ਸ਼੍ਰੀ ਦਸਮ ਗ੍ਰੰਥ

ਅੰਗ - 1015


ਚਿਤ੍ਰ ਰੇਖਾ ਸੁਣਿ ਏ ਬਚਨ ਹਿਤੂ ਹੇਤ ਦੁਖ ਪਾਇ ॥

ਚਿਤ੍ਰਰੇਖਾ ਨੇ ਬਚਨ ਸੁਣ ਕੇ (ਆਪਣੀ) ਪਿਆਰੀ ਸਹੇਲੀ ਲਈ ਬਹੁਤ ਦੁਖ ਪਾਇਆ।

ਪਵਨ ਡਾਰਿ ਪਾਛੇ ਚਲੀ ਤਹਾ ਪਹੂੰਚੀ ਜਾਇ ॥੧੮॥

ਉਹ ਪੌਣਾਂ ਦੀ ਚਾਲ ਨਾਲੋਂ ਵੀ ਅਧਿਕ ਤੇਜ਼ ਚਲ ਕੇ ਉਥੇ ਜਾ ਪਹੁੰਚੀ (ਜਿਥੇ ਊਖ ਕਲਾ ਸੀ) ॥੧੮॥

ਅੜਿਲ ॥

ਅੜਿਲ:

ਤਾ ਕੋ ਰੂਪ ਬਿਲੋਕਿਯੋ ਜਬ ਹੀ ਜਾਇ ਕੈ ॥

ਉਸ ਨੇ ਜਦ ਜਾ ਕੇ ਉਸ ਦਾ ਰੂਪ ਵੇਖਿਆ

ਹਿਤੂ ਹੇਤੁ ਗਿਰਿ ਪਰੀ ਧਰਨਿ ਦੁਖੁ ਪਾਇ ਕੈ ॥

ਤਾਂ (ਆਪਣੀ) ਪਿਆਰੀ ਲਈ ਦੁਖੀ ਹੋ ਕੇ ਧਰਤੀ ਉਤੇ ਡਿਗ ਪਈ।

ਯਾਹਿ ਸਖੀ ਜਿਹਿ ਬਿਧਿ ਸੌ ਪਿਯਹਿ ਮਿਲਾਇਯੈ ॥

ਹੇ ਸਖੀ! ਕਿਸੇ ਤਰ੍ਹਾਂ ਉਸ ਪ੍ਰੀਤਮ ਨਾਲ ਇਸ ਨੂੰ ਮਿਲਾ ਦੇਈਏ।

ਹੌ ਜੌਨ ਸੁਪਨਿਯੈ ਲਹਿਯੋ ਵਹੈ ਲੈ ਆਇਯੈ ॥੧੯॥

(ਊਖ ਕਲਾ ਕਹਿਣ ਲਗੀ) ਜੋ ਸੁਪਨੇ ਵਿਚ ਵੇਖਿਆ ਹੈ, ਉਸ ਨੂੰ ਲਿਆ ਕੇ ਮਿਲਾ ਦਿਓ ॥੧੯॥

ਚੌਪਈ ॥

ਚੌਪਈ:

ਚਿਤ੍ਰਕਲਾ ਧੌਲਹਰ ਉਸਾਰਿਸ ॥

ਚਿਤ੍ਰਕਲਾ ਨੇ ਉਥੇ (ਇਹ ਵੱਡਾ ਸਾਰਾ) ਮਹੱਲ ਉਸਾਰਿਆ (ਅਰਥਾਤ ਚਿਤਰਿਆ)।

ਚੌਦਹ ਭਵਨ ਤਹਾ ਲਿਖਿ ਡਾਰਿਸ ॥

ਉਸ ਵਿਚ ਚੌਦਾਂ ਲੋਕ ਚਿਤਰ ਦਿੱਤੇ।

ਦੇਵ ਦੈਤ ਤਿਹ ਠੌਰ ਬਨਾਏ ॥

ਉਸ ਵਿਚ ਦੇਵਤੇ, ਦੈਂਤ,

ਗੰਧ੍ਰਬ ਜਛ ਭੁਜੰਗ ਸੁਹਾਏ ॥੨੦॥

ਗੰਧਰਬ, ਯਕਸ਼ ਅਤੇ ਨਾਗ ਬਣਾ ਕੇ ਸੁਸ਼ੋਭਿਤ ਕੀਤੇ ॥੨੦॥

ਦੋਹਰਾ ॥

ਦੋਹਰਾ:

