ਮਾਤਾ ਪਿਤਾ ਦੇ ਦੇਖਦਿਆਂ ਹੀ ਉਹ ਬ੍ਰਹਮਾ ਦੇ ਲੋਕ ਨੂੰ ਚਲੇ ਗਏ ॥੨੪੩੨॥
ਹੁਣ ਸੁਭਦ੍ਰਾ ਦੇ ਵਿਆਹ ਦਾ ਕਥਨ
ਚੌਪਈ:
ਤਦ ਅਰਜਨ ਤੀਰਥ (ਯਾਤ੍ਰਾ) ਕਰਨ ਲਈ ਚਲ ਪਿਆ।
ਦੁਆਰਿਕਾ ਵਿਚ ਸ੍ਰੀ ਕ੍ਰਿਸ਼ਨ ਦਾ ਦਰਸ਼ਨ ਕੀਤਾ
ਅਤੇ ਸੁਭਦ੍ਰਾ ਦਾ ਰੂਪ ਵੇਖਿਆ।
(ਉਸ ਉਤੇ ਮੋਹਿਤ ਹੋ ਕੇ) ਚਿਤ ਦਾ ਗ਼ਮ ਦੂਰ ਕਰ ਦਿੱਤਾ ॥੨੪੩੩॥
'ਇਸ ਨਾਲ ਵਿਆਹ ਕਰ ਲਵਾਂ', ਇਹ (ਵਿਚਾਰ ਉਸ ਦੇ) ਚਿਤ ਵਿਚ ਆ ਗਿਆ।
ਉਧਰ ਉਸ (ਸੁਭਦ੍ਰਾ) ਦਾ ਚਿਤ ਵੀ (ਅਰਜਨ ਲਈ) ਲਲਚਾਇਆ।
ਸ੍ਰੀ ਕ੍ਰਿਸ਼ਨ ਨੇ ਇਹ ਸਾਰੀ ਗੱਲ ਜਾਣ ਲਈ
(ਕਿ) ਅਭਿਮਾਨੀ ਅਰਜਨ (ਸੁਭਦ੍ਰਾ) ਨੂੰ ਵਿਆਹੁਣਾ ਚਾਹੁੰਦਾ ਹੈ ॥੨੪੩੪॥
ਦੋਹਰਾ:
ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਕੋਲ ਬੁਲਾ ਕੇ ਸਾਰੀ ਗੱਲ ਸਮਝਾ ਦਿੱਤੀ
(ਕਿ) ਤੂੰ ਸੁਭਦ੍ਰਾ ਦਾ ਹਰਣ ਕਰ ਲੈ, ਮੈਂ ਤੇਰੇ ਨਾਲ ਲੜਨ ਨਹੀਂ ਆਵਾਂਗਾ ॥੨੪੩੫॥
ਚੌਪਈ:
ਫਿਰ ਅਰਜਨ ਨੇ ਉਸੇ ਤਰ੍ਹਾਂ ਕੀਤਾ।
ਪੂਜਾ ਨੂੰ ਜਾਂਦੀ ਹੋਈ ਸੁਭਦ੍ਰਾ ਨੂੰ ਹਰ ਲਿਆ।
ਤਦ ਸਾਰੇ ਯਾਦਵ ਕ੍ਰੋਧ ਨਾਲ ਭਰ ਗਏ।
(ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਕੋਲ ਆ ਕੇ ਪੁਕਾਰ ਕੀਤੀ ॥੨੪੩੬॥
ਸਵੈਯਾ:
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਉਸ ਵੇਲੇ ਇਸ ਤਰ੍ਹਾਂ (ਕਹਿ) ਸੁਣਾਇਆ।
ਤੁਸੀਂ (ਆਪਣੇ ਆਪ ਨੂੰ) ਵੱਡੇ ਸੂਰਵੀਰ ਅਖਵਾਉਂਦੇ ਹੋ, ਜਾ ਕੇ ਉਸ ਨਾਲ ਲੜਾਈ ਕਰੋ।
ਅਰਜਨ ਨਾਲ ਯੁੱਧ ਕਰਨ ਲਈ ਚਲੇ ਹੋ, (ਇੰਜ ਲਗਦਾ ਹੈ) ਤੁਹਾਡੀ ਮੌਤ ਨੇੜੇ ਆ ਗਈ ਹੈ।
(ਕ੍ਰਿਸ਼ਨ ਨੇ ਕਿਹਾ ਕਿ) ਤੁਸੀਂ ਜਾ ਕੇ (ਯੁੱਧ) ਕਿਉਂ ਨਹੀਂ (ਕਰਦੇ) ਮੈਂ ਤਾਂ ਤਦ ਤੋਂ ਯੁੱਧ ਛਡ ਦਿੱਤਾ ਹੈ, ਇਹੀ ਮੇਰਾ ਪੱਕਾ ਫੈਸਲਾ ਹੈ ॥੨੪੩੭॥
ਚੌਪਈ:
ਤਦ ਸ੍ਰੀ ਕ੍ਰਿਸ਼ਨ ਦੇ ਯੋਧੇ ਭਜ ਤੁਰੇ।
ਅਰਜਨ ਨੂੰ ਇਹ ਬੋਲ (ਕਹਿ) ਸੁਣਾਏ।
ਹੇ ਅਰਜਨ! ਸੁਣ, (ਹੁਣ ਤਕ ਅਸੀਂ) ਤੇਰੇ ਤੋਂ ਡਰਦੇ ਰਹੇ ਹਾਂ।
