ਸ਼੍ਰੀ ਦਸਮ ਗ੍ਰੰਥ

ਅੰਗ - 396


ਸਵੈਯਾ ॥

ਸਵੈਯਾ:

ਮਾਧਵ ਊਧਵ ਲੈ ਅਪਨੇ ਸੰਗਿ ਏਕ ਸਮੈ ਕੁਬਿਜਾ ਗ੍ਰਿਹ ਆਏ ॥

ਇਕ ਵਾਰ ਸ੍ਰੀ ਕ੍ਰਿਸ਼ਨ ਊਧਵ ਨੂੰ ਨਾਲ ਲੈ ਕੇ ਕੁਬਜਾ ਦੇ ਘਰ ਆਏ।

ਏ ਸੁਨਿ ਆਗੇ ਹੀ ਆਏ ਲਏ ਮਨ ਭਾਵਤ ਦੇਖਿ ਸਭੈ ਸੁਖ ਪਾਏ ॥

(ਇਹ ਗੱਲ) ਸੁਣ ਕੇ ਅਗੋਂ ਹੀ ਆ ਕੇ (ਉਹ ਘਰ ਦੇ ਅੰਦਰ) ਲੈ ਆਈ ਅਤੇ ਪ੍ਰੀਤਮ ('ਮਨ ਭਾਵਤ') ਨੂੰ ਵੇਖ ਕੇ ਸਾਰੇ ਸੁਖ ਪ੍ਰਾਪਤ ਕਰ ਲਏ।

ਲੈ ਹਰਿ ਕੇ ਜੁਗ ਪੰਕਜ ਪਾਇਨ ਸੀਸ ਢੁਲਾਇ ਰਹੀ ਲਪਟਾਏ ॥

(ਫਿਰ) ਸ੍ਰੀ ਕ੍ਰਿਸ਼ਨ ਦੇ ਦੋਹਾਂ ਚਰਨ ਕਮਲਾਂ ਨੂੰ (ਹੱਥ ਵਿਚ) ਲੈ ਕੇ (ਆਪਣਾ) ਸਿਰ ਰਖ ਦਿੱਤਾ (ਅਤੇ ਉਨ੍ਹਾਂ ਨਾਲ) ਲਿਪਟ ਗਈ।

ਐਸੋ ਹੁਲਾਸ ਬਢਿਯੋ ਜੀਯ ਮੋ ਜਿਮ ਚਾਤ੍ਰਿਕ ਮੋਰ ਘਟਾ ਘਹਰਾਏ ॥੯੮੬॥

ਉਸ ਦੇ ਹਿਰਦੇ ਵਿਚ ਇਸ ਤਰ੍ਹਾਂ ਦਾ ਹੁਲਾਸ ਵਧਿਆ ਜਿਵੇਂ ਬਦਲ ਦੇ ਗਰਜਣ ਨਾਲ ਚਾਤ੍ਰਿਕ ਅਤੇ ਮੋਰ ਆਨੰਦਿਤ ਹੋ ਜਾਂਦੇ ਹਨ ॥੯੮੬॥

ਊਚ ਅਵਾਸ ਬਨਿਯੋ ਅਤਿ ਸੁਭ੍ਰਮ ਈਗਰ ਰੰਗ ਕੇ ਚਿਤ੍ਰ ਬਨਾਏ ॥

(ਉਸ ਦਾ) ਉੱਚਾ ਘਰ ਬਣਿਆ ਹੋਇਆ ਸੀ ਅਤੇ (ਉਸ ਉਤੇ) ਲਾਲ ਰੰਗ ਦੇ ਬੜੇ ਸੁੰਦਰ ਚਿਤਰ ਬਣੇ ਹੋਏ ਸਨ।

ਚੰਦਨ ਧੂਪ ਕਦੰਬ ਕਲੰਬਕ ਦੀਪਕ ਦੀਪ ਤਹਾ ਦਰਸਾਏ ॥

ਚੰਦਨ, ਧੂਪ, ਕਦੰਬ ਅਤੇ ਕਲੰਬਕ (ਫੁਲਾਂ) ਨੂੰ ਲੈ ਕੇ ਅਤੇ ਦੀਪਕ ਬਾਲ ਕੇ ਉਸ ਨੇ (ਸ੍ਰੀ ਕ੍ਰਿਸ਼ਨ ਨੂੰ) ਵਿਖਾਏ (ਅਰਥਾਤ ਉਸ ਦੀ ਆਰਤੀ ਉਤਾਰੀ)।

