ਸ਼੍ਰੀ ਦਸਮ ਗ੍ਰੰਥ

ਅੰਗ - 491


ਜੀਵ ਮਨੁਛ ਜਰੋ ਤ੍ਰਿਨ ਜਬੈ ॥

ਜਦ ਜੀਵ, ਮਨੁੱਖ ਅਤੇ ਘਾਹ ਸੜ ਗਏ,

ਸੰਕਾ ਕਰਤ ਭਏ ਭਟ ਤਬੈ ॥

ਤਦ ਸਾਰੇ ਯੋਧੇ (ਮਨ ਵਿਚ) ਸੰਸਾ ਕਰਨ ਲਗੇ।

ਮਿਲਿ ਸਭ ਹੀ ਜਦੁਪਤਿ ਪਹਿ ਆਏ ॥

ਸਾਰੇ ਮਿਲ ਕੇ ਸ੍ਰੀ ਕ੍ਰਿਸ਼ਨ ਕੋਲ ਆਏ

ਦੀਨ ਭਾਤਿ ਹੁਇ ਅਤਿ ਘਿਘਿਆਏ ॥੧੯੩੫॥

ਅਤੇ ਬਹੁਤ ਹੀ ਆਜਿਜ਼ੀ ਨਾਲ ਗਿੜਗਿੜਾਉਣ ਲਗੇ ॥੧੯੩੫॥

ਸਭ ਜਾਦੋ ਬਾਚ ॥

ਸਾਰੇ ਯਾਦਵ ਕਹਿਣ ਲਗੇ:

ਚੌਪਈ ॥

ਚੌਪਈ:

ਪ੍ਰਭ ਜੂ ਹਮਰੀ ਰਛਾ ਕੀਜੈ ॥

ਹੇ ਪ੍ਰਭੂ ਜੀ! ਸਾਡੀ ਰਖਿਆ ਕਰੋ।

ਜੀਵ ਰਾਖ ਇਨ ਸਭ ਕੋ ਲੀਜੈ ॥

ਇਨ੍ਹਾਂ ਸਾਰਿਆਂ ਜੀਵਾਂ ਨੂੰ ਬਚਾ ਲਵੋ।

ਆਪਹਿ ਕੋਊ ਉਪਾਵ ਬਤਈਯੈ ॥

ਆਪ ਹੀ ਕੋਈ ਉਪਾ ਦਸੋ।

ਕੈ ਭਜੀਐ ਕੈ ਜੂਝ ਮਰਈਯੈ ॥੧੯੩੬॥

ਜਾਂ ਭਜ ਜਾਈਏ ਜਾਂ ਲੜ ਕੇ ਮਰ ਜਾਈਏ ॥੧੯੩੬॥

ਸਵੈਯਾ ॥

ਸਵੈਯਾ:

ਤਿਨ ਕੀ ਬਤੀਯਾ ਸੁਨਿ ਕੈ ਪ੍ਰਭ ਜੂ ਗਿਰਿ ਕਉ ਸੰਗਿ ਪਾਇਨ ਕੇ ਮਸਕਿਯੋ ॥

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕ੍ਰਿਸ਼ਨ ਜੀ ਨੇ ਪਰਬਤ ਨੂੰ ਪੈਰਾਂ ਨਾਲ ਮਸਲ ਦਿੱਤਾ।

ਨ ਸਕਿਯੋ ਸਹ ਭਾਰ ਸੁ ਤਾ ਪਗ ਕੋ ਕਬਿ ਸ੍ਯਾਮ ਭਨੈ ਜਲ ਲਉ ਧਸਕਿਯੋ ॥

ਕਵੀ ਸ਼ਿਆਮ ਕਹਿੰਦੇ ਹਨ ਉਹ (ਪਰਬਤ) ਉਨ੍ਹਾਂ ਦੇ ਪੈਰਾਂ ਦੇ ਭਾਰ ਨੂੰ ਨਾ ਸਹਾਰ ਸਕਿਆ, (ਇਸ ਲਈ ਹੇਠਾਂ) ਪਾਣੀ ਤਕ ਧਸ ਗਿਆ।

