ਬਨ ਦੇ ਫੁਲਾਂ ਦੇ ਸੁੰਦਰ ਹਾਰ ਗੁੰਦ ਕੇ ਅਤੇ ਉਨ੍ਹਾਂ ਨੂੰ ਗਲਿਆਂ ਵਿਚ ਪਾ ਕੇ ਕੇਲ-ਕ੍ਰੀੜਾ ਕਰਾਂਗੇ।
ਵਿਯੋਗ ਦੀ ਭੁਖ ਨੂੰ (ਦੂਰ ਕਰਨ ਲਈ) ਉਸ ਜਗ੍ਹਾ ਉਤੇ ਹਸ ਕੇ, ਰਸ (ਦਾ ਆਨੰਦ ਮਾਣ ਕੇ) ਢਿੱਡ ਭਰ ਲਵਾਂਗੇ ॥੫੦੩॥
ਸ੍ਰੀ ਕ੍ਰਿਸ਼ਨ ਦੀ ਆਗਿਆ ਨੂੰ ਮਨ ਕੇ ਸਾਰੀਆਂ ਗੋਪੀਆਂ ਭਜ ਕੇ ਉਸ ਸਥਾਨ ਲਈ ਚਲ ਪਈਆਂ।
(ਕੋਈ) ਇਕ ਮੁਸਕਰਾਉਂਦੀ ਹੋਈ ਚਲ ਰਹੀ ਹੈ, ਇਕ ਚੰਗੀ ਤਰ੍ਹਾਂ ਹੌਲੀ ਹੌਲੀ ਤੁਰ ਰਹੀ ਹੈ ਅਤੇ ਇਕ ਦੌੜ ਰਹੀ ਹੈ।
(ਕਵੀ) ਸ਼ਿਆਮ ਉਨ੍ਹਾਂ ਦੀ ਸਿਫ਼ਤ ਕਰਦੇ ਹਨ ਕਿ ਜਮਨਾ ਵਿਚ ਗੋਪੀਆਂ ਜਲ ਨੂੰ ਉਛਾਲਦੀਆਂ ਹਨ।
ਬਨ ਦੇ ਹਿਰਨ (ਉਨ੍ਹਾਂ ਦੇ ਨੇਤਰਾਂ ਨੂੰ) ਵੇਖ ਕੇ ਪ੍ਰਸੰਨ ਹੋ ਰਹੇ ਹਨ ਅਤੇ ਹੋਰ (ਉਨ੍ਹਾਂ ਦੀ) ਹਾਥੀ ਵਰਗੀ ਚਾਲ ਨੂੰ ਵੇਖ ਕੇ ਪ੍ਰਭਾਵਿਤ ਹੋ ਰਹੇ ਹਨ ॥੫੦੪॥
ਸ੍ਰੀ ਕ੍ਰਿਸ਼ਨ ਸਮੇਤ ਸਾਰੀਆਂ ਗੋਪੀਆਂ ਜਮਨਾ ਦੇ ਜਲ ਨੂੰ ਤਰ ਕੇ ਪਾਰ ਹੋ ਗਈਆਂ ਹਨ
ਜਦੋਂ ਹੀ ਉਹ ਪਾਰ ਹੋਈਆਂ, (ਤਦ) ਪ੍ਰੇਮ ਪੂਰਵਕ ਸ੍ਰੀ ਕ੍ਰਿਸ਼ਨ ਨੂੰ ਘੇਰਾ ਪਾ ਕੇ ਖੜੋ ਗਈਆਂ।
ਉਸ ਛਬੀ ਦੀ ਅਤਿ ਅਧਿਕ ਉਪਮਾ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਸੁਣਾਈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕ੍ਰਿਸ਼ਨ ਸ਼ੁੱਧ ਚੰਦ੍ਰਮਾ ਹੋਣ ਅਤੇ ਗੋਪੀਆਂ ਉਸ ਦੇ (ਇਰਦ ਗਿਰਦ) ਪਰਵਾਰ ਵਜੋਂ ਸੋਭਾ ਪਾ ਰਹੀਆਂ ਹੋਣ ॥੫੦੫॥
ਕਵੀ ਸ਼ਿਆਮ ਕਹਿੰਦੇ ਹਨ, ਸਾਰੀਆਂ ਗੋਪੀਆਂ ਮਿਲ ਕੇ ਸ੍ਰੀ ਕ੍ਰਿਸ਼ਨ ਨਾਲ ਗੱਲਾਂ ਕਰਨ ਲਗੀਆਂ।
