ਸ਼੍ਰੀ ਦਸਮ ਗ੍ਰੰਥ

ਅੰਗ - 465


ਪੁਨਿ ਅਪਛ੍ਰਨ ਆਇਸ ਦੀਜੈ ॥

(ਹੁਣ) ਫਿਰ ਅਪੱਛਰਾਵਾਂ ਨੂੰ ਆਗਿਆ ਦਿਓ

ਜਾ ਸੋ ਨ੍ਰਿਪ ਰੀਝੈ ਸੋਈ ਕੀਜੈ ॥

(ਕਿ ਇਹ) ਓਹੀ ਕਰਨ ਜਿਸ ਨਾਲ ਰਾਜਾ ਪ੍ਰਸੰਨ ਹੋ ਜਾਏ।

ਕਉਤਕਿ ਹੇਰਿ ਭੂਪ ਜਬ ਲੈ ਹੈ ॥

ਜਦ ਰਾਜਾ ਉਨ੍ਹਾਂ ਦੇ ਕੌਤਕ ਵੇਖ ਲਵੇਗਾ ਤਾਂ

ਘਟਿ ਜੈ ਹੈ ਬਲ ਮਨ ਦ੍ਰਵਿ ਜੈ ਹੈ ॥੧੬੭੬॥

(ਇਸ ਦਾ) ਮਨ ਦ੍ਰਵਿਤ ਹੋ ਜਾਵੇਗਾ ਅਤੇ ਬਲ ਘਟ ਜਾਏਗਾ ॥੧੬੭੬॥

ਦੋਹਰਾ ॥

ਦੋਹਰਾ:

ਕਮਲਜ ਯੌ ਹਰਿ ਸਿਉ ਕਹਿਯੋ ਸੁਨੀ ਬਾਤ ਸੁਰਰਾਜ ॥

ਬ੍ਰਹਮਾ ਨੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ ਅਤੇ ਇੰਦਰ ਨੇ (ਇਹ) ਗੱਲ ਸੁਣ ਲਈ।

ਨਭਿ ਨਿਹਾਰ ਬਾਸਵ ਕਹਿਯੋ ਕਰਹੁ ਨ੍ਰਿਤ ਸੁਰਰਾਜ ॥੧੬੭੭॥

ਆਕਾਸ਼ ਵਲ ਤਕ ਕੇ ਇੰਦਰ ਨੇ ਕਿਹਾ, ਹੇ ਸੁਅਰਗ ਵਿਚ ਬਿਰਾਜਣ ਵਾਲੇ ਦੇਵਤਿਓ! ਨਾਚ ਕਰੋ ॥੧੬੭੭॥

ਸਵੈਯਾ ॥

ਸਵੈਯਾ:

ਉਤ ਦੇਵਬਧੂ ਮਿਲਿ ਨ੍ਰਿਤ ਕਰੈ ਇਤ ਸੂਰ ਸਬੈ ਮਿਲ ਜੁਧੁ ਮਚਾਯੋ ॥

ਉਧਰ ਦੇਵਤਿਆਂ ਦੀਆਂ ਇਸਤਰੀਆਂ ਮਿਲ ਕੇ ਨਾਚ ਕਰਦੀਆਂ ਹਨ, ਇਧਰ ਸਾਰੇ ਸੂਰਮੇ ਮਿਲ ਕੇ ਯੁੱਧ ਕਰਦੇ ਹਨ।

ਕਿੰਨਰ ਗੰਧ੍ਰਬ ਗਾਵਤ ਹੈ ਉਤ ਮਾਰੂ ਬਜੈ ਰਨ ਮੰਗਲ ਗਾਯੋ ॥

ਕਿੰਨਰ ਅਤੇ ਗੰਧਰਬ ਗਾਉਂਦੇ ਹਨ, ਉਧਰ ਮਾਰੂ ਵਾਜਾ ਵਜਦਾ ਹੈ ਅਤੇ ਰਣ-ਭੂਮੀ ਵਿਚ ਮਾਂਗਲਿਕ (ਗੀਤ) ਗਾਏ ਜਾ ਰਹੇ ਹਨ।

