ਸ਼੍ਰੀ ਦਸਮ ਗ੍ਰੰਥ

ਅੰਗ - 1334


ਅੜਿਲ ॥

ਅੜਿਲ:

ਏਕ ਨਾਰ ਤਿਹ ਪਤਿ ਕੋ ਰੂਪ ਨਿਹਾਰਿ ਬਰ ॥

ਇਕ ਇਸਤਰੀ ਉਸ ਦੇ ਪਤੀ ਨੂੰ ਵੇਖ ਕੇ, ਉਸ ਨਾਲ ਫਸ ਗਈ (ਭਾਵ ਮੋਹਿਤ ਹੋ ਗਈ)।

ਰਹੀ ਮੁਬਤਲਾ ਹ੍ਵੈ ਇਮਿ ਚਰਿਤ ਬਿਚਾਰਿ ਕਰਿ ॥

(ਸੋਚਣ ਲਗੀ ਕਿ) ਕੋਈ ਵਿਚਾਰ ਪੂਰਵਕ ਚਰਿਤ੍ਰ ਕੀਤਾ ਜਾਏ।

ਇਹ ਨਿਰਖੇ ਬਿਨੁ ਚੈਨ ਨ ਮੋ ਕੌ ਪਲ ਪਰੈ ॥

ਕਿਉਂਕਿ ਇਸ (ਪੀਰ) ਨੂੰ ਵੇਖੇ ਬਿਨਾ ਮੈਨੂੰ ਪਲ ਭਰ ਲਈ ਵੀ ਚੈਨ ਨਹੀਂ ਪੈਂਦਾ

ਹੋ ਜੌ ਨਿਰਖਤ ਹੌ ਤਾਹਿ ਤੁ ਰਾਰਹਿ ਤ੍ਰਿਯ ਕਰੈ ॥੩॥

ਅਤੇ ਜੇ ਵੇਖਦੀ ਹਾਂ ਤਾਂ ਉਸ ਦੀ ਇਸਤਰੀ ਝਗੜਾ ਕਰਦੀ ਹੈ ॥੩॥

ਚੌਪਈ ॥

ਚੌਪਈ:

ਤਿਸੀ ਤ੍ਰਿਯਾ ਕੇ ਧਾਮ ਸਿਧਾਈ ॥

(ਆਖਿਰ ਸੋਚ ਵਿਚਾਰ ਕੇ ਉਹ) ਉਸ ਇਸਤਰੀ ਦੇ ਘਰ ਗਈ

ਬਹੁਤਕ ਭੇਟ ਅਸਰਫੀ ਲ੍ਯਾਈ ॥

ਅਤੇ ਭੇਟਾ ਕਰਨ ਲਈ ਬਹੁਤ ਸਾਰੀਆਂ ਅਸ਼ਰਫ਼ੀਆਂ ਨਾਲ ਲਿਆਈ।

ਜੇਵਰ ਦੀਨੇ ਜਰੇ ਜਰਾਇਨ ॥

(ਉਸ ਨੂੰ) ਸੋਨੇ ਦੇ ਜੜਾਊ ਜ਼ੇਵਰ ਦਿੱਤੇ

ਜਿਨ ਕੋ ਸਕਤ ਅੰਤ ਕੋਈ ਪਾਇਨ ॥੪॥

ਜਿਨ੍ਹਾਂ ਦਾ ਅੰਤ ਕੌਣ ਪਾ ਸਕਦਾ ਸੀ ॥੪॥

ਸੁ ਸਭ ਦਈ ਤਿਹ ਸਾਥਿ ਕਹਾ ਇਮਿ ॥

ਉਹ ਸਭ ਕੁਝ ਉਸ ਦੇ ਕੇ ਇਸ ਤਰ੍ਹਾਂ ਕਿਹਾ

ਸਾਥ ਖਾਦਿਮਾ ਬਾਨੋ ਕੇ ਤਿਮਿ ॥

ਖ਼ਾਦਮਾ ਬਾਨੋ ਨੂੰ,

ਏਕਹਿ ਆਸ ਹ੍ਯਾਂ ਮੈ ਆਈ ॥

ਮੈਂ ਇਕ ਆਸ ਲੈ ਕੇ ਇਥੇ ਆਈ ਹਾਂ।

ਸੁ ਮੈ ਕਹਤ ਹੌ ਤੁਮੈ ਸੁਨਾਈ ॥੫॥

ਹੁਣ ਮੈਂ ਉਹ ਤੁਹਾਨੂੰ ਕਹਿ ਕੇ ਸੁਣਾਂਦੀ ਹਾਂ ॥੫॥

ਗ੍ਰਿਹ ਅਪਨੇ ਹੀ ਮਦਰੋ ਚ੍ਵਾਇ ॥

(ਮੈਂ) ਆਪਣੇ ਘਰ ਦੀ ਕਢੀ ਹੋਈ ਸ਼ਰਾਬ

ਖਾਨਾ ਅਨਿਕ ਭਾਤਿ ਕੇ ਲ੍ਯਾਇ ॥

ਅਤੇ ਅਨੇਕ ਪ੍ਰਕਾਰ ਦੇ ਖਾਣੇ ਲਿਆਉਂਦੇ ਹਨ।

ਨਿਜੁ ਹਾਥਨ ਲੈ ਦੁਹੂੰ ਪਯਾਊ ॥

ਆਪਣੇ ਹੱਥਾਂ ਨਾਲ (ਤੁਹਾਨੂੰ) ਦੋਹਾਂ ਨੂੰ ਪਿਆਵਾਂ (ਖੁਆਵਾਂ) ਗੀ

ਭੇਟ ਚੜਾਇ ਘਰਹਿ ਉਠਿ ਜਾਊ ॥੬॥

ਅਤੇ ਭੇਟ ਚੜਾ ਕੇ ਘਰ ਨੂੰ ਚਲੀ ਜਾਵਾਂਗੀ ॥੬॥

ਸੋਈ ਮਦ ਲੈ ਤਹਾ ਸਿਧਾਈ ॥

ਜੋ ਸ਼ਰਾਬ ਉਸ ਨੇ ਸੱਤ ਵਾਰ ਕਈ ਢੰਗਾਂ ਨਾਲ ਕਢੀ ਸੀ,

ਸਾਤ ਬਾਰ ਬਹੁ ਭਾਤਿ ਚੁਆਈ ॥

ਉਹੀ ਲੈ ਕੇ ਉਥੇ ਗਈ ਸੀ।

ਨਿਜੁ ਹਾਥਨ ਲੈ ਦੁਹੂੰ ਪਿਯਾਯੋ ॥

ਆਪਣੇ ਹੱਥਾਂ ਨਾਲ ਦੋਹਾਂ ਨੂੰ ਪਿਲਾਈ

