ਸ਼੍ਰੀ ਦਸਮ ਗ੍ਰੰਥ

ਅੰਗ - 322


ਦੋਹਰਾ ॥

ਦੋਹਰਾ:

ਸਮੈ ਭਲੈ ਇਕ ਘਾਤ ਸਿਉ ਹ੍ਵੈ ਇਕਤ੍ਰ ਸਭ ਬਾਲ ॥

ਇਕ ਦਿਨ ਕਿਸੇ ਸ਼ੁਭ ਘੜੀ ਮੌਕਾ ਪਾ ਕੇ ਸਾਰੀਆਂ ਗੋਪੀਆਂ ਇਕੱਠੀਆਂ ਹੋ ਕੇ

ਅੰਗ ਸਭੈ ਗਿਨਨੈ ਲਗੀ ਕਰਿ ਕੈ ਬਾਤ ਰਸਾਲ ॥੨੯੧॥

ਸੁੰਦਰ ਗੱਲਾਂ ਕਰਦੇ ਹੋਇਆਂ ਕ੍ਰਿਸ਼ਨ ਦੇ ਸਾਰੇ ਅੰਗਾਂ ਦੀ ਗਿਣਤੀ ਕਰਨ ਲਗੀਆਂ ॥੨੯੧॥

ਸਵੈਯਾ ॥

ਸਵੈਯਾ:

ਕੋਊ ਕਹੈ ਹਰਿ ਕੋ ਮੁਖ ਸੁੰਦਰ ਕੋਊ ਕਹੈ ਸੁਭ ਨਾਕ ਬਨਿਯੋ ਹੈ ॥

ਕੋਈ ਕਹਿੰਦੀ ਕ੍ਰਿਸ਼ਨ ਦਾ ਮੁਖ ਸੁੰਦਰ ਹੈ; ਕੋਈ ਕਹਿੰਦੀ ਨਕ ਬਹੁਤ ਸੋਹਣਾ ਬਣਿਆ ਹੋਇਆ ਹੈ;

ਕੋਊ ਕਹੈ ਕਟਿ ਕੇਹਰਿ ਸੀ ਤਨ ਕੰਚਨ ਸੋ ਰਿਝਿ ਕਾਹੂ ਗਨਿਯੋ ਹੈ ॥

ਕੋਈ ਕਹਿੰਦੀ (ਕ੍ਰਿਸ਼ਨ ਦਾ) ਲਕ ਸ਼ੇਰ ਵਰਗਾ (ਪਤਲਾ) ਹੈ; ਕੋਈ ਰੀਝ ਕੇ (ਕ੍ਰਿਸ਼ਨ ਦੇ) ਸ਼ਰੀਰ ਨੂੰ ਸੋਨੇ ਦਾ ਮੰਨਦੀ ਹੈ;

ਨੈਨ ਕੁਰੰਗ ਸੇ ਕੋਊ ਗਨੈ ਜਸੁ ਤਾ ਛਬਿ ਕੋ ਕਬਿ ਸ੍ਯਾਮ ਭਨਿਯੋ ਹੈ ॥

ਕੋਈ (ਕ੍ਰਿਸ਼ਨ ਦੇ) ਨੈਨ ਹਿਰਨ ਵਰਗੇ ਗਿਣਦੀ ਹੈ। ਸ਼ਿਆਮ ਕਵੀ ਉਸ ਸ਼ੋਭਾ ਨੂੰ ਵਰਣਨ ਕਰਦਿਆਂ ਕਹਿੰਦੇ ਹਨ

ਲੋਗਨ ਮੈ ਜਿਮ ਜੀਵ ਬਨਿਯੋ ਤਿਨ ਕੇ ਤਨ ਮੈ ਤਿਮ ਕਾਨ੍ਰਹ ਮਨਿਯੋ ਹੈ ॥੨੯੨॥

ਕਿ ਜਿਵੇਂ ਲੋਕਾਂ ਵਿਚ ਆਪਣੇ 'ਜੀਵ' ਦਾ (ਪਿਆਰ) ਬਣਿਆ ਹੋਇਆ ਹੈ, ਉਸੇ ਤਰ੍ਹਾਂ ਗੋਪੀਆਂ ਨੇ ਤਨ ਵਿਚ ਕਾਨ੍ਹ ਦਾ (ਪ੍ਰੇਮ) ਮੰਨਿਆ ਹੋਇਆ ਹੈ ॥੨੯੨॥