ਕਉਤੁਕ ਦੇਖਿ ਬਡੋ ਤਿਨ ਕੋ ਇਹ ਭੂਪਤਿ ਕੋ ਮਨ ਤਉ ਬਿਰਮਾਯੋ ॥

ਉਨ੍ਹਾਂ ਦੇ ਵਡੇ ਕੌਤਕ ਵੇਖ ਕੇ ਇਸ ਰਾਜਾ (ਖੜਗ ਸਿੰਘ) ਦਾ ਮਨ ਲੁਭਾਇਮਾਨ ਹੋ ਗਿਆ ਹੈ।

ਕਾਨ੍ਰਹ ਅਚਾਨ ਲਯੋ ਧਨੁ ਤਾਨਿ ਸੁ ਬਾਨ ਮਹਾ ਨ੍ਰਿਪ ਕੇ ਤਨਿ ਲਾਯੋ ॥੧੬੭੮॥

(ਉਸ ਵੇਲੇ) ਕ੍ਰਿਸ਼ਨ ਨੇ ਅਚਾਨਕ ਹੀ ਧਨੁਸ਼ ਕਸ ਲਿਆ ਅਤੇ ਇਕ ਤਕੜਾ ਬਾਣ ਰਾਜੇ ਦੇ ਸ਼ਰੀਰ ਵਿਚ ਮਾਰ ਦਿੱਤਾ ॥੧੬੭੮॥

ਲਾਗਤ ਹੀ ਸਰ ਮੋਹਿਤ ਭਯੋ ਤੇਊ ਤੀਰਨ ਸੋ ਬਰ ਬੀਰ ਸੰਘਾਰੇ ॥

ਬਾਣ ਲਗਦਿਆਂ ਹੀ (ਰਾਜਾ) ਬੇਹੋਸ਼ ਹੋ ਗਿਆ ਹੈ, ਪਰ ਫਿਰ ਵੀ ਉਸ ਨੇ ਤੀਰਾਂ ਨਾਲ ਬਹੁਤ ਯੋਧੇ ਮਾਰ ਦਿੱਤੇ ਹਨ।

ਗਿਆਰਹ ਰੁਦ੍ਰਨਿ ਕੇ ਅਗਨੰ ਗਨ ਮਾਰਿ ਲਏ ਹਰਿ ਲੋਕਿ ਸਿਧਾਰੇ ॥

ਗਿਆਰਾਂ ਰੁਦਰਾਂ ਦੇ ਅਣਗਿਣਤ ਗਣ ਮਾਰ ਦਿੱਤੇ ਹਨ (ਅਤੇ ਉਹ) ਸ਼ਿਵ ਲੋਕ ਨੂੰ ਚਲੇ ਗਏ ਹਨ।

ਦ੍ਵਾਦਸ ਭਾਨ ਜਲਾਧਿਪ ਅਉ ਸਸਿ ਇੰਦ੍ਰ ਕੁਬੇਰ ਕੇ ਅੰਗ ਪ੍ਰਹਾਰੇ ॥

ਬਾਰ੍ਹਾਂ ਸੂਰਜਾਂ, ਵਰੁਨ ਦੇਵਤਾ, ਚੰਦ੍ਰਮਾ, ਇੰਦਰ ਅਤੇ ਕੁਬੇਰ ਦੇ ਅੰਗ ਕਟ ਸੁਟੇ ਹਨ।

ਅਉਰ ਜਿਤੇ ਭਟ ਠਾਢੇ ਰਹੇ ਕਬਿ ਸ੍ਯਾਮ ਕਹੈ ਬਿਪਤੇ ਕਰਿ ਡਾਰੇ ॥੧੬੭੯॥

ਕਵੀ ਸ਼ਿਆਮ ਕਹਿੰਦੇ ਹਨ, ਹੋਰ ਜਿਤਨੇ ਸੂਰਮੇ ਖੜੋਤੇ ਹੋਏ ਸਨ, ਉਨ੍ਹਾਂ ਨੂੰ (ਰਾਜੇ ਨੇ) ਅਪਮਾਨਿਤ ਕਰ ਦਿੱਤਾ ਹੈ ॥੧੬੭੯॥

