ਕੰਸ ਨੇ ਕੇਸੀ ਨੂੰ ਕਿਹਾ:
ਸਵੈਯਾ:
ਰਾਜੇ ਨੂੰ ਮਿਲ ਕੇ (ਜਦ ਨਾਰਦ) ਮੁਨੀ ਘਰ ਨੂੰ ਚਲਾ ਗਿਆ ਤਦ ਕੰਸ ਨੇ ਇਕ ਬਲਵਾਨ ਦੈਂਤ ਨੂੰ ਬੁਲਾਇਆ।
(ਰਾਜੇ ਨੇ ਉਸ ਨੂੰ) ਕਿਹਾ, 'ਜਾ ਕੇ ਜਸੋਧਾ ਦੇ ਪੁੱਤਰ ਨੂੰ ਮਾਰ ਦਿਓ' (ਕੇਸੀ ਨੂੰ) ਇਸ ਤਰ੍ਹਾਂ ਕਹਿ ਕੇ ਭੇਜ ਦਿੱਤਾ।
ਪਿਛੋਂ ਭੈਣ ਅਤੇ ਬਹਿਨੋਈ ਨੂੰ ਜ਼ੰਜੀਰਾਂ ਪਾ ਕੇ ਘਰ ਵਿਚ ਬੰਦ ਕਰ ਦਿੱਤਾ।
ਇਹ ਭੇਦ ਚੰਡੂਰ (ਪਹਿਲਾਵਨ) ਨੂੰ ਵੀ ਕਹਿ ਦਿੱਤਾ ਅਤੇ ਕੁਵਲੀਆ ਗਿਰ (ਕੁਵਲੀਆਪੀੜ) ਨੂੰ ਵੀ ਬੁਲਵਾ ਲਿਆ ॥੭੭੩॥
ਕੰਸ ਨੇ ਅਕਰੂਰ ਨੂੰ ਕਿਹਾ:
ਸਵੈਯਾ:
(ਰਾਜਾ ਕੰਸ ਨੇ ਆਪਣੇ) ਨੌਕਰਾਂ ਨਾਲ (ਇਹ ਗੱਲ) ਕੀਤੀ ਕਿ ਖੇਡਣ ਲਈ ਇਕ ਰੰਗ-ਭੂਮੀ ਬਣਾਓ।
'ਚੰਡੂਰ' ਅਤੇ 'ਮੁਸਟ' (ਨਾਂ ਦੇ ਪਹਿਲਵਾਨਾਂ) ਨਾਲ (ਵਿਚਾਰ ਕਰ ਕੇ) ਕਿਹਾ ਕਿ (ਰੰਗ-ਭੂਮੀ) ਦੇ ਦੁਆਰ ਤੇ ਹਾਥੀ (ਕੁਵਲੀਆਪੀੜ) ਨੂੰ ਖੜਾ ਕਰ ਦਿਓ।
ਅਕਰੂਰ ਨੂੰ ਬੁਲਾ ਕੇ ਕਿਹਾ ਕਿ ਮੇਰਾ ਰਥ ਲੈ ਕੇ ਗੋਕਲ ('ਨੰਦ ਪੁਰੀ') ਵਿਚ ਜਾਓ।
(ਉਥੇ ਜਾ ਕੇ ਉਨ੍ਹਾਂ ਨੂੰ ਕਹਿਣਾ ਕਿ) ਮੇਰੇ ਘਰ ਵਿਚ ਯੱਗ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਕ੍ਰਿਸ਼ਨ ਨੂੰ ਇਥੇ ਲੈ ਆਓ ॥੭੭੪॥
ਅਕਰੂਰ ਨੂੰ ਰੋਹਬ (ਅਥਵਾ ਕ੍ਰੋਧ) ਨਾਲ (ਕੰਸ ਨੇ) ਕਿਹਾ ਕਿ ਗੋਕਲ ਜਾ