ਚੰਦ੍ਰਮਾ ਵਰਗੇ ਮੁਖ ਵਾਲੀਆਂ, ਹਿਰਨ ਵਰਗੀਆਂ ਅੱਖਾਂ ਵਾਲੀਆਂ, ਜਿਨ੍ਹਾਂ (ਦੇ ਮੁਖ) ਦੀ ਅਨੰਤ ਅਤੇ ਅਪਾਰ ਚਮਕ ਸੂਰਜਾਂ ਜਿਹੀ ਹੈ,
ਬ੍ਰਜ ਦੀਆਂ ਉਹ ਸਾਰੀਆਂ ਸੁੰਦਰ ਨਾਰੀਆਂ ਮਿਲ ਕੇ ਸ੍ਰੀ ਕ੍ਰਿਸ਼ਨ ਨਾਲ ਚਰਚਾ ਕਰਨ ਲਗੀਆਂ ਹਨ।
ਉਨ੍ਹਾਂ ਨੇ ਘਰ ਦੀ ਸਾਰੀ ਲਾਜ ਛਡ ਦਿੱਤੀ ਹੈ ਅਤੇ ਮਹਾ ਰਸ ਦੇ ਚਸਕੇ ਲੈਣ ਲਗ ਗਈਆਂ ਹਨ ॥੫੦੬॥
ਜਾਂ ਤਾਂ ਸ੍ਰੀ ਕ੍ਰਿਸ਼ਨ ਨੇ ਰਸ ਲੈਣ ਲਈ ਬਹੁਤ ਔਖ ਝਾਗ ਕੇ ਕੋਈ ਮੰਤ੍ਰ ਸਾਧਿਆ ਹੈ।
ਜਾਂ ਕੋਈ ਵੱਡਾ ਜੰਤ੍ਰ (ਟੂਣਾ) ਕਰ ਕੇ ਇਨ੍ਹਾਂ ਨੂੰ ਆਪਣੇ ਮਨ ਵਿਚ ਬੰਨ੍ਹ ਲਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ, ਜਾਂ ਕਿਸੇ ਤੰਤ੍ਰ ਨਾਲ ਇਨ੍ਹਾਂ ਦਾ ਵੱਡਾ ਧੰਧਾ ਬਣਾ ਦਿੱਤਾ ਹੈ।
(ਇਸ ਤਰ੍ਹਾਂ) ਦੀਨ ਦਿਆਲ ਮਾਧੋ (ਸ੍ਰੀ ਕ੍ਰਿਸ਼ਨ) ਨੇ ਗੋਪੀਆਂ ਦਾ ਮਨ ਛਿਣ ਭਰ ਵਿਚ ਚੁਰਾ ਲਿਆ ਹੈ ॥੫੦੭॥
ਗੋਪੀਆਂ ਕਹਿਣ ਲਗੀਆਂ:
ਸਵੈਯਾ:
ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ ਕਿ ਸਾਨੂੰ ਛਡ ਕੇ (ਤੁਸੀਂ) ਕਿਸ ਪਾਸੇ ਵਲ ਗਏ ਸੀ।
ਸਾਡੇ ਨਾਲ ਬਹੁਤ ਪ੍ਰੇਮ ਵਧਾ ਕੇ (ਤੁਸੀਂ) ਜਮਨਾ ਦੇ ਕੰਢੇ ਪ੍ਰੇਮ ਰਸ ਦੀਆਂ ਖੇਡਾਂ ਖੇਡੀਆਂ ਸਨ।
(ਕਵੀ) ਸ਼ਿਆਮ ਕਹਿੰਦੇ ਹਨ, (ਫਿਰ) ਇਸ ਤਰ੍ਹਾਂ ਛਡ ਕੇ ਚਲੇ ਗਏ ਜਿਵੇਂ (ਕੋਈ) ਮੁਸਾਫਰ ਰਸਤੇ ਵਿਚ (ਹੀ ਛਡ ਜਾਂਦਾ ਹੈ) ਤੁਸੀਂ (ਸਾਡੇ ਲਈ) ਕੋਈ ਨਵੇਂ ਨਹੀਂ ਸੀ।
