ਸ਼੍ਰੀ ਦਸਮ ਗ੍ਰੰਥ

ਅੰਗ - 1359


ਨ ਹਾਥੈ ਪਸਾਰਾ ਤਹਾ ਦ੍ਰਿਸਟਿ ਆਵੈ ॥

ਉਥੇ ਪਸਾਰਿਆ ਹੋਇਆ ਹੱਥ ਨਜ਼ਰ ਨਹੀਂ ਆਉਂਦਾ ਸੀ।

ਕਛੂ ਭੂਮਿ ਆਕਾਸ ਹੇਰੋ ਨ ਜਾਵੈ ॥੨੫॥

ਧਰਤੀ ਅਤੇ ਆਕਾਸ਼ ਵੀ ਕੁਝ ਵਿਖਾਈ ਨਹੀਂ ਦਿੰਦੇ ਸਨ ॥੨੫॥

ਅੜਿਲ ॥

ਅੜਿਲ:

ਤੀਸ ਸਹਸ ਛੂਹਨਿ ਦਲ ਜਬ ਜੂਝਤ ਭਯੋ ॥

ਜਦ ਤੀਹ ਹਜ਼ਾਰ ਅਛੋਹਣੀ ਦਲ ਜੂਝ ਮਰਿਆ,

ਦੁਹੂੰ ਨ੍ਰਿਪਨ ਕੇ ਕੋਪ ਅਧਿਕ ਤਬ ਹੀ ਭਯੋ ॥

ਤਦ ਦੋਹਾਂ ਰਾਜਿਆਂ ਦਾ ਕ੍ਰੋਧ ਬਹੁਤ ਅਧਿਕ ਹੋ ਗਿਆ।

ਪੀਸਿ ਪੀਸਿ ਰਦਨਛਦ ਬਿਸਿਖ ਪ੍ਰਹਾਰਹੀ ॥

(ਉਹ) ਦੰਦ ਪੀਹ ਪੀਹ ਕੇ ਬਾਣ ਚਲਾਉਂਦੇ ਸਨ

ਹੋ ਜੋ ਜੀਯ ਭੀਤਰ ਕੋਪ ਸੁ ਪ੍ਰਗਟ ਦਿਖਾਰਹੀ ॥੨੬॥

ਅਤੇ ਮਨ ਦਾ ਜੋ ਕ੍ਰੋਧ ਸੀ, ਉਸ ਨੂੰ ਪ੍ਰਗਟ ਕਰ ਰਹੇ ਸਨ ॥੨੬॥

ਚੌਪਈ ॥

ਚੌਪਈ:

ਬੀਸ ਬਰਸ ਨਿਸੁ ਦਿਨ ਰਨ ਕਰਾ ॥

ਵੀਹ ਸਾਲ ਰਾਤ ਦਿਨ ਯੁੱਧ ਕਰਦੇ ਰਹੇ।

ਦੁਹੂੰ ਨ੍ਰਿਪਨ ਤੇ ਏਕ ਨ ਟਰਾ ॥

ਪਰ ਦੋਹਾਂ ਰਾਜਿਆਂ ਵਿਚੋਂ ਇਕ ਵੀ ਨਾ ਟਲਿਆ।

ਅੰਤ ਕਾਲ ਤਿਨ ਦੁਹੂੰ ਖਪਾਯੋ ॥

ਅੰਤ ਵਿਚ ਕਾਲ ਨੇ ਉਨ੍ਹਾਂ ਦੋਹਾਂ ਨੂੰ ਨਸ਼ਟ ਕਰ ਦਿੱਤਾ।

ਉਹਿ ਕੌ ਇਹ ਇਹ ਕੌ ਉਹਿ ਘਾਯੋ ॥੨੭॥

ਉਸ ਨੇ ਇਸ ਨੂੰ ਅਤੇ ਇਸ ਨੇ ਉਸ ਨੂੰ ਮਾਰ ਦਿੱਤਾ ॥੨੭॥

ਭੁਜੰਗ ਛੰਦ ॥

ਭੁਜੰਗ ਛੰਦ:

