ਸ਼੍ਰੀ ਦਸਮ ਗ੍ਰੰਥ

ਅੰਗ - 56


ਬਿਸਨ ਆਪ ਹੀ ਕੋ ਠਹਰਾਯੋ ॥

ਅਤੇ ਵਿਸ਼ਣੂ ਨੇ ਆਪਣੇ ਆਪ ਨੂੰ (ਪਰਮੇਸ਼ਵਰ) ਸਥਾਪਿਤ ਕੀਤਾ।

ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥

ਬ੍ਰਹਮਾ ਨੇ ਖੁਦ ਨੂੰ ਪਾਰਬ੍ਰਹਮ ਦਸਿਆ

ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥

ਅਤੇ ਪ੍ਰਭੂ ਨੂੰ ਪ੍ਰਭੂ ਕਰ ਕੇ ਕਿਸੇ ਨੇ ਵੀ ਨਹੀਂ ਜਾਣਿਆ ॥੮॥

ਤਬ ਸਾਖੀ ਪ੍ਰਭ ਅਸਟ ਬਨਾਏ ॥

ਤਦ (ਪਰਮਾਤਮਾ ਨੇ) ਅੱਠ ਸਾਖੀ (ਚੰਦ੍ਰਮਾ, ਸੂਰਜ, ਪ੍ਰਿਥਵੀ, ਧ੍ਰੁਵ, ਅਗਨੀ, ਪਵਨ, ਪ੍ਰਤ੍ਯੂਸ਼ ਅਤੇ ਪ੍ਰਭਾਸ) ਬਣਾਏ

