ਸ਼੍ਰੀ ਦਸਮ ਗ੍ਰੰਥ

ਅੰਗ - 200


ੴ ਵਾਹਿਗੁਰੂ ਜੀ ਕੀ ਫਤਹ ॥

ਅਥ ਬੀਸਵਾ ਰਾਮ ਅਵਤਾਰ ਕਥਨੰ ॥

ਹੁਣ ਬੀਸਵੇਂ ਰਾਮ ਅਵਤਾਰ ਦਾ ਕਥਨ

ਚੌਪਈ ॥

ਚੌਪਈ

ਅਬ ਮੈ ਕਹੋ ਰਾਮ ਅਵਤਾਰਾ ॥

ਹੁਣ ਮੈਂ ਰਾਮ ਅਵਤਾਰ ਦੀ ਕਥਾ ਕਹਿੰਦਾ ਹਾਂ,

ਜੈਸ ਜਗਤ ਮੋ ਕਰਾ ਪਸਾਰਾ ॥

ਜਿਸ ਤਰ੍ਹਾਂ ਜਗਤ ਵਿੱਚ (ਉਸ ਨੇ) ਪਸਾਰ ਕੀਤਾ ਸੀ।

ਬਹੁਤੁ ਕਾਲ ਬੀਤਤ ਭਯੋ ਜਬੈ ॥

ਜਦੋਂ ਬਹੁਤ ਸਮਾਂ ਬੀਤ ਗਿਆ,

ਅਸੁਰਨ ਬੰਸ ਪ੍ਰਗਟ ਭਯੋ ਤਬੈ ॥੧॥

ਤਦੇ ਦੈਂਤਾਂ ਦੀ ਕੁਲ ਪ੍ਰਗਟ ਹੋ ਗਈ ॥੧॥

ਅਸੁਰ ਲਗੇ ਬਹੁ ਕਰੈ ਬਿਖਾਧਾ ॥

ਦੈਂਤ ਬਹੁਤ ਦੰਗਾ ਕਰਨ ਲੱਗੇ,

ਕਿਨਹੂੰ ਨ ਤਿਨੈ ਤਨਕ ਮੈ ਸਾਧਾ ॥

ਕਿਸੇ ਨੇ ਵੀ ਉਨ੍ਹਾਂ ਨੂੰ ਮਾੜਾ ਜਿੰਨਾ ਵੀ ਸਿੱਧਾ ਨਹੀਂ ਕੀਤਾ।

ਸਕਲ ਦੇਵ ਇਕਠੇ ਤਬ ਭਏ ॥

ਤਦ ਸਾਰੇ ਦੇਵਤੇ ਇਕੱਠੇ ਹੋਏ

ਛੀਰ ਸਮੁੰਦ੍ਰ ਜਹ ਥੋ ਤਿਹ ਗਏ ॥੨॥

ਅਤੇ ਛੀਰ ਸਮੁੰਦਰ (ਵਿੱਚ) ਜਿਥੇ (ਸੋਖ-ਸਾਈ ਰਹਿੰਦਾ ਸੀ, ਉਸ ਕੋਲ) ਉਥੇ ਗਏ ॥੨॥

ਬਹੁ ਚਿਰ ਬਸਤ ਭਏ ਤਿਹ ਠਾਮਾ ॥

ਵਿਸ਼ਣੂ ਸਮੇਤ ਬ੍ਰਹਮਾ ਨਾਮ ਵਾਲੇ ਦੇਵਤੇ ਨੇ ਬਹੁਤ ਸਮੇਂ ਤੱਕ

ਬਿਸਨ ਸਹਿਤ ਬ੍ਰਹਮਾ ਜਿਹ ਨਾਮਾ ॥

ਉਸ ਥਾਂ ਵਿੱਚ ਵਾਸ ਕੀਤਾ।

ਬਾਰ ਬਾਰ ਹੀ ਦੁਖਤ ਪੁਕਾਰਤ ॥

(ਉਨ੍ਹਾਂ ਨੇ) ਬਾਰ-ਬਾਰ ਦੁੱਖ ਭਰੀ ਪੁਕਾਰ ਕੀਤੀ।

