ਸ਼੍ਰੀ ਦਸਮ ਗ੍ਰੰਥ

ਅੰਗ - 184


ਲਯੋ ਉਠਾਇ ਸੂਲ ਕਰਿ ਬਲੈ ॥

(ਤਦੋਂ) ਜ਼ੋਰ ਨਾਲ ਤ੍ਰਿਸ਼ੂਲ ਨੂੰ ਹੱਥ ਵਿਚ ਉਠਾ ਲਿਆ।

ਭਾਤਿ ਭਾਤਿ ਤਿਨ ਕਰੇ ਪ੍ਰਹਾਰਾ ॥

ਉਸ ਨੇ ਕਈ ਤਰ੍ਹਾਂ ਨਾਲ ਵਾਰ ਕੀਤੇ।

ਸਕਲ ਬਿਧੁੰਸ ਜਗ ਕਰ ਡਾਰਾ ॥੧੭॥

ਸਾਰੇ ਯੱਗ ਨੂੰ ਨਸ਼ਟ ਕਰ ਦਿੱਤਾ ॥੧੭॥

ਭਾਤਿ ਭਾਤਿ ਤਨ ਭੂਪ ਸੰਘਾਰੇ ॥

(ਸ਼ਿਵ ਨੇ) ਤਰ੍ਹਾਂ ਤਰ੍ਹਾਂ ਨਾਲ ਰਾਜਿਆਂ ਨੂੰ ਮਾਰ ਦਿੱਤਾ।

ਇਕ ਇਕ ਤੇ ਕਰ ਦੁਇ ਦੁਇ ਡਾਰੇ ॥

ਇਕ ਇਕ ਦੇ ਦੋ ਦੋ (ਟੋਟੇ) ਕਰ ਸੁਟੇ।

ਜਾ ਕਹੁ ਪਹੁੰਚਿ ਤ੍ਰਿਸੂਲ ਪ੍ਰਹਾਰਾ ॥

ਜਿਸ ਤਕ ਪਹੁੰਚ ਕੇ ਤ੍ਰਿਸ਼ੂਲ ਦਾ ਵਾਰ ਕੀਤਾ,

ਤਾ ਕਹੁ ਮਾਰ ਠਉਰ ਹੀ ਡਾਰਾ ॥੧੮॥

ਉਸ ਨੂੰ ਥਾਂ ਤੇ ਹੀ ਮਾਰ ਦਿੱਤਾ ॥੧੮॥

ਜਗ ਕੁੰਡ ਨਿਰਖਤ ਭਯੋ ਜਬ ਹੀ ॥

ਸ਼ਿਵ ਨੇ ਜਦੋਂ ਯੱਗ ਕੁੰਡ ਵਲ ਵੇਖਿਆ,

ਜੂਟ ਜਟਾਨ ਉਖਾਰਸ ਤਬ ਹੀ ॥

ਤਦੋਂ ਹੀ ਆਪਣੇ ਜੂੜੇ ਵਿਚੋਂ ਇਕ ਜਟਾ ਉਖਾੜ ਲਈ।

ਬੀਰਭਦ੍ਰ ਤਬ ਕੀਆ ਪ੍ਰਕਾਸਾ ॥

ਉਸੇ ਵੇਲੇ (ਉਸ ਵਿਚੋਂ) ਵੀਰ ਭੱਦਰ ਪ੍ਰਗਟ ਹੋ ਗਿਆ।

ਉਪਜਤ ਕਰੋ ਨਰੇਸਨ ਨਾਸਾ ॥੧੯॥

(ਉਸ ਨੂੰ) ਪੈਦਾ ਹੁੰਦੇ ਹੀ ਸ਼ਿਵ ਨੇ ਆਦੇਸ਼ ਦਿੱਤਾ ਕਿ (ਤੂੰ) ਰਾਜਿਆਂ ਦਾ ਨਾਸ਼ ਕਰ ॥੧੯॥

ਕੇਤਕ ਕਰੇ ਖੰਡ ਨ੍ਰਿਪਤਿ ਬਰ ॥

ਕਈ ਸ੍ਰੇਸ਼ਠ ਰਾਜਿਆਂ ਦੇ (ਵੀਰ ਭੱਦਰ ਨੇ) ਟੋਟੇ ਟੋਟੇ ਕਰ ਦਿੱਤੇ

