ਦੋਹਾਂ ਪਾਸਿਆਂ ਤੋਂ ਰੌਦਰ ਰਸ ਵਿਚ ਰਚੇ ਹੋਏ
ਯੁੱਧ ਕਰ ਰਹੇ ਹਨ।
(ਉਹ) ਬਾਣਾਂ ਦੀ ਭੇਟਾ ਚੜ੍ਹਾ ਰਹੇ ਹਨ
ਅਤੇ ਧਨੁਰ-ਵੇਦ ਦੀ ਚਰਚਾ ਹੋ ਰਹੀ ਹੈ ॥੨੦॥੯੭॥
ਸੂਰਮੇ ਵੀਰਤਾ (ਦਾ ਪ੍ਰਦਰਸ਼ਨ ਕਰਨ ਵਿਚ) ਮਸਤ ਹਨ
ਅਤੇ ਬਾਣਾਂ ਦੀ ਝੜੀ ਲਗੀ ਹੋਈ ਹੈ।
ਚਕ੍ਰ-ਵਿਯੂਹ ਨੂੰ ਤੋੜਦੇ ਹਨ
(ਅਤੇ ਉਸ ਵੱਲੋਂ) ਅੱਖ ਮੋੜਦੇ ਨਹੀਂ ਹਨ ॥੨੧॥੯੮॥
ਸਾਹਮਣੇ ਹੋ ਕੇ ਸ਼ਸਤ੍ਰ ਚਲਾਉਂਦੇ ਹਨ
ਅਤੇ ਧਨੁਸ਼ਾਂ ('ਮਹਿਖੁਆਸ') ਉਤੇ ਚਿੱਲਾ ਚੜ੍ਹਾਉਂਦੇ ਹਨ।
ਤੀਰਾਂ ਦੀ ਮਾਰ ਕਰਦੇ ਹਨ
ਅਤੇ ਲਹੂ ਦੀ ਧਾਰਾ ਵਗਦੀ ਹੈ ॥੨੨॥੯੯॥
ਲਹੂ ਨਾਲ ਨਦੀ ਭਰ ਗਈ ਹੈ,
ਆਕਾਸ਼ ਵਿਚ ਹੂਰਾਂ ਫਿਰ ਰਹੀਆਂ ਹਨ,
ਕਾਲੀ ਆਸਮਾਨ ਵਿਚ ਗੱਜ ਰਹੀ ਹੈ
ਅਤੇ ਖੱਪਰ ਵਾਲੀਆਂ (ਜੋਗਣਾਂ) ਹਸ ਰਹੀਆਂ ਹਨ ॥੨੩॥੧੦੦॥
ਕਿਤੇ ਘੋੜੇ ਮੋਏ ਪਏ ਹਨ,
ਕਿਤੇ ਵਡੇ ਸੂਰਮੇ (ਡਿਗੇ ਪਏ ਹਨ)
ਕਿਤੇ ਢਾਲਾਂ ਟੁਟੀਆਂ ਪਈਆਂ ਹਨ
ਅਤੇ ਕਿਤੇ ਘਾਇਲ ਹਾਥੀ ਫਿਰ ਰਹੇ ਹਨ ॥੨੪॥੧੦੧॥
ਕਿਤੇ ਕਵਚ ਵਿੰਨ੍ਹੇ (ਪਏ ਹਨ)
ਕਿਤੇ ਢਾਲਾਂ ਟੁੱਟੀਆਂ ਪਈਆਂ ਹਨ,
ਕਿਤੇ ਵਡੇ ਹਾਥੀ (ਕਟੇ ਪਏ ਹਨ)
ਅਤੇ ਕਿਤੇ ਘੋੜਿਆਂ ਦੇ ਕਵਚ (ਬਰਮੰ) ਕੁਟੇ ਪਏ ਹਨ ॥੨੫॥੧੦੨॥
ਸੂਰਮੇ ਵੈਰ-ਭਾਵ ਨਾਲ ਰੁਝੇ ਹੋਏ ਹਨ,