ਕਾਨ੍ਰਹ ਕੋ ਪੇਖਿ ਕਲਾਨਿਧਿ ਸੌ ਮੁਖ ਰੀਝ ਰਹੀ ਸਭ ਹੀ ਬ੍ਰਿਜ ਬਾਰਾ ॥

ਕਾਨ੍ਹ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਕੇ ਬ੍ਰਜ ਦੀਆਂ ਸਾਰੀਆਂ ਇਸਤਰੀਆਂ ਰੀਝ ਰਹੀਆਂ ਹਨ।

ਮੋਹਿ ਰਹੇ ਭਗਵਾਨ ਉਤੇ ਇਨਹੂੰ ਦੁਰਗਾ ਬਰੁ ਚੇਟਕ ਡਾਰਾ ॥

ਉਧਰ ਭਗਵਾਨ (ਕ੍ਰਿਸ਼ਨ) ਵੀ ਮੋਹਿਤ ਹੋਏ ਪਏ ਹਨ ਅਤੇ ਦੇਵੀ ਦੇ ਵਰ ਕਾਰਨ ਇਨ੍ਹਾਂ ਨੂੰ ਵੀ ਚੇਟਕ ਲਗ ਗਈ ਹੈ,

ਕਾਨਿ ਟਿਕੈ ਗ੍ਰਿਹ ਅਉਰ ਬਿਖੈ ਤਿਹ ਕੋ ਅਤਿ ਹੀ ਜਸੁ ਸ੍ਯਾਮ ਉਚਾਰਾ ॥

(ਭਾਵੇਂ) ਕਾਨ੍ਹ ਹੋਰ ਘਰ ਵਿਚ ਟਿਕਿਆ ਹੋਇਆ ਹੈ। ਉਸ ਸ੍ਰੇਸ਼ਠ ਯਸ਼ ਨੂੰ ਕਵੀ ਸ਼ਿਆਮ ਨੇ ਇੰਜ ਸਮਝਿਆ ਹੈ

ਜੀਵ ਇਕਤ੍ਰ ਰਹੈ ਤਿਨ ਕੋ ਇਮ ਟੂਟ ਗਏ ਜਿਉ ਮ੍ਰਿਨਾਲ ਕੀ ਤਾਰਾ ॥੨੯੩॥

ਕਿ ਉਨ੍ਹਾਂ ਦੀਆਂ ਆਤਮਾਵਾਂ ਇਕ-ਮਿਕ ਰਹਿੰਦੀਆਂ ਹਨ। (ਲੋਕ-ਲਾਜ ਦੇ ਬੰਧਨ) ਇਸ ਤਰ੍ਹਾਂ ਟੁਟ ਗਏ ਹਨ ਜਿਵੇਂ ਭੇਂਹ ਦੀਆਂ ਤਾਰਾਂ ਟੁਟ ਜਾਂਦੀਆਂ ਹਨ ॥੨੯੩॥

ਨੇਹੁ ਲਗਿਯੋ ਇਨ ਕੋ ਹਰਿ ਸੌ ਅਰੁ ਨੇਹੁ ਲਗਿਯੋ ਹਰਿ ਕੋ ਇਨ ਨਾਰੇ ॥

ਇਨ੍ਹਾਂ ਦਾ ਪ੍ਰੇਮ ਕ੍ਰਿਸ਼ਨ ਨਾਲ ਹੋ ਗਿਆ ਹੈ ਅਤੇ ਕ੍ਰਿਸ਼ਨ ਦਾ ਨੇਹ ਇਨ੍ਹਾਂ ਇਸਤਰੀਆਂ ਨਾਲ ਪੈ ਗਿਆ ਹੈ।

