ਉਸ ਨੇ ਆਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ
ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਦਿੱਤਾ ॥੨੭੯॥
ਜਿਸ ਵੇਲੇ ਅਸਿਧੁਜ (ਮਹਾ ਕਾਲ) ਰਣ ਵਿਚ ਕ੍ਰੋਧਿਤ ਹੋਇਆ
(ਤਦ) ਉਸ ਨੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿੱਤਾ।
ਸਾਰਿਆਂ ਸੇਵਕਾਂ ਨੂੰ ਬਚਾ ਲਿਆ
ਅਤੇ ਦੁਸ਼ਟਾਂ ਦੇ ਸਮੂਹ ਉਤੇ ਪ੍ਰਹਾਰ ਕੀਤਾ ॥੨੮੦॥
ਜਦ ਕਾਲ ਨੇ ਇਸ ਤਰ੍ਹਾਂ ਦੁਸ਼ਟ ਮਾਰ ਦਿੱਤੇ,
(ਤਦ) ਭਿਆਨਕ (ਦੈਂਤ) ਧਰਤੀ ਉਤੇ ਡਿਗਣ ਲਗ ਪਏ।
ਆਪਣੇ ਹੱਥਾਂ ਨਾਲ ਸੰਤਾਂ ਨੂੰ ਉਬਾਰਿਆ
ਅਤੇ ਅਨੇਕ ਵੈਰੀਆਂ ਨੂੰ ਛਿਣ ਵਿਚ ਮਾਰ ਮੁਕਾਇਆ ॥੨੮੧॥
ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ ਆ ਢੁਕੇ
ਅਤੇ ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਕੂਕਣ ਲਗੇ।
ਕਾਲ ਨੇ ਕ੍ਰੋਧਵਾਨ ਹੋ ਕੇ ਫਿਰ ਖੜਗ ਸੰਭਾਲ ਲਈ
ਅਤੇ ਪਲ ਵਿਚ ਹੀ ਵੈਰੀ ਦੀ ਸੈਨਾ ਉਤੇ ਵਾਰ ਕੀਤਾ ॥੨੮੨॥
ਅਪਾਰ ਦੁਸ਼ਟ ਕ੍ਰੋਧ ਕਰ ਕੇ
ਫਿਰ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ।
ਜਿਵੇਂ ਕੋਈ ਆਕਾਸ਼ ਵਲ ਤੀਰ ਚਲਾਉਂਦਾ ਹੈ, (ਉਹ) ਆਕਾਸ਼ ਨੂੰ ਨਹੀਂ ਲਗਦਾ,
ਸਗੋਂ ਉਸ (ਚਲਾਉਣ ਵਾਲੇ) ਨੂੰ ਹੀ ਆ ਲਗਦਾ ਹੈ ॥੨੮੩॥
ਦੈਂਤਾਂ ਨੇ ਭਾਂਤ ਭਾਂਤ ਦੇ ਵਾਜੇ ਵਜਾਏ
ਅਤੇ (ਮਹਾ ਕਾਲ ਦੇ) ਨੇੜੇ ਆ ਪਹੁੰਚੇ।
ਮਹਾ ਕਾਲ ਨੇ ਤਦ ਆਪਣੇ ਕਰਤੱਵ ਨੂੰ ਸੰਭਾਲਿਆ (ਪਾਲਿਆ)
ਅਤੇ ਦੁਸ਼ਟਾਂ ਨੂੰ ਮਾਰ ਕੇ ਸੰਤਾਂ ਨੂੰ ਬਚਾਇਆ ॥੨੮੪॥