ਜਬੈ ਛੂਹਨੀ ਤੀਸ ਸਾਹਸ੍ਰ ਮਾਰੇ ॥

ਜਦ ਤੀਹ ਹਜ਼ਾਰ ਅਛੋਹਣੀ ਸੈਨਾ ਮਾਰੀ ਗਈ

ਦੋਊ ਰਾਵਈ ਰਾਵ ਜੂਝੇ ਕਰਾਰੇ ॥

(ਤਦ) ਦੋਵੇਂ ਰਾਜੇ (ਆਪਸ ਵਿਚ) ਕਠੋਰਤਾ ਨਾਲ ਜੂਝ ਮਰੇ।

ਮਚਿਯੋ ਲੋਹ ਗਾਢੌ ਉਠੀ ਅਗਨਿ ਜ੍ਵਾਲਾ ॥

(ਤਦ) ਭਿਆਨਕ ਯੁੱਧ ਮਚਿਆ ਅਤੇ ਉਸ ਵਿਚੋਂ ਅਗਨੀ ਉਠੀ।

ਭਈ ਤੇਜ ਤੌਨੇ ਹੁਤੇ ਏਕ ਬਾਲਾ ॥੨੮॥

ਉਸ ਤੇਜ ਵਿਚੋਂ ਇਕ 'ਬਾਲਾ' (ਇਸਤਰੀ) ਪੈਦਾ ਹੋਈ ॥੨੮॥

ਤਿਸੀ ਕੋਪ ਕੀ ਅਗਨਿ ਤੇ ਬਾਲ ਹ੍ਵੈ ਕੈ ॥

ਉਸ ਕ੍ਰੋਧ ਦੀ ਅਗਨੀ ਵਿਚੋਂ ਬਾਲਾ ਨੇ ਪੈਦਾ ਹੋ ਕੇ

ਹਸੀ ਹਾਥ ਮੈ ਸਸਤ੍ਰ ਔ ਅਸਤ੍ਰ ਲੈ ਕੈ ॥

ਅਤੇ ਹੱਥ ਵਿਚ ਸ਼ਸਤ੍ਰ ਅਸਤ੍ਰ ਲੈ ਕੇ ਹਸਣ ਲਗੀ।

ਮਹਾ ਰੂਪ ਆਨੂਪ ਤਾ ਕੋ ਬਿਰਾਜੈ ॥

ਉਸ ਦਾ ਮਹਾ ਰੂਪ ਅਨੂਪਮ ਸੀ।

ਲਖੇ ਤੇਜ ਤਾ ਕੋ ਸਸੀ ਸੂਰ ਲਾਜੈ ॥੨੯॥

ਉਸ ਦੇ ਤੇਜ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਸ਼ਰਮਾਉਂਦੇ ਸਨ ॥੨੯॥

ਚੌਪਈ ॥

ਚੌਪਈ:

ਚਾਰਹੁ ਦਿਸਾ ਫਿਰੀ ਜਬ ਬਾਲਾ ॥

ਜਦ ਬਾਲਾ ਚੌਹਾਂ ਪਾਸੇ ਫਿਰਨ ਲਗੀ

ਜਾਨੋ ਨਾਗ ਰੂਪ ਕੀ ਮਾਲਾ ॥

(ਤਾਂ ਇੰਜ ਲਗ ਰਹੀ ਸੀ) ਮਾਨੋ ਨਾਗ-ਰੂਪ (ਪਾਠਾਂਤਰ 'ਰਾਗ-ਰੂਪ') ਦੀ ਮਾਲਾ ਹੋਵੇ।

ਐਸ ਨ ਕਤਹੂੰ ਪੁਰਖ ਨਿਹਾਰਾ ॥

ਅਜਿਹਾ ਕਿਤੇ ਕੋਈ ਪੁਰਸ਼ ਨਹੀਂ ਦਿਸ ਰਿਹਾ ਸੀ,

ਨਾਥ ਕਰੈ ਜਿਹ ਆਪੁ ਸੁਧਾਰਾ ॥੩੦॥

ਜਿਸ ਨੂੰ (ਉਹ) ਆਪਣਾ ਨਾਥ ਬਣਾ ਸਕੇ ॥੩੦॥

ਫਿਰ ਜਿਯ ਮੈ ਇਹ ਭਾਤਿ ਬਿਚਾਰੀ ॥

ਫਿਰ ਉਸ ਨੇ ਮਨ ਵਿਚ ਇਹ ਵਿਚਾਰ ਬਣਾਇਆ

ਬਰੌ ਜਗਤ ਕੇ ਪਤਿਹਿ ਸੁਧਾਰੀ ॥

ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕੀਤਾ ਜਾਏ।

ਤਾ ਤੇ ਕਰੌ ਦੀਨ ਹ੍ਵੈ ਸੇਵਾ ॥

ਤਾਂ ਜੋ ਪੂਰੀ ਨਿਮਰਤਾ ਨਾਲ (ਉਨ੍ਹਾਂ ਦੀ) ਸੇਵਾ ਕਰਾਂ

ਹੋਇ ਪ੍ਰਸੰਨ ਕਾਲਿਕਾ ਦੇਵਾ ॥੩੧॥

(ਜਿਸ ਕਰ ਕੇ) ਮਹਾਕਾਲ ('ਕਾਲਿਕਾ ਦੇਵਾ') ਪ੍ਰਸੰਨ ਹੋ ਜਾਣ ॥੩੧॥

ਅਧਿਕ ਸੁਚਿਤ ਹ੍ਵੈ ਕੀਏ ਸੁਮੰਤ੍ਰਾ ॥

ਉਸ ਨੇ ਅਧਿਕ ਸਚੇਤ ਹੋ ਕੇ ਵਿਚਾਰ ਕੀਤਾ

ਭਾਤਿ ਭਾਤਿ ਤਨ ਲਿਖਿ ਲਿਖਿ ਜੰਤ੍ਰਾ ॥

ਅਤੇ ਭਾਂਤ ਭਾਂਤ ਦੇ ਜੰਤ੍ਰ ਲਿਖੇ।

ਕ੍ਰਿਪਾ ਕਰੀ ਜਗ ਮਾਤ ਭਵਾਨੀ ॥

ਜਗਤ ਮਾਤਾ ਭਵਾਨੀ ਨੇ (ਉਸ ਉਤੇ) ਕ੍ਰਿਪਾ ਕੀਤੀ

ਇਹ ਬਿਧ ਬਤਿਯਾ ਤਾਹਿ ਬਖਾਨੀ ॥੩੨॥

ਅਤੇ ਉਸ ਨੂੰ ਇਸ ਤਰ੍ਹਾਂ ਗੱਲ ਸਮਝਾਈ ॥੩੨॥

ਕਰਿ ਜਿਨਿ ਸੋਕ ਹ੍ਰਿਦੈ ਤੈ ਪੁਤ੍ਰੀ ॥