ਚੈਨ ਪਰੈ ਦੁਹ ਕੋ ਨਹਿ ਦ੍ਵੈ ਪਲ ਨ੍ਰਹਾਵਨ ਜਾਵਤ ਹੋਤ ਸਵਾਰੇ ॥

ਦੋਹਾਂ ਨੂੰ (ਬਿਨਾ ਦੇਖੇ) ਦੋ ਪਲ ਲਈ ਵੀ ਚੈਨ ਨਹੀਂ ਪੈਂਦਾ, (ਇਸ ਲਈ) ਸਵੇਰ ਹੀ ਨਹਾਉਣ ਲਈ ਚਲੇ ਜਾਂਦੇ ਹਨ।

ਸ੍ਯਾਮ ਭਏ ਭਗਵਾਨ ਇਨੈ ਬਸਿ ਦੈਤਨ ਕੇ ਜਿਹ ਤੇ ਦਲ ਹਾਰੇ ॥

ਸ਼ਿਆਮ (ਕਵੀ ਕਹਿੰਦੇ ਹਨ) ਉਹ ਭਗਵਾਨ ਇਨ੍ਹਾਂ ਦੇ ਵਸ ਵਿਚ ਹੋ ਗਿਆ ਹੈ ਜਿਸ ਤੋਂ ਦੈਂਤਾਂ ਦੇ ਦਲ ਹਾਰੇ ਹੋਏ ਹਨ।

ਖੇਲ ਦਿਖਾਵਤ ਹੈ ਜਗ ਕੌ ਦਿਨ ਥੋਰਨ ਮੈ ਅਬ ਕੰਸ ਪਛਾਰੇ ॥੨੯੪॥

(ਸ੍ਰੀ ਕ੍ਰਿਸ਼ਨ) ਜਗਤ ਨੂੰ ਲੀਲਾ ਵਿਖਾ ਰਹੇ ਹਨ, ਹੁਣ ਥੋੜੇ ਦਿਨਾਂ ਵਿਚ ਹੀ ਕੰਸ ਨੂੰ ਪਛਾੜਨਗੇ ॥੨੯੪॥

ਉਤ ਜਾਗਤ ਸ੍ਯਾਮ ਇਤੈ ਗੁਪੀਆ ਕਬਿ ਸ੍ਯਾਮ ਕਹੈ ਹਿਤ ਕੈ ਸੰਗਿ ਤਾ ਕੇ ॥

ਸ਼ਿਆਮ ਕਵੀ ਕਹਿੰਦੇ ਹਨ, ਉਧਰ ਕ੍ਰਿਸ਼ਨ ਜਾਗਦੇ ਹਨ ਅਤੇ ਇਧਰ ਗੋਪੀਆਂ (ਜਾਗਦੀਆਂ ਹਨ) ਜਿਨ੍ਹਾਂ ਦਾ ਉਸ ਨਾਲ ਹਿਤ ਹੈ।

