ਸ਼੍ਰੀ ਦਸਮ ਗ੍ਰੰਥ

ਅੰਗ - 76


ਪੁਨਹਾ ॥

ਪੁਨਹਾ:

ਬਹੁਰਿ ਭਇਓ ਮਹਖਾਸੁਰ ਤਿਨ ਤੋ ਕਿਆ ਕੀਆ ॥

ਫਿਰ ਮਹਿਖਾਸੁਰ (ਝੋਟੇ ਦੀ ਸ਼ਕਲ ਵਾਲਾ ਦੈਂਤ) ਹੋਇਆ। ਉਸ ਨੇ ਕੀ ਕੀਤਾ? (ਉਸ ਦਾ ਵਰਣਨ ਇਸ ਪ੍ਰਕਾਰ ਹੈ)।

ਭੁਜਾ ਜੋਰਿ ਕਰਿ ਜੁਧੁ ਜੀਤ ਸਭ ਜਗੁ ਲੀਆ ॥

ਉਸ ਨੇ ਭੁਜਾਵਾਂ ਦੇ ਬਲ ਨਾਲ ਯੁੱਧ ਕਰ ਕੇ ਸਾਰੇ ਸੰਸਾਰ ਨੂੰ ਜਿਤ ਲਿਆ।

ਸੂਰ ਸਮੂਹ ਸੰਘਾਰੇ ਰਣਹਿ ਪਚਾਰ ਕੈ ॥

(ਉਸ ਨੇ) ਰਣ-ਭੂਮੀ ਵਿਚ ਵੰਗਾਰ ਕੇ ਦੇਵਤਿਆਂ ਦਾ ਸਮੂਹਿਕ ਸੰਘਾਰ ਕੀਤਾ।

ਟੂਕਿ ਟੂਕਿ ਕਰਿ ਡਾਰੇ ਆਯੁਧ ਧਾਰ ਕੈ ॥੧੩॥

ਹਥਿਆਰ ਧਾਰਨ ਕਰ ਕੇ (ਸਾਰਿਆਂ ਨੂੰ) ਟੋਟੇ ਟੋਟੇ ਕਰ ਸੁਟਿਆ ॥੧੩॥

ਸ੍ਵੈਯਾ ॥

ਸ੍ਵੈਯਾ:

ਜੁਧ ਕਰਿਯੋ ਮਹਿਖਾਸੁਰ ਦਾਨਵ ਮਾਰਿ ਸਭੈ ਸੁਰ ਸੈਨ ਗਿਰਾਇਓ ॥

ਮਹਿਖਾਸੁਰ ਦੈਂਤ ਨੇ ਯੁੱਧ ਕੀਤਾ ਅਤੇ ਸਾਰੀ ਦੇਵ-ਸੈਨਾ ਨੂੰ ਮਾਰ ਸੁਟਿਆ। ਵ

ਕੈ ਕੈ ਦੁ ਟੂਕ ਦਏ ਅਰਿ ਖੇਤਿ ਮਹਾ ਬਰਬੰਡ ਮਹਾ ਰਨ ਪਾਇਓ ॥

ਡੇ ਵਡੇ ਵੈਰੀਆਂ ਨੂੰ ਦੋ ਦੋ ਟੋਟੇ ਕਰ ਕੇ ਯੁੱਧ-ਭੂਮੀ ਵਿਚ ਡਿਗਾ ਦਿੱਤਾ ਅਤੇ (ਉਸ) ਮਹਾਬਲੀ ਨੇ ਘਮਸਾਨ ਯੁੱਧ ਕੀਤਾ।