(ਭਵਾਨੀ ਨੇ ਕਿਹਾ) ਹੇ ਪੁੱਤਰੀ! ਤੂੰ ਹਿਰਦੇ ਵਿਚ ਦੁਖ ਨਾ ਮੰਨਾ।

ਨਿਰੰਕਾਰ ਬਰਿ ਹੈ ਤੁਹਿ ਅਤ੍ਰੀ ॥

ਨਿਰੰਕਾਰ ਅਸਤ੍ਰਧਾਰੀ ਤੇਰੇ ਨਾਲ (ਅਵੱਸ਼) ਵਿਆਹ ਕਰਨਗੇ।

ਤਾ ਕਾ ਧ੍ਯਾਨ ਆਜੁ ਨਿਸਿ ਧਰਿਯਹੁ ॥

ਤੂੰ ਅਜ ਰਾਤ ਨੂੰ ਉਸ ਦਾ ਧਿਆਨ ਧਾਰਨ ਕਰੀਂ।

ਕਹਿਹੈ ਜੁ ਕਛੁ ਸੋਈ ਤੁਮ ਕਰਿਯਹੁ ॥੩੩॥

ਜੋ ਕੁਝ ਉਹ ਕਹੇ, ਤੂੰ ਉਹੀ ਕਰੀਂ ॥੩੩॥

ਜਬ ਅਸ ਬਰ ਤਿਹ ਦਿਯੋ ਭਵਾਨੀ ॥

ਜਦ ਉਸ ਨੂੰ ਭਵਾਨੀ ਨੇ ਇਸ ਤਰ੍ਹਾਂ ਦਾ ਵਰ ਦਿੱਤਾ,

ਪ੍ਰਫੁਲਿਤ ਭਈ ਜਗਤ ਕੀ ਰਾਨੀ ॥

(ਤਦ ਉਹ) ਜਗਤ ਦੀ ਰਾਣੀ ਪ੍ਰਸੰਨ ਹੋ ਗਈ।

ਅਤਿ ਪਵਿਤ੍ਰ ਨਿਸਿ ਹ੍ਵੈ ਛਿਤ ਸੋਈ ॥

ਉਹ ਅਤਿ ਪਵਿਤ੍ਰ ਹੋ ਕੇ ਰਾਤ ਨੂੰ ਧਰਤੀ ਉਤੇ ਸੌਂ ਗਈ,

ਜਿਹ ਠਾ ਔਰ ਨ ਦੂਸਰ ਕੋਈ ॥੩੪॥

ਜਿਥੇ ਹੋਰ ਕੋਈ ਦੂਜਾ ਨਹੀਂ ਸੀ ॥੩੪॥

ਅਰਧ ਰਾਤ੍ਰਿ ਬੀਤਤ ਭੀ ਜਬ ਹੀ ॥

ਜਦੋਂ ਅੱਧੀ ਰਾਤ ਬੀਤ ਗਈ,

ਆਗ੍ਯਾ ਭਈ ਨਾਥ ਕੀ ਤਬ ਹੀ ॥

ਤਦੋਂ ਹੀ ਸੁਆਮੀ ਦੀ ਆਗਿਆ ਹੋਈ।

ਸ੍ਵਾਸ ਬੀਰਜ ਦਾਨਵ ਜਬ ਮਰਿ ਹੈ ॥

ਜਦ ਸ੍ਵਾਸ ਬੀਰਜ ਨਾਂ ਦਾ ਦੈਂਤ ਮਾਰਿਆ ਜਾਵੇਗਾ,

ਤਿਹ ਪਾਛੇ ਸੁੰਦਰਿ ਮੁਹਿ ਬਰਿ ਹੈ ॥੩੫॥

ਉਸ ਪਿਛੋਂ ਹੇ ਸੁੰਦਰੀ! (ਤੂੰ) ਮੈਨੂੰ ਵਰੇਂਗੀ ॥੩੫॥

ਇਹ ਬਿਧਿ ਤਿਹ ਆਗ੍ਯਾ ਜਬ ਭਈ ॥

ਉਸ ਨੂੰ ਜਦ ਇਸ ਤਰ੍ਹਾਂ ਦੀ ਆਗਿਆ ਹੋਈ,

ਦਿਨਮਨਿ ਚੜਿਯੋ ਰੈਨਿ ਮਿਟਿ ਗਈ ॥

ਤਾਂ ਸੂਰਜ ਚੜ੍ਹਿਆ ਅਤੇ ਰਾਤ ਗੁਜ਼ਰ ਗਈ।


Flag Counter