ਕਾਨ ਪਰੀ ਕਲ ਕੇ ਧੁਨਿ ਆਰਤ ॥੩॥

ਉਹ ਦੁੱਖ ਭਰੀ ਆਵਾਜ਼ 'ਕਾਲ-ਪੁਰਖ' ਦੇ ਕੰਨਾਂ ਵਿੱਚ ਪਈ ॥੩॥

ਤੋਟਕ ਛੰਦ ॥

ਤੋਟਕ ਛੰਦ

ਬਿਸਨਾਦਕ ਦੇਵ ਲੇਖ ਬਿਮਨੰ ॥

ਵਿਸ਼ਣੂ ਆਦਿਕ ਸਾਰੇ ਦੇਵਤਿਆਂ ਨੂੰ ਉਦਾਸ ਮਨ (ਬਿਮਨ) ਵੇਖਿਆ

ਮ੍ਰਿਦ ਹਾਸ ਕਰੀ ਕਰ ਕਾਲ ਧੁਨੰ ॥

ਤਾਂ 'ਕਾਲ-ਪੁਰਖ' ਨੇ ਥੋੜ੍ਹੀ ਜਿਹੀ ਮੁਸਕਾਨ ਨਾਲ ਅਵਾਜ਼ ਦਿੱਤੀ-

ਅਵਤਾਰ ਧਰੋ ਰਘੁਨਾਥ ਹਰੰ ॥

ਹੇ ਵਿਸ਼ਣੂ! (ਜਾ ਕੇ) ਰਘੁਨਾਥ ਅਵਤਾਰ ਧਾਰਨ ਕਰੋ

ਚਿਰ ਰਾਜ ਕਰੋ ਸੁਖ ਸੋ ਅਵਧੰ ॥੪॥

ਅਤੇ ਚਿਰ ਕਾਲ ਤੱਕ ਅਵਧ ਵਿੱਚ ਸੁਖ ਪੂਰਵਕ ਰਾਜ ਕਰੋ ॥੪॥

ਬਿਸਨੇਸ ਧੁਣੰ ਸੁਣ ਬ੍ਰਹਮ ਮੁਖੰ ॥

ਵਿਸ਼ਣੂ ਨੇ 'ਕਾਲ-ਪੁਰਖ' ਦੇ ਮੁੱਖ ਤੋਂ ਆਵਾਜ਼ ਸੁਣ ਲਈ (ਅਰਥਾਤ ਆਗਿਆ ਪ੍ਰਾਪਤ ਕਰ ਲਈ)।

ਅਬ ਸੁਧ ਚਲੀ ਰਘੁਬੰਸ ਕਥੰ ॥

ਹੁਣ (ਇਸ ਤੋਂ ਅੱਗੋਂ) ਨਿਰੋਲ ਰਘੁਬੰਸ ਦੀ ਕਥਾ ਚੱਲਦੀ ਹੈ।

ਜੁ ਪੈ ਛੋਰ ਕਥਾ ਕਵਿ ਯਾਹ ਰਢੈ ॥

ਜੋ ਕਵੀ ਇਸ ਕਥਾ ਨੂੰ ਮੁੱਢ ਤੋਂ ਕਥਨ ਕਰੇ,

ਇਨ ਬਾਤਨ ਕੋ ਇਕ ਗ੍ਰੰਥ ਬਢੈ ॥੫॥

ਤਾਂ ਇਨ੍ਹਾਂ ਗੱਲਾਂ ਨਾਲ ਗ੍ਰੰਥ ਵੱਡਾ ਹੋ ਜਾਵੇਗਾ ॥੫॥

ਤਿਹ ਤੇ ਕਹੀ ਥੋਰੀਐ ਬੀਨ ਕਥਾ ॥

ਇਸ ਕਰਕੇ ਥੋੜੀ ਚੋਣਵੀ ਕਥਾ ਕਹੀ ਹੈ,

ਬਲਿ ਤ੍ਵੈ ਉਪਜੀ ਬੁਧ ਮਧਿ ਜਥਾ ॥

(ਹੇ ਪ੍ਰਭੂ)-ਤੇਰੇ ਬਲ ਨਾਲ (ਜਿੰਨੀ ਕੁ ਮੇਰੀ) ਬੁੱਧੀ ਵਿੱਚ ਪੈਦਾ ਹੋਈ ਹੈ।