(ਉਸ ਨੇ) ਟੋਟੇ ਟੋਟੇ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ
ਅਤੇ ਸਾਰਿਆਂ ਨੂੰ ਤਿਲ ਤਿਲ ਦੇ ਬਰਾਬਰ ('ਪ੍ਰਾਇ') ਕਰ ਦਿੱਤਾ।
ਕਲਿ (ਕਾਲ) ਨੇ ਫਿਰ ਅਗਨੀ ਅਸਤ੍ਰ ਚਲਾਇਆ
ਅਤੇ ਦੈਂਤਾਂ ਦੀ ਸਾਰੀ ਸੈਨਾ ਨੂੰ ਡਿਗਾ ਦਿੱਤਾ ॥੨੮੫॥
ਤਦ ਦੈਂਤਾਂ ਨੇ ਵਰੁਣ ਅਸਤ੍ਰ ਛਡਿਆ,
ਜਿਸ ਨਾਲ ਅਗਨੀ ਅਸਤ੍ਰ ਨੂੰ ਮੋੜ ਦਿੱਤਾ।
ਤਦ ਕਾਲ ਨੇ ਬਾਸਵ ਅਸਤ੍ਰ ਚਲਾਇਆ
ਅਤੇ ਇੰਦਰ ਪ੍ਰਤੱਖ ਹੋ ਕੇ ਯੁੱਧ ਮਚਾਣ ਲਗਾ ॥੨੮੬॥
ਰਣ ਵਿਚ ਇੰਦਰ ('ਬਾਸਵ') ਨੂੰ ਖੜੋਤਾ ਵੇਖ ਕੇ
ਦੈਂਤ ਸ਼ਰਾਬ ਦੇ ਦੋ ਖੂਹ ਪੀ ਗਿਆ।
ਬਹੁਤ ਕ੍ਰੋਧ ਕਰ ਕੇ ਇਸ ਤਰ੍ਹਾਂ ਗਰਜਿਆ,
(ਜਿਸ ਦੀ) ਧੁਨੀ ਨੂੰ ਸੁਣ ਕੇ ਭੂਮੀ ਅਤੇ ਆਕਾਸ਼ ਕੰਬਣ ਲਗ ਗਏ ॥੨੮੭॥
(ਉਸ ਨੇ) ਇੰਦਰ ਉਤੇ ਬੇਸ਼ੁਮਾਰ ਬਾਣ ਚਲਾਏ
ਜੋ ਢਾਲਾਂ ਅਤੇ ਕਵਚਾਂ ਨੂੰ ਵਿੰਨ੍ਹ ਕੇ ਪਾਰ ਨਿਕਲ ਗਏ।
(ਇਸ ਤਰ੍ਹਾਂ ਲਗਦਾ ਸੀ) ਮਾਨੋ ਸੱਪ ਆਪਣੀਆਂ ਖੁਡਾਂ ਵਿਚ ਵੜ ਗਏ ਹੋਣ
ਅਤੇ ਭੂਮੀ ਨੂੰ ਪਾੜ ਕੇ ਪਾਤਾਲ ਵਲ ਚਲੇ ਗਏ ਹੋਣ ॥੨੮੮॥
ਤਦ ਇੰਦਰ ਨੇ ਬਹੁਤ ਰੋਸ ਕੀਤਾ
ਅਤੇ ਧਨੁਸ਼ ਬਾਣ ਨੂੰ ਹੱਥ ਵਿਚ ਲੈ ਲਿਆ।
ਬਹੁਤ ਕ੍ਰੋਧ ਕਰ ਕੇ ਬਾਣ ਚਲਾਏ
ਜੋ ਦੈਂਤਾਂ ਨੂੰ ਚੀਰ ਕੇ ਬਾਹਰ ਨਿਕਲ ਗਏ ॥੨੮੯॥
ਦੈਂਤ ਨੇ (ਫਿਰ) ਕ੍ਰੋਧ ਕਰ ਕੇ ਹਮਲਾ ਕੀਤਾ
ਅਤੇ ਦੇਵ-ਪੂਜਾ ਕਰਨ ਵਾਲਿਆਂ ਨੂੰ ਰਣ ਵਿਚੋਂ ਭਜਾ ਦਿੱਤਾ।
ਜਦ ਕਲਿ (ਮਹਾ ਕਾਲ) ਨੇ ਯੁੱਧ ਵਿਚੋਂ ਦੇਵਤੇ ਭਜਦੇ ਹੋਏ ਵੇਖੇ,
ਤਦ (ਸਾਰੇ) ਅਸਤ੍ਰ ਸ਼ਸਤ੍ਰ ਯੁੱਧ ਵਿਚ ਛਡ ਦਿੱਤੇ ॥੨੯੦॥
ਕਲਿ ਨੇ ਬਾਣਾਂ ਦੀ ਬਰਖਾ ਕੀਤੀ
ਜਿਨ੍ਹਾਂ ਦੇ ਲਗਦਿਆਂ ਹੀ ਦੈਂਤ ਸੈਨਾ ਸੜ ਗਈ।