ਕ੍ਰਿਪਾਲੂ ਤੇ ਬਸ਼ਸ਼ਿਸ਼ ਕਰਨ ਵਾਲਾ ਹੈ,
ਮਾੜੀ ਹਾਲਤ ਨੂੰ ਸੁਧਾਰਨ ਵਾਲਾ ਦਿਆਲੂ ਹੈ ॥੨੦੪॥
ਅਨੇਕਾਂ ਸੰਤਾਂ ਨੂੰ ਤਾਰਨ ਵਾਲਾ ਹੇ,
ਦੈਂਤਾਂ ਤੇ ਦੇਵਤਿਆਂ ਦਾ ਕਾਰਨ ਰੂਪ ਹੈ।
ਇੰਦਰ ਦੇ ਸਰੂਪ ਵਾਲਾ ਹੈ
ਅਤੇ ਸਿੱਧੀਆਂ ਦਾ ਅਮੁੱਕ ਭੰਡਾਰ ਹੈ ॥੨੦੫॥
(ਫਿਰ ਕੈਕਈ ਕਹਿਣ ਲੱਗੀ-) ਹੇ ਰਾਜਨ! (ਮੈਨੂੰ) ਵਰ ਦਿਓ।
ਜੋ (ਤੁਸੀਂ) ਕਹੇ ਹੋਏ ਹਨ, ਉਹ ਪੂਰੇ ਕਰੋ।
ਹੇ ਰਾਜਨ! ਮਨ ਵਿੱਚ ਕੋਈ ਸ਼ੰਕਾ ਨਾ ਧਾਰੋ,
ਬੋਲ ਕਹਿ ਕੇ ਬੋਲ ਤੋਂ ਨਾ ਹਾਰੋ ॥੨੦੬॥
ਨਗ ਸਰੂਪੀ ਅੱਧਾ ਛੰਦ
(ਹੇ ਰਾਜਨ!) ਲੱਜਾ ਨਾ ਕਰੋ
(ਬਚਨ ਤੋਂ) ਨਾ ਫਿਰੋ,
ਰਾਮ ਨੂੰ
ਤਪੋ ਬਣ ਵਲ ਭੇਜੋ ॥੨੦੭॥
(ਰਾਮ ਨੂੰ) ਵਿਦਾ ਕਰ ਦਿਓ,
ਧਰਤੀ (ਦਾ ਭਾਰ) ਦੂਰ ਕਰੋ,
(ਬਚਨ ਤੋਂ) ਨਾ ਫਿਰੋ,
ਸਥਿਰ ਹੋਵੋ ॥੨੦੮॥
(ਹੇ ਰਾਜਾ!) ਵਸ਼ਿਸ਼ਟ
ਅਤੇ ਰਾਜ ਪੁਰੋਹਿਤ ਨੂੰ
ਬੁਲਾ ਲਵੋ
(ਅਤੇ ਰਾਮ ਚੰਦਰ ਨੂੰ ਬਣ) ਭੇਜੋ ॥੨੦੯॥
ਰਾਜੇ (ਦਸ਼ਰਥ) ਨੇ
ਠੰਡਾ ਸਾਹ ਲਿਆ
ਅਤੇ ਘੇਰਨੀ ਖਾ ਕੇ
ਧਰਤੀ ਉੱਤੇ ਡਿੱਗ ਪਿਆ ॥੨੧੦॥
ਜਦੋਂ ਰਾਜਾ
ਅਚੇਤ ਅਵਸਥਾ ਤੋਂ ਸੁਚੇਤ ਹੋਇਆ
ਤਾਂ ਹੌਕਾ ਲੈ ਕੇ
ਉਦਾਸ ਹੋ ਗਿਆ ॥੨੧੧॥
ਉਗਾਧ ਛੰਦ
(ਰਾਜੇ ਨੇ) ਜਲ ਭਰੀਆਂ ਅੱਖਾ ਨਾਲ
ਅਤੇ ਉਦਾਸ ਬਚਨਾਂ (ਨਾਲ ਕੈਕਈ ਨੂੰ)
ਕਿਹਾ- ਹੇ ਨੀਚ ਔਰਤ!
ਬੁਰੇ ਸੁਭਾਵ ਵਾਲੀ! ॥੨੧੨॥
ਹੈ ਕਲੰਕ ਰੂਪਣੀ!
ਹੇ ਬੁਰੀ ਸੁਭਾਵ ਦੀ ਖੂਹ!
ਹੇ ਨਿਰਲਜ ਅੱਖਾਂ ਵਾਲੀ!
ਹੇ ਬੁਰੇ ਬੋਲ ਬੋਲਣ ਵਾਲੀ! ॥੨੧੩॥
ਹੇ ਕਲੰਕ ਕਰਨ ਵਾਲੀ!
ਹੇ ਅਮੀਰੀ ਨੂੰ ਨਸ਼ਟ ਕਰਨ ਵਾਲੀ!
ਹੇ ਨ ਕਰਨ ਯੋਗ ਕਰਮਾਂ ਨੂੰ ਕਰਨ ਵਾਲੀ!
ਹੇ ਨਿਰਲਜ ਧਰਮ ਵਾਲੀ! ॥੨੧੪॥
ਹੇ ਬੇਸ਼ਰਮੀ ਦਾ ਘਰ
ਰੂਪ ਨਿਰਲਜ ਇਸਤਰੀ!
ਬਦਨਾਮੀ ਕਰਾਉਣ ਵਾਲੀ!
ਹੇ ਸ਼ੋਭਾ ਨੂੰ ਨਸ਼ਟ ਕਰਨ ਵਾਲੀ! ॥੨੧੫॥