ਲੈ ਪਰਜੰਕ ਤਹਾ ਅਤਿ ਸੁੰਦਰ ਸਵਛ ਸੁ ਮਉਰ ਸੁਗੰਧ ਬਿਛਾਏ ॥

(ਫਿਰ) ਇਕ ਸੁੰਦਰ ਪਲੰਘ ਲੈ ਕੇ ਬਹੁਤ ਸੁੰਦਰ ਬਿਸਤਰਾ ਵਿਛਾਇਆ (ਅਤੇ ਉਪਰ) ਸੁਗੰਧਿਤ ਫੁਲ (ਰਖ ਦਿੱਤੇ)।

ਦੋ ਕਰ ਜੋਰਿ ਪ੍ਰਨਾਮ ਕਰਿਯੋ ਤਬ ਕੇਸਵ ਤਾ ਪਰ ਆਨਿ ਬੈਠਾਏ ॥੯੮੭॥

(ਇਸ ਮਗਰੋਂ) ਦੋਵੇਂ ਹੱਥ ਜੋੜ ਕੇ ਪ੍ਰਨਾਮ ਕੀਤਾ ਅਤੇ ਸ੍ਰੀ ਕ੍ਰਿਸ਼ਨ ਨੂੰ ਲਿਆ ਕੇ ਉਸ ਉਤੇ ਬਿਠਾ ਦਿੱਤਾ ॥੯੮੭॥

ਦੋਹਰਾ ॥

ਦੋਹਰਾ:

ਰਤਨ ਖਚਤ ਪੀੜਾ ਬਹੁਰ ਲ੍ਯਾਈ ਭਗਤਿ ਜਨਾਇ ॥

ਫਿਰ ਭਗਤੀ ਭਾਵ ਪ੍ਰਗਟ ਕਰਦੀ ਹੋਈ ਰਤਨਾ ਨਾਲ ਜੜ੍ਹਿਆ ਪੀੜ੍ਹਾ ਲੈ ਆਈ।

ਊਧਵ ਜੀ ਸੋ ਯੌ ਕਹਿਯੋ ਬੈਠਹੁ ਯਾ ਪਰ ਆਇ ॥੯੮੮॥

ਊਧਵ ਜੀ ਨੂੰ ਇਸ ਤਰ੍ਹਾਂ ਕਿਹਾ ਕਿ ਇਸ ਉਤੇ ਬੈਠ ਜਾਓ ॥੯੮੮॥

ਸਵੈਯਾ ॥

ਸਵੈਯਾ:

ਊਧਵ ਜੀ ਕੁਬਜਾ ਸੋ ਕਹੈ ਨਿਜੁ ਪ੍ਰੀਤਿ ਲਖੀ ਅਤਿ ਹੀ ਤੁਮਰੀ ਮੈ ॥

ਊਧਵ ਨੇ ਕੁਬਜਾ ਨੂੰ ਕਿਹਾ ਕਿ ਕ੍ਰਿਸ਼ਨ ਨਾਲ ਤੇਰੀ ਪ੍ਰੀਤ ਨੂੰ ਮੈਂ ਜਾਣ ਲਿਆ ਹੈ।

ਹਉ ਅਤਿ ਦੀਨ ਅਧੀਨ ਅਨਾਥ ਨ ਬੈਠ ਸਕਉ ਸਮੁਹਾਇ ਹਰੀ ਮੈ ॥

ਮੈਂ ਬਹੁਤ ਨਿਮਾਣਾ, ਅਧੀਨਗੀ ਵਿਚ ਰਹਿਣ ਵਾਲਾ, ਅਨਾਥ ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਪੀੜ੍ਹੇ ਉਤੇ) ਨਹੀਂ ਬੈਠ ਸਕਦਾ।