ਅਤੇ (ਉਨ੍ਹਾਂ ਨੂੰ ਕਹਿ ਕਿ) ਮੇਰੇ ਘਰ ਵਿਚ ਇਸ ਵੇਲੇ ਯੱਗ ਹੈ। (ਇਸ ਤਰ੍ਹਾਂ ਕਹਿ ਕੇ) ਉਨ੍ਹਾਂ ਨੂੰ ਪ੍ਰਸੰਨ ਕਰ ਕੇ (ਕਿਸੇ ਤਰ੍ਹਾਂ) ਇਥੇ ਲੈ ਕੇ ਆ।
ਉਸ ਛਬੀ ਦੇ ਯਸ਼ ਦੀ ਸ੍ਰੇਸ਼ਠ ਅਤੇ ਮਹਾਨ (ਉਪਮਾ) ਦੀ ਵਿਉਂਤ ਕਵੀ ਦੇ ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ।
ਜਿਉਂ ਬਨ ਵਿਚ, ਮੌਤ ਦੇ ਮਾਰੇ ਹਿਰਨ ਨੇ ਸ਼ੇਰ ਨੂੰ ਨਿਉਤਾ ਕਹਿ ਭੇਜਿਆ ਹੋਵੇ ॥੭੭੫॥
ਕਵੀ ਨੇ ਕਿਹਾ ਦੋਹਰਾ:
ਰਾਜਾ (ਕੰਸ) ਨੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਦੇ ਦਾਓ ਵਜੋਂ ਅਕਰੂਰ ਨੂੰ ਭੇਜ ਦਿੱਤਾ।
ਹੁਣ ਕੇਸੀ ਦੇ ਬਧ ਦੀ ਜਿਵੇਂ ਕਥਾ ਹੋਈ, ਉਸ ਗੱਲ ਨੂੰ ਕਹਿੰਦਾ ਹਾਂ ॥੭੭੬॥
ਸਵੈਯਾ:
ਸਵੇਰ ਹੁੰਦਿਆਂ ਹੀ ਉਹ ਵੱਡਾ ਵੈਰੀ ਉਠ ਕੇ ਉਧਰ ਨੂੰ ਚਲ ਪਿਆ ਅਤੇ ਬਹੁਤ ਵੱਡਾ ਘੋੜਾ ਬਣ ਕੇ ਉਥੇ ਆਇਆ।
ਜਿਸ ਨੂੰ ਵੇਖ ਕੇ ਸੂਰਜ ਡਰ ਗਿਆ ਅਤੇ ਜਿਸ ਨੂੰ ਤਕ ਕੇ ਇੰਦਰ ਵੀ ਭੈ ਭੀਤ ਹੋ ਗਿਆ।
ਉਸ ਨੂੰ ਵੇਖਦਿਆਂ ਹੀ ਸਾਰੇ ਗਵਾਲ ਡਰ ਗਏ ਅਤੇ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਦੇ ਚਰਨਾਂ ਉਤੇ ਸਿਰ ਰਖ ਦਿੱਤਾ।
ਉਸ ਵੇਲੇ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਉਸ ਨਾਲ ਦੁਅੰਦ ਯੁੱਧ ਮਚਾ ਦਿੱਤਾ (ਜਿਸ ਕਰ ਕੇ ਗਵਾਲਿਆਂ ਨੂੰ) ਧੀਰਜ ਹੋ ਗਿਆ ॥੭੭੭॥
(ਜਦ) ਵੈਰੀ ਦੇ ਮਨ ਵਿਚ ਕ੍ਰੋਧ ਪ੍ਰਬਲ ਹੋ ਗਿਆ ਤਦ ਉਸ ਨੇ ਕ੍ਰਿਸ਼ਨ ਨੂੰ ਪੈਰਾਂ ਦੀ ਸਟ ਮਾਰੀ (ਅਰਥਾਤ ਲਤ ਮਾਰੀ)।
ਕ੍ਰਿਸ਼ਨ ਨੇ ਉਸ ਸਟ ਨੂੰ ਸ਼ਰੀਰ ਉਤੇ ਵਜਣ ਨਾ ਦਿੱਤਾ ਅਤੇ ਚੰਗੀ ਤਰ੍ਹਾਂ (ਆਪਣੀ ਦੇਹ) ਨੂੰ ਬਚਾ ਲਿਆ।
ਫਿਰ (ਸ੍ਰੀ ਕ੍ਰਿਸ਼ਨ ਨੇ) ਉਸ ਨੂੰ ਪੈਰਾਂ ਤੋਂ ਫੜ ਲਿਆ ਅਤੇ ਹੱਥ ਵਿਚ ਨਾ (ਫੜਿਆ) ਰਹਿਣ ਦਿੱਤਾ, (ਸਗੋਂ) ਦੂਰ ਸੁਟ ਦਿੱਤਾ।
ਜਿਵੇਂ ਲੜਕਾ ਵੱਟਾ ਸੁਟ ਦਿੰਦਾ ਹੈ ਤਿਵੇਂ (ਕ੍ਰਿਸ਼ਨ ਨੇ ਉਸ ਨੂੰ ਸੁਟ ਦਿੱਤਾ ਅਤੇ) ਉਹ ਚਾਰ ਸੌ ਕਦਮਾਂ ਦੀ ਵਿਥ ਉਤੇ ਜਾ ਕੇ ਡਿਗਿਆ ॥੭੭੮॥
ਫਿਰ ਆਪਣੇ ਬਲ ਨੂੰ ਸੰਭਾਲ ਕੇ ਉਹ ਵੈਰੀ ਮੂੰਹ ਅਡ ਕੇ ਕ੍ਰਿਸ਼ਨ ਉਤੇ ਆ ਪਿਆ।
ਉਸ ਨੇ ਬੜੀਆਂ ਭਿਆਨਕ ਅੱਖੀਆਂ ਕਢ ਲਈਆਂ, ਜਿਨ੍ਹਾਂ ਤੋਂ ਦੇਵਤੇ ('ਨਭ ਲੋਕ') ਵੀ ਡਰ ਗਏ।
ਕ੍ਰਿਸ਼ਨ ਨੇ ਉਸ ਦੇ ਮੂੰਹ ਵਿਚ ਆਪਣਾ ਹੱਥ ਦੇ ਦਿੱਤਾ; ਉਸ ਛਬੀ ਦਾ ਯਸ਼ (ਕਵੀ ਦੇ) ਮਨ ਨੂੰ ਇਸ ਤਰ੍ਹਾਂ ਭਾਇਆ ਹੈ।
ਮਾਨੋ ਕਾਲ ਰੂਪ ਕਾਨ੍ਹ ਦਾ ਹੱਥ ਕੇਸੀ ਦੇ ਤਨ ਵਿਚੋਂ ਪ੍ਰਾਣ ਕਢਣ ਆਇਆ ਹੋਵੇ ॥੭੭੯॥
ਉਸ ਨੇ (ਜਦ) ਦੰਦਾਂ ਨਾਲ ਕ੍ਰਿਸ਼ਨ ਦੀ ਬਾਂਹ ਕਟੀ, ਤਦ ਉਸ ਦੇ ਸਾਰੇ ਦੰਦ ਝੜ ਗਏ।
ਜੋ ਦੰਦ ਮਨ ਵਿਚੋਂ (ਬਾਂਹ ਨੂੰ ਕਟਣ ਦੇ) ਮਨੋਰਥ ਨਾਲ ਆਏ ਸਨ, ਉਹ ਗੜਿਆਂ ਵਾਂਗ ਗਲ ਗਏ।
ਤਦ ਉਹ (ਕੇਸੀ) ਲੜ ਕੇ ਧਰਤੀ ਉਤੇ ਡਿਗ ਪਿਆ ਅਤੇ ਫਿਰ ਉਹ ਆਪਣੇ ਘਰ ਮੁੜ ਕੇ ਨਾ ਗਿਆ।
ਹੁਣ (ਚੂੰਕਿ) ਸ੍ਰੀ ਕ੍ਰਿਸ਼ਨ ਦੇ ਹੱਥ ਲਗਣ ਨਾਲ ਉਹ ਮਰਿਆ ਹੈ, (ਇਸ ਲਈ) ਉਸ ਦੇ ਸਾਰੇ ਪਾਪ ਨਸ਼ਟ ਹੋ ਗਏ ਹਨ ॥੭੮੦॥
ਜਿਸ ਢੰਗ ਨਾਲ ਰਾਮ ਨੇ ਰਾਵਣ ਨੂੰ ਮਾਰਿਆ ਸੀ ਅਤੇ ਜਿਸ ਵਿਧੀ ਨਾਲ ਕ੍ਰਿਸ਼ਨ ਨੇ ਨਰਕਾਸੁਰ ਨੂੰ ਮਾਰਿਆ ਸੀ।
ਜਿਉਂ ਪ੍ਰਹਿਲਾਦ ਦੀ ਰਖਿਆ ਲਈ (ਨਰ ਸਿੰਘ ਨੇ) ਹਰਨਾਕਸ ਨੂੰ ਮਾਰ ਦਿੱਤਾ ਸੀ ਅਤੇ ਜੀਉਂਦਾ ਨਾ ਰਹਿਣ ਦਿੱਤਾ ਸੀ।
ਜਿਉਂ ਮਧੁ ਅਤੇ ਕੈਟਭ ਨੂੰ ਚੱਕਰ ਹੱਥ ਵਿਚ ਲੈ ਕੇ ਮਾਰਿਆ ਸੀ ਅਤੇ ਅੱਗ ਨੂੰ ਨਿਗਲ ਕੇ (ਬ੍ਰਜ ਦੇ ਵਾਸੀਆਂ ਦਾ) ਡਰ ਦੂਰ ਕੀਤਾ ਸੀ।
ਉਵੇਂ ਹੀ ਸ੍ਰੀ ਕ੍ਰਿਸ਼ਨ ਨੇ ਸੰਤਾਂ ਦੀ ਰਖਿਆ ਲਈ ਆਪਣਾ ਬਲ ਜਤਾ ਕੇ (ਕੇਸੀ) ਦੈਂਤ ਨੂੰ ਪਛਾੜ ਦਿੱਤਾ ਹੈ ॥੭੮੧॥
ਬਹੁਤ ਵੱਡੇ ਵੈਰੀ ਨੂੰ ਮਾਰ ਕੇ ਕ੍ਰਿਸ਼ਨ ਜੀ ਗਊਆਂ ਨੂੰ ਲੈ ਕੇ ਬਨ ਵਿਚ ਚਲੇ ਗਏ।
ਸਾਰਿਆਂ ਦੇ ਮਨ ਦੇ ਗ਼ਮ ਦੂਰ ਕਰ ਕੇ ਫਿਰ ਸਾਰਿਆਂ ਦੇ ਸ਼ਰੀਰ ਆਨੰਦਿਤ ਕਰ ਦਿੱਤੇ।
ਫਿਰ ਕਵੀ ਸ਼ਿਆਮ ਦੇ ਮਨ ਵਿਚ ਉਸ ਛਬੀ ਦੀ ਅਤਿ ਸੁੰਦਰ ਉਪਮਾ ਇਸ ਤਰ੍ਹਾਂ ਨਾਲ ਪੈਦਾ ਹੋਈ।
ਮਾਨੋ ਹਿਰਨਾਂ ਦੀ ਡਾਰ ਵਿਚੋਂ ਵੱਡੇ ਹਿਰਨ ਨੂੰ ਪਛਾਣ ਕੇ ਸ਼ੇਰ ਨੇ ਛਲ ਨਾਲ ਮਾਰਿਆ ਹੋਵੇ ॥੭੮੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕੇਸੀ ਬਧ ਦਾ ਅਧਿਆਇ ਸਮਾਪਤ। ਸਭ ਸ਼ੁਭ ਹੈ।
ਹੁਣ ਨਾਰਦ ਜੀ ਕ੍ਰਿਸ਼ਨ ਕੋਲ ਆਏ:
ਅੜਿਲ:
ਤਦ ਨਾਰਦ ਸ੍ਰੀ ਕਿਸ਼ਨ ਯੋਧੇ ਕੋਲ ਚਲ ਕੇ ਗਿਆ।