਟ ਹੋ ਗਏ ਹੋਣ ॥੪॥
ਚੌਪਈ:
ਜਦ ਉਨ੍ਹਾਂ ਤੇ ਜਵਾਨੀ ਚੜ੍ਹੀ
ਅਤੇ ਬਚਪਨ ਬੀਤ ਗਿਆ।
(ਤਦ) ਉਨ੍ਹਾਂ ਨੇ ਅਨੇਕ ਵੈਰੀਆਂ ਨੂੰ ਬਹੁਤ ਢੰਗਾਂ ਨਾਲ ਸੰਘਾਰਿਆ
ਅਤੇ ਆਪਣੀ ਪ੍ਰਜਾ ਅਤੇ ਸੇਵਕਾਂ ਨੂੰ ਪਾਲਿਆ ॥੫॥
ਦੋਹਰਾ:
(ਉਨ੍ਹਾਂ ਨੇ) ਭਾਂਤ ਭਾਂਤ ਦੇ ਦੇਸ ਜਿਤ ਕੇ ਬਹੁਤ ਸਾਰੇ ਵੈਰੀ ਰਾਜੇ ਅਧੀਨ ਕੀਤੇ ਸਨ।
ਉਹ ਮਰਦਾਨਗੀ ਵਾਲੇ ਰਾਜੇ ਸਾਰਿਆਂ ਦੇ ਸਿਰ ਉਤੇ ਸੂਰਜ ਵਾਂਗ ਸ਼ੁਭਾਇਮਾਨ ਸਨ ॥੬॥
ਪਹਿਲੇ ਕੁੰਵਰ ਵਿਚ ਕੁਝ ਰੂਪ ਘਟ ਸੀ, ਪਰ ਦੂਜੇ ਦਾ ਰੂਪ ਅਪਾਰ ਸੀ।
ਦੇਸਾਂ ਦੇਸਾਂ ਤੋਂ ਆ ਕੇ ਹਜ਼ਾਰਾਂ ਇਸਤਰੀਆਂ ਉਸ ਦੀ ਸੇਵਾ ਕਰਦੀਆਂ ਸਨ ॥੭॥
ਸੋਰਠਾ:
ਜਿਹੋ ਜਿਹਾ ਛੋਟਾ ਕੁੰਵਰ ਸੁੰਦਰ ਸੀ, ਇਹੋ ਜਿਹਾ ਕਿਸੇ ਦੇਸ਼ ਵਿਚ ਵੀ ਨਹੀਂ ਸੀ।
ਉਹ ਜਾਂ ਦੂਜਾ ਸੂਰਜ ਸੀ, ਜਾਂ ਚੰਦ੍ਰਮਾ ਸੀ ਜਾਂ ਕੁਬੇਰ ਸੀ ॥੮॥
ਚੌਪਈ:
ਉਸ ਦੀ ਮਾਤਾ ਪੁੱਤਰ ਦੀ ਛਬੀ ਨੂੰ ਵੇਖ ਕੇ
ਸਾਰੀਆਂ ਸੱਤੇ ਸੁੱਧਾਂ ਭੁਲ ਜਾਂਦੀ ਸੀ।
ਉਹ ਛੋਟੇ ਪੁੱਤਰ ਨਾਲ ਰਮਣ ਕਰਨਾ ਚਾਹੁੰਦੀ ਸੀ
(ਕਿਉਂਕਿ) ਰਾਣੀ (ਦੇ ਸ਼ਰੀਰ ਵਿਚ) ਬਹੁਤ ਕਾਮ ਵਿਆਪਕ ਹੋ ਗਿਆ ਸੀ ॥੯॥
ਉਸ ਨੇ ਤਦ ਸੋਚਿਆ ਕਿ ਪਤੀ (ਰਾਜੇ) ਨੂੰ ਮਾਰਿਆ ਜਾਵੇ
ਅਤੇ ਫਿਰ ਰਾਜ ਤਿਲਕ ਪ੍ਰਾਪਤ ਕਰਨ ਵਾਲੇ (ਵੱਡੇ) ਪੁੱਤਰ ਨੂੰ ਮਾਰਿਆ ਜਾਵੇ।
ਸੋਚਣ ਲਗੀ ਕਿ ਕਿਹੜਾ ਚਰਿਤ੍ਰ ਕੀਤਾ ਜਾਏ
ਕਿ ਛੋਟੇ ਪੁੱਤਰ ਦੇ ਸਿਰ ਉਤੇ ਰਾਜ-ਛਤ੍ਰ ਝੁਲਾਇਆ ਜਾਏ ॥੧੦॥
(ਉਸ ਨੇ) ਇਕ ਦਿਨ ਸ਼ਿਵ ਧੁਜ (ਰਾਜਾ ਰੁਦ੍ਰ ਕੇਤੁ) ਨੂੰ ਬੁਲਾਇਆ
ਅਤੇ ਸ਼ਰਾਬ ਨਾਲ ਮਸਤ ਕਰ ਕੇ ਸੁਆ ਦਿੱਤਾ।
ਫਿਰ ਤਿਲਕ-ਧਾਰੀ ਪੁੱਤਰ ਨੂੰ ਬੁਲਾਇਆ
ਅਤੇ ਉਸ ਨੂੰ ਪਿਆਰ ਨਾਲ ਅਧਿਕ (ਸ਼ਰਾਬ ਪਿਲਾ ਕੇ) ਮਸਤ ਕਰ ਦਿੱਤਾ ॥੧੧॥
ਦੋਹਰਾ:
ਪਤੀ ਅਤੇ ਪੁੱਤਰ ਨੂੰ ਸੁਆ ਕੇ ਹੱਥ ਵਿਚ ਤਲਵਾਰ ਖਿਚ ਲਈ।
ਆਪਣੇ (ਛੋਟੇ) ਪੁੱਤਰ ਕਾਰਨ ਉਨ੍ਹਾਂ ਨੂੰ ਆਪਣੇ ਹੱਥ ਨਾਲ ਮਾਰ ਦਿੱਤਾ ॥੧੨॥
ਚੌਪਈ:
ਪੁੱਤਰ ਅਤੇ ਪਤੀ ਨੂੰ ਮਾਰ ਕੇ ਢਾਹਾਂ ਮਾਰ ਕੇ ਰੋਣ ਲਗ ਗਈ
ਕਿ ਪਤੀ ਨੇ ਪੁੱਤਰ ਅਤੇ ਪੁੱਤਰ ਨੇ ਪਤੀ ਨੂੰ ਮਾਰ ਦਿੱਤਾ ਹੈ।
ਸ਼ਰਾਬ ਵਿਚ ਦੋਵੇਂ ਮਸਤ ਹੋ ਗਏ ਸਨ।
(ਇਸ ਲਈ) ਆਪਸ ਵਿਚ ਕ੍ਰੋਧ ਨਾਲ ਤਪ ਗਏ (ਭਾਵ ਲੜ ਪਏ) ॥੧੩॥