ਸ਼੍ਰੀ ਦਸਮ ਗ੍ਰੰਥ

ਅੰਗ - 149


ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥

ਅਤੇ ਰਾਜ ਕਰਨ ਦੀਆਂ ਗੱਲਾਂ ਭੁਲ ਗਏ ॥੧੨॥੨੪੯॥

ਦੋਹਰਾ ॥

ਦੋਹਰਾ:

ਜਿਹ ਚਾਹੇ ਤਾ ਕੋ ਹਨੇ ਜੋ ਬਾਛੈ ਸੋ ਲੇਇ ॥

(ਅਜੈ ਸਿੰਘ) ਜਿਸ ਨੂੰ ਚਾਹੁੰਦਾ, ਉਸ ਨੂੰ ਮਾਰ ਦਿੰਦਾ, ਜੋ ਕੋਈ (ਉਸ ਤੋਂ) ਚਾਹੁੰਦਾ, ਲੈ ਲੈਂਦਾ।

ਜਿਹ ਰਾਖੈ ਸੋਈ ਰਹੈ ਜਿਹ ਜਾਨੈ ਤਿਹ ਦੇਇ ॥੧੩॥੨੫੦॥

ਜਿਸ ਨੂੰ (ਉਹ) ਰਖਦਾ ਸੀ, ਉਹੀ ਰਹਿੰਦਾ ਸੀ। ਜਿਸ ਨੂੰ (ਉਹ ਆਪਣਾ) ਸਮਝਦਾ ਸੀ, ਉਸ ਨੂੰ (ਉੱਚੀ ਪਦਵੀ) ਦੇ ਦਿੰਦਾ ਸੀ ॥੧੩॥੨੫੦॥

ਚੌਪਈ ॥

ਚੌਪਈ:

ਐਸੀ ਭਾਤ ਕੀਨੋ ਇਹ ਜਬ ਹੀ ॥

ਉਸ (ਅਜੈ ਸਿੰਘ) ਨੇ ਜਦੋਂ ਇਸ ਤਰ੍ਹਾਂ ਦਾ (ਵਿਵਹਾਰ) ਕਰਨਾ ਆਰੰਭ ਕੀਤਾ,

ਪ੍ਰਜਾ ਲੋਕ ਸਭ ਬਸ ਭਏ ਤਬ ਹੀ ॥

ਤਦੋਂ ਪ੍ਰਜਾ ਦੇ ਲੋਕ ਉਸ ਦੇ ਵਸ ਵਿਚ ਹੋ ਗਏ।

ਅਉ ਬਸਿ ਹੋਇ ਗਏ ਨੇਬ ਖਵਾਸਾ ॥

ਅਤੇ ਨਾਇਬ ਤੇ ਖ਼ਾਸ ਅਧਿਕਾਰੀ ਵੀ ਵਸ ਵਿਚ ਹੋ ਗਏ

ਜੋ ਰਾਖਤ ਥੇ ਨ੍ਰਿਪ ਕੀ ਆਸਾ ॥੧॥੨੫੧॥

ਜਿਹੜੇ (ਪਹਿਲਾਂ) ਰਾਜੇ ਤੋਂ (ਆਪਣੀਆਂ ਕਾਮਨਾਵਾਂ ਦੀ ਪੂਰਤੀ ਦੀ) ਆਸ ਰਖਦੇ ਸਨ ॥੧॥੨੫੧॥

ਏਕ ਦਿਵਸ ਤਿਹੂੰ ਭ੍ਰਾਤ ਸੁਜਾਨਾ ॥

ਇਕ ਦਿਨ ਤਿੰਨਾਂ ਸੁਜਾਨ ਭਰਾਵਾਂ ਨੇ

ਮੰਡਸ ਚੌਪਰ ਖੇਲ ਖਿਲਾਨਾ ॥

ਚੌਪੜ ਦੀ ਖੇਡ ਖੇਡਣ ਦੀ ਵਿਵਸਥਾ ਕੀਤੀ।

ਦਾਉ ਸਮੈ ਕਛੁ ਰਿਸਕ ਬਿਚਾਰਿਓ ॥

ਦਾਉ (ਲਗਾਉਣ) ਵੇਲੇ (ਕਿਸੇ ਨੂੰ) ਕੁਝ ਗੁੱਸਾ ਆ ਗਿਆ

ਅਜੈ ਸੁਨਤ ਇਹ ਭਾਤ ਉਚਾਰਿਓ ॥੨॥੨੫੨॥

ਅਤੇ ਅਜੈ ਸਿੰਘ ਨੂੰ ਸੁਣਾਉਂਦੇ ਹੋਇਆਂ ਇਸ ਤਰ੍ਹਾਂ ਕਿਹਾ ॥੨॥੨੫੨॥

ਦੋਹਰਾ ॥

ਦੋਹਰਾ:

ਕਹਾ ਕਰੈ ਦਾ ਕਹ ਪਰੈ ਕਹ ਯਹ ਬਾਧੈ ਸੂਤ ॥

(ਵੇਖੋ, ਇਹ) ਕੀ ਕਰਦਾ ਹੈ, ਦਾਉ ਕੀ ਪੈਂਦਾ ਹੈ ਅਤੇ ਕਿਵੇਂ ਮਰਯਾਦਾ ਬੰਨ੍ਹਦਾ ਹੈ।

ਕਹਾ ਸਤ੍ਰੁ ਯਾ ਤੇ ਮਰੈ ਜੋ ਰਜੀਆ ਕਾ ਪੂਤ ॥੩॥੨੫੩॥

ਇਸ ਤੋਂ ਵੈਰੀ ਕਿਵੇਂ ਮਰੇਗਾ ਜੋ (ਆਪ) ਰਜੀਆ (ਦਾਸੀ) ਦਾ ਪੁੱਤਰ ਹੈ ॥੩॥੨੫੩॥

ਚੌਪਈ ॥

ਚੌਪਈ:

ਯਹੈ ਆਜ ਹਮ ਖੇਲ ਬਿਚਾਰੀ ॥

(ਰਾਜ ਕੁਮਾਰ ਹੁਣ ਪ੍ਰਗਟ ਰੂਪ ਵਿਚ ਕਹਿਣ ਲਗੇ) ਅਜ ਜੋ ਅਸੀਂ ਇਹ ਖੇਡ ਵਿਚਾਰੀ ਹੈ,

ਸੋ ਭਾਖਤ ਹੈ ਪ੍ਰਗਟ ਪੁਕਾਰੀ ॥

ਉਸ ਦਾ (ਪ੍ਰਯੋਜਨ) ਪ੍ਰਗਟ ਕਰ ਕੇ ਸੁਣਾਉਂਦੇ ਹਾਂ

ਏਕਹਿ ਰਤਨ ਰਾਜ ਧਨੁ ਲੀਨਾ ॥

(ਕਿ ਇਹ ਖੇਡ ਸਾਡੀ ਸ਼ਕਤੀ ਅਤੇ ਭਾਗਾਂ ਦਾ ਨਿਤਾਰਾ ਕਰ ਦੇਵੇਗੀ। ਇਹ ਕਹਿ ਕੇ) ਇਕ ਨੇ ਰਤਨ ਅਤੇ ਰਾਜ-ਧਨ ਲੈ ਲਿਆ