ਸਾਰੇ ਸ਼ਸਤ੍ਰ ਨਾਲ ਝੂਝ ਰਹੇ ਹਨ।
ਯੋਧਿਆਂ ਨੂੰ ਯੁੱਧ-ਭੂਮੀ ਵਿਚ ਵੇਖ ਕੇ
ਭੂਤ ਅਤੇ ਪ੍ਰੇਤ ਨਚ ਰਹੇ ਹਨ ॥੨੬॥੧੦੩॥
ਮਾਸਾਹਾਰੀ ਨਚ ਰਹੇ ਹਨ,
ਆਕਾਸ਼ ਵਿਚ ਵਿਚਰਨ ਵਾਲੇ ਹਸ ਰਹੇ ਹਨ,
ਕਾਂ ('ਕੰਕੰ') ਕਿਲਕਾਰੀਆਂ ਮਾਰਦੇ ਹਨ
ਅਤੇ ਬਲਵਾਨ ਯੋਧੇ ਪੂਰੀ ਮਸਤੀ ਨਾਲ (ਯੁੱਧ-ਕਾਰਜ ਵਿਚ) ਮਗਨ ਹਨ ॥੨੭॥੧੦੪॥
ਛਤ੍ਰਧਾਰੀ (ਸੈਨਾ-ਨਾਇਕ) ਕ੍ਰੋਧ (ਨਾਲ ਭਰੇ ਹੋਏ ਹਨ)
ਧਨੁਸ਼ਾਂ ('ਮਹਿਖੁਆਸ') ਵਿਚੋਂ ਤੀਰ ਚਲਾਉਂਦੇ ਹਨ।
(ਸ਼ਰੀਰਾਂ ਵਿਚੋਂ ਲਹੂ ਦੀਆਂ) ਛਿੱਟਾਂ ਉਠਦੀਆਂ ਹਨ
ਤਿਖੇ ਤੀਰਾਂ ਦੇ ਲਗਣ ਨਾਲ ॥੨੮॥੧੦੫॥
ਗਣ, ਗੰਧਰਬ, ਦੂਤ
(ਚਰ) ਚਾਰਨ
ਅਤੇ ਸਿੱਧੀਆਂ ਵਾਲੇ ਸਿੱਧ ਹਸ ਰਹੇ ਹਨ
ਅਤੇ ਕ੍ਰੋਧਿਤ ਵੀਰ-ਯੋਧੇ (ਯੁੱਧ ਕਰਮ ਵਿਚ) ਮਗਨ ਹਨ ॥੨੯॥੧੦੬॥
ਡਾਕਣੀਆਂ ਡਕਾਰ ਰਹੀਆਂ ਹਨ,
(ਯੋਧੇ) ਲਲਕਾਰੇ ਤੇ ਲਲਕਾਰਾ ਮਾਰ ਰਹੇ ਹਨ,
ਭੇਰੀਆਂ ਭਕ-ਭਕ ਦੀ ਧੁਨੀ ਨਾਲ ਵਜ ਰਹੀਆਂ ਹਨ
ਅਤੇ ਡੁਗਡੁਗੀਆਂ ਡਮ-ਡਮ ਦੀ ਆਵਾਜ਼ (ਕਢ ਰਹੀਆਂ ਹਨ) ॥੩੦॥੧੦੭॥
ਸੂਰਵੀਰ ਗਜਦੇ ਹਨ,
ਨਵੇਂ ਨਵੇਂ ਨਗਾਰੇ ਵਜਦੇ ਹਨ,
ਰਣ-ਭੂਮੀ ਵਿਚ ਡਫਾਂ ਗੂੰਜ ਉਠ ਰਹੀ ਹੈ
ਅਤੇ ਦੁਰਗਾ ਨਾਲ ਦੈਂਤ ਲੜ ਰਹੇ ਹਨ ॥੩੧॥੧੦੮॥