ਸਾਖ ਨਮਿਤ ਦੇਬੇ ਠਹਿਰਾਏ ॥

ਅਤੇ ਸਾਖ (ਗਵਾਹੀ) ਦੇਣ ਲਈ ਸਥਾਪਿਤ ਕੀਤੇ।

ਤੇ ਕਹੈ ਕਰੋ ਹਮਾਰੀ ਪੂਜਾ ॥

(ਉਨ੍ਹਾਂ ਨੇ ਵੀ) ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਪੂਜਾ ਕਰੋ

ਹਮ ਬਿਨੁ ਅਵਰੁ ਨ ਠਾਕੁਰੁ ਦੂਜਾ ॥੯॥

(ਕਿਉਂਕਿ) ਸਾਡੇ ਤੋਂ ਬਿਨਾ ਕੋਈ ਠਾਕੁਰ ਨਹੀਂ ਹੈ ॥੯॥

ਪਰਮ ਤਤ ਕੋ ਜਿਨ ਨ ਪਛਾਨਾ ॥

ਜਿਨ੍ਹਾਂ ਨੇ ਪਰਮ-ਤੱਤ੍ਵ ਨੂੰ ਨਹੀਂ ਪਛਾਣਿਆ,

ਤਿਨ ਕਰਿ ਈਸੁਰ ਤਿਨ ਕਹੁ ਮਾਨਾ ॥

ਉਨ੍ਹਾਂ ਨੇ ਅੱਠਾਂ ਸਾਖੀਆਂ ਨੂੰ ਈਸ਼ਵਰ ਕਰ ਕੇ ਮੰਨ ਲਿਆ।

ਕੇਤੇ ਸੂਰ ਚੰਦ ਕਹੁ ਮਾਨੈ ॥

ਕਿਤਨੇ ਹੀ ਚੰਦ੍ਰਮਾ ਅਤੇ ਸੂਰਜ ਨੂੰ ਮੰਨਣ ਲਗੇ।

ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥

ਕਈ ਅਗਨੀ ਹੋਤ੍ਰ ਕਰਦੇ ਰਹੇ ਅਤੇ ਕਈ ਪੌਣ ਨੂੰ ਮਾਨਤਾ ਦਿੰਦੇ ਰਹੇ ॥੧੦॥

ਕਿਨਹੂੰ ਪ੍ਰਭੁ ਪਾਹਿਨ ਪਹਿਚਾਨਾ ॥

ਕਈਆਂ ਨੇ ਪੱਥਰ ਨੂੰ ਪ੍ਰਭੂ ਕਰ ਕੇ ਪਛਾਣਿਆ

ਨ੍ਰਹਾਤ ਕਿਤੇ ਜਲ ਕਰਤ ਬਿਧਾਨਾ ॥

ਅਤੇ ਕਈ ਜਲ ਵਿਚ ਇਸ਼ਨਾਨ ਕਰਨ ਦਾ ਵਿਧਾਨ ਕਰਦੇ ਰਹੇ।

ਕੇਤਿਕ ਕਰਮ ਕਰਤ ਡਰਪਾਨਾ ॥

ਕਈ ਕਰਮ ਕਰਦਿਆਂ ਡਰਦੇ ਰਹੇ

ਧਰਮ ਰਾਜ ਕੋ ਧਰਮ ਪਛਾਨਾ ॥੧੧॥

ਅਤੇ ਕਈਆਂ ਨੇ ਧਰਮਰਾਜ ਨੂੰ ਹੀ ਪਰਮਾਤਮਾ ਸਮਝਣ ਦਾ ਵਿਚਾਰ ਪ੍ਰਚਲਿਤ ਕੀਤਾ ॥੧੧॥

ਜੇ ਪ੍ਰਭ ਸਾਖ ਨਮਿਤ ਠਹਰਾਏ ॥

ਜੋ ਪ੍ਰਭੂ ਨੇ ਸਾਖੀ ਦੇਣ ਲਈ ਸਥਾਪਿਤ ਕੀਤੇ ਸਨ,

ਤੇ ਹਿਆਂ ਆਇ ਪ੍ਰਭੂ ਕਹਵਾਏ ॥