ਦੁਤੀਐ ਅਸ੍ਵ ਉਸਟ ਗਜ ਲੀਨਾ ॥੧॥੨੫੪॥

ਅਤੇ ਦੂਜੇ ਨੂੰ ਘੋੜੇ, ਊਠ ਅਤੇ ਹਾਥੀ ਲੈ ਲਏ ॥੧॥੨੫੪॥

ਕੁਅਰੈ ਬਾਟ ਸੈਨ ਸਭ ਲੀਆ ॥

ਰਾਜਕੁਮਾਰਾਂ ਨੇ ਸਾਰੀ ਸੈਨਾ ਵੰਡ ਲਈ

ਤੀਨਹੁ ਬਾਟ ਤੀਨ ਕਰ ਕੀਆ ॥

ਅਤੇ ਤਿੰਨ ਹਿੱਸੇ ਕਰ ਕੇ (ਆਪਣੇ ਆਪਣੇ) ਬਣਾ ਲਏ।

ਪਾਸਾ ਢਾਰ ਧਰੈ ਕਸ ਦਾਵਾ ॥

(ਫਿਰ ਵਿਚਾਰਨ ਲਗੇ) ਕਿ ਕਿਹੋ ਜਿਹਾ ਪਾਸਾ ਸੁਟ ਕੇ ਦਾਉ ਲਗਾਇਆ ਜਾਏ।

ਕਹਾ ਖੇਲ ਧੌ ਕਰੈ ਕਰਾਵਾ ॥੨॥੨੫੫॥

ਕੀ ਪਤਾ ਇਹ ਖੇਲ ਕੀ ਕਰਦਾ ਕਰਾਉਂਦਾ ਹੈ ॥੨॥੨੫੫॥

ਚਉਪਰ ਖੇਲ ਪਰੀ ਤਿਹ ਮਾਹਾ ॥

ਉਨ੍ਹਾਂ ਵਿਚ ਚੌਪੜ ਦੀ ਖੇਡ ਆਰੰਭ ਹੋ ਗਈ

ਦੇਖਤ ਊਚ ਨੀਚ ਨਰ ਨਾਹਾ ॥

ਜਿਸ ਨੂੰ ਉੱਚੇ ਨੀਵੇਂ ਅਤੇ ਵੱਡੇ ਨਿੱਕੇ ਅਧਿਕਾਰੀ ਵੇਖ ਰਹੇ ਸਨ।

ਜ੍ਵਾਲਾ ਰੂਪ ਸੁਪਰਧਾ ਬਾਢੀ ॥

(ਉਨ੍ਹਾਂ ਤਿੰਨਾਂ ਦੇ ਮਨ ਵਿਚ) ਈਰਖਾ ਰੂਪੀ ਜੁਆਲਾ ਵਧ ਗਈ

ਭੂਪਨ ਫਿਰਤ ਸੰਘਾਰਤ ਕਾਢੀ ॥੩॥੨੫੬॥

ਜੋ ਰਾਜਿਆਂ ਦਾ ਵਿਨਾਸ਼ ਕਰਨ ਵਾਲੀ ਦਸੀ ਜਾਂਦੀ ਹੈ ॥੩॥੨੫੬॥

ਤਿਨ ਕੈ ਬੀਚ ਪਰੀ ਅਸ ਖੇਲਾ ॥

ਉਨ੍ਹਾਂ ਵਿਚਾਲੇ ਅਜਿਹੀ ਖੇਡ ਸ਼ੁਰੂ ਹੋਈ

ਕਟਨ ਸੁ ਹਿਤ ਭਇਉ ਮਿਟਨ ਦੁਹੇਲਾ ॥

ਕਿ (ਤਿੰਨੋ) ਮਰਨ ਮਾਰਨ ਤੇ ਤੁਲ ਗਏ (ਅਤੇ ਝਗੜੇ ਦਾ) ਮਿਟਣਾ ਔਖਾ ਹੋ ਗਿਆ।

ਪ੍ਰਿਥਮੈ ਰਤਨ ਦ੍ਰਿਬ ਬਹੁ ਲਾਯੋ ॥

ਪਹਿਲਾਂ (ਦਾਉ ਉਤੇ) ਰਤਨ ਅਤੇ ਬਹੁਤ ਧਨ-ਦੌਲਤ ਲਗਾਈ ਗਈ

ਬਸਤ੍ਰ ਬਾਜ ਗਜ ਬਹੁਤ ਹਰਾਯੋ ॥੪॥੨੫੭॥

ਅਤੇ ਫਿਰ ਬਸਤ੍ਰ, ਘੋੜੇ ਅਤੇ ਹਾਥੀ (ਲਗਾਏ ਗਏ ਜੋ ਸਭ) ਹਾਰੇ ਗਏ ॥੪॥੨੫੭॥