ਸ੍ਰਉਣਤ ਰੰਗ ਸਨਿਓ ਨਿਸਰਿਓ ਜਸੁ ਇਆ ਛਬਿ ਕੋ ਮਨ ਮੈ ਇਹਿ ਆਇਓ ॥

ਲਹੂ ਦੇ ਰੰਗ ਵਿਚ ਲਥ-ਪਥ ਹੋਇਆ (ਉਹ ਯੁੱਧ-ਭੂਮੀ ਤੋਂ) ਬਾਹਰ ਨਿਕਲਿਆ।

ਮਾਰਿ ਕੈ ਛਤ੍ਰਨਿ ਕੁੰਡ ਕੈ ਛੇਤ੍ਰ ਮੈ ਮਾਨਹੁ ਪੈਠਿ ਕੈ ਰਾਮ ਜੂ ਨਾਇਓ ॥੧੪॥

(ਉਸ ਦੀ ਇਸ ਸੁੰਦਰਤਾ ਨੂੰ ਵੇਖ ਕੇ) ਕਵੀ ਦੇ ਮਨ ਵਿਚ ਇਹ ਆਈ ਮਾਨੋ ਛਤ੍ਰੀ ਰਾਜਿਆਂ ਨੂੰ ਮਾਰ ਕੇ ਕੁਰੂਕਸ਼ੇਤ੍ਰ ਦੇ (ਲਹੂ ਦੇ) ਕੁੰਡ ਵਿਚੋਂ ਪਰਸ਼ੁਰਾਮ ਇਸ਼ਨਾਨ ਕਰ ਕੇ ਨਿਕਲਿਆ ਹੋਵੇ ॥੧੪॥

ਲੈ ਮਹਖਾਸੁਰ ਅਸਤ੍ਰ ਸੁ ਸਸਤ੍ਰ ਸਬੈ ਕਲਵਤ੍ਰ ਜਿਉ ਚੀਰ ਕੈ ਡਾਰੈ ॥

ਮਹਿਖਾਸੁਰ ਨੇ ਅਸਤ੍ਰ ਅਤੇ ਸ਼ਸਤ੍ਰ ਲੈ ਕੇ ਸਾਰੇ (ਵੈਰੀਆਂ) ਨੂੰ ਕਲਵਤਰ ਵਾਂਗ ਚੀਰ ਕੇ ਸੁਟ ਦਿੱਤਾ।

ਲੁਥ ਪੈ ਲੁਥ ਰਹੀ ਗੁਥਿ ਜੁਥਿ ਗਿਰੇ ਗਿਰ ਸੇ ਰਥ ਸੇਾਂਧਵ ਭਾਰੇ ॥

ਲੋਥਾਂ ਉਤੇ ਲੋਥਾਂ ਗੁੱਛਾ-ਮੁੱਛਾ ਹੋਈਆਂ ਪਈਆਂ ਹਨ ਅਤੇ ਪਰਬਤਾਂ ਜਿੰਨੇ ਵਡੇ ਰਥ ਅਤੇ ਘੋੜੇ ਡਿਗੇ ਪਏ ਹਨ।

ਗੂਦ ਸਨੇ ਸਿਤ ਲੋਹੂ ਮੈ ਲਾਲ ਕਰਾਲ ਪਰੇ ਰਨ ਮੈ ਗਜ ਕਾਰੇ ॥

ਚਿੱਟੀ ਮਿਝ ਅਤੇ ਲਾਲ ਲਹੂ ਨਾਲ ਲਿਬੜੇ ਕਾਲੇ ਭਿਆਨਕ ਹਾਥੀ ਯੁੱਧ-ਭੂਮੀ ਵਿਚ ਡਿਗੇ ਪਏ ਹਨ।

ਜਿਉ ਦਰਜੀ ਜਮ ਮ੍ਰਿਤ ਕੇ ਸੀਤ ਮੈ ਬਾਗੇ ਅਨੇਕ ਕਤਾ ਕਰਿ ਡਾਰੇ ॥੧੫॥

(ਉਹ) ਯਮ ਦੇ ਮਾਰੇ ਹੋਏ ਇੰਜ ਲਗਦੇ ਹਨ ਜਿਵੇਂ ਸਰਦੀ ਦੀ ਰੁਤ ਵਿਚ ਦਰਜ਼ੀ ਅਨੇਕ ਕਪੜੇ ਕਟ ਕੇ ਸੁਟਦਾ ਹੈ ॥੧੫॥