ਰੀਝ ਰਹੀ ਤਿਹ ਪੈ ਸਭ ਹੀ ਪਿਖਿ ਨੈਨਨ ਸੋ ਫੁਨਿ ਕਾਨ੍ਰਹਰ ਬਾਕੇ ॥

ਉਸ ਸੁੰਦਰ ਕਾਨ੍ਹ ਨੂੰ ਅੱਖਾਂ ਨਾਲ ਵੇਖ ਕੇ ਸਾਰੀਆਂ ਗੋਪੀਆਂ ਰੀਝ ਰਹੀਆਂ ਹਨ।

ਪ੍ਰੇਮ ਛਕੀ ਨ ਪਰੈ ਇਨ ਕੋ ਕਲਿ ਕਾਮ ਬਢਿਯੋ ਅਤਿ ਹੀ ਤਨ ਵਾ ਕੇ ॥

ਪ੍ਰੇਮ ਨਾਲ ਮਸਤ ਹੋਈਆਂ ਨੂੰ ਚੈਨ ਨਹੀਂ ਪੈਂਦਾ ਅਤੇ ਉਨ੍ਹਾਂ ਦੇ ਤਨ ਵਿਚ ਕਾਮ ਬਹੁਤ ਵਧ ਗਿਆ ਹੈ।

ਖੇਲਹਿ ਪ੍ਰਾਤਹਿ ਕਾਲ ਭਏ ਹਮ ਨਾਹਿ ਲਖੈ ਹਮ ਕੈ ਜਨ ਗਾ ਕੇ ॥੨੯੫॥

(ਖੇਡਣ ਉਪਰੰਤ ਘਰਾਂ ਨੂੰ ਪਰਤਦੀਆਂ ਹੋਈਆਂ ਕਹਿੰਦੀਆਂ ਹਨ) ਕਿ ਕਲ ਪ੍ਰਭਾਤ ਵੇਲੇ ਆ ਕੇ ਖੇਡਾਂਗੀਆਂ (ਜਿਸ ਕਰ ਕੇ) ਸਾਨੂੰ ਪਿੰਡ ਦੇ ਲੋਕੀਂ ਜਾਣ ਹੀ ਨਹੀਂ ਸਕਣਗੇ ॥੨੯੫॥

ਪ੍ਰਾਤ ਭਯੋ ਚੁਹਲਾਤ ਚਿਰੀ ਜਲਜਾਤ ਖਿਰੇ ਬਨ ਗਾਇ ਛਿਰਾਨੀ ॥

(ਜਦੋਂ) ਪ੍ਰਭਾਤ ਹੋਈ ਅਤੇ ਚਿੜੀਆਂ ਚੂਕਣ ਲਗੀਆਂ, ਕੰਵਲ ਫੁਲ ਖਿੜ ਗਏ ਅਤੇ ਗਊਆਂ ਬਨ ਨੂੰ ਛਿੜ ਗਈਆਂ।

ਗੋਪ ਜਗੇ ਪਤਿ ਗੋਪ ਜਗਿਯੋ ਕਬਿ ਸ੍ਯਾਮ ਜਗੀ ਅਰੁ ਗੋਪਨਿ ਰਾਨੀ ॥

(ਉਸ ਵੇਲੇ) ਗਵਾਲੇ ਜਾਗ ਪਏ, ਨੰਦ ਜਾਗ ਪਿਆ ਅਤੇ ਗਵਾਲਿਆਂ ਦੀ ਰਾਣੀ (ਜਸੋਧਾ) ਜਾਗ ਪਈ।

ਜਾਗ ਉਠੇ ਤਬ ਹੀ ਕਰੁਨਾਨਿਧਿ ਜਾਗਿ ਉਠਿਯੋ ਮੁਸਲੀਧਰ ਮਾਨੀ ॥

ਸ਼ਿਆਮ ਕਵੀ (ਕਹਿੰਦੇ ਹਨ) ਉਸ ਵੇਲੇ ਕ੍ਰਿਪਾ ਦੇ ਸਮੁੰਦਰ (ਸ੍ਰੀ ਕ੍ਰਿਸ਼ਨ) ਅਤੇ ਅਭਿਮਾਨੀ ਬਲਰਾਮ ਵੀ ਜਾਗ ਉਠੇ।

ਗੋਪ ਗਏ ਉਤ ਨ੍ਰਹਾਨ ਕਰੈ ਇਤ ਕਾਨ੍ਰਹ ਚਲੇ ਗੁਪੀਆ ਨਿਜਕਾਨੀ ॥੨੯੬॥

ਗਵਾਲੇ ਤਾਂ ਨਹਾਉਣ ਚਲੇ ਗਏ ਅਤੇ ਇਧਰ ਸ੍ਰੀ ਕ੍ਰਿਸ਼ਨ ਗੋਪੀਆਂ ਕੋਲ ਚਲੇ ਗਏ ॥੨੯੬॥

ਬਾਤ ਕਹੈ ਰਸ ਕੀ ਹਸ ਕੈ ਨਹਿ ਅਉਰ ਕਥਾ ਰਸ ਕੀ ਕੋਊ ਭਾਖੈ ॥

(ਸ੍ਰੀ ਕ੍ਰਿਸ਼ਨ ਗੋਪੀਆਂ ਕੋਲ ਜਾ ਕੇ ਕਾਮ) ਰਸ ਦੀਆਂ ਗੱਲਾਂ ਕਰਦੇ ਹਨ ਅਤੇ (ਕਾਮ) ਰਸ (ਤੋਂ ਬਿਨਾ) ਹੋਰ ਕੋਈ ਕਥਾ-ਵਾਰਤਾ ਨਹੀਂ ਕਰਦੇ।