ਕੇਤਕ ਪਠੈ ਦਏ ਜਮ ਕੇ ਘਰਿ ॥

ਅਤੇ ਕਈਆਂ ਨੂੰ ਜਮ ਦੇ ਘਰ ਭੇਜ ਦਿੱਤਾ।

ਕੇਤਕ ਗਿਰੇ ਧਰਣਿ ਬਿਕਰਾਰਾ ॥

ਕਿਨੇ ਹੀ ਨਿਤਾਣੇ ਹੋ ਕੇ ਧਰਤੀ ਉਤੇ ਜਾ ਡਿਗੇ,

ਜਨੁ ਸਰਤਾ ਕੇ ਗਿਰੇ ਕਰਾਰਾ ॥੨੦॥

ਮਾਨੋ ਨਦੀ ਦੇ ਕੰਢੇ ਡਿਗੇ ਪਏ ਹੋਣ ॥੨੦॥

ਤਬ ਲਉ ਸਿਵਹ ਚੇਤਨਾ ਆਈ ॥

ਉਦੋਂ ਤਕ ਸ਼ਿਵ ਨੂੰ (ਗੌਰਜਾਂ ਦੇ ਮਰਨ ਦਾ) ਚੇਤਾ ਆ ਗਿਆ

ਗਹਿ ਪਿਨਾਕ ਕਹੁ ਪਰੋ ਰਿਸਾਈ ॥

(ਤਾਂ) ਪਿਨਾਕ ਧਨੁਸ਼ ਨੂੰ ਫੜ ਕੇ, ਗੁੱਸੇ ਨਾਲ ਟੁਟ ਕੇ ਪੈ ਗਿਆ।

ਜਾ ਕੈ ਤਾਣਿ ਬਾਣ ਤਨ ਮਾਰਾ ॥

ਜਿਸ ਦੇ ਸ਼ਰੀਰ ਵਿਚ ਖਿਚ ਕੇ ਤੀਰ ਮਾਰਿਆ,

ਪ੍ਰਾਨ ਤਜੇ ਤਿਨ ਪਾਨਿ ਨੁਚਾਰਾ ॥੨੧॥

ਉਸ ਨੇ ਪ੍ਰਾਣ ਤਜ ਦਿੱਤੇ ਅਤੇ ਪਾਣੀ ਵੀ ਨਾ ਮੰਗਿਆ ॥੨੧॥

ਡਮਾ ਡਮ ਡਉਰੂ ਬਹੁ ਬਾਜੇ ॥

ਡੰਮ ਡੰਮ ਕਰ ਕੇ ਬਹੁਤ ਡੌਰੂ ਵਜ ਰਹੇ ਸਨ,

ਭੂਤ ਪ੍ਰੇਤ ਦਸਊ ਦਿਸਿ ਗਾਜੈ ॥

ਭੂਤ ਪ੍ਰੇਤ ਦਸਾਂ ਦਿਸ਼ਾਵਾਂ ਵਿਚ ਗਜ ਰਹੇ ਸਨ,

ਝਿਮ ਝਿਮ ਕਰਤ ਅਸਿਨ ਕੀ ਧਾਰਾ ॥

ਤਲਵਾਰਾਂ ਦੀ ਧਾਰ ਝਿੰਮ ਝਿੰਮ ਕਰਦੀ ਲਿਸ਼ਕਾਰੇ ਮਾਰ ਰਹੀ ਸੀ,

ਨਾਚੇ ਰੁੰਡ ਮੁੰਡ ਬਿਕਰਾਰਾ ॥੨੨॥

ਭਿਆਨਕ ਰੁੰਡ ਅਤੇ ਮੁੰਡ ਨਚ ਰਹੇ ਸਨ ॥੨੨॥

ਬਜੇ ਢੋਲ ਸਨਾਇ ਨਗਾਰੇ ॥

ਢੋਲ, ਡਫਾਂ ਅਤੇ ਨਗਾਰੇ ਵਜ ਰਹੇ ਸਨ,

ਜੁਟੈ ਜੰਗ ਕੋ ਜੋਧ ਜੁਝਾਰੇ ॥

ਲੜਾਕੇ ਜੁਆਨ ਜੰਗ ਵਿਚ ਜੁਟ ਰਹੇ ਸਨ।

ਖਹਿ ਖਹਿ ਮਰੇ ਅਪਰ ਰਿਸ ਬਢੇ ॥