ਦੇਸ ਦੇਸ ਕੇ ਏਸ ਜੇ ਤਹ ਸਭ ਲਿਖੇ ਬਨਾਇ ॥

ਜਿਹੜੇ ਜਿਹੜੇ ਦੇਸਾਂ ਦੇ ਸੁਆਮੀ ਸਨ, ਉਨ੍ਹਾਂ ਸਾਰਿਆਂ ਨੂੰ ਚਿਤਰਿਆ।

ਰੋਹਣੇਹ ਪ੍ਰਦੁਮਨ ਸੁਤ ਹਰਿ ਆਦਿਕ ਜਦੁਰਾਇ ॥੨੧॥

ਰੋਹਣੀ ਦੇ ਪਤੀ (ਬਲਭਦ੍ਰ) ਪ੍ਰਦੁਮਨ ਦੇ ਪੁੱਤਰ ਅਨਰੁਧ ਅਤੇ ਕ੍ਰਿਸ਼ਨ ਆਦਿ ਯਾਦਵਾਂ ਨੂੰ ਪ੍ਰਸਤੁਤ ਕੀਤਾ ॥੨੧॥

ਚੌਦਹ ਪੁਰੀ ਬਨਾਇ ਕੈ ਤਾਹਿ ਕਹਿਯੋ ਸਮਝਾਹਿ ॥

ਚੌਦਾਂ ਪੁਰੀਆਂ ਬਣਾ ਕੇ ਉਸ ਨੂੰ ਸਮਝਾ ਕੇ ਕਿਹਾ

ਤੁਮਰੋ ਜਿਯਬ ਉਪਾਇ ਮੈ ਕੀਯੋ ਬਿਲੋਕਹੁ ਆਇ ॥੨੨॥

ਕਿ ਤੇਰੇ ਜੀਣ ਦਾ ਉਪਾ ਮੈਂ ਬਣਾਇਆ ਹੈ, ਆ ਕੇ ਵੇਖ ॥੨੨॥

ਚੌਪਈ ॥

ਚੌਪਈ:

ਦੇਵ ਦਿਖਾਇ ਦੈਤ ਦਿਖਰਾਏ ॥

ਦੇਵਤੇ ਵਿਖਾਏ, ਦੈਂਤ ਵਿਖਾਏ,

ਗੰਧ੍ਰਬ ਜਛ ਭੁਜੰਗ ਹਿਰਾਏ ॥

ਗੰਧਰਬ, ਯਕਸ਼ ਅਤੇ ਭੁਜੰਗ ਵਿਖਾਏ।

ਪੁਨਿ ਕੈਰਵ ਕੇ ਕੁਲਹਿ ਦਿਖਾਯੋ ॥

ਫਿਰ ਕੌਰਵਾਂ ਦਾ ਖ਼ਾਨਦਾਨ ਵਿਖਾਇਆ।

ਤਿਨਹਿ ਬਿਲੌਕਿਨ ਤ੍ਰਿਯ ਸੁਖੁ ਪਾਯੋ ॥੨੩॥

ਉਨ੍ਹਾਂ ਨੂੰ ਵੇਖ ਕੇ ਊਖ ਕਲਾ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੨੩॥

ਦੋਹਰਾ ॥

ਦੋਹਰਾ:

ਚੌਦਹਿ ਪੁਰੀ ਬਿਲੋਕ ਕਰਿ ਤਹਾ ਪਹੂੰਚੀ ਆਇ ॥

ਚੌਦਾਂ ਪੁਰੀਆਂ ਨੂੰ ਵੇਖ ਕੇ (ਊਖਾ) ਉਥੇ ਆ ਪਹੁੰਚੀ

ਜਹ ਸਭ ਜਦੁ ਕੁਲ ਕੇ ਸਹਿਤ ਸੋਭਿਤ ਸ੍ਰੀ ਜਦੁਰਾਇ ॥੨੪॥

ਜਿਥੇ ਸਾਰੇ ਖ਼ਾਨਦਾਨ ਸਹਿਤ ਸ੍ਰੀ ਕ੍ਰਿਸ਼ਨ ਬਿਰਾਜਮਾਨ ਸਨ ॥੨੪॥

ਪ੍ਰਥਮ ਲਾਗਿਲੀ ਕੌ ਨਿਰਖਿ ਪੁਨਿ ਨਿਰਖੇ ਜਦੁਰਾਇ ॥

ਪਹਿਲਾਂ ਬਲਭਦ੍ਰ ('ਲਾਗਿਲੀ') ਨੂੰ ਵੇਖਿਆ, ਫਿਰ ਕ੍ਰਿਸ਼ਨ ਨੂੰ ਵੇਖਿਆ।

ਹ੍ਵੈ ਪ੍ਰਸੰਨ੍ਯ ਪਾਇਨ ਪਰੀ ਜਗਤ ਗੁਰੂ ਠਹਰਾਇ ॥੨੫॥

ਫਿਰ (ਉਸ ਨੂੰ) ਜਗਤ ਗੁਰੂ ਮਿਥ ਕੇ ਝੁਕ ਕੇ ਪੈਰੀਂ ਪਈ ॥੨੫॥

ਚੌਪਈ ॥

ਚੌਪਈ:

ਬਹੁਰਿ ਪ੍ਰਦੁਮਨ ਨਿਹਾਰਿਯੋ ਜਾਈ ॥

ਫਿਰ ਉਸ ਨੇ ਪ੍ਰਦੁਮਨ ਨੂੰ ਜਾ ਕੇ ਵੇਖਿਆ,

ਲਜਤ ਨਾਰਿ ਨਾਰੀ ਨਿਹੁਰਾਈ ॥

(ਤਾਂ ਉਸ) ਇਸਤਰੀ ਨੇ ਸ਼ਰਮਾ ਕੇ ਆਪਣੀ ਧੌਣ ('ਨਾਰਿ') ਨੀਵੀਂ ਕਰ ਲਈ।

ਤਾ ਕੋ ਪੂਤ ਬਿਲੋਕਿਯੋ ਜਬ ਹੀ ॥

ਜਦ ਉਸ ਦੇ ਪੁੱਤਰ ਨੂੰ ਵੇਖਿਆ,

ਮਿਟਿ ਗਯੋ ਸੋਕ ਦੇਹ ਕੋ ਸਭ ਹੀ ॥੨੬॥

ਤਾਂ ਸ਼ਰੀਰ ਦੇ ਸਾਰੇ ਦੁਖ ਮਿਟ ਗਏ ॥੨੬॥

ਦੋਹਰਾ ॥

ਦੋਹਰਾ:

ਧੰਨ੍ਯ ਧੰਨ੍ਯ ਮੁਖ ਕਹਿ ਉਠੀ ਸਖਿਯਹਿ ਸੀਸ ਝੁਕਾਇ ॥

ਸਿਰ ਨਿਵਾ ਕੇ ਮੂੰਹੋਂ ਧੰਨ ਧੰਨ ਕਹਿਣ ਲਗੀ ਕਿ ਹੇ ਸਖੀ!