ਚੰਚਲ ਸ੍ਰੀਪਤਿ ਕੇ ਅਪੁਨੇ ਦ੍ਰਿਗ ਮੋਹਿ ਤਿਨੈ ਬਤੀਆ ਇਹ ਆਖੈ ॥

ਸ੍ਰੀ ਕ੍ਰਿਸ਼ਨ ਆਪਣੇ ਚੰਚਲ ਨੈਨਾਂ ਨਾਲ (ਗੋਪੀਆਂ ਨੂੰ) ਮੋਹ ਕੇ ਉਨ੍ਹਾਂ ਨਾਲ ਗੱਲਾਂ ਕਰਦੇ ਹਨ।

ਬਾਤ ਨ ਜਾਨਤ ਹੋ ਰਸ ਕੀ ਰਸ ਜਾਨਤ ਸੋ ਨਰ ਜੋ ਰਸ ਗਾਖੈ ॥

(ਤੁਸੀਂ ਕਾਮ) ਰਸ ਦੀ ਗੱਲ ਨਹੀਂ ਜਾਣਦੀਆਂ ਹੋ, (ਅਸਲ ਵਿਚ) ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਸ ਨੂੰ ਮਾਣਿਆ ਹੁੰਦਾ ਹੈ।

ਪ੍ਰੀਤਿ ਪੜੈ ਕਰਿ ਪ੍ਰੀਤਿ ਕੜੈ ਰਸ ਰੀਤਿਨ ਚੀਤ ਸੁਨੋ ਸੋਈ ਚਾਖੈ ॥੨੯੭॥

(ਹੇ ਗੋਪੀਓ!) ਸੁਣੋ, ਜੋ ਪ੍ਰੀਤ ਦਾ ਸਬਕ ਪੜ੍ਹ ਕੇ ਅਤੇ ਫਿਰ ਇਸ ਦਾ ਅਭਿਆਸ ਕਰਦਾ ਹੈ ਅਤੇ (ਫਿਰ ਸਭ ਵਲੋਂ) ਨਿਸਚਿੰਤ ਹੋ ਜਾਂਦਾ ਹੈ, ਉਹੀ ਇਸ ਰਸ ਰੀਤ ਦਾ ਸੁਆਦ ਮਾਣ ਸਕਦਾ ਹੈ ॥੨੯੭॥

ਗੋਪੀ ਬਾਚ ਕਾਨ੍ਰਹ ਸੋ ॥

ਗੋਪੀਆਂ ਕ੍ਰਿਸ਼ਨ ਨੂੰ ਕਹਿੰਦੀਆਂ ਹਨ:

ਸਵੈਯਾ ॥

ਸਵੈਯਾ:

ਮੀਤ ਕਹੋ ਰਸ ਰੀਤਿ ਸਬੈ ਹਮ ਪ੍ਰੀਤਿ ਭਈ ਸੁਨਬੇ ਬਤੀਆ ਕੀ ॥

ਹੇ ਮਿਤਰ! ਸਾਨੂੰ ਰਸ ਦੀ ਰੀਤ ਸਾਰੀ ਹੀ ਦਸ ਦਿਓ, ਸਾਨੂੰ (ਉਹ) ਗੱਲਾਂ ਸੁਣਨ ਦੀ ਪ੍ਰੇਮ-ਖਿਚ ਪੈ ਰਹੀ ਹੈ।

ਅਉਰ ਭਈ ਤੁਹਿ ਦੇਖਨਿ ਕੀ ਤੁਮ ਪ੍ਰੀਤਿ ਭਈ ਹਮਰੀ ਛਤੀਆ ਕੀ ॥

ਸਾਨੂੰ ਹੋਰ ਤੇਰੇ ਦਰਸ਼ਨ ਕਰਨ (ਦੀ ਪ੍ਰੀਤ ਪੈਦਾ) ਹੋਈ ਹੈ ਅਤੇ ਤੈਨੂੰ ਸਾਡੀਆਂ ਛਾਤੀਆਂ (ਟਟੋਲਣ ਦੀ) ਪ੍ਰੀਤ ਉਪਜੀ ਹੈ।