ਇਕ ਖਹਿ ਖਹਿ ਕੇ ਮਰ ਰਹੇ ਸਨ ਅਤੇ ਹੋਰਨਾਂ ਨੂੰ ਕ੍ਰੋਧ ਚੜ੍ਹ ਰਿਹਾ ਸੀ।

ਬਹੁਰਿ ਨ ਦੇਖੀਯਤ ਤਾਜੀਅਨ ਚਢੇ ॥੨੩॥

ਇਸ ਪਿਛੋਂ ਘੋੜੇ ਉਤੇ ਚੜ੍ਹਿਆ ਹੋਇਆ ਕੋਈ ਵੀ ਨਹੀਂ ਸੀ ਦਿਸ ਰਿਹਾ ॥੨੩॥

ਜਾ ਪਰ ਮੁਸਟ ਤ੍ਰਿਸੂਲ ਪ੍ਰਹਾਰਾ ॥

ਸ਼ਿਵ ਨੇ ਜਿਸ ਨੂੰ ਤ੍ਰਿਸ਼ੂਲ ਦੀ ਮੁਠ ਮਾਰ ਦਿੱਤੀ,

ਤਾਕਹੁ ਠਉਰ ਮਾਰ ਹੀ ਡਾਰਾ ॥

(ਬਸ) ਉਸਨੂੰ ਉਥੇ ਹੀ ਮਾਰ ਸੁਟਿਆ।

ਐਸੋ ਭਯੋ ਬੀਰ ਘਮਸਾਨਾ ॥

ਇਸ ਤਰ੍ਹਾਂ ਦਾ ਯੋਧਿਆਂ ਦਾ ਘਮਸਾਨ ਦਾ ਯੁੱਧ ਹੋਇਆ

ਭਕ ਭਕਾਇ ਤਹ ਜਗੇ ਮਸਾਨਾ ॥੨੪॥

ਕਿ ਉਥੇ ਭਕ ਭਕ ਕਰ ਕੇ ਮਸਾਨ ਜਾਗ ਪਏ ॥੨੪॥

ਦੋਹਰਾ ॥

ਦੋਹਰਾ:

ਤੀਰ ਤਬਰ ਬਰਛੀ ਬਿਛੂਅ ਬਰਸੇ ਬਿਸਖ ਅਨੇਕ ॥

ਅਨੇਕਾਂ ਤੀਰ, ਕੁਹਾੜੇ, ਬਰਛੀਆਂ, ਬਿਛੂਏ ਅਤੇ ਜ਼ਹਿਰ ਦੀ ਪਾਣ ਵਾਲੇ ਬਾਣ ਚਲੇ ਸਨ।

ਸਬ ਸੂਰਾ ਜੂਝਤ ਭਏ ਸਾਬਤ ਬਚਾ ਨ ਏਕ ॥੨੫॥

ਸਾਰੇ ਸੂਰਮੇ ਲੜਦੇ ਹੋਏ ਸ਼ਹੀਦ ਹੋ ਗਏ, ਉਨ੍ਹਾਂ ਵਿਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ ॥੨੫॥

ਚੌਪਈ ॥

ਚੌਪਈ:

ਕਟਿ ਕਟਿ ਮਰੇ ਨਰੇਸ ਦੁਖੰਡਾ ॥

ਇਕ ਦੂਜੇ ਨੂੰ ਕੱਟ-ਵੱਢ ਕੇ ਰਾਜੇ ਦੋ ਦੋ ਟੋਟੇ ਹੋ ਕੇ ਮਰ ਗਏ।

ਬਾਇ ਹਨੇ ਗਿਰਿ ਗੇ ਜਨੁ ਝੰਡਾ ॥

(ਉਹ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਹਵਾ ਦੇ ਮਾਰੇ ਝੰਡੇ ਡਿਗੇ ਹੋਣ।

