ਸ਼੍ਰੀ ਦਸਮ ਗ੍ਰੰਥ

ਅੰਗ - 520


ਅਉਰ ਭੁਜਾ ਕਟਿ ਕੈ ਤੁਮਰੀ ਸਬ ਦ੍ਵੈ ਭੁਜ ਰਾਖਿ ਤ੍ਵੈ ਪ੍ਰਾਨ ਬਚੈ ਹੈ ॥੨੨੧੨॥

ਤੇਰੀਆਂ ਹੋਰ ਸਾਰੀਆਂ ਭੁਜਾਵਾਂ ਕਟ ਕੇ, (ਕੇਵਲ) ਦੋ ਬਾਂਹਵਾਂ ਰਖ ਕੇ ਤੇਰੇ ਪ੍ਰਾਣਾਂ ਨੂੰ ਬਚਾ ਦੇਣਗੇ ॥੨੨੧੨॥

ਮੰਤ੍ਰੀ ਕੀ ਬਾਤ ਨ ਮਾਨਤ ਭਯੋ ਨ੍ਰਿਪ ਆਪਨੋ ਓਜ ਅਖੰਡ ਜਨਾਯੋ ॥

ਰਾਜੇ ਨੇ ਮੰਤਰੀਆਂ ਦੀ ਗੱਲ ਨੂੰ ਨਾ ਮੰਨਿਆ ਅਤੇ ਆਪਣਾ ਅਖੰਡ ਤੇਜ ਜਤਾਇਆ।

ਸਸਤ੍ਰ ਸੰਭਾਰ ਕੈ ਹਾਥਨ ਮੈ ਫੁਨਿ ਬੀਰਨ ਮੈ ਅਤਿ ਹੀ ਗਰਬਾਯੋ ॥

ਹੱਥਾਂ ਵਿਚ ਸ਼ਸਤ੍ਰ ਸੰਭਾਲ ਕੇ ਫਿਰ ਸੂਰਵੀਰਾਂ ਵਿਚ (ਉਸ ਨੇ) ਬਹੁਤ ਗਰਬ ਕੀਤਾ।

ਸੈਨ ਪ੍ਰਚੰਡ ਹੁਤੋ ਜਿਤਨੋ ਤਿਸ ਕਉ ਨ੍ਰਿਪ ਆਪਨੇ ਧਾਮਿ ਬੁਲਾਯੋ ॥

ਜਿਤਨੀ ਪ੍ਰਚੰਡ ਸੈਨਾ ਸੀ, ਉਸ ਨੂੰ ਰਾਜੇ ਨੇ ਆਪਣੇ ਘਰ ਬੁਲਾ ਲਿਆ।

ਰੁਦ੍ਰ ਮਨਾਇ ਜਨਾਇ ਘਨੋ ਬਲੁ ਸ੍ਯਾਮ ਜੂ ਸੋ ਲਰਬੈ ਕਹੁ ਧਾਯੋ ॥੨੨੧੩॥

ਸ਼ਿਵ ਦੀ ਪੂਜਾ ਕਰ ਕੇ ਅਤੇ ਬਹੁਤ ਬਲ ਦਾ ਪ੍ਰਗਟਾਵਾ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਲੜਨ ਲਈ ਚਲ ਪਿਆ ॥੨੨੧੩॥

ਉਤ ਸ੍ਯਾਮ ਜੂ ਬਾਨ ਚਲਾਵਤ ਭਯੋ ਇਤ ਤੇ ਦਸ ਸੈ ਭੁਜ ਬਾਨ ਚਲਾਏ ॥

ਉਧਰੋਂ ਕ੍ਰਿਸ਼ਨ ਜੀ ਬਾਣ ਚਲਾਉਂਦੇ ਹਨ ਅਤੇ ਉਧਰੋਂ ਦਸ ਸੌ ਭੁਜਾਵਾਂ ਵਾਲਾ (ਰਾਜਾ) ਬਾਣ ਚਲਾਉਂਦਾ ਹੈ।

ਜਾਦਵ ਆਵਤ ਭੇ ਉਤ ਤੇ ਇਤ ਤੇ ਇਨ ਕੇ ਸਭ ਹੀ ਭਟ ਧਾਏ ॥

ਉਧਰੋਂ ਯਾਦਵ ਆ ਗਏ ਹਨ ਅਤੇ ਇਧਰੋਂ ਰਾਜੇ ਦੇ ਸਾਰੇ ਸੂਰਮੇ ਆ ਧਮਕੇ ਹਨ।

ਘਾਇ ਕਰੈ ਮਿਲ ਆਪਸ ਮੈ ਤਿਨ ਯੌ ਉਪਮਾ ਕਬਿ ਸ੍ਯਾਮ ਸੁਨਾਏ ॥

ਆਪਸ ਵਿਚ ਮਿਲ ਕੇ (ਪਰਸਪਰ) ਵਾਰ ਕਰਦੇ ਹਨ; ਕਵੀ ਸ਼ਿਆਮ ਉਨ੍ਹਾਂ ਦੀ ਉਪਮਾ ਇਸ ਤਰ੍ਹਾਂ ਕਰ ਕੇ ਸੁਣਾਉਂਦੇ ਹਨ।