ਉਸਕਿਯੋ ਗਿਰਿ ਊਰਧ ਕੋ ਧਸਿ ਕੈ ਕੋਊ ਪਾਵਕ ਜੀਵ ਜਰਾ ਨ ਸਕਿਯੋ ॥

(ਜਲ ਵਿਚ) ਧਸ ਕੇ ਪਰਬਤ (ਫਿਰ) ਉਛਲ ਕੇ ਉਪਰ (ਨੂੰ ਆ ਗਿਆ)। (ਫਲਸਰੂਪ) ਅੱਗ ਕਿਸੇ ਵੀ ਜੀਵ ਨੂੰ ਸਾੜ ਨਾ ਸਕੀ।

ਜਦੁਬੀਰ ਹਲੀ ਤਿਹ ਸੈਨ ਮੈ ਕੂਦਿ ਪਰੇ ਨ ਹਿਯਾ ਤਿਨ ਕੌ ਕਸਿਕਿਯੋ ॥੧੯੩੭॥

ਸ੍ਰੀ ਕ੍ਰਿਸ਼ਨ ਅਤੇ ਬਲਰਾਮ ਉਸ (ਵੈਰੀ) ਦੀ ਸੈਨਾ ਵਿਚ ਕੁਦ ਕੇ ਜਾ ਪਏ ਅਤੇ ਉਨ੍ਹਾਂ ਦਾ ਹਿਰਦਾ (ਡਰ ਨਾਲ ਜ਼ਰਾ ਜਿੰਨਾ ਵੀ) ਨਾ ਕੰਬਿਆ ॥੧੯੩੭॥

ਏਕਹਿ ਹਾਥਿ ਗਦਾ ਗਹਿ ਸ੍ਯਾਮ ਜੂ ਭੂਪਤਿ ਕੇ ਬਹੁਤੇ ਭਟ ਮਾਰੇ ॥

ਸ੍ਰੀ ਕ੍ਰਿਸ਼ਨ ਨੇ ਇਕ ਹੱਥ ਵਿਚ ਗਦਾ ਪਕੜ ਕੇ ਰਾਜਾ (ਜਰਾਸੰਧ) ਦੇ ਬਹੁਤ ਸਾਰੇ ਯੋਧੇ ਮਾਰ ਦਿੱਤੇ ਹਨ।

ਅਉਰ ਘਨੇ ਅਸਵਾਰ ਹਨੇ ਬਿਨੁ ਪ੍ਰਾਨ ਘਨੇ ਗਜਿ ਕੈ ਭੁਇ ਪਾਰੇ ॥

ਹੋਰ ਬਹੁਤ ਸਾਰੇ (ਘੋੜ) ਸਵਾਰ ਮਾਰ ਦਿੱਤੇ ਹਨ ਅਤੇ ਬਹੁਤ ਸਾਰੇ ਹਾਥੀਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।

ਪਾਇਨ ਪੰਤ ਹਨੇ ਅਗਨੇ ਰਥ ਤੋਰਿ ਰਥੀ ਬਿਰਥੀ ਕਰਿ ਡਾਰੇ ॥

ਪੈਦਲਾਂ ਦੀਆਂ ਪੰਕਤੀਆਂ ਦੀਆਂ ਪੰਕਤੀਆਂ ਮਾਰ ਦਿੱਤੀਆਂ ਹਨ ਅਤੇ ਰਥ ਨੂੰ ਭੰਨ੍ਹ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ।

ਜੀਤ ਭਈ ਜਦੁਬੀਰ ਕੀ ਯੋ ਕਬਿ ਸ੍ਯਾਮ ਕਹੈ ਸਭ ਯੋ ਅਰਿ ਹਾਰੇ ॥੧੯੩੮॥

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਜਿਤ ਹੋ ਗਈ ਹੈ। ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਸਾਰੇ ਵੈਰੀ ਹਾਰ ਗਏ ਹਨ ॥੧੯੩੮॥