ਸਕ੍ਰ ਕੋ ਸਾਠ ਲਗਾਵਤ ਭਯੋ ਸਰ ਦ੍ਵੈ ਸਤਿ ਕਾਨ੍ਰਹ ਕੇ ਗਾਤ ਲਗਾਏ ॥

ਇੰਦਰ ਨੂੰ ਸਠ ਬਾਣ ਮਾਰੇ ਹਨ ਅਤੇ ਕ੍ਰਿਸ਼ਨ ਦੇ ਸ਼ਰੀਰ ਵਿਚ ਦੋ ਸੌ (ਤੀਰ) ਲਗਾਏ ਹਨ।

ਚਉਸਠਿ ਬਾਨ ਹਨੇ ਜਮ ਕੋ ਰਵਿ ਦ੍ਵਾਦਸ ਦ੍ਵਾਦਸ ਕੇ ਸੰਗ ਘਾਏ ॥

ਯਮਰਾਜ ਨੂੰ ਚੌਂਹਠ ਬਾਣ ਲਗੇ ਹਨ ਅਤੇ ਬਾਰਾਂ ਸੂਰਜਾਂ ਨੂੰ ਬਾਰਾਂ ਤੀਰਾਂ ਨਾਲ ਜ਼ਖ਼ਮੀ ਕੀਤਾ ਹੈ।

ਸੋਮ ਕੋ ਸਉ ਸਤ ਰੁਦ੍ਰ ਕੋ ਚਾਰ ਲਗਾਵਤ ਭਯੋ ਕਬਿ ਸ੍ਯਾਮ ਸੁਨਾਏ ॥

ਕਵੀ ਸ਼ਿਆਮ ਕਹਿੰਦੇ ਹਨ, ਚੰਦ੍ਰਮਾ ਨੂੰ ਇਕ ਸੌ ਅਤੇ ਰੁਦ੍ਰ ਨੂੰ ਚਾਰ ਸੌ ਬਾਣ ਮਾਰੇ ਹਨ।

ਸ੍ਰੌਨ ਭਰੇ ਸਬ ਕੇ ਪਟ ਮਾਨਹੁ ਚਾਚਰ ਖੇਲਿ ਅਬੈ ਭਟ ਆਏ ॥੧੬੮੦॥

ਸਾਰਿਆਂ ਦੇ ਬਸਤ੍ਰ ਲਹੂ ਨਾਲ ਲਿਬੜ ਗਏ ਹਨ ਮਾਨੋ ਸੂਰਮੇ ਹੁਣੇ ਹੀ ਹੋਲੀ ਖੇਡ ਕੇ ਆਏ ਹੋਣ ॥੧੬੮੦॥

ਚੌਪਈ ॥

ਚੌਪਈ:

ਅਉਰ ਸੁਭਟ ਬਹੁਤੇ ਤਿਹ ਮਾਰੇ ॥

ਉਸ ਨੇ ਹੋਰ ਬਹੁਤ ਸਾਰੇ ਸੂਰਮੇ ਮਾਰ ਦਿੱਤੇ,

ਜੂਝ ਪਰੇ ਜਮ ਧਾਮਿ ਸਿਧਾਰੇ ॥

(ਜੋ) ਵੀ ਲੜੇ ਯਮਲੋਕ ਚਲੇ ਗਏ।

ਤਬ ਨ੍ਰਿਪ ਪੈ ਬ੍ਰਹਮਾ ਚਲ ਆਯੋ ॥

ਤਦ ਬ੍ਰਹਮਾ ਚਲ ਕੇ ਰਾਜੇ ਕੋਲ ਆਇਆ।

ਸ੍ਯਾਮ ਭਨੈ ਯਹ ਬੈਨ ਸੁਨਾਯੋ ॥੧੬੮੧॥

ਸ਼ਿਆਮ (ਕਵੀ) ਕਹਿੰਦੇ ਹਨ, (ਉਸ ਨੇ) ਇਹ ਬਚਨ ਕਹਿ ਸੁਣਾਇਆ ॥੧੬੮੧॥

ਕਹਿਓ ਸੁ ਕਿਉ ਇਨ ਕਉ ਰਨਿ ਮਾਰੈ ॥

(ਬ੍ਰਹਮਾ) ਕਹਿਣ ਲਗਿਆ, (ਹੇ ਰਾਜਨ! ਤੂੰ) ਇਨ੍ਹਾਂ ਨੂੰ ਯੁੱਧ ਵਿਚ ਕਿਉਂ ਮਾਰਦਾ ਹੈਂ।

ਬ੍ਰਿਥਾ ਕੋਪ ਕੈ ਕਿਉ ਸਰ ਡਾਰੈ ॥

ਵਿਅਰਥ ਵਿਚ ਕ੍ਰੋਧ ਕਰ ਕੇ ਕਿਉਂ ਬਾਣ ਚਲਾਉਂਦਾ ਹੈਂ।

ਤਾ ਤੇ ਇਹੈ ਕਾਜ ਅਬ ਕੀਜੈ ॥

ਇਸ ਲਈ ਹੁਣ ਇਹ ਕੰਮ ਕਰ

ਦੇਹ ਸਹਿਤ ਨਭਿ ਮਾਰਗ ਲੀਜੈ ॥੧੬੮੨॥

ਅਤੇ ਦੇਹ ਸਮੇਤ ਆਕਾਸ਼ ਦਾ ਮਾਰਗ ਫੜ ॥੧੬੮੨॥

ਜੁਧ ਕਥਾ ਨਹੀ ਰਿਦੈ ਚਿਤਾਰੋ ॥

ਯੁੱਧ ਦੇ ਬ੍ਰਿੱਤਾਂਤ ਨੂੰ ਮਨ ਵਿਚ ਨਾ ਵਿਚਾਰ

ਅਪਨੋ ਅਗਲੋ ਕਾਜ ਸਵਾਰੋ ॥

ਅਤੇ ਆਪਣੇ ਅਗਲੇ (ਲੋਕ ਦਾ) ਕੰਮ ਸੰਵਾਰ।

ਤਾ ਤੇ ਅਬਿ ਬਿਲੰਬ ਨਹੀ ਕੀਜੈ ॥

ਇਸ ਲਈ ਹੁਣ ਦੇਰ ਨਾ ਕਰ

ਮੇਰੋ ਕਹਿਯੋ ਮਾਨ ਕੈ ਲੀਜੈ ॥੧੬੮੩॥

ਅਤੇ ਮੇਰੇ ਕਹੇ ਨੂੰ ਮੰਨ ਲੈ ॥੧੬੮੩॥

ਸਵੈਯਾ ॥

ਸਵੈਯਾ:

ਇੰਦ੍ਰ ਕੇ ਧਾਮ ਚਲੋ ਬਲਵਾਨ ਸੁਜਾਨ ਸੁਨੋ ਅਬ ਢੀਲ ਨ ਕੀਜੈ ॥

ਹੇ ਬਲਵਾਨ! ਹੁਣ ਇੰਦਰ ਦੇ ਘਰ ਨੂੰ ਚਲੋ। ਹੇ ਸੁਜਾਨ! ਸੁਣੋ, ਹੁਣ ਦੇਰ ਨਾ ਕਰੋ।

ਦੇਵਬਧੂ ਜੋਊ ਚਾਹਤ ਹੈ ਤਿਨ ਕੋ ਮਿਲੀਐ ਮਿਲ ਕੈ ਸੁਖ ਲੀਜੈ ॥

ਜੋ ਵੀ ਦੇਵ-ਇਸਤਰੀ ਚਾਹੀਦੀ ਹੈ, ਉਸ ਨੂੰ ਮਿਲੋ ਅਤੇ ਮਿਲ ਕੇ ਸੁਖ ਪਾਓ।

ਤੇਰੋ ਮਨੋਰਥ ਪੂਰਨ ਹੋਤ ਹੈ ਮਾਨ ਕਹਿਓ ਨ੍ਰਿਪ ਅੰਮ੍ਰਿਤ ਪੀਜੈ ॥

ਹੇ ਰਾਜਨ! ਤੇਰਾ ਮਨੋਰਥ ਪੂਰਾ ਹੁੰਦਾ ਹੈ। ਮੇਰਾ ਕਿਹਾ ਮੰਨ ਕੇ ਅੰਮ੍ਰਿਤ ਪੀ ਲਵੋ।

ਰਾਜਨ ਰਾਜ ਸਮਾਜ ਤਜੋ ਇਨ ਬੀਰਨ ਕੋ ਨ ਬ੍ਰਿਥਾ ਦੁਖੁ ਦੀਜੈ ॥੧੬੮੪॥

ਹੇ ਰਾਜਨ! ਰਾਜ ਸਮਾਜ ਨੂੰ ਛਡ ਦਿਓ ਅਤੇ ਇਨ੍ਹਾਂ ਯੋਧਿਆਂ ਨੂੰ ਵਿਅਰਥ ਦਾ ਦੁਖ ਨਾ ਦਿਓ ॥੧੬੮੪॥

ਦੋਹਰਾ ॥

ਦੋਹਰਾ:

ਯੌ ਸੁਨਿ ਬਤੀਆ ਬ੍ਰਹਮ ਕੀ ਭੂਪ ਸਤ੍ਰ ਦੁਖ ਦੈਨ ॥

ਬ੍ਰਹਮਾ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਵੈਰੀਆਂ ਨੂੰ ਦੁਖ ਦੇਣ ਵਾਲਾ

ਅਤਿ ਚਿਤਿ ਹਰਖ ਬਢਾਇ ਕੈ ਬੋਲਿਓ ਬਿਧਿ ਸੋ ਬੈਨ ॥੧੬੮੫॥

ਰਾਜਾ ਆਪਣੇ ਚਿਤ ਵਿਚ ਬਹੁਤ ਖੁਸ਼ੀ ਵਧਾਉਂਦਾ ਹੋਇਆ ਬ੍ਰਹਮਾ ਨੂੰ ਇਹ ਬੋਲ ਬੋਲਿਆ ॥੧੬੮੫॥

ਚੌਪਈ ॥

ਚੌਪਈ:

ਯੌ ਬ੍ਰਹਮਾ ਸੋ ਬੈਨ ਸੁਨਾਯੋ ॥

(ਰਾਜੇ ਨੇ) ਬ੍ਰਹਮਾ ਨੂੰ ਇਸ ਤਰ੍ਹਾਂ ਦਾ ਬੋਲ ਸੁਣਾਇਆ,

ਤੋ ਸਿਉ ਕਹੋ ਜੁ ਮਨ ਮੈ ਆਯੋ ॥

ਤੈਨੂੰ ਉਹੀ ਕਹਿੰਦਾ ਹਾਂ, ਜੋ ਮਨ ਵਿਚ ਆਇਆ ਹੈ।

ਮੋ ਸੋ ਬੀਰ ਸਸਤ੍ਰ ਜਬ ਧਰੈ ॥

ਮੇਰੇ ਵਰਗਾ ਵੀਰ ਜਦੋਂ ਸ਼ਸਤ੍ਰ ਧਾਰਨ ਕਰੇਗਾ,

ਕਹੋ ਬਿਸਨ ਬਿਨ ਕਾ ਸੋ ਲਰੈ ॥੧੬੮੬॥

(ਤਾਂ) ਵਿਸ਼ਣੂ ਨੂੰ ਛਡ ਕੇ (ਹੋਰ) ਕਿਸ ਨਾਲ ਲੜੇਗਾ ॥੧੬੮੬॥

ਦੋਹਰਾ ॥

ਦੋਹਰਾ:

ਤੁਮ ਸਬ ਜਾਨਤ ਬਿਸ੍ਵ ਕਰ ਖੜਗ ਸਿੰਘ ਮੋਹਿ ਨਾਉ ॥

ਹੇ ਵਿਸ਼ਵ ਕਰਤਾ! ਤੂੰ ਜਾਣਦਾ ਹੈਂ ਕਿ ਮੇਰਾ ਨਾਂ ਖੜਗ ਸਿੰਘ ਹੈ।


Flag Counter