ਉਹ ਇਥੇ ਆ ਕੇ ਪ੍ਰਭੂ ਅਖਵਾਉਣ ਲਗੇ।

ਤਾ ਕੀ ਬਾਤ ਬਿਸਰ ਜਾਤੀ ਭੀ ॥

(ਉਨ੍ਹਾਂ ਨੂੰ) ਪ੍ਰਭੂ ਦੀ ਗੱਲ ਹੀ ਭੁਲ ਗਈ

ਅਪਨੀ ਅਪਨੀ ਪਰਤ ਸੋਭ ਭੀ ॥੧੨॥

ਅਤੇ ਆਪਣੀ ਆਪਣੀ ਸ਼ੋਭਾ ਵਿਚ ਹੀ ਲਗੇ ਰਹੇ ॥੧੨॥

ਜਬ ਪ੍ਰਭ ਕੋ ਨ ਤਿਨੈ ਪਹਿਚਾਨਾ ॥

ਜਦੋਂ ਉਨ੍ਹਾਂ ਨੇ ਪ੍ਰਭੂ ਨੂੰ ਨਾ ਪਛਾਣਿਆ

ਤਬ ਹਰਿ ਇਨ ਮਨੁਛਨ ਠਹਰਾਨਾ ॥

ਤਾਂ ਹਰਿ ਨੇ ਇਨ੍ਹਾਂ ਮਨੁੱਖਾਂ ਨੂੰ ਕਾਇਮ ਕੀਤਾ।

ਤੇ ਭੀ ਬਸਿ ਮਮਤਾ ਹੁਇ ਗਏ ॥

ਉਹ ਵੀ ਮਮਤਾ ਦੇ ਵਸ ਹੋ ਗਏ

ਪਰਮੇਸੁਰ ਪਾਹਨ ਠਹਰਏ ॥੧੩॥

ਅਤੇ ਪਰਮੇਸ਼ਵਰ ਨੂੰ ਮੂਰਤੀ ਵਿਚ ਮੰਨਣਾ ਸ਼ੁਰੂ ਕੀਤਾ ॥੧੩॥

ਤਬ ਹਰਿ ਸਿਧ ਸਾਧ ਠਹਿਰਾਏ ॥

ਤਦ ਹਰਿ ਨੇ ਸਿੱਧ ਅਤੇ ਸਾਧ ਪੈਦਾ ਕੀਤੇ

ਤਿਨ ਭੀ ਪਰਮ ਪੁਰਖੁ ਨਹਿ ਪਾਏ ॥

(ਪਰ) ਉਨ੍ਹਾਂ ਨੇ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ।

ਜੇ ਕੋਈ ਹੋਤਿ ਭਯੋ ਜਗਿ ਸਿਆਨਾ ॥

ਜੇ ਕੋਈ ਜਗਤ ਵਿਚ ਸਿਆਣਾ ਹੋਇਆ

ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥

ਤਾਂ ਉਸ ਨੇ ਵੀ ਆਪਣਾ ਆਪਣਾ (ਵਖਰਾ) ਪੰਥ ਚਲਾਇਆ ॥੧੪॥

ਪਰਮ ਪੁਰਖ ਕਿਨਹੂੰ ਨਹ ਪਾਯੋ ॥

ਪਰਮ ਪੁਰਖ ਕਿਸੇ ਨੇ ਪ੍ਰਾਪਤ ਨਹੀਂ ਕੀਤਾ

ਬੈਰ ਬਾਦ ਹੰਕਾਰ ਬਢਾਯੋ ॥

(ਸਗੋਂ) ਵੈਰ, ਵਾਦ-ਵਿਵਾਦ ਅਤੇ ਹੰਕਾਰ ਵਧਾ ਲਿਆ

ਪੇਡ ਪਾਤ ਆਪਨ ਤੇ ਜਲੈ ॥

(ਜਿਵੇਂ) ਬ੍ਰਿਛਾਂ ਦੇ ਪੱਤਰ ਆਪਣੇ ਆਪ ਹੀ ਜਲਣ ਲਗਦੇ ਹਨ (ਉਸੇ ਤਰ੍ਹਾਂ ਉਹ ਲੋਕ ਆਪਣੇ ਵਿਕਾਰਾਂ ਕਾਰਨ ਸੜ ਗਏ)

ਪ੍ਰਭ ਕੈ ਪੰਥ ਨ ਕੋਊ ਚਲੈ ॥੧੫॥

ਪਰ ਪਰਮਾਤਮਾ ਦੇ ਮਾਰਗ ਉਤੇ ਕੋਈ ਨਹੀਂ ਚਲਿਆ ॥੧੫॥

ਜਿਨਿ ਜਿਨਿ ਤਨਿਕਿ ਸਿਧ ਕੋ ਪਾਯੋ ॥

ਜਿਸ ਜਿਸ ਨੇ ਰਤਾ ਕੁ ਸਿੱਧੀ ਪ੍ਰਾਪਤ ਕੀਤੀ ਹੈ,

ਤਿਨਿ ਤਿਨਿ ਅਪਨਾ ਰਾਹੁ ਚਲਾਯੋ ॥

ਉਸ ਨੇ ਆਪਣਾ ਆਪਣਾ ਮਾਰਗ ਚਲਾ ਲਿਆ ਹੈ।

ਪਰਮੇਸੁਰ ਨ ਕਿਨਹੂੰ ਪਹਿਚਾਨਾ ॥

ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਪਛਾਣਿਆ

ਮਮ ਉਚਾਰਿ ਤੇ ਭਯੋ ਦਿਵਾਨਾ ॥੧੬॥

ਅਤੇ ਆਪਣੀ ਉਪਾਸਨਾ ਕਾਰਨ (ਸਭ) ਦਿਵਾਨੇ ਹੋ ਗਏ ॥੧੬॥

ਪਰਮ ਤਤ ਕਿਨਹੂੰ ਨ ਪਛਾਨਾ ॥

ਪਰਮ-ਸੱਤਾ ਨੂੰ ਕਿਸੇ ਨੇ ਨਹੀਂ ਪਛਾਣਿਆ,

ਆਪ ਆਪ ਭੀਤਰਿ ਉਰਝਾਨਾ ॥

ਆਪਣੇ ਆਪ ਵਿਚ ਹੀ ਉਲਝ ਗਏ।

ਤਬ ਜੇ ਜੇ ਰਿਖਿ ਰਾਜ ਬਨਾਏ ॥

ਤਦ ਜੋ ਜੋ ਰਾਜ ਰਿਸ਼ੀ ਬਣਾਏ ਗਏ,

ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ ॥੧੭॥

ਉਨ੍ਹਾਂ ਨੇ ਫਿਰ ਆਪਣੀਆਂ ਸਮ੍ਰਿਤੀਆਂ (ਧਰਮ-ਮਰਯਾਦਾ ਦੀਆਂ ਪੁਸਤਕਾਂ) ਦਾ ਪ੍ਰਚਲਨ ਕਰ ਦਿੱਤਾ ॥੧੭॥

ਜੇ ਸਿੰਮ੍ਰਤਨ ਕੇ ਭਏ ਅਨੁਰਾਗੀ ॥

ਜਿਹੜੇ ਜਿਹੜੇ (ਉਨ੍ਹਾਂ) ਸਮ੍ਰਿਤੀਆਂ ਵਿਚ ਪ੍ਰੇਮ ਪਾਣ ਲਗ ਗਏ,

ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ ॥

ਉਨ੍ਹਾਂ ਨੇ (ਸੱਚੀ) ਅਧਿਆਤਮਿਕ ਸਾਧਨਾ ਦਾ ਤਿਆਗ ਕਰ ਦਿੱਤਾ।

ਜਿਨ ਮਨੁ ਹਰ ਚਰਨਨ ਠਹਰਾਯੋ ॥

ਜਿਨ੍ਹਾਂ ਨੇ ਆਪਣਾ ਮਨ ਹਰਿ ਚਰਨਾਂ ਨਾਲ ਜੋੜਿਆ,

ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥

ਉਹ ਸਮ੍ਰਿਤੀਆਂ ਦੇ (ਧਰਮ) ਮਾਰਗ ਉਤੇ ਨਹੀਂ ਚਲੇ ॥੧੮॥

ਬ੍ਰਹਮਾ ਚਾਰ ਹੀ ਬੇਦ ਬਨਾਏ ॥

ਬ੍ਰਹਮਾ ਨੇ ਚਾਰ ਵੇਦਾਂ ਦੀ ਰਚਨਾ ਕੀਤੀ

ਸਰਬ ਲੋਕ ਤਿਹ ਕਰਮ ਚਲਾਏ ॥

ਅਤੇ ਸਾਰੇ ਲੋਕਾਂ ਨੂੰ (ਵੇਦ ਅਨੁਸਾਰੀ) ਕਰਮ ਮਾਰਗ ਉਤੇ ਤੋਰਿਆ।

ਜਿਨ ਕੀ ਲਿਵ ਹਰਿ ਚਰਨਨ ਲਾਗੀ ॥

(ਪਰ) ਜਿਨ੍ਹਾਂ ਦੀ ਲਿਵ ਹਰਿ-ਚਰਨਾਂ ਨਾਲ ਲਗ ਗਈ,

ਤੇ ਬੇਦਨ ਤੇ ਭਏ ਤਿਆਗੀ ॥੧੯॥

ਉਨ੍ਹਾਂ ਨੇ ਵੇਦਾਂ (ਦੇ ਮਾਰਗ ਦਾ) ਤਿਆਗ ਕਰ ਦਿੱਤਾ ॥੧੯॥

ਜਿਨ ਮਤਿ ਬੇਦ ਕਤੇਬਨ ਤਿਆਗੀ ॥

ਜਿਨ੍ਹਾਂ ਨੇ ਵੇਦਾਂ ਅਤੇ ਕਤੇਬਾਂ ਦੀ ਵਿਚਾਰਧਾਰਾ (ਮਤ) ਨੂੰ ਤਿਆਗ ਦਿੱਤਾ,


Flag Counter