ਮਾਨਹੁ ਫਾਗੁਨ ਕੀ ਰੁਤਿ ਭੀਤਰ ਖੇਲਨ ਬੀਰ ਬਸੰਤਹਿ ਆਏ ॥੨੨੧੪॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੀ ਰੁਤ ਵਿਚ, ਯੁੱਧ ਵੀਰ ਬਸੰਤ ਖੇਡਣ ਲਈ ਆਏ ਹੋਣ ॥੨੨੧੪॥

ਏਕ ਭਿਰੇ ਕਰਵਾਰਿਨ ਸੌ ਭਟ ਏਕ ਭਿਰੇ ਬਰਛੀ ਕਰਿ ਲੈ ਕੈ ॥

ਇਕ ਯੋਧੇ ਤਲਵਾਰਾਂ ਨਾਲ ਲੜਦੇ ਹਨ ਅਤੇ ਇਕ ਬਰਛੀਆਂ ਹੱਥ ਵਿਚ ਲੈ ਕੇ ਯੁੱਧ ਕਰਦੇ ਹਨ।

ਏਕ ਕਟਾਰਿਨ ਸੰਗ ਭਿਰੇ ਕਬਿ ਸ੍ਯਾਮ ਭਨੈ ਅਤਿ ਰੋਸਿ ਬਢੈ ਕੈ ॥

ਕਵੀ ਸ਼ਿਆਮ ਕਹਿੰਦੇ ਹਨ, ਇਕ ਬਹੁਤ ਰੋਸ ਵਧਾ ਕੇ ਕਟਾਰਾਂ ਨਾਲ ਭਿੜਦੇ ਹਨ।

ਬਾਨ ਕਮਾਨਨ ਕਉ ਇਕ ਬੀਰ ਸੰਭਾਰਤ ਭੇ ਅਤਿ ਕ੍ਰੁਧਤ ਹ੍ਵੈ ਕੈ ॥

ਇਕ ਸੂਰਮੇ ਅਧਿਕ ਕ੍ਰੋਧਵਾਨ ਹੋ ਕੇ ਕਮਾਨਾਂ ਅਤੇ ਬਾਣਾਂ ਨੂੰ ਸੰਭਾਲ ਰਹੇ ਹਨ।

ਕਉਤੁਕ ਦੇਖਤ ਭਯੋ ਉਤ ਭੂਪ ਇਤੈ ਬ੍ਰਿਜ ਨਾਇਕ ਆਨੰਦ ਕੈ ਕੈ ॥੨੨੧੫॥

ਉਧਰ ਰਾਜਾ (ਸਹਸ੍ਰਬਾਹੁ) ਅਤੇ ਇਧਰ ਸ੍ਰੀ ਕ੍ਰਿਸ਼ਨ ਪ੍ਰਸੰਨਤਾ ਪੂਰਵਕ (ਯੁੱਧ ਦੇ) ਕੌਤਕ ਵੇਖ ਰਹੇ ਹਨ ॥੨੨੧੫॥

ਜਾ ਭਟ ਆਹਵ ਮੈ ਕਬਿ ਸ੍ਯਾਮ ਕਹੈ ਭਗਵਾਨ ਸੋ ਜੁਧੁ ਮਚਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਯੋਧੇ ਨੇ ਰਣ-ਭੂਮੀ ਵਿਚ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਇਆ,