ਜੋ ਭਟ ਸ੍ਯਾਮ ਸੋ ਜੂਝ ਕੋ ਆਵਤ ਜੂਝਤ ਹੈ ਸੁ ਲਗੇ ਭਟ ਭੀਰ ਨ ॥

ਜੋ ਯੋਧਾ ਸ੍ਰੀ ਕ੍ਰਿਸ਼ਨ ਨਾਲ ਲੜਨ ਲਈ ਆਉਂਦਾ ਹੈ, ਉਹ (ਅਵੱਸ਼) ਜੂਝਦਾ ਹੈ, ਕਾਇਰ ਨਹੀਂ ਲਗਦਾ।

ਸ੍ਰੀ ਬ੍ਰਿਜਨਾਥ ਕੇ ਤੇਜ ਕੇ ਅਗ੍ਰ ਕਹੈ ਕਬਿ ਸ੍ਯਾਮ ਧਰੈ ਕੋਊ ਧੀਰ ਨ ॥

ਸ੍ਰੀ ਕ੍ਰਿਸ਼ਨ ਦੇ ਤੇਜ ਦੇ ਸਾਹਮਣੇ, ਕਵੀ ਸ਼ਿਆਮ ਕਹਿੰਦੇ ਹਨ, ਕੋਈ ਵੀ (ਸੂਰਮਾ) ਧੀਰਜ ਧਾਰਨ ਨਹੀਂ ਕਰ ਸਕਦਾ।

ਭੂਪਤਿ ਦੇਖ ਦਸਾ ਤਿਨ ਕੀ ਸੁ ਕਹਿਓ ਇਹ ਭਾਤਿ ਭਯੋ ਅਤਿ ਹੀ ਰਨ ॥

ਉਨ੍ਹਾਂ ਦੀ ਹਾਲਤ ਵੇਖ ਕੇ ਰਾਜਾ (ਉਗ੍ਰਸੈਨ) ਨੇ ਇਸ ਤਰ੍ਹਾਂ ਕਿਹਾ ਕਿ ਬਹੁਤ ਭਾਰੀ ਯੁੱਧ ਹੋ ਰਿਹਾ ਹੈ।

ਮਾਨੋ ਤੰਬੋਲੀ ਹੀ ਕੀ ਸਮ ਹ੍ਵੈ ਨ੍ਰਿਪ ਫੇਰਤ ਪਾਨਨ ਕੀ ਜਿਮ ਬੀਰਨਿ ॥੧੯੩੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜਾ (ਜਰਾਸੰਧ) ਪਨਵਾੜੀ ਰੂਪ ਹੋ ਕੇ ਯੋਧਿਆਂ ਦੇ ਰੂਪ ਵਿਚ ਪਾਨਾਂ ਦੇ ਬੀੜੇ ਵੰਡਦਾ ਫਿਰਦਾ ਹੋਵੇ ॥੧੯੩੯॥

ਇਤ ਕੋਪ ਗਦਾ ਗਹਿ ਕੈ ਮੁਸਲੀਧਰ ਸਤ੍ਰਨ ਸੈਨ ਭਲੇ ਝਕਝੋਰਿਯੋ ॥

ਇਧਰੋਂ ਕ੍ਰੋਧਿਤ ਹੋ ਕੇ ਬਲਰਾਮ ਨੇ ਗਦਾ ਪਕੜ ਕੇ ਵੈਰੀ ਸੈਨਾ ਨੂੰ ਚੰਗੀ ਤਰ੍ਹਾਂ ਮਧੋਲ ਦਿੱਤਾ ਹੈ।

ਜੋ ਭਟ ਆਇ ਭਿਰੇ ਸਮੁਹੇ ਤਿਹ ਏਕ ਚਪੇਟਹਿ ਸੋ ਸਿਰੁ ਤੋਰਿਯੋ ॥

ਜਿਹੜੇ ਸੂਰਮੇ ਸਾਹਮਣੇ ਆ ਕੇ ਭਿੜੇ ਹਨ, ਉਨ੍ਹਾਂ ਦੇ ਇਕ ਹੀ ਚਪੇੜ (ਜਾਂ ਸਟ) ਨਾਲ ਸਿਰ ਪਾੜ ਦਿੱਤੇ ਹਨ।