ਜੋ ਸੁਪਨੇ ਭੀਤਰ ਲਹਿਯੋ ਸੋਈ ਦਯੋ ਦਿਖਾਇ ॥੨੭॥

ਜੋ (ਮੈਂ) ਸੁਪਨੇ ਵਿਚ ਵੇਖਿਆ ਸੀ, ਉਹੀ (ਤੂੰ) ਵਿਖਾ ਦਿੱਤਾ ਹੈ ॥੨੭॥

ਚੌਦਹ ਪੁਰੀ ਬਨਾਇ ਕੈ ਪਿਯ ਕੋ ਦਰਸ ਦਿਖਾਇ ॥

ਚੌਦਾਂ ਪੁਰੀਆਂ ਬਣਾ ਕੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਵਾਏ ਹਨ।

ਚਿਤ੍ਰ ਬਿਖੈ ਜਿਹ ਬਿਧਿ ਲਿਖਿਯੋ ਸੋ ਮੈ ਦੇਹੁ ਮਿਲਾਇ ॥੨੮॥

ਚਿਤਰ ਵਿਚ ਜਿਸ ਤਰ੍ਹਾਂ ਲਿਖਿਆ ਹੈ (ਉਹ ਹੁਣ) ਮੈਨੂੰ ਮਿਲਾ ਦੇ ॥੨੮॥

ਚੌਪਈ ॥

ਚੌਪਈ:

ਚਿਤ੍ਰ ਰੇਖ ਜਬ ਯੌ ਸੁਨਿ ਪਾਈ ॥

ਚਿਤ੍ਰ-ਰੇਖਾ ਨੇ ਜਦੋਂ ਇਸ ਤਰ੍ਹਾਂ ਸੁਣਿਆਂ

ਪਵਨ ਰੂਪ ਹ੍ਵੈ ਕੈ ਤਿਤ ਧਾਈ ॥

ਤਾਂ ਪਵਨ ਦਾ ਰੂਪ ਧਾਰ ਕੇ ਉਧਰ ਨੂੰ ਚਲ ਪਈ।

ਦ੍ਵਾਰਕਾਵਤੀ ਬਿਲੋਕਿਯੋ ਜਬ ਹੀ ॥

ਜਦ ਦ੍ਵਾਰਿਕਾ ਨਗਰੀ ਵੇਖੀ

ਚਿਤ ਕੌ ਸੋਕ ਦੂਰਿ ਭਯੋ ਸਭ ਹੀ ॥੨੯॥

ਤਾਂ ਚਿਤ ਦਾ ਸਾਰਾ ਦੁਖ ਦੂਰ ਹੋ ਗਿਆ ॥੨੯॥

ਦੋਹਰਾ ॥

ਦੋਹਰਾ:

ਚਿਤ੍ਰ ਕਲਾ ਤਹ ਜਾਇ ਕੈ ਕਹੇ ਕੁਅਰ ਸੋ ਬੈਨ ॥

ਚਿਤ੍ਰਕਲਾ ਨੇ ਉਥੇ ਜਾ ਕੇ ਕੰਵਰ ਨੂੰ ਕਿਹਾ

ਗਿਰਿ ਬਾਸਿਨ ਬਿਰਹਨਿ ਭਈ ਨਿਰਖਿ ਤਿਹਾਰੇ ਨੈਨ ॥੩੦॥

ਕਿ ਤੁਹਾਡੇ ਨੈਣ ਵੇਖ ਕੇ ਪਰਬਤ ਵਿਚ ਰਹਿਣ ਵਾਲੀ (ਊਖਾ) ਵਿਆਕੁਲ ਹੋ ਗਈ ਹੈ ॥੩੦॥

ਚੌਪਈ ॥

ਚੌਪਈ:

ਲਾਲ ਕਰੋ ਤਿਹ ਠੌਰ ਪਯਾਨੋ ॥

ਹੇ ਪਿਆਰੇ ਲਾਲ! ਉਸ ਦੇਸ ਵਲ ਜਾਓ

ਜੌਨ ਦੇਸ ਮੈ ਤੁਮੈ ਬਖਾਨੋ ॥

ਜਿਸ ਦਾ ਮੈਂ ਤੁਹਾਨੂੰ ਬਖਾਨ ਕਰਦੀ ਹਾਂ।