ਤਾਹੀ ਕੋ ਏਕ ਹੀ ਬਾਨ ਸੋ ਸ੍ਯਾਮ ਧਰਾ ਪਰਿ ਕੈ ਬਿਨੁ ਪ੍ਰਾਨ ਗਿਰਾਯੋ ॥

ਉਸ ਨੂੰ ਇਕੋ ਹੀ ਬਾਣ ਨਾਲ ਕ੍ਰਿਸ਼ਨ ਨੇ ਬਿਨਾ ਪ੍ਰਾਣਾਂ ਦੇ ਧਰਤੀ ਉਤੇ ਡਿਗਾ ਦਿੱਤਾ।

ਜੋ ਧਨੁ ਬਾਨਿ ਸੰਭਾਰਿ ਬਲੀ ਕੋਊ ਅਉ ਇਹ ਕੇ ਰਿਸਿ ਊਪਰ ਆਯੋ ॥

ਜੋ ਬਲਵਾਨ ਧਨੁਸ਼ ਬਾਣ ਸੰਭਾਲ ਕੇ ਅਤੇ ਕ੍ਰੋਧ ਕਰ ਕੇ ਇਸ ਉਤੇ ਹਮਲਾਵਾਰ ਹੋਇਆ,

ਸੋ ਕਬਿ ਸ੍ਯਾਮ ਭਨੇ ਅਪਨੈ ਗ੍ਰਿਹਿ ਕੋ ਫਿਰਿ ਜੀਵਤ ਜਾਨ ਨ ਪਾਯੋ ॥੨੨੧੬॥

ਕਵੀ ਸ਼ਿਆਮ ਕਹਿੰਦੇ ਹਨ, ਉਹ ਫਿਰ ਆਪਣੇ ਘਰ ਨੂੰ ਜੀਉਂਦਾ ਨਹੀਂ ਜਾ ਸਕਿਆ ॥੨੨੧੬॥

ਗੋਕੁਲ ਨਾਥ ਜੂ ਬੈਰਿਨ ਸੋ ਕਬਿ ਸ੍ਯਾਮ ਭਨੈ ਜਬ ਹੀ ਰਨ ਮਾਡਿਯੋ ॥

ਕਵੀ ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਜੀ ਨੇ ਜਦੋਂ ਵੈਰੀਆਂ ਨਾਲ ਯੁੱਧ ਆਰੰਭ ਕੀਤਾ,

ਜੇਤਿਕ ਸਤ੍ਰਨ ਸਾਮੁਹੇ ਭੇ ਰਿਸਿ ਸੋ ਸਭਿ ਗਿਧ ਸ੍ਰਿੰਗਾਲਨ ਬਾਡਿਯੋ ॥

ਜਿਤਨੇ ਵੀ ਵੈਰੀ ਕ੍ਰੋਧ ਕਰ ਕੇ ਸਾਹਮਣੇ ਹੋਏ, ਉਨ੍ਹਾਂ ਸਾਰਿਆਂ (ਦਾ ਮਾਸ) ਗਿੱਧਾਂ ਅਤੇ ਗਿਦੜਾਂ ਨੇ ਹੀ ਵੰਡਿਆ ਹੈ।

ਪਤਿ ਰਥੀ ਗਜਿ ਬਾਜ ਘਨੇ ਬਿਨੁ ਪ੍ਰਾਨ ਕੀਏ ਕੋਊ ਜੀਤ ਨ ਛਾਡਿਯੋ ॥

ਪੈਦਲ, ਰਥ ਵਾਲੇ, ਹਾਥੀ, ਘੋੜੇ ਆਦਿ ਬਹੁਤ ਸਾਰੇ ਬਿਨਾ ਪ੍ਰਾਣਾਂ ਦੇ ਕਰ ਦਿੱਤੇ ਅਤੇ ਕੋਈ ਜੀਉਂਦਾ ਨਹੀਂ ਛਡਿਆ।

ਦੇਵ ਸਰਾਹਤ ਭੇ ਸਭ ਹੀ ਸੁ ਭਲੇ ਭਗਵਾਨ ਅਖੰਡਨ ਖਾਡਿਯੋ ॥੨੨੧੭॥

ਸਾਰੇ ਦੇਵਤੇ ਸਿਫ਼ਤ ਕਰ ਰਹੇ ਸਨ ਕਿ ਸ੍ਰੀ ਕ੍ਰਿਸ਼ਨ ਨੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡ ਖੰਡ ਕਰ ਦਿੱਤਾ ॥੨੨੧੭॥

ਜੀਤੇ ਸਭੈ ਭਯ ਭੀਤ ਭਏ ਤਜਿ ਆਹਵ ਕੋ ਸਭ ਹੀ ਭਟ ਭਾਗੇ ॥

(ਜੋ) ਜੀਉਂਦੇ ਸਨ, (ਉਹ) ਸਾਰੇ ਭੈ ਭੀਤ ਹੋ ਗਏ ਅਤੇ ਸਾਰੇ ਯੋਧੇ ਯੁੱਧ-ਭੂਮੀ ਛਡ ਕੇ ਭਜ ਗਏ।

ਠਾਢੋ ਬਨਾਸੁਰ ਥੋ ਜਿਹ ਠਉਰ ਸਭੈ ਚਲਿ ਕੈ ਤਿਹ ਪਾਇਨ ਲਾਗੇ ॥

ਜਿਥੇ ਬਾਣਾਸੁਰ ਖੜੋਤਾ ਸੀ, ਸਾਰੇ ਚਲ ਕੇ ਉਸ ਦੇ ਪੈਰੀਂ ਪਏ।

ਛੂਟ ਗਯੋ ਸਭਹੂਨ ਤੇ ਧੀਰਜ ਤ੍ਰਾਸਹਿ ਕੇ ਰਸ ਮੈ ਅਨੁਰਾਗੇ ॥

ਸਾਰਿਆਂ ਦਾ ਧੀਰਜ ਖ਼ਤਮ ਹੋ ਗਿਆ ਹੈ ਅਤੇ ਭੈ ਦੇ ਰਸ ਵਿਚ ਮਗਨ ਹੋ ਗਏ ਹਨ।