ਅਉਰ ਜਿਤੀ ਚਤੁਰੰਗ ਚਮੂੰ ਤਿਨ ਕੋ ਮੁਖ ਐਸੀ ਹੀ ਭਾਤਿ ਸੋ ਮੋਰਿਯੋ ॥

ਹੋਰ ਵੀ ਜਿੰਨੀ ਚਤੁਰੰਗਨੀ ਸੈਨਾ ਸੀ, ਉਨ੍ਹਾਂ ਦੇ ਮੂੰਹ ਵੀ ਇਸੇ ਤਰ੍ਹਾਂ ਮਰੋੜ ਸੁਟੇ ਹਨ।

ਜੀਤ ਲਏ ਸਭ ਹੀ ਅਰਿਵਾ ਤਿਨ ਤੇ ਅਜਿਤਿਓ ਭਟ ਏਕ ਨ ਛੋਰਿਯੋ ॥੧੯੪੦॥

ਉਸ ਨੇ ਸਾਰੇ ਹੀ ਵੈਰੀ ਜਿਤ ਲਏ ਹਨ ਅਤੇ ਉਨ੍ਹਾਂ ਵਿਚੋਂ ਇਕ ਵੀ ਸੂਰਮਾ ਜਿਤੇ ਬਿਨਾ ਨਹੀਂ ਛਡਿਆ ॥੧੯੪੦॥

ਕਾਨ੍ਰਹ ਹਲੀ ਮਿਲਿ ਭ੍ਰਾਤ ਦੁਹੂੰ ਜਬ ਸੈਨ ਸਬੈ ਤਿਹ ਭੂਪ ਕੋ ਮਾਰਿਯੋ ॥

ਕ੍ਰਿਸ਼ਨ ਅਤੇ ਬਲਰਾਮ ਦੋਹਾਂ ਭਰਾਵਾਂ ਨੇ ਮਿਲ ਕੇ ਜਦ ਰਾਜਾ (ਜਰਾਸੰਧ) ਦੀ ਸਾਰੀ ਸੈਨਾ ਨੂੰ ਮਾਰ ਦਿੱਤਾ,

ਸੋ ਕੋਊ ਜੀਤ ਬਚਿਯੋ ਤਿਹ ਤੇ ਜਿਨਿ ਦਾਤਨ ਘਾਸ ਗਹਿਓ ਬਲੁ ਹਾਰਿਯੋ ॥

(ਤਦ) ਉਹੀ ਕੋਈ ਉਸ ਤੋਂ ਜੀਉਂਦਾ ਬਚਿਆ ਹੈ ਜਿਸ ਦਾ ਬਲ ਹਾਰ ਗਿਆ ਹੈ ਅਤੇ ਦੰਦਾਂ ਨਾਲ ਘਾਹ ਪਕੜ ਲਈ ਹੈ।

ਐਸੀ ਦਸਾ ਜਬ ਭੀ ਦਲ ਕੀ ਤਬ ਭੂਪਤਿ ਆਪਨੇ ਨੈਨਿ ਨਿਹਾਰਿਯੋ ॥

ਜਦ ਦਲ ਦੀ ਅਜਿਹੀ ਦਸ਼ਾ ਹੋ ਗਈ ਤਦ ਰਾਜੇ ਨੇ ਆਪਣੀਆਂ ਅੱਖਾਂ ਨਾਲ ਵੇਖ ਲਈ।

ਜੀਤ ਅਉ ਜੀਵ ਕੀ ਆਸ ਤਜੀ ਰਨ ਠਾਨਤ ਭਯੋ ਪੁਰਖਤ ਸੰਭਾਰਿਯੋ ॥੧੯੪੧॥

(ਉਸ ਨੇ) ਜਿਤਣ ਅਤੇ ਜੀਣ ਦੀ ਆਸ ਛਡ ਦਿੱਤੀ ਅਤੇ ਹਠ ਪੂਰਵਕ (ਆਪਣੇ) ਬਲ ਨੂੰ ਸੰਭਾਲ ਲਿਆ ॥੧੯੪੧॥

ਸੋਰਠਾ ॥

ਸੋਰਠਾ:

ਦੀਨੀ ਗਦਾ ਚਲਾਇ ਸ੍ਰੀ ਜਦੁਪਤਿ ਨ੍ਰਿਪ ਹੇਰਿ ਕੈ ॥

ਸ੍ਰੀ ਕ੍ਰਿਸ਼ਨ ਨੇ ਰਾਜੇ ਨੂੰ ਵੇਖ ਕੇ ਗਦਾ ਚਲਾ ਦਿੱਤੀ ਹੈ।

ਸੂਤਹਿ ਦਯੋ ਗਿਰਾਇ ਅਸ੍ਵ ਚਾਰਿ ਸੰਗ ਹੀ ਹਨੇ ॥੧੯੪੨॥

(ਉਸ ਨਾਲ) ਰਥਵਾਨ ਨੂੰ ਡਿਗਾ ਦਿੱਤਾ ਹੈ ਅਤੇ ਨਾਲ ਹੀ ਚਾਰੇ ਘੋੜੇ ਮਾਰ ਦਿੱਤੇ ਹਨ ॥੧੯੪੨॥

ਦੋਹਰਾ ॥

ਦੋਹਰਾ:

ਪਾਵ ਪਿਆਦਾ ਭੂਪ ਭਯੋ ਅਉਰ ਗਦਾ ਤਬ ਝਾਰਿ ॥

(ਜਦ) ਰਾਜਾ ਪੈਰ ਪਿਆਦਾ ਹੋ ਗਿਆ, ਤਦ ਗਦਾ ਦਾ ਹੋਰ ਪ੍ਰਹਾਰ ਕਰ ਦਿੱਤਾ।

ਸ੍ਯਾਮ ਭਨੈ ਸੰਗ ਏਕ ਹੀ ਘਾਇ ਕੀਯੋ ਬਿਸੰਭਾਰ ॥੧੯੪੩॥

(ਕਵੀ) ਸ਼ਿਆਮ ਕਹਿੰਦੇ ਹਨ, ਇਕ ਹੀ ਸਟ ਨਾਲ (ਰਾਜਾ) ਬੇਸੁਧ ਹੋ ਗਿਆ ॥੧੯੪੩॥

ਤੋਟਕ ॥

ਤੋਟਕ:

ਸਬ ਸੰਧਿ ਜਰਾ ਬਿਸੰਭਾਰ ਭਯੋ ॥

ਜਦ ਜਰਾਸੰਧ ਬੇਸੁਧ ਹੋ ਗਿਆ

ਗਹਿ ਕੈ ਤਬ ਸ੍ਰੀ ਘਨਿ ਸ੍ਯਾਮ ਲਯੋ ॥

ਤਦ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਫੜ ਲਿਆ।

ਗਹਿ ਕੈ ਤਿਹ ਕੋ ਇਹ ਭਾਤਿ ਕਹਿਯੋ ॥

ਉਸ ਨੂੰ ਪਕੜ ਕੇ ਇਸ ਤਰ੍ਹਾਂ ਕਿਹਾ,

ਪੁਰਖਤ ਇਹੀ ਜੜ ਜੁਧੁ ਚਹਿਯੋ ॥੧੯੪੪॥

ਹੇ ਮੂਰਖ! ਇਸ ਸ਼ਕਤੀ (ਦੇ ਬਲਬੂਤੇ ਤੇ) ਯੁੱਧ ਦੀ ਇੱਛਾ ਕਰਦਾ ਹੈਂ ॥੧੯੪੪॥

ਹਲੀ ਬਾਚ ਕਾਨ੍ਰਹ ਸੋ ॥

ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ:

ਦੋਹਰਾ ॥

ਦੋਹਰਾ:

ਕਾਟਤ ਹੋ ਅਬ ਸੀਸ ਇਹ ਮੁਸਲੀਧਰ ਕਹਿਯੋ ਆਇ ॥

ਬਲਰਾਮ ਨੇ ਆ ਕੇ ਕਿਹਾ ਕਿ ਹੁਣ (ਮੈਂ) ਇਸ ਦਾ ਸਿਰ ਕਟਦਾ ਹਾਂ।

ਜੋ ਜੀਵਤ ਇਹ ਛਾਡਿ ਹੋਂ ਤਉ ਇਹ ਰਾਰਿ ਮਚਾਇ ॥੧੯੪੫॥

ਜੇ ਇਸ ਨੂੰ ਜੀਉਂਦਾ ਛਡਦਾ ਹਾਂ ਤਾਂ ਇਹ ਫਿਰ ਲੜਾਈ ਕਰੇਗਾ ॥੧੯੪੫॥

ਜਰਾਸੰਧਿ ਬਾਚ ॥

ਜਰਾਸੰਧ ਨੇ ਕਿਹਾ:

ਸਵੈਯਾ ॥

ਸਵੈਯਾ:


Flag Counter