ਸੂਲ ਸੰਭਾਰਿ ਰੁਦ੍ਰ ਜਬ ਪਰਿਯੋ ॥

ਤ੍ਰਿਸ਼ੂਲ ਨੂੰ ਸੰਭਾਲ ਕੇ ਜਦੋਂ ਸ਼ਿਵ (ਵੈਰੀਦਲ ਉਤੇ) ਜਾ ਪਿਆ

ਚਿਤ੍ਰ ਬਚਿਤ੍ਰ ਅਯੋਧਨ ਕਰਿਯੋ ॥੨੬॥

ਤਾਂ ਉਸ ਨੇ ਅਲੌਕਿਕ ਤਰ੍ਹਾਂ ਦਾ ਯੁੱਧ ਕੀਤਾ ॥੨੬॥

ਭਾਜ ਭਾਜ ਤਬ ਚਲੇ ਨਰੇਸਾ ॥

(ਯੱਗ ਵਿਚ ਸ਼ਾਮਲ ਹੋਣ ਲਈ ਆਏ) ਰਾਜੇ ਭਜਦੇ ਹੋਏ ਚਲੇ ਗਏ

ਜਗ ਬਿਸਾਰ ਸੰਭਾਰਿਯੋ ਦੇਸਾ ॥

ਅਤੇ ਦਕਸ਼ ਦੇ ਯੱਗ ਨੂੰ ਭੁਲਾ ਕੇ (ਉਨ੍ਹਾਂ ਨੇ) ਆਪਣੇ ਦੇਸ਼ਾਂ ਨੂੰ ਯਾਦ ਕੀਤਾ।

ਜਬ ਰਣ ਰੁਦ੍ਰ ਰੁਦ੍ਰ ਹੁਐ ਧਾਏ ॥

ਜਦੋਂ ਸ਼ਿਵ ਨੇ ਭਿਆਨਕ ਰੂਪ ਹੋ ਕੇ ਧਾਵਾ ਕੀਤਾ,

ਭਾਜਤ ਭੂਪ ਨ ਬਾਚਨ ਪਾਏ ॥੨੭॥

ਤਦੋਂ ਭਜੇ ਜਾਂਦੇ ਰਾਜੇ ਵੀ ਉਸ ਦੀ ਮਾਰ ਤੋਂ ਬਚ ਨਾ ਸਕੇ ॥੨੭॥

ਤਬ ਸਬ ਭਰੇ ਤੇਜ ਤਨੁ ਰਾਜਾ ॥

ਫਿਰ ਸਾਰੇ ਰਾਜੇ ਕ੍ਰੋਧ ਨਾਲ ਭਰ ਗਏ

ਬਾਜਨ ਲਗੇ ਅਨੰਤਨ ਬਾਜਾ ॥

ਅਤੇ ਅਨੰਤ ਕਿਸਮਾਂ ਦੇ ਮਾਰੂ ਵਾਜੇ ਵਜਣ ਲਗੇ।

ਮਚਿਯੋ ਬਹੁਰਿ ਘੋਰਿ ਸੰਗ੍ਰਾਮਾ ॥

ਫਿਰ ਘਮਸਾਨ ਦਾ ਯੁੱਧ ਮਚਣ ਲਗਿਆ।

ਜਮ ਕੋ ਭਰਾ ਛਿਨਕ ਮਹਿ ਧਾਮਾ ॥੨੮॥

ਜਮ ਦਾ ਘਰ ਇਕ ਛਿਣ ਵਿਚ ਹੀ ਭਰ ਦਿੱਤਾ ਗਿਆ ॥੨੮॥

ਭੂਪਤ ਫਿਰੇ ਜੁਧ ਕੇ ਕਾਰਨ ॥

(ਘਰਾਂ ਨੂੰ ਭਜੇ ਜਾਂਦੇ) ਰਾਜੇ ਜੰਗ ਕਰਨ ਲਈ ਫਿਰ ਮੁੜ ਪਏ।


Flag Counter