ਜਹ ਭੂਲਿ ਭਈ ਹਮ ਤੇ ਲਹੀਯੋ ॥

ਜਿੱਥੇ ਸਾਡੇ ਕੋਲੋਂ ਭੁਲ ਹੋਈ ਜਾਣ ਲਵੋ,

ਸੁ ਕਬੋ ਤਹ ਅਛ੍ਰ ਬਨਾ ਕਹੀਯੋ ॥੬॥

ਹੇ ਕਵੀਓ! ਤੁਸੀਂ ਅੱਖਰਾਂ ਨੂੰ ਸੰਵਾਰ ਕੇ ਕਥਨ ਕਰ ਲੈਣਾ ॥੬॥

ਰਘੁ ਰਾਜ ਭਯੋ ਰਘੁ ਬੰਸ ਮਣੰ ॥

ਰਾਘਵ ਕੁਲ ਵਿੱਚ ਮਣੀ ਵਾਂਗ ਸ਼ੋਭਾ-ਸ਼ਾਲੀ 'ਰਘੁ' ਰਾਜਾ ਹੋਇਆ ਸੀ,

ਜਿਹ ਰਾਜ ਕਰਯੋ ਪੁਰ ਅਉਧ ਘਣੰ ॥

ਜਿਸ ਨੇ ਅਯੁਧਿਆ ਪੁਰੀ ਵਿੱਚ ਬਹੁਤ ਚਿਰ ਰਾਜ ਕੀਤਾ।

ਸੋਊ ਕਾਲ ਜਿਣਯੋ ਨ੍ਰਿਪਰਾਜ ਜਬੰ ॥

ਜਦੋਂ ਉਸ ਮਹਾਰਾਜੇ (ਰਘੁ) ਨੂੰ ਕਾਲ ਨੇ ਜਿੱਤ ਲਿਆ

ਭੂਅ ਰਾਜ ਕਰਯੋ ਅਜ ਰਾਜ ਤਬੰ ॥੭॥

ਤਾਂ (ਉਸ ਦੇ ਪੁੱਤਰ) 'ਅਜ' ਨੇ ਧਰਤੀ ਦਾ ਰਾਜ ਕੀਤਾ ॥੭॥

ਅਜ ਰਾਜ ਹਣਯੋ ਜਬ ਕਾਲ ਬਲੀ ॥

'ਅਜ' ਰਾਜੇ ਨੂੰ ਜਦੋਂ ਬਲੀ ਕਾਲ ਨੇ ਮਾਰ ਦਿੱਤਾ,

ਸੁ ਨ੍ਰਿਪਤ ਕਥਾ ਦਸਰਥ ਚਲੀ ॥

ਤਾਂ ਰਾਜ-ਕਥਾ ਦਸ਼ਰਥ ਦੇ ਨਾਂ ਦੀ ਤੁਰੀ।

ਚਿਰ ਰਾਜ ਕਰੋ ਸੁਖ ਸੋਂ ਅਵਧੰ ॥

ਉਸ ਨੇ ਵੀ ਬੜੇ ਚਿਰ ਤੱਕ ਅਯੁਧਿਆ ਵਿੱਚ ਸੁਖ ਪੂਰਵਕ ਰਾਜ ਕੀਤਾ।

ਮ੍ਰਿਗ ਮਾਰ ਬਿਹਾਰ ਬਣੰ ਸੁ ਪ੍ਰਭੰ ॥੮॥

ਉਹ ਰਾਜਾ ਸ਼ਿਕਾਰ ਕਰਨ ਲਈ ਬਣਾਂ ਵਿੱਚ ਫਿਰਦਾ ਰਹਿੰਦਾ ॥੮॥

ਜਗ ਧਰਮ ਕਥਾ ਪ੍ਰਚੁਰੀ ਤਬ ਤੇ ॥

ਜਗ ਵਿੱਚ ਧਰਮ ਦੀ ਕਥਾ ਤਦ ਤੋਂ ਪਸਰ ਗਈ,

ਸੁਮਿਤ੍ਰੇਸ ਮਹੀਪ ਭਯੋ ਜਬ ਤੇ ॥

