ਅਤੇ ਇਸਤਰੀ ਨੇ ਸਭ ਦੇ ਅਗੋਂ ਮਿਤਰ ਨੂੰ ਕਢ ਦਿੱਤਾ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੮॥੬੫੬੫॥ ਚਲਦਾ॥
ਚੌਪਈ:
ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ,
ਜਿਸ ਛਲ ਨਾਲ ਇਸਤਰੀ ਨੇ ਯਾਰ ਨੂੰ ਕਢ ਦਿੱਤਾ ਸੀ।
ਪੂਰਬ ਦੇਸ ਵਿਚ ਇਕ ਅਦੁੱਤੀ ਨਗਰੀ ਸੀ।
(ਉਹ) ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥
ਉਥੋਂ ਦਾ ਰਾਜਾ ਸ਼ਿਵ ਪ੍ਰਸਾਦ ਸੀ।
(ਉਹ) ਸਦਾ ਕੇਵਲ ਸ਼ਿਵ (ਦੀ ਉਪਾਸਨਾ) ਵਿਚ ਮਗਨ ਰਹਿੰਦਾ ਸੀ।
ਉਸ ਦੀ ਪਤਨੀ ਦਾ ਨਾਂ ਭਾਵਨ ਦੇ (ਦੇਈ) ਦਸਿਆ ਜਾਂਦਾ ਸੀ।
ਮਨ ਮੋਹਨੀ ਨਾਂ ਦੀ ਉਸ ਦੀ ਪੁੱਤਰੀ ਸੀ ॥੨॥
ਉਥੇ ਸ਼ਾਹ ਮਦਾਰ ਜ਼ਾਹਿਰਾ ਪੀਰ ਹੁੰਦਾ ਸੀ,
ਜਿਸ ਨੂੰ ਪੁਰਸਾਂ ਦਾ ਸੁਆਮੀ ਰਾਜਾ ਪੂਜਦਾ ਸੀ।
ਇਕ ਦਿਨ ਰਾਜਾ ਉਥੇ ਗਿਆ।
ਪੁੱਤਰੀ ਅਤੇ ਇਸਤਰੀ (ਦੋਹਾਂ ਨੂੰ) ਨਾਲ ਲੈ ਲਿਆ ॥੩॥
ਅੜਿਲ:
ਰਾਜੇ ਦੀ ਪੁੱਤਰੀ ਨੂੰ ਇਕ ਬੰਦਾ ਚੰਗਾ ਲਗਿਆ।
ਸਖੀ ਭੇਜ ਕੇ ਉਸ ਨੂੰ ਉਥੇ ਹੀ ਬੁਲਾਇਆ।
ਰਾਜ ਕੁਮਾਰੀ ਨੇ ਉਸ ਨਾਲ ਉਥੇ ਹੀ ਰਤੀ-ਕ੍ਰੀੜਾ ਕੀਤੀ।
ਹਸ ਹਸ ਕੇ ਉਸ ਨਾਲ ਕਸ ਕਸ ਕੇ ਆਸਣ ਲਏ ॥੪॥
ਰਾਜੇ ਨੇ ਪੀਰ ਲਈ ਜੋ ਚੂਰਮਾ ਬਣਾਇਆ ਸੀ,
ਉਸ ਵਿਚ ਰਾਜ ਕੁਮਾਰੀ ਨੇ ਬਹੁਤ ਸਾਰੀ ਭੰਗ ਮਿਲਾ ਦਿੱਤੀ।
ਸਾਰੇ ਸੋਫ਼ੀ (ਪਰਹੇਜ਼ਗਾਰ) ਉਸ ਨੂੰ ਖਾ ਕੇ ਦੀਵਾਨੇ ਹੋ ਕੇ ਡਿਗ ਪਏ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਟ ਵਜਣ ਤੋਂ ਬਿਨਾ ਹੀ ਸਾਰੇ ਮਰ ਗਏ ਹੋਣ ॥੫॥
ਚੌਪਈ:
ਸਾਰੇ ਸੋਫ਼ੀ ਮਤਵਾਲੇ ਹੋ ਗਏ,
ਮਾਨੋ ਯੁੱਧ-ਭੂਮੀ ਵਿਚ ਸੂਰਮੇ ਮਾਰੇ ਹੋਏ ਪਏ ਹੋਣ।
ਰਾਜ ਕੁਮਾਰੀ ਨੇ ਇਹ ਮੌਕਾ ਤਾੜਿਆ
ਅਤੇ ਉਠ ਕੇ ਪ੍ਰੀਤਮ ਨਾਲ ਚਲੀ ਗਈ ॥੬॥
ਕਿਸੇ ਸੋਫ਼ੀ ਨੇ ਅੱਖ ਨਾ ਖੋਲ੍ਹੀ। (ਇੰਜ ਪ੍ਰਤੀਤ ਹੁੰਦਾ ਸੀ)
ਮਾਨੋ ਸ਼ੈਤਾਨ ਨੇ ਲਤ ਮਾਰ ਕੇ (ਸਭ ਨੂੰ ਸੰਵਾ ਦਿੱਤਾ ਹੋਵੇ)
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
ਮਿਤਰ ਰਾਜ ਕੁਮਾਰੀ ਨੂੰ ਲੈ ਕੇ ਚਲਾ ਗਿਆ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੯॥੬੫੭੨॥ ਚਲਦਾ॥
ਚੌਪਈ:
ਹੇ ਰਾਜਨ! ਇਕ ਹੋਰ (ਛਲ ਵਾਲਾ) ਪ੍ਰਸੰਗ ਸੁਣੋ
ਜੋ ਪੁੱਤਰੀ ਨੇ ਪਿਤਾ ਨਾਲ ਕੀਤਾ ਸੀ।
ਪ੍ਰਬਲ ਸਿੰਘ ਨਾਂ ਦਾ ਇਕ ਬਹੁਤ ਬਲਵਾਨ ਰਾਜਾ ਸੀ
ਜਿਸ ਦੇ ਡਰ ਕਰ ਕੇ ਜਲ ਥਲ ਵਿਚ ਵੈਰੀ ਕੰਬਦੇ ਸਨ ॥੧॥
ਉਸ ਦੀ ਝਕਝੂਮਕ ਦੇ (ਦੇਈ) ਨਾਂ ਦੀ ਬਾਲਿਕਾ ਸੀ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਉਸ ਇਸਤਰੀ ਨੂੰ ਆਪ ਘੜਿਆ ਹੋਵੇ।
ਉਥੇ ਇਕ ਸੁਘਰ ਸੈਨ ਨਾਂ ਦਾ ਖਤਰੀ ਰਹਿੰਦਾ ਸੀ।
(ਉਹ) ਇਸ਼ਕ ਮੁਸ਼ਕ ਵਿਚ ਲਿਪਟਿਆ ਹੋਇਆ ਸੀ ॥੨॥
(ਜਦ) ਰਾਜਾ ਜਗਨ ਨਾਥ (ਮੰਦਿਰ ਦੀ ਯਾਤ੍ਰਾ) ਨੂੰ ਗਿਆ
ਤਾਂ ਪੁੱਤਰ ਅਤੇ ਇਸਤਰੀਆਂ ਨੂੰ ਨਾਲ ਲੈ ਆਇਆ।
ਜਗਨ ਨਾਥ ਦਾ ਮੰਦਿਰ ਵੇਖ ਕੇ
ਰਾਜੇ ਨੇ ਝਟਪਟ ਬਚਨ ਕਿਹਾ ॥੩॥