ਅਧਿਕ ਮਤ ਕਰਿ ਸੇਜ ਸੁਆਯੋ ॥੭॥

ਅਤੇ ਬਹੁਤ ਨਸ਼ਿਆ ਕੇ ਸੇਜ ਉਤੇ ਸੰਵਾ ਦਿੱਤਾ ॥੭॥

ਸੋਈ ਲਖੀ ਪੀਰ ਤ੍ਰਿਯ ਜਬ ਹੀ ॥

ਜਦੋਂ ਪੀਰ ਦੀ ਇਸਤਰੀ ਨੂੰ ਸੁੱਤਾ ਹੋਇਆ ਵੇਖਿਆ

ਨੈਨ ਸੈਨ ਦੈ ਤਿਹ ਪ੍ਰਤਿ ਤਬ ਹੀ ॥

ਤਾਂ ਉਸ (ਪੀਰ) ਨੂੰ ਅੱਖ ਦਾ ਇਸ਼ਾਰਾ ਕੀਤਾ।

ਤਾ ਕੇ ਧਰਿ ਛਤਿਯਾ ਪਰੁ ਚੂਤ੍ਰਨ ॥

(ਪੀਰ ਦੀ) ਇਸਤਰੀ ਦੀ ਛਾਤੀ ਉਤੇ ਨਿਤੰਬ ਟਿਕਾ ਕੇ

ਕਾਮ ਭੋਗ ਕੀਨਾ ਤਿਹ ਪਤਿ ਤਨ ॥੮॥

ਉਸ ਦੇ ਪਤੀ ਨਾਲ ਕਾਮ-ਕ੍ਰੀੜਾ ਕੀਤੀ ॥੮॥

ਸੋਵਤ ਰਹੀ ਚੜੇ ਮਦ ਨਾਰੀ ॥

(ਪੀਰ ਦੀ) ਇਸਤਰੀ (ਸ਼ਰਾਬ ਦੇ) ਨਸ਼ੇ ਵਿਚ ਬੇਹੋਸ਼ ਸੁਤੀ ਰਹੀ

ਭੇਦ ਅਭੇਦ ਕੀ ਗਤਿ ਨ ਬਿਚਾਰੀ ॥

ਅਤੇ ਭੇਦ ਅਭੇਦ ਦੀ ਗਤਿ ਨੂੰ ਵਿਚਾਰ ਨਾ ਸਕੀ।

ਚੀਠੀ ਏਕ ਲਿਖੀ ਨਿਜ ਅੰਗਾ ॥

ਉਸ (ਇਸਤਰੀ) ਨੇ ਆਪਣੇ ਹੱਥ ਨਾਲ ਚਿੱਠੀ ਲਿਖੀ

ਬਾਧਿ ਗਈ ਤਾ ਕੇ ਸਿਰ ਸੰਗਾ ॥੯॥

ਅਤੇ ਪੀਰ ਦੀ ਇਸਤਰੀ ਦੇ ਸਿਰ ਨਾਲ ਬੰਨ੍ਹ ਕੇ ਚਲੀ ਗਈ ॥੯॥

ਜੋ ਤ੍ਰਿਯ ਖ੍ਯਾਲ ਤ੍ਰਿਯਨ ਕੇ ਪਰਿ ਹੈ ॥

(ਚਿੱਠੀ ਵਿਚ ਲਿਖ ਗਈ) ਜੋ ਇਸਤਰੀ (ਹੋਰਨਾਂ) ਇਸਤਰੀਆਂ ਦੇ ਖ਼ਿਆਲ ਪੈ ਜਾਂਦੀ ਹੈ,

ਤਾ ਕੀ ਬਿਧਿ ਐਸੀ ਗਤਿ ਕਰਿ ਹੈ ॥

ਤਾਂ ਵਿਧਾਤਾ ਉਨ੍ਹਾਂ ਦੀ ਇਸੇ ਤਰ੍ਹਾਂ ਦੀ ਹਾਲਤ ਕਰਦਾ ਹੈ।

ਤਾ ਤੇ ਤੁਮ ਤ੍ਰਿਯ ਐਸ ਨ ਕੀਜੈ ॥

ਇਸ ਲਈ ਹੇ ਇਸਤਰੀ! ਤੂੰ ਇਸ ਤਰ੍ਹਾਂ ਨਾ ਕਰਿਆ ਕਰ

ਬੁਰੋ ਸੁਭਾਇ ਸਕਲ ਤਜਿ ਦੀਜੈ ॥੧੦॥

ਅਤੇ ਆਪਣਾ ਸਾਰਾ ਭੈੜਾ ਸੁਭਾ ਛਡ ਦੇ ॥੧੦॥

ਦੋਹਰਾ ॥

ਦੋਹਰਾ:

ਕੇਸ ਪਾਸ ਤੇ ਛੋਰਿ ਕੈ ਬਾਚਤ ਪਤਿਯਾ ਅੰਗ ॥

(ਉਸ ਇਸਤਰੀ ਨੇ) ਵਾਲਾਂ ਦੀਆਂ ਜ਼ੁਲਫ਼ਾਂ ਨਾਲੋਂ ਖੋਲ੍ਹ ਕੇ ਚਿੱਠੀ ਪੜ੍ਹੀ।

ਤਾ ਦਿਨ ਤੇ ਤ੍ਰਿਯ ਤਜਿ ਦਿਯਾ ਬਾਦ ਤ੍ਰਿਯਨ ਕੇ ਸੰਗ ॥੧੧॥

ਉਸੇ ਦਿਨ ਤੋਂ ਉਸ ਇਸਤਰੀ ਨੇ ਹੋਰਨਾਂ ਇਸਤਰੀਆਂ ਨਾਲ ਝਗੜਾ ਕਰਨਾ ਛਡ ਦਿੱਤਾ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੧॥੬੮੫੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੧॥੬੮੫੮॥ ਚਲਦਾ॥

ਚੌਪਈ ॥

ਚੌਪਈ:

ਬਿਸਨ ਧੁਜਾ ਇਕ ਭੂਪ ਸੁਲਛਨ ॥

ਬਿਸ਼ਨ ਧੁਜਾ ਨਾਂ ਦਾ ਇਕ ਸੁਲਖਣਾ ਰਾਜਾ ਸੀ,

ਬਿਸਨਪੁਰੀ ਜਾ ਕੀ ਦਿਸਿ ਦਛਿਨ ॥

ਜਿਸ ਦੀ ਬਿਸ਼ਨਪੁਰੀ (ਨਗਰੀ) ਦੱਖਣ ਦਿਸ਼ਾ ਵਿਚ ਸੀ।

ਸ੍ਰੀ ਮਨਿ ਨੀਲ ਮਤੀ ਤਿਹ ਰਾਨੀ ॥

ਨੀਲ ਮਨਿ ਮਤੀ ਉਸ ਦੀ ਰਾਣੀ ਸੀ,

ਸੁੰਦਰਿ ਸਕਲ ਭਵਨ ਮੌ ਜਾਨੀ ॥੧॥

ਜੋ ਸਾਰਿਆਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥

ਅਛਲੀ ਰਾਇ ਏਕ ਤਹ ਛਤ੍ਰੀ ॥

ਉਥੇ ਅਛਲੀ ਰਾਇ ਨਾਂ ਦਾ ਇਕ ਛਤ੍ਰੀ ਸੀ,

ਸੂਰਬੀਰ ਬਲਵਾਨ ਨਿਛਤ੍ਰੀ ॥

ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ 'ਨਿਛਤ੍ਰੀ' (ਸ਼ਸਤ੍ਰ ਸਹਿਤ ਅਥਵਾ ਛਤ੍ਰ ਤੋਂ ਰਹਿਤ) ਸੀ।

ਬਦਨ ਪ੍ਰਭਾ ਤਿਹ ਜਾਤ ਨ ਭਾਖੀ ॥

ਉਸ ਦੇ ਮੁਖ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਜਨੁ ਮੁਖ ਚੀਰ ਚਾਦ ਕੀ ਰਾਖੀ ॥੨॥

(ਇੰਜ ਲਗਦਾ ਸੀ) ਮਾਨੋ ਚੰਦ੍ਰਮਾ (ਦੀ ਕਲਾ) ਨੂੰ ਚੀਰ ਕੇ ਮੁਖ ਵਿਚ ਰਖ ਦਿੱਤਾ ਹੋਵੇ ॥੨॥

ਤ੍ਰਿਯ ਕੀ ਪ੍ਰੀਤਿ ਤਵਨ ਸੌ ਲਾਗੀ ॥

ਰਾਣੀ ਦੀ ਪ੍ਰੀਤ ਉਸ ਨਾਲ ਲਗ ਗਈ,


Flag Counter