ਜਦ ਤੋਂ ਦਸ਼ਰਥ (ਸੁਮਿਤ੍ਰੇਸ) ਰਾਜਾ ਹੋਇਆ।

ਦਿਨ ਰੈਣ ਬਨੈਸਨ ਬੀਚ ਫਿਰੈ ॥

ਉਹ ਦਿਨ ਰਾਤ ਘਣੇ ਜੰਗਲਾਂ ਵਿੱਚ ਫਿਰਦਾ ਰਹਿੰਦਾ ਸੀ।

ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ ॥੯॥

ਸ਼ੇਰ, ਹਾਥੀ ਤੇ ਹਿਰਨਾਂ ਨੂੰ ਨਿੱਤ ਮਾਰਦਾ ਹੁੰਦਾ ਸੀ ॥੯॥

ਇਹ ਭਾਤਿ ਕਥਾ ਉਹ ਠੌਰ ਭਈ ॥

ਇਸ ਤਰ੍ਹਾਂ ਦੀ ਕਥਾ ਉਸ ਪਾਸੋਂ ਹੋਈ,

ਅਬ ਰਾਮ ਜਯਾ ਪਰ ਬਾਤ ਗਈ ॥

ਹੁਣ ਰਾਮ ਦੀ ਮਾਤਾ (ਜਯਾ) ਵਲ ਵਾਰਤਾ ਮੁੜਦੀ ਹੈ।

ਕੁਹੜਾਮ ਜਹਾ ਸੁਨੀਐ ਸਹਰੰ ॥

ਜਿਥੋ 'ਕੁਹੜਾਮ' ਨਾਂ ਦਾ ਸ਼ਹਿਰ ਸੁਣੀਂਦਾ ਹੈ,

ਤਹ ਕੌਸਲ ਰਾਜ ਨ੍ਰਿਪੇਸ ਬਰੰ ॥੧੦॥

ਉਥੇ ਕੌਸ਼ਲ ਰਾਜ ਦਾ ਮਹਾਨ ਰਾਜਾ ਸੀ ॥੧੦॥

ਉਪਜੀ ਤਹ ਧਾਮ ਸੁਤਾ ਕੁਸਲੰ ॥

ਉਸ ਦੇ ਘਰ ਕੁਸ਼ਲਿਆ ਨਾਂ ਦੀ (ਇਕ) ਕੰਨਿਆ ਪੈਦਾ ਹੋਈ,

ਜਿਹ ਜੀਤ ਲਈ ਸਸਿ ਅੰਗ ਕਲੰ ॥

ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ (ਦੀ ਸੁੰਦਰਤਾ) ਜਿੱਤ ਲਈ।

ਜਬ ਹੀ ਸੁਧਿ ਪਾਇ ਸੁਯੰਬ੍ਰ ਕਰਿਓ ॥

ਜਦੋਂ ਉਸ ਕੰਨਿਆ ਨੇ ਹੋਸ਼ ਸੰਭਾਲੀ ਤਾਂ (ਰਾਜੇ ਨੇ) 'ਸੁਅੰਬਰ' ਰਚ ਦਿੱਤਾ।

ਅਵਧੇਸ ਨਰੇਸਹਿ ਚੀਨ ਬਰਿਓ ॥੧੧॥

(ਕੁਸ਼ਲਿਆ ਨੇ) ਚੋਣ ਕਰਕੇ ਅਯੁੱਧਿਆ ਦੇ ਰਾਜੇ (ਦਸ਼ਰਥ) ਨੂੰ ਵਰ ਲਿਆ ॥੧੧॥


Flag Counter