ਰੀਝਿ ਲਗੀ ਕਹਨੇ ਮੁਖ ਤੇ ਹਸਿ ਸੁੰਦਰ ਬਾਤ ਇਸੀ ਗਤੀਆ ਕੀ ॥

ਮੁਖ ਤੋਂ ਹਸ ਹਸ ਕੇ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਸੰਨਤਾ ਪੂਰਵਕ ਕਰਨ ਲਗੀਆਂ ਹਨ।

ਨੇਹ ਲਗਿਯੋ ਹਰਿ ਸੋ ਭਈ ਮੋਛਨ ਹੋਤਿ ਇਤੀ ਗਤਿ ਹੈ ਸੁ ਤ੍ਰੀਆ ਕੀ ॥੨੯੮॥

(ਜਿਨ੍ਹਾਂ ਦਾ) ਪ੍ਰੇਮ ਹਰਿ ਨਾਲ ਲਗ ਗਿਆ, (ਉਹ) ਮੁਕਤ ਹੋ ਗਈਆਂ; ਇਹ ਹਾਲਤ ਉਨ੍ਹਾਂ ਇਸਤਰੀਆਂ ਦੀ ਹੋ ਗਈ ਹੈ ॥੨੯੮॥

ਇਤਿ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਚੀਰ ਹਰਨ ਧਿਆਇ ਸਮਾਪਤੰ ॥

ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਚੀਰ ਹਰਨ ਅਧਿਆਇ ਦੀ ਸਮਾਪਤੀ।

ਅਥ ਬਿਪਨ ਗ੍ਰਿਹ ਗੋਪ ਪਠੈਬੋ ॥

ਹੁਣ ਬ੍ਰਾਹਮਣਾਂ ਦੇ ਘਰ ਗਵਾਲਿਆਂ ਨੂੰ ਭੇਜਣ ਦਾ ਪ੍ਰਸੰਗ:

ਦੋਹਰਾ ॥

ਦੋਹਰਾ:

ਕੈ ਕ੍ਰੀੜਾ ਇਨ ਸੋ ਕ੍ਰਿਸਨ ਕੈ ਜਮੁਨਾ ਇਸਨਾਨੁ ॥

ਇਨ੍ਹਾਂ (ਗੋਪੀਆਂ) ਨਾਲ ਕ੍ਰੀੜਾ ਕਰ ਕੇ ਅਤੇ ਜਮਨਾ ਵਿਚ ਇਸ਼ਨਾਨ ਕਰ ਕੇ

ਬਹੁਰ ਸ੍ਯਾਮ ਬਨ ਕੋ ਗਏ ਗਊ ਸੁ ਤ੍ਰਿਨਨ ਚਰਾਨ ॥੨੯੯॥

ਫਿਰ ਕ੍ਰਿਸ਼ਨ ਗਊਆਂ ਨੂੰ ਘਾਹ ਚਰਾਉਣ ਲਈ ਬਨ ਵਲ ਚਲੇ ਗਏ ॥੨੯੯॥

ਕ੍ਰਿਸਨ ਸਰਾਹਤ ਤਰਨ ਕੋ ਬਨ ਮੈ ਆਗੇ ਗਏ ॥

ਕ੍ਰਿਸ਼ਨ (ਮਾਰਗ ਵਿਚ ਪੈਂਦੇ) ਬ੍ਰਿਛਾਂ ਨੂੰ ਸਲਾਹੁੰਦੇ ਹੋਏ ਅਗੇ ਤੁਰੀ ਜਾ ਰਹੇ ਹਨ,

ਸੰਗ ਗ੍ਵਾਰ ਜੇਤੇ ਹੁਤੇ ਤੇ ਸਭ ਭੂਖਿ ਭਏ ॥੩੦੦॥

ਪਰ ਉਨ੍ਹਾਂ ਦੇ ਨਾਲ ਜਿਤਨੇ ਗਵਾਲ ਬਾਲਕ ਹਨ, ਉਹ ਸਾਰੇ ਭੁਖ ਨਾਲ (ਬੇਹਾਲ) ਹੋ ਗਏ ਹਨ ॥੩੦੦॥

ਸਵੈਯਾ ॥

ਸਵੈਯਾ:

ਪਤ੍ਰ ਭਲੇ ਤਿਨ ਕੇ ਸੁਭ ਫੂਲ ਭਲੇ ਫਲ ਹੈ ਸੁਭ ਸੋਭ ਸੁਹਾਈ ॥

(ਕ੍ਰਿਸ਼ਨ ਕਹਿ ਰਹੇ ਹਨ) ਇਨ੍ਹਾਂ (ਬ੍ਰਿਛਾਂ) ਦੇ ਪੱਤਰ ਬੜੇ ਚੰਗੇ ਹਨ, ਤੇ ਫੁਲ ਵੀ ਸੁਹਾਵਣੇ ਹਨ ਅਤੇ ਫਲ ਵੀ ਸੁੰਦਰ ਸ਼ੋਭਾ ਪਾ ਰਹੇ ਹਨ।

ਭੂਖ ਲਗੇ ਘਰ ਕੋ ਉਮਗੇ ਪੈ ਬਿਰਾਜਨ ਕੋ ਸੁਖਦਾ ਪਰਛਾਈ ॥

ਭੁਖ ਲਗਣ ਕਾਰਨ ਘਰ ਜਾਣ ਦੀ ਉਮੰਗ (ਭਾਵੇਂ) ਹੋਵੇ, ਪਰ ਬੈਠਣ ਲਈ (ਇਨ੍ਹਾਂ ਦੀ) ਛਾਂ ਬਹੁਤ ਸੁਖਦਾਇਕ ਹੈ।

ਕਾਨ੍ਰਹ ਤਰੈ ਤਿਹ ਕੇ ਮੁਰਲੀ ਗਹਿ ਕੈ ਕਰ ਮੋ ਮੁਖ ਸਾਥ ਬਜਾਈ ॥

ਕਾਨ੍ਹ ਨੇ ਉਨ੍ਹਾਂ (ਬ੍ਰਿਛਾਂ) ਹੇਠਾਂ ਖੜੋ ਕੇ ਅਤੇ ਬੰਸਰੀ ਹੱਥ ਵਿਚ ਫੜ ਕੇ ਮੂੰਹ ਨਾਲ ਵਜਾਉਣੀ ਸ਼ੁਰੂ ਕੀਤੀ।

ਠਾਢਿ ਰਹਿਯੋ ਸੁਨਿ ਪਉਨ ਘਰੀ ਇਕ ਥਕਤ ਰਹੀ ਜਮੁਨਾ ਉਰਝਾਈ ॥੩੦੧॥

(ਮੁਰਲੀ ਦੀ ਮਧੁਰ ਸੁਰ) ਸੁਣ ਕੇ ਪੌਣ ਇਕ ਘੜੀ ਲਈ ਰੁਕ ਗਈ ਅਤੇ ਜਮਨਾ ਵੀ (ਉਸ ਵਿਚ) ਰੁਚਿਤ ਹੋ ਕੇ ਵਹਿਣੋ ਖੜੋ ਗਈ ॥੩੦੧॥

ਮਾਲਸਿਰੀ ਅਰੁ ਜੈਤਸਿਰੀ ਸੁਭ ਸਾਰੰਗ ਬਾਜਤ ਹੈ ਅਰੁ ਗਉਰੀ ॥

(ਬੰਸਰੀ ਤੋਂ) ਮਾਲਸਿਰੀ, ਜੈਤਸਿਰੀ, ਸਾਰੰਗ ਅਤੇ ਗਉੜੀ ਰਾਗ ਵਜਦੇ ਹਨ।

ਸੋਰਠਿ ਸੁਧ ਮਲਾਰ ਬਿਲਾਵਲ ਮੀਠੀ ਹੈ ਅੰਮ੍ਰਿਤ ਤੇ ਨਹ ਕਉਰੀ ॥

ਸੋਰਠ, ਸ਼ੁੱਧ ਮਲਾਰ ਅਤੇ ਬਿਲਾਵਲ ਦੀ ਸੁਰ ਅੰਮ੍ਰਿਤ ਤੋਂ ਵੀ ਮਿਠੀ ਹੈ ਅਤੇ (ਕਿਸੇ ਨੂੰ ਵੀ) ਕੌੜੀ ਨਹੀਂ ਲਗਦੀ।