ਹੇ ਮਹਾ ਪਾਪੀ! (ਅਜ ਅਸੀਂ) ਤੇਰਾ ਬਧ ਕਰਦੇ ਹਾਂ ॥੨੪੩੮॥
ਦੋਹਰਾ:
ਪੰਡੁ ਪੁੱਤਰ (ਅਰਜਨ) ਨੇ ਇਹ ਜਾਣ ਲਿਆ ਕਿ ਯਾਦਵ ਮੈਨੂੰ ਮਾਰ ਦੇਣਗੇ।
(ਕਵੀ) ਸ਼ਿਆਮ ਕਹਿੰਦੇ ਹਨ, (ਇਸ ਲਈ) ਮਨ ਵਿਚ ਆਤੁਰ ਹੋ ਕੇ ਦੁਆਰਿਕਾ ਵਲ ਚਲ ਪਿਆ ॥੨੪੩੯॥
ਸਵੈਯਾ:
ਜਦੋਂ ਬਲਰਾਮ ਅਰਜਨ ਨੂੰ ਜਿਤ ਕੇ ਘਰ ਲੈ ਆਇਆ ਤਾਂ ਅਰਜਨ ਦਾ ਮੂੰਹ ਸੁਕ ਗਿਆ।
ਸ੍ਰੀ ਕ੍ਰਿਸ਼ਨ ਨੇ ਉਸ ਨੂੰ ਸਮਝਾਇਆ, ਹੇ ਅਰਜਨ! (ਤੂੰ) ਚਿਤ ਵਿਚ ਕਿਉਂ ਡਰ ਗਿਆ ਹੈਂ।
ਜਦ (ਸ੍ਰੀ ਕ੍ਰਿਸ਼ਨ ਨੇ) ਬਲਰਾਮ ਨੂੰ ਸਮਝਾ ਦਿੱਤਾ ਤਾਂ ਸੁਭਦ੍ਰਾ ਨਾਲ ਉਸ ਦਾ ਵਿਆਹ ਕਰ ਦਿੱਤਾ।
ਇਤਨਾ ਦਾਜ ਦਿੱਤਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਲੈ ਕੇ ਅਰਜਨ (ਆਪਣੇ) ਘਰ ਨੂੰ ਚਲਾ ਗਿਆ ॥੨੪੪੦॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਵਿਚ ਅਰਜਨ ਸੁਭਦ੍ਰਾ ਨੂੰ ਹਰ ਕੇ ਅਤੇ ਵਿਆਹ ਕੇ ਲੈ ਆਇਆ, ਅਧਿਆਇ ਦੀ ਸਮਾਪਤੀ।
ਹੁਣ ਮਿਥਲਾਪੁਰ ਰਾਜੇ ਅਤੇ ਬ੍ਰਾਹਮਣ ਦਾ ਪ੍ਰਸੰਗ ਅਤੇ ਭਸਮਾਂਗਦ ਦੈਂਤ ਨੂੰ ਛਲ ਕੇ ਮਾਰਨਾ ਅਤੇ ਰੁਦ੍ਰ ਨੂੰ ਛੁੜਾਉਣਾ:
ਦੋਹਰਾ:
ਮਿਥਲਾ ਦੇਸ ਦਾ ਇਕ ਰਾਜਾ ਸੀ, ਜਿਸ ਦਾ ਨਾਂ 'ਅਤਿਹੁਲਾਸ' ਸੀ।
(ਜੋ) ਰਾਤ ਦਿਨ ਅਠੇ ਪਹਿਰ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਦਾ ਸੀ ॥੨੪੪੧॥
ਇਕ ਮਤ ਦਾ ਬ੍ਰਾਹਮਣ ਉਥੇ ਸੀ, ਉਹ 'ਹਰਿ ਨਾਮ' ਤੋਂ ਬਿਨਾ (ਹੋਰ ਕਿਸੇ ਦਾ ਨਾਂ) ਨਹੀਂ ਲੈਂਦਾ ਸੀ।
ਜੋ (ਕੋਈ) ਹਰਿ ਦੀ ਗੱਲ ਕਰਦਾ ਸੀ, ਉਸ ਨਾਲ ਹੀ ਚਿਤ ਜੋੜ ਦਿੰਦਾ ਸੀ ॥੨੪੪੨॥
ਸਵੈਯਾ:
(ਮਿਥਲਾ ਦਾ) ਰਾਜਾ ਉਸ ਸ੍ਰੇਸ਼ਠ ਬ੍ਰਾਹਮਣ ਦੇ ਘਰ ਜਾ ਕੇ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਦਾ ਹੀ ਵਿਚਾਰ ਕਰਦਾ।
ਕਵੀ ਸ਼ਿਆਮ ਕਹਿੰਦੇ ਹਨ, ਉਹ ਦੋਵੇਂ ਸਵੇਰੇ ਅਤੇ ਸ਼ਾਮ ਹੋਰ ਕੋਈ ਗੱਲ ਨਹੀਂ ਕਰਦੇ ਸਨ।
ਬ੍ਰਾਹਮਣ ਕਹਿੰਦਾ ਸੀ ਕਿ ਸ੍ਰੀ ਕ੍ਰਿਸ਼ਨ ਆਉਣਗੇ ਅਤੇ ਰਾਜਾ ਵੀ ਕਹਿੰਦਾ ਸੀ ਕਿ ਸ਼ਿਆਮ ਜੀ ਆਉਣਗੇ।