ਕਾਨ੍ਰਹ ਪ੍ਰਤਾਪ ਤਬੈ ਉਠਿ ਪੀੜੇ ਕਉ ਦੀਨ ਉਠਾਇ ਕੇ ਵਾਹੀ ਘਰੀ ਮੈ ॥

ਤਦ ਸ੍ਰੀ ਕ੍ਰਿਸ਼ਨ ਦੇ ਪ੍ਰਤਾਪ (ਨੂੰ ਦਰਸਾਉਣ ਲਈ) ਉਸੇ ਵੇਲੇ ਉਠ ਕੇ ਪੀੜ੍ਹੇ ਨੂੰ ਚੁਕਵਾ ਦਿੱਤਾ।

ਪੈ ਇਤਨੋ ਕਰਿ ਕੈ ਭੂਅ ਬੈਠਿ ਰਹਿਯੋ ਗਹਿ ਪਾਇਨ ਨੇਹ ਛਰੀ ਮੈ ॥੯੮੯॥

ਇਤਨਾ ਕੁਝ ਕਰ ਕੇ ਧਰਤੀ ਉਤੇ ਬੈਠ ਗਿਆ ਅਤੇ (ਆਪਣੇ ਹੱਥ ਵਿਚ) ਸ੍ਰੀ ਕ੍ਰਿਸ਼ਨ ਦੇ ਚਰਨਾਂ ਦੇ ਪ੍ਰੇਮ ਦੀ ਛੜੀ ਪਕੜ ਲਈ ॥੯੮੯॥

ਜੇ ਪਦ ਪੰਕਜ ਸੇਸ ਮਹੇਸ ਸੁਰੇਸ ਦਿਨੇਸ ਨਿਸੇਸ ਨ ਪਾਏ ॥

ਜੋ ਚਰਨ-ਕਮਲ ਸ਼ੇਸ਼ਨਾਗ, ਸਹੇਸ਼, ਇੰਦਰ, ਸੂਰਜ ਅਤੇ ਚੰਦ੍ਰਮਾ ਪ੍ਰਾਪਤ ਨਹੀਂ ਕਰ ਸਕੇ।

ਜੇ ਪਦ ਪੰਕਜ ਬੇਦ ਪੁਰਾਨ ਬਖਾਨਿ ਪ੍ਰਮਾਨ ਕੈ ਗ੍ਯਾਨ ਨ ਗਾਏ ॥

ਜਿਨ੍ਹਾਂ ਚਰਨ-ਕਮਲਾਂ ਦਾ ਵੇਦ, ਪੁਰਾਣ ਆਦਿ ਵਿਖਿਆਨ ਕਰਦੇ ਹਨ, ਪਰ (ਉਨ੍ਹਾਂ ਦਾ) ਗਿਆਨ ਪ੍ਰਮਾਣ ਸਹਿਤ ਨਾ ਦੇ ਸਕੇ।

ਜੇ ਪਦ ਪੰਕਜ ਸਿਧ ਸਮਾਧਿ ਮੈ ਸਾਧਤ ਹੈ ਮਨਿ ਮੋਨ ਲਗਾਏ ॥

ਜਿਨ੍ਹਾਂ ਚਰਨ-ਕਮਲਾਂ ਨੂੰ ਸਿੱਧ ਲੋਕ ਸਮਾਧੀ ਵਿਚ ਸਾਧਦੇ ਹਨ ਅਤੇ ਮੁਨੀ ਲੋਕ ਮੌਨ ਹੋ ਕੇ ਧਿਆਨ ਲਗਾਉਂਦੇ ਹਨ।

ਜੇ ਪਦ ਪੰਕਜ ਕੇਸਵ ਕੇ ਅਬ ਊਧਵ ਲੈ ਕਰ ਮੈ ਸਹਰਾਏ ॥੯੯੦॥

ਕੇਸ਼ਵ (ਕ੍ਰਿਸ਼ਨ) ਦੇ ਉਨ੍ਹਾਂ ਚਰਨ-ਕਮਲਾਂ ਨੂੰ ਊਧਵ ਆਪਣੇ ਹੱਥਾਂ ਵਿਚ ਲੈ ਕੇ ਪਲੋਸ ਰਿਹਾ ਹੈ ॥੯੯੦॥

ਸੰਤ ਸਹਾਰਤ ਸ੍ਯਾਮ ਕੇ ਪਾਇ ਮਹਾ ਬਿਗਸਿਯੋ ਮਨ ਭੀਤਰ ਸੋਊ ॥

(ਜਿਹੜੇ) ਸੰਤ ਸ੍ਰੀ ਕ੍ਰਿਸ਼ਨ ਦੇ ਚਰਨਾਂ ਨੂੰ ਸੇਵਦੇ ਹਨ, ਉਹ ਮਨ ਵਿਚ ਬਹੁਤ ਖ਼ੁਸ਼ ਹੁੰਦੇ ਹਨ।

ਜੋਗਨ ਕੇ ਜੋਊ ਧ੍ਯਾਨ ਕੇ ਬੀਚ ਨ ਆਵਤ ਹੈ ਅਤਿ ਬ੍ਯਾਕੁਲ ਹੋਊ ॥

ਜਿਹੜੇ (ਚਰਨ-ਕਮਲ) ਜੋਗੀਆਂ ਦੇ ਧਿਆਨ ਵਿਚ ਨਹੀਂ ਆਉਂਦੇ (ਜਿਸ ਕਰ ਕੇ) ਉਹ ਵਿਆਕੁਲ ਹੋ ਰਹੇ ਹਨ।

ਜਾ ਬ੍ਰਹਮਾਦਿਕ ਸੇਸ ਸੁਰਾਦਿਕ ਖੋਜਤ ਅੰਤਿ ਨ ਪਾਵਤ ਕੋਊ ॥

ਜਿਨ੍ਹਾਂ (ਚਰਨ-ਕਮਲਾਂ) ਨੂੰ ਬ੍ਰਹਮਾ ਆਦਿਕ, ਸ਼ੇਸ਼ਨਾਗ, ਦੇਵਤਾ ਆਦਿਕ ਖੋਜ ਥਕੇ ਹਨ, ਪਰ ਕੋਈ ਅੰਤ ਨਹੀਂ ਪਾ ਸਕੇ।

ਸੋ ਪਦ ਕੰਜਨ ਕੀ ਸਮ ਤੁਲਿ ਪਲੋਟਤ ਊਧਵ ਲੈ ਕਰਿ ਦੋਊ ॥੯੯੧॥

ਉਨ੍ਹਾਂ ਚਰਨ ਕਮਲਾਂ ਦੀ ਕੀ ਬਰਾਬਰੀ ਹੈ (ਜਿਨ੍ਹਾਂ ਨੂੰ) ਦੋਹਾਂ ਹੱਥਾਂ ਵਿਚ ਲੈ ਕੇ ਊਧਵ ਪਲੋਸ ਰਿਹਾ ਹੈ ॥੯੯੧॥

ਇਤ ਸ੍ਯਾਮ ਪਲੋਟਤ ਊਧਵ ਪਾਇ ਉਤੈ ਉਨ ਮਾਲਨਿ ਸਾਜ ਕੀਏ ॥

ਇਧਰ ਊਧਵ ਸ੍ਰੀ ਕ੍ਰਿਸ਼ਨ ਦੇ ਪੈਰ ਪਲੋਸ ਰਿਹਾ ਸੀ, ਉਧਰ ਉਸ ਮਾਲਣ ਨੇ ਸ਼ਿੰਗਾਰ ਕਰ ਲਿਆ ਹੈ।

ਸੁਭ ਬਜ੍ਰਨ ਕੇ ਅਰੁ ਲਾਲ ਜਵਾਹਰ ਦੇਖਿ ਜਿਸੈ ਸੁਖ ਹੋਤ ਜੀਏ ॥

(ਉਸ ਨੇ) ਸੋਹਣੇ ਹੀਰਿਆਂ ਅਤੇ ਲਾਲਾਂ ਜਵਾਹਰਾਂ (ਨਾਲ ਜੜ੍ਹੇ ਹੋਏ ਗਹਿਣੇ ਪਾਏ ਹੋਏ ਹਨ) ਜਿਨ੍ਹਾਂ ਨੂੰ ਵੇਖ ਕੇ ਮਨ ਵਿਚ ਬਹੁਤ ਸੁਖ ਹੁੰਦਾ ਹੈ।

ਇਤਨੇ ਪਹਿ ਕਾਨ੍ਰਹ ਪੈ ਆਇ ਗਈ ਬਿੰਦੁਰੀ ਕਹਿਯੋ ਈਗਰ ਭਾਲਿ ਦੀਏ ॥

ਇਤਨੇ ਤਕ ਕ੍ਰਿਸ਼ਨ ਕੋਲ ਆ ਗਈ ਅਤੇ (ਉਸ ਨੇ) ਮੱਥੇ ਉਤੇ ਲਾਲ ਰੰਗ ਦੀ ਬਿੰਦੀ ਲਗਾਈ ਹੋਈ ਸੀ।

ਤਿਹ ਰੂਪ ਨਿਹਾਰਿ ਹੁਲਾਸ ਬਢਿਯੋ ਕਬਿ ਸ੍ਯਾਮ ਕਹੈ ਜਦੁਬੀਰ ਹੀਏ ॥੯੯੨॥

ਕਵੀ ਸ਼ਿਆਮ ਕਹਿੰਦੇ ਹਨ, ਉਸ ਦਾ ਰੂਪ ਵੇਖ ਕੇ ਸ੍ਰੀ ਕ੍ਰਿਸ਼ਨ ਦੇ ਹਿਰਦੇ ਵਿਚ ਹੁਲਾਸ ਵਧ ਗਿਆ ॥੯੯੨॥

ਸਜਿ ਸਾਜਨ ਮਾਲਨਿ ਅੰਗਨ ਮੈ ਅਤਿ ਸੁੰਦਰ ਸੋ ਹਰਿ ਪਾਸ ਗਈ ॥

ਮਾਲਣ ਅੰਗਾਂ ਵਿਚ ਸਾਜ ਸਜਾਵਟ ਕਰ ਕੇ ਅਤੇ ਬਹੁਤ ਸੁੰਦਰ (ਹੋ ਕੇ) ਸ੍ਰੀ ਕ੍ਰਿਸ਼ਨ ਪਾਸ ਆ ਗਈ।

ਮਨੋ ਦੂਸਰਿ ਚੰਦ੍ਰਕਲਾ ਪ੍ਰਗਟੀ ਮਨੋ ਹੇਰਤ ਕੈ ਇਹ ਰੂਪ ਮਈ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੂਜੀ ਚੰਦ੍ਰ-ਕਲਾ ਪ੍ਰਗਟ ਹੋ ਗਈ ਹੋਵੇ, ਜਾਂ ਮਾਨੋ 'ਰਤਿ' ਦਾ ਰੂਪ ਹੀ ਹੋ ਗਈ ਹੋਵੇ।

ਹਰਿ ਜੂ ਲਖਿ ਕੈ ਜੀਯ ਕੀ ਬਿਰਥਾ ਕਬਿ ਸ੍ਯਾਮ ਕਹੈ ਸੋਊ ਐਚ ਲਈ ॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸੇ ਦੇ ਮਨ ਦੀ ਅਵਸਥਾ ਵੇਖ ਕੇ, ਉਸ ਨੂੰ (ਆਪਣੇ ਪਾਸ) ਖਿਚ ਲਿਆ।

ਤਿਹ ਊਪਰਿ ਬੈਸਿ ਅਸੰਕ ਭਈ ਮਨ ਕੀ ਸਭ ਸੰਕ ਪਰਾਇ ਗਈ ॥੯੯੩॥

ਉਸ (ਪਲੰਘ) ਉਪਰ ਬੈਠ ਕੇ ਨਿਸੰਗ ਹੋ ਗਈ ਅਤੇ ਮਨ ਦੀ ਸਾਰੀ ਸੰਗ ਦੂਰ ਹੋ ਗਈ ॥੯੯੩॥

ਬਹੀਯਾ ਜਬ ਹੀ ਗਹਿ ਸ੍ਯਾਮਿ ਲਈ ਕੁਬਿਜਾ ਅਤਿ ਹੀ ਮਨ ਮੈ ਸੁਖ ਪਾਯੋ ॥

ਜਦ ਸ੍ਰੀ ਕ੍ਰਿਸ਼ਨ ਨੇ (ਕੁਬਜਾ ਨੂੰ) ਬਾਹੋਂ ਪਕੜ ਲਿਆ, ਤਦ ਕੁਬਜਾ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਸ੍ਯਾਮ ਮਿਲੇ ਬਹੁਤੇ ਦਿਨ ਮੈ ਹਮ ਕਉ ਕਹਿ ਕੈ ਇਹ ਭਾਤਿ ਸੁਨਾਯੋ ॥

ਹੇ ਸ੍ਰੀ ਕ੍ਰਿਸ਼ਨ! ਤੁਸੀਂ ਮੈਨੂੰ ਬਹੁਤ ਦਿਨਾਂ ਬਾਦ ਆ ਕੇ ਮਿਲੇ ਹੋ, (ਕੁਬਜਾ ਨੇ) ਇਸ ਤਰ੍ਹਾਂ ਕਹਿ ਕੇ ਸੁਣਾਇਆ।

ਚੰਦਨ ਜਿਉ ਤੁਹਿ ਅੰਗ ਮਲਿਯੋ ਤਿਹ ਤੇ ਹਮ ਹੂੰ ਜਦੁਬੀਰ ਰਿਝਾਯੋ ॥

ਜਿਸ ਤਰ੍ਹਾਂ ਤੁਹਾਡੇ ਸ਼ਰੀਰ ਉਤੇ ਚੰਦਨ ਮਲ ਕੇ (ਰਿਝਾਇਆ ਸੀ) ਉਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਅਜ ਮੈਨੂੰ ਖ਼ੁਸ਼ ਕੀਤਾ ਹੈ।

ਜੋਊ ਮਨੋਰਥ ਥੋ ਜੀਯ ਮੈ ਤੁਮਰੇ ਮਿਲਏ ਸੋਊ ਮੋ ਕਰਿ ਆਯੋ ॥੯੯੪॥

ਮੇਰੇ ਮਨ ਵਿਚ ਜੋ ਮਨੋਰਥ ਸੀ, ਤੁਹਾਡੇ ਮਿਲਣ ਨਾਲ ਮੇਰੇ ਹੱਥ ਵਿਚ ਆ ਗਿਆ ਹੈ (ਅਰਥਾਤ ਪ੍ਰਾਪਤ ਹੋ ਗਿਆ ਹੈ) ॥੯੯੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕੁਬਜਾ ਕੇ ਗ੍ਰਿਹ ਜਾ ਮਨੋਰਥ ਪੂਰਨ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕੁਬਜਾ ਦੇ ਘਰ ਜਾ ਕੇ ਉਸ ਦਾ ਮਨੋਰਥ ਪੂਰਨ ਕਰਨ ਦਾ ਪ੍ਰਸੰਗ ਸਮਾਪਤ।

ਅਥ ਅਕ੍ਰੂਰ ਕੇ ਧਾਮ ਕਾਨ੍ਰਹ ਜੂ ਆਏ ॥

ਹੁਣ ਅਕਰੂਰ ਦੇ ਘਰ ਕਾਨ੍ਹ ਜੀ ਦੇ ਆਉਣ ਦਾ ਕਥਨ:

ਸਵੈਯਾ ॥

ਸਵੈਯਾ:

ਦੈ ਸੁਖ ਮਾਲਨਿ ਕਉ ਅਤਿ ਹੀ ਅਕ੍ਰੂਰਹਿ ਕੇ ਫਿਰ ਧਾਮਿ ਪਧਾਰਿਯੋ ॥

ਮਾਲਣ ਨੂੰ ਬਹੁਤ ਸੁਖ ਦੇ ਕੇ, ਫਿਰ ਅਕਰੂਰ ਦੇ ਘਰ ਚਲੇ ਗਏ। (ਕ੍ਰਿਸ਼ਨ ਦਾ) ਆਉਣਾ ਸੁਣ ਕੇ ਉਹ ਪੈਰੀਂ ਆ ਲਗਿਆ,

ਆਵਤ ਸੋ ਸੁਨਿ ਪਾਇ ਲਗਿਯੋ ਤਿਹ ਮਧਿ ਚਲੋ ਹਰਿ ਪ੍ਰੇਮ ਚਿਤਾਰਿਯੋ ॥

ਉਸ ਦੇ (ਮਨ) ਵਿਚ ਹਰਿ ਪ੍ਰੇਮ ਦਾ (ਪ੍ਰਵਾਹ) ਚਲ ਪਿਆ, (ਉਹ ਕ੍ਰਿਸ਼ਨ ਨੇ) ਚਿਤਾਰ ਲਿਆ।

ਸੋ ਗਹਿ ਸ੍ਯਾਮ ਕੇ ਪਾਇ ਰਹਿਯੋ ਕਬਿ ਨੇ ਮੁਖ ਤੇ ਇਹ ਭਾਤਿ ਉਚਾਰਿਯੋ ॥

ਫਿਰ ਉਸ ਨੇ ਸ੍ਰੀ ਕ੍ਰਿਸ਼ਨ ਦੇ ਚਰਨ ਪਕੜ ਲਏ, (ਉਸ ਦ੍ਰਿਸ਼ ਨੂੰ) ਕਵੀ ਨੇ ਮੁਖ ਤੋਂ ਇਸ ਤਰ੍ਹਾਂ ਉਚਾਰਿਆ ਹੈ।

ਊਧਵ ਸੋ ਜਦੁਬੀਰ ਕਹਿਯੋ ਇਨ ਸੰਤਨ ਕੋ ਅਤਿ ਪ੍ਰੇਮ ਨਿਹਾਰਿਯੋ ॥੯੯੫॥

ਊਧਵ ਨੂੰ ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਇਨ੍ਹਾਂ ਸੰਤਾਂ ਦਾ ਅਤਿ ਅਧਿਕ ਪ੍ਰੇਮ ਵੇਖਿਆ ਹੈ ॥੯੯੫॥

ਊਧਵ ਸ੍ਯਾਮ ਕਹਿਯੋ ਸੁਨ ਕੈ ਅਕ੍ਰੂਰਹਿ ਕੋ ਅਤਿ ਪ੍ਰੇਮ ਨਿਹਾਰਿਯੋ ॥

ਊਧਵ ਨੇ ਕ੍ਰਿਸ਼ਨ ਦਾ ਕਿਹਾ ਸੁਣ ਕੇ ਅਕਰੂਰ ਦੇ ਅਤਿ ਅਧਿਕ ਪ੍ਰੇਮ ਨੂੰ ਵੇਖਿਆ।

ਸੁਧਿ ਕਰੀ ਉਨ ਕੀ ਮਨ ਮੈ ਕੁਬਿਜਾ ਕੋ ਕਹਿਯੋ ਅਰੁ ਪ੍ਰੇਮ ਚਿਤਾਰਿਯੋ ॥

(ਫਿਰ ਉਸ ਨੇ ਆਪਣੇ) ਮਨ ਵਿਚ ਕੁਬਜਾ ਦੇ ਕਹੇ ਹੋਏ (ਬੋਲਾਂ ਨੂੰ) ਅਤੇ ਪ੍ਰੇਮ ਨੂੰ ਯਾਦ ਕੀਤਾ।

ਸੋ ਗਨਤੀ ਕਰਿ ਕੈ ਮਨ ਮੈ ਕਨ੍ਰਹੀਯਾ ਸੰਗਿ ਪੈ ਇਹ ਭਾਤਿ ਉਚਾਰਿਯੋ ॥

ਮਨ ਵਿਚ ਸੋਚ ਵਿਚਾਰ ਕਰ ਕੇ ਕ੍ਰਿਸ਼ਨ ਪਾਸ ਇਸ ਤਰ੍ਹਾਂ ਕਹਿ ਸੁਣਾਇਆ।

ਹੇ ਹਰਿ ਜੂ ਇਹ ਕੇ ਪਿਖਏ ਉਨ ਕੇ ਸਭ ਪ੍ਰੇਮ ਬਿਦਾ ਕਰਿ ਡਾਰਿਯੋ ॥੯੯੬॥

ਹੇ ਕ੍ਰਿਸ਼ਨ ਜੀ! ਇਸ ਦੇ (ਪ੍ਰੇਮ ਨੂੰ) ਵੇਖ ਕੇ (ਇੰਜ ਲਗਦਾ ਹੈ) ਕਿ ਉਸ (ਕੁਬਜਾ) ਦੇ ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ (ਅਰਥਾਤ ਤੁਛ ਹੋ ਗਿਆ ਹੈ) ॥੯੯੬॥