(ਗੋਪੀਆਂ ਦੇ) ਖਿੜੇ ਹੋਏ ਮੁਖ ਨੂੰ ਵੇਖ ਕੇ (ਰਸ ਚੂਸਣ ਲਈ) ਕਿਥੋਂ ਆ ਗਏ ਹੋ। (ਪਰ) ਆਪਣੀ ਵਾਰ ਤਾਂ ਭੌਰੇ ਬਣ ਕੇ (ਕਿਤੇ ਹੋਰ ਚਲੇ ਗਏ ਸੀ) ॥੫੦੮॥
ਹੁਣ ਚਾਲਾਕ ਪੁਰਸ਼ਾਂ ਦੇ ਭੇਦ ਦਾ ਕਥਨ
ਸਵੈਯਾ:
ਇਕ ਪੁਰਸ਼ (ਉਹ ਹੈ) ਜੋ (ਪ੍ਰੇਮ) ਨਾ ਕਰਨ ਤੇ ਵੀ ਪ੍ਰੇਮ ਕਰਦਾ ਹੈ। ਇਕ (ਉਹ ਹੈ ਜੋ ਪ੍ਰੇਮ) ਕਰਨ ਤੇ ਕਰਦਾ ਹੈ ਅਤੇ ਇਕ (ਉਹ ਹੈ ਜੋ ਕਿਸੇ ਦੀ) ਕੀਤੀ ਹੋਈ (ਪ੍ਰੀਤੀ ਨੂੰ) ਜਾਣਦਾ ਹੈ (ਪਰ ਖ਼ੁਦ ਨਹੀਂ ਕਰਦਾ)।
ਇਕ (ਉਹ ਹੈ) ਜੋ ਪ੍ਰੀਤ ਭੇਦ ਨਹੀਂ ਜਾਣਦਾ (ਅਤੇ ਜੋ ਉਸ ਨਾਲ) ਪ੍ਰੀਤ ਕਰਦਾ ਹੈ, ਉਸ ਨੂੰ ਵੈਰੀ ਮੰਨਦਾ ਹੈ।
ਉਸ ਪੁਰਸ਼ ਨੂੰ ਜਗਤ ਵਿਚ ਮੂਰਖਾਂ ਵਿਚ ਗਿਣਨਾ ਚਾਹੀਦਾ ਹੈ, ਜੋ ਪੁਰਸ਼ ਰਤਾ ਜਿੰਨਾ ਵੀ ਪ੍ਰੀਤ ਨੂੰ ਨਹੀਂ ਪਛਾਣਦਾ।
ਉਹ ਗੋਪੀਆਂ ਕ੍ਰਿਸ਼ਨ ਨਾਲ (ਪ੍ਰੇਮ) ਰਸ ਦੀ ਚਰਚਾ ਇਸ ਤਰ੍ਹਾਂ ਕਰਦੀਆਂ ਹਨ ॥੫੦੯॥
ਗੋਪੀਆਂ ਕਹਿਣ ਲਗੀਆਂ:
ਸਵੈਯਾ:
ਗੋਪੀਆਂ ਨੇ (ਕ੍ਰਿਸ਼ਨ ਨੂੰ) ਇਸ ਤਰ੍ਹਾਂ ਕਿਹਾ ਕਿ ਜੋ ਕੋਈ ਨੇਹੁੰ ਕਰ ਕੇ ਆਖਿਰ ਵਿਚ ਧੋਖਾ ਦੇ ਦੇਵੇ,
(ਉਸ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ) ਦੋ ਜਣੇ (ਇਕੱਠੇ ਰਾਹੀ ਹਨ, ਪਰ ਇਕ) ਛਡ ਕੇ ਚਲਾ ਜਾਵੇ ਅਤੇ ਫਿਰ ਆ ਕੇ ਉਸ (ਦੇ ਸਾਮਾਨ ਨੂੰ ਵੀ) ਲੁਟ ਲਵੇ।
ਜਿਵੇਂ ਰਾਹ ਵਿਚ (ਮੁਸਾਫਰਾਂ ਨੂੰ) ਮਾਰਨ ਵਾਲਾ ਰਾਹ ਜਾਂਦਿਆਂ ਨੂੰ ਮਾਰਦਾ ਹੈ, (ਉਸ ਨੂੰ ਵੀ ਉਪਰੋਕਤ ਠਗਾਂ ਵਿਚ ਹੀ) ਸਮਝਣਾ ਚਾਹੀਦਾ ਹੈ।