ਦੁਹੂੰਅਨ ਬੀਚ ਸੁਪਰਧਾ ਬਾਢਾ ॥

ਦੋਹਾਂ ਵਿਚ ਈਰਖਾ ਵਧ ਗਈ

ਦੁਹ ਦਿਸ ਉਠੇ ਸੁਭਟ ਅਸ ਕਾਢਾ ॥

ਅਤੇ ਦੋਹਾਂ ਪਾਸਿਆਂ ਤੋਂ ਤਲਵਾਰਾਂ ਖਿਚ ਕੇ ਸੂਰਮੇ ਉਠ ਖੜੋਤੇ।

ਚਮਕਹਿ ਕਹੂੰ ਅਸਨ ਕੀ ਧਾਰਾ ॥

ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕਦੀਆਂ ਸਨ

ਬਿਛ ਗਈ ਲੋਥ ਅਨੇਕ ਅਪਾਰਾ ॥੫॥੨੫੮॥

ਅਤੇ ਅਨੇਕ ਅਪਾਰ ਲੌਥਾਂ (ਉਥੇ) ਵਿਛ ਗਈਆਂ ਸਨ ॥੫॥੨੫੮॥

ਜੁਗਨ ਦੈਤ ਫਿਰਹਿ ਹਰਿਖਾਨੇ ॥

ਕਲ-ਜੋਗਣਾਂ ਅਤੇ ਦੈਂਤ ਪ੍ਰਸੰਨ ਹੋ ਕੇ ਫਿਰਦੇ ਸਨ।

ਗੀਧ ਸਿਵਾ ਬੋਲਹਿ ਅਭਿਮਾਨੇ ॥

ਗਿਰਝਾਂ ਅਤੇ ਗਿਦੜ ਮੌਜ ਨਾਲ ਬੋਲਦੇ ਸਨ।

ਭੂਤ ਪ੍ਰੇਤ ਨਾਚਹਿ ਅਰੁ ਗਾਵਹਿ ॥

ਭੂਤ-ਪ੍ਰੇਤ ਨਚਦੇ ਅਤੇ ਗਾਉਂਦੇ ਸਨ

ਕਹੂੰ ਕਹੂੰ ਸਬਦ ਬੈਤਾਲ ਸੁਨਾਵਹਿ ॥੬॥੨੫੯॥

ਅਤੇ ਕਿਤੇ-ਕਿਤੇ ਬੈਤਾਲ ਵੀ ਆਵਾਜ਼ਾਂ ਸੁਣਾਉਂਦੇ ਸਨ ॥੬॥੨੫੯॥

ਚਮਕਤ ਕਹੂੰ ਖਗਨ ਕੀ ਧਾਰਾ ॥

ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕਦੀਆਂ ਸਨ।

ਬਿਥ ਗਏ ਰੁੰਡ ਭਸੁੰਡ ਅਪਾਰਾ ॥

ਅਪਾਰ (ਸੂਰਮਿਆਂ ਦੇ) ਧੜ ਅਤੇ (ਹਾਥੀਆਂ ਦੇ) ਸੁੰਡ ਖਿਲਰੇ ਪਏ ਸਨ।

ਚਿੰਸਤ ਕਹੂੰ ਗਿਰੇ ਗਜ ਮਾਤੇ ॥

ਕਿਤੇ ਮਸਤ ਹਾਥੀ ਡਿਗੇ ਹੋਏ ਚੀਖ ਰਹੇ ਸਨ

ਸੋਵਤ ਕਹੂੰ ਸੁਭਟ ਰਣ ਤਾਤੇ ॥੭॥੨੬੦॥

ਅਤੇ ਕਿਤੇ ਕਰੜੇ ਸੂਰਮੇ ਰਣ-ਭੂਮੀ ਵਿਚ ਸੁਤੇ ਪਏ ਸਨ ॥੭॥੨੬੦॥

ਹਿੰਸਤ ਕਹੂੰ ਗਿਰੇ ਹੈ ਘਾਏ ॥

ਕਿਤੇ ਘਾਇਲ ਘੋੜੇ ਡਿਗੇ ਹੋਏ ਹਿਣਕ ਰਹੇ