ਲੈ ਸੁਰ ਸੰਗ ਸਬੈ ਸੁਰਪਾਲ ਸੁ ਕੋਪ ਕੇ ਸਤ੍ਰੁ ਕੀ ਸੈਨ ਪੈ ਧਾਏ ॥

ਇੰਦਰ ਸਾਰਿਆਂ ਦੇਵਤਿਆਂ ਨੂੰ (ਆਪਣੇ) ਨਾਲ ਲੈ ਕੇ ਕ੍ਰੋਧਵਾਨ ਹੋਇਆ ਵੈਰੀ ਦੀ ਸੈਨਾ ਉਤੇ ਜਾ ਪਿਆ।

ਦੈ ਮੁਖ ਢਾਰ ਲੀਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਏ ॥

ਮੂੰਹ ਅਗੇ ਢਾਲ ਦੇ ਕੇ ਅਤੇ (ਹੱਥ ਵਿਚ) ਤਲਵਾਰ ਲੈ ਕੇ ਲਲਕਾਰ ਅਤੇ ਵੰਗਾਰ ਕੇ (ਅਜਿਹੇ) ਵਾਰ ਕੀਤੇ

ਸ੍ਰਉਨ ਮੈ ਦੈਤ ਸੁਰੰਗ ਭਏ ਕਬਿ ਨੇ ਮਨ ਭਾਉ ਇਹੈ ਛਬਿ ਪਾਏ ॥

ਕਿ ਲਹੂ ਨਾਲ ਦੈਂਤ ਲਾਲ ਹੋ ਗਏ। ਉਨ੍ਹਾਂ ਦੀ ਸੁੰਦਰਤਾ ਨੂੰ ਵੇਖ ਕੇ ਕਵੀ ਦੇ ਮਨ ਵਿਚ ਇਹ ਭਾਵ ਆਇਆ

ਰਾਮ ਮਨੋ ਰਨ ਜੀਤ ਕੈ ਭਾਲਕ ਦੈ ਸਿਰਪਾਉ ਸਬੈ ਪਹਰਾਏ ॥੧੬॥

ਮਾਨੋ ਰਾਮਚੰਦ੍ਰ ਨੇ ਜੰਗ ਜਿਤ ਕੇ ਸਾਰਿਆਂ ਰਿੱਛਾਂ ਨੂੰ ਸਿਰੋਪਾਉ ਪਵਾਏ ਹੋਣ ॥੧੬॥

ਘਾਇਲ ਘੂਮਤ ਹੈ ਰਨ ਮੈ ਇਕ ਲੋਟਤ ਹੈ ਧਰਨੀ ਬਿਲਲਾਤੇ ॥

(ਕਈ ਯੋਧੇ) ਰਣ-ਭੂਮੀ ਵਿਚ ਘਾਇਲ ਘੁੰਮਦੇ ਹਨ ਅਤੇ ਕਈ ਧਰਤੀ ਉਤੇ ਪਏ ਕਰਾਹ ਰਹੇ ਹਨ।

ਦਉਰਤ ਬੀਚ ਕਬੰਧ ਫਿਰੈ ਜਿਹ ਦੇਖਤ ਕਾਇਰ ਹੈ ਡਰ ਪਾਤੇ ॥

(ਰਣ-ਭੂਮੀ) ਵਿਚ ਧੜ ('ਕਬੰਧ') ਦੌੜਦੇ ਫਿਰਦੇ ਹਨ ਜਿਨ੍ਹਾਂ ਨੂੰ ਵੇਖਕੇ ਡਰਪੋਕ ਡਰ ਰਹੇ ਹਨ।

ਇਯੋ ਮਹਿਖਾਸੁਰ ਜੁਧੁ ਕੀਯੋ ਤਬ ਜੰਬੁਕ ਗਿਰਝ ਭਏ ਰੰਗ ਰਾਤੇ ॥

ਜਦੋਂ ਮਹਿਖਾਸੁਰ ਨੇ ਇਸ ਪ੍ਰਕਾਰ ਦਾ ਯੁੱਧ ਕੀਤਾ ਤਦੋਂ ਗਿਦੜ (ਜੰਬੁਕ) ਅਤੇ ਗਿਰਝਾਂ (ਅਧਿਕ ਖਾਧ-ਪਦਾਰਥ ਮਿਲਣ ਕਾਰਨ) ਖੁਸ਼ ਹੋ ਗਈਆਂ।