ਫਿਰ ਗੋਪੀਆਂ ਨੇ ਬਹੁਤ ਖਿਝ ਕੇ ਇਸ ਤਰ੍ਹਾਂ ਕਿਹਾ ਕਿ (ਕਿ ਇਹ ਕ੍ਰਿਸ਼ਨ) ਵੀ ਉਨ੍ਹਾਂ ਵਰਗਾ ਹੈ ॥੫੧੦॥
ਜਿਸ ਵੇਲੇ ਗੋਪੀਆਂ ਨੇ ਇਹ ਗੱਲ ਕਹੀ, ਉਸ ਵੇਲੇ ਕ੍ਰਿਸ਼ਨ ਉਨ੍ਹਾਂ ਨਾਲ ਹਸਣ ਲਗੇ।
ਜਿਸ ਦੇ ਨਾਮ ਨੂੰ ਜ਼ਰਾ ਜਿੰਨਾ ਮੁਖ ਵਿਚੋਂ ਲੈਣ ਨਾਲ, ਗਨਿਕਾ ਨੂੰ ਸਾਰੇ ਪਾਪ ਛਡ ਕੇ ਨਸ ਗਏ।
ਜਿਨ੍ਹਾਂ ਨੇ (ਉਸ ਦੇ ਨਾਮ ਦਾ) ਜਾਪ ਨਹੀਂ ਜਪਿਆ, ਉਹ ਉਜੜ ਗਏ ਅਤੇ ਜਿਨ੍ਹਾਂ ਨੇ ਜਾਪ ਜਪਿਆ, ਉਹ ਘਰ ਵਸਦੇ ਰਹੇ।
ਉਸ (ਕ੍ਰਿਸ਼ਨ) ਨੇ ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਮੈਂ (ਤੁਹਾਡੇ ਪ੍ਰੇਮ) ਰਸ ਵਿਚ ਬਹੁਤ ਅਧਿਕ ਫਸਿਆ ਹੋਇਆ ਹਾਂ ॥੫੧੧॥
ਇਹ ਗੱਲ ਕਹਿ ਕੇ ਕ੍ਰਿਸ਼ਨ ਜੀ ਹਸ ਪਏ ਅਤੇ ਉਠ ਕੇ ਜਮਨਾ ਦੇ ਜਲ ਵਿਚ ਤਰਨ ਲਗੇ।
ਤਦ ਉਨ੍ਹਾਂ ਨੂੰ ਇਕ ਛਿਣ ਵੀ ਨਾ ਲਗਿਆ ਅਤੇ ਉਹ ਜਮਨਾ ਨਦੀ ਨੂੰ (ਤਰ ਕੇ) ਪਾਰ ਲੰਘ ਗਏ।
ਜਲ ਨੂੰ ਤਰਨ ਉਪਰੰਤ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨਾਲ ਬਹੁਤ ਠੱਠਾ ਮਖ਼ੌਲ ਕੀਤਾ।
(ਉਹ ਹਾਸਾ-ਮਖ਼ੌਲ) ਹੋਲੀਆਂ, ਵਿਆਹ ਅਤੇ ਕੁੜਮਾਚਾਰੀ ਦੇ ਹਾਸੇ ਨਾਲੋਂ ਵੀ ਅਧਿਕ ਸੁਖਾਵਾਂ ਸੀ ॥੫੧੨॥
ਕ੍ਰਿਸ਼ਨ ਕਹਿਣ ਲਗੇ:
ਸਵੈਯਾ:
(ਜਿਸ ਵੇਲੇ) ਰਾਤ ਪੈ ਗਈ, ਤਦ ਕ੍ਰਿਸ਼ਨ ਨੇ ਹਸ ਕੇ ਕਿਹਾ ਕਿ ਅਸੀਂ ਰਾਸ (ਦੀ ਖੇਡ) ਕਰੀਏ।
ਸਫ਼ੈਦ ਚੰਦ੍ਰਮਾ ਸੋਭਦਾ ਹੈ, ਗੋਪੀਆਂ ਦੇ ਮੁਖ ਵੀ ਸੁੰਦਰ ਸਫ਼ੈਦ ਹਨ, (ਫਿਰ) ਸਫ਼ੈਦ (ਫੁਲਾਂ ਦੇ) ਹਾਰ ਵੀ ਪਾ ਲਈਏ।