ਰਾਮ ਸੀਤਾ ਨੂੰ ਵਿਆਹ ਕੇ ਘਰ ਆਏ।
ਦੇਸ਼ਾਂ ਪਰਦੇਸਾਂ ਵਿੱਚ ਵਧਾਈ ਦਾ ਮਾਹੌਲ ਬਣ ਗਿਆ ॥੧੫੮॥
ਜਿਥੇ-ਕਿਥੇ ਬਹੁਤ ਉਤਸ਼ਾਹ ਦਿਸ ਰਿਹਾ ਸੀ।
(ਹਰ ਪਾਸੇ ਰਾਜੇ ਦੇ) ਤਿੰਨਾਂ ਪੁੱਤਰਾਂ ਦੇ ਵਿਆਹ ਦਾ ਹੀ ਵਿਚਾਰ ਹੋ ਰਿਹਾ ਸੀ।
ਅਪਾਰ ਤਾਲ ਅਤੇ ਮ੍ਰਿਦੰਗ ਵੱਜ ਰਹੇ ਸਨ।
ਬਹੁਤ ਅਧਿਕ ਨਾਚ-ਮੰਡਲੀਆਂ ਨਾਚ ਕਰ ਰਹੀਆਂ ਸਨ ॥੧੫੯॥
ਘੋੜ-ਸਵਾਰ ਸੂਰਮੇ ਸਜ-ਸਜ ਕੇ ਜਾ ਰਹੇ ਸਨ।
ਜੇ ਜਵਾਨ ਚੰਗੇ ਸਿਪਾਹੀ ਸਨ।
ਰਾਜੇ ਦਸ਼ਰਥ ਦੇ ਦੁਆਰ 'ਤੇ ਜਾ ਪਹੁੰਚੇ ਸਨ
ਮਹਾਰਥੀ ਅਤੇ ਵੱਡੇ ਧਨੁਸ਼ ਧਾਰੀ ॥੧੬੦॥
ਆਪਾਰਾਂ ਹੀ ਟਲ ('ਜੰਗ') ਅਤੇ ਮੁਚੰਗ ਵੱਜ ਰਹੇ ਸਨ।
ਢੋਲ, ਮ੍ਰਿਦੰਗ ਤੇ ਸੁਰੰਗ (ਦੀ ਸੁਰ ਵੀ) ਮਿਲਾਈ ਜਾ ਰਹੀ ਸੀ।
ਵੇਸ਼ਿਆਵਾਂ ਗੀਤ ਗਾ ਰਹੀਆਂ ਸਨ
ਅਤੇ ਨੈਣਾਂ ਨੂੰ ਮਟਕਾ ਕੇ ਹੱਥਾਂ ਦੀ ਤਾੜੀ ਵਜਾ ਰਹੀਆਂ ਸਨ ॥੧੬੧॥
ਮੰਗਤਿਆਂ ਨੂੰ ਧਨ ਦੀ ਇੱਛਾ ਨ ਰਹੀ।
ਸੋਨੇ ਦੇ ਦਾਨ ਦੀ ਮਾਨੋ ਨਦੀ ਵਗ ਰਹੀ ਹੋਵੇ।
(ਜੇ ਕੋਈ) ਇਕ ਚੀਜ਼ ਮੰਗਣ ਲਈ ਆਉਂਦਾ ਸੀ
ਤਾਂ ਉਹ ਵੀਹ ਚੀਜ਼ਾਂ ਲੈ ਕੇ ਘਰ ਜਾਂਦਾ ਸੀ ॥੧੬੨॥
ਰਾਮ ਚੰਦਰ ਸਜ-ਧਜ ਕੇ ਤੁਰ ਪਏ ਸਨ। (ਉਹ ਇੰਜ ਪ੍ਰਤੀਤ ਹੋ ਰਹੇ ਸਨ)
ਮਾਨੋ ਬਣ ਵਿੱਚ ਬਸੰਤ ਰੁਤ ਦੇ ਫੁੱਲ ਖਿੜੇ ਹੋਣ।
ਉਨ੍ਹਾਂ ਦੇ ਸਰੀਰ ਉੱਤੇ ਪਾਇਆ ਕੇਸਰ ਇਸ ਤਰ੍ਹਾਂ ਸ਼ੋਭਾ ਪਾ ਰਿਹਾ ਸੀ
ਮਾਨੋ ਹਿਰਦੇ ਦਾ ਆਨੰਦ ਉਛਲ ਕੇ ਬਾਹਰ ਆ ਗਿਆ ਹੋਵੇ ॥੧੬੩॥
ਉਨ੍ਹਾਂ ਨੇ ਆਪਣੀ ਅਮਿਤ ਚਤੁਰੰਗੀ ਸੈਨਾ ਨੂੰ ਇਸ ਤਰ੍ਹਾਂ ਸਜਾਇਆ ਹੋਇਆ ਸੀ
ਜਿਸ ਤਰ੍ਹਾਂ ਗੰਗਾ ਉਮੜ ਕੇ ਚਲਦੀ ਹੈ।