ਸ੍ਰੌਨ ਪ੍ਰਵਾਹ ਮੈ ਪਾਇ ਪਸਾਰ ਕੈ ਸੋਏ ਹੈ ਸੂਰ ਮਨੋ ਮਦ ਮਾਤੇ ॥੧੭॥

ਸੂਰਮੇ ਲਹੂ ਦੇ ਹੜ੍ਹ ਵਿਚ (ਪਏ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਸ਼ਰਾਬ ਪੀ ਕੇ ਮਤਵਾਲੇ ਪੈਰ ਪਸਾਰ ਕੇ ਸੁੱਤੇ ਪਏ ਹੋਣ ॥੧੭॥

ਜੁਧੁ ਕੀਓ ਮਹਖਾਸੁਰ ਦਾਨਵ ਦੇਖਤ ਭਾਨੁ ਚਲੇ ਨਹੀ ਪੰਥਾ ॥

ਮਹਿਖਾਸੁਰ ਦੈਂਤ ਦੇ ਕੀਤੇ ਯੁੱਧ ਨੂੰ ਵੇਖ ਕੇ ਸੂਰਜ ਵੀ ਆਪਣਾ ਰਸਤਾ ਭੁਲ ਗਿਆ।

ਸ੍ਰੌਨ ਸਮੂਹ ਚਲਿਓ ਲਖਿ ਕੈ ਚਤੁਰਾਨਨ ਭੂਲਿ ਗਏ ਸਭ ਗ੍ਰੰਥਾ ॥

ਲਹੂ ਦੇ ਪ੍ਰਵਾਹ ਨੂੰ ਚਲਦਾ ਵੇਖ ਕੇ ਬ੍ਰਹਮਾ ਸਾਰੇ ਵੇਦ ('ਗ੍ਰੰਥ') ਭੁਲ ਗਿਆ।

ਮਾਸ ਨਿਹਾਰ ਕੈ ਗ੍ਰਿਝ ਰੜੈ ਚਟਸਾਰ ਪੜੈ ਜਿਮੁ ਬਾਰਕ ਸੰਥਾ ॥

ਮਾਸ ਨੂੰ ਵੇਖਕੇ ਗਿਰਝਾਂ (ਇਸ ਤਰ੍ਹਾਂ) ਬੋਲਦੀਆਂ ਹਨ ਜਿਵੇਂ ਬਾਲਕ ਪਾਠਸ਼ਾਲਾ ਵਿਚ ਪੜ੍ਹ ਰਹੇ ਹਨ।

ਸਾਰਸੁਤੀ ਤਟਿ ਲੈ ਭਟ ਲੋਥ ਸ੍ਰਿੰਗਾਲ ਕਿ ਸਿਧ ਬਨਾਵ ਕੰਥਾ ॥੧੮॥

ਗਿਦੜ ਸੂਰਮਿਆਂ ਦੀਆਂ ਲੋਥਾਂ ਇੰਜ ਲੈ ਜਾ ਰਹੇ ਹਨ ਜਿਵੇਂ ਸਰਸਵਤੀ ਦੇ ਕੰਢੇ ਸਿੱਧ ਕੰਥਾ ਬਣਾਉਣ ਲਈ (ਬ੍ਰਿਛਾਂ ਦੀਆਂ ਛਿਲਾਂ ਲੈ ਜਾ ਰਹੇ ਹਨ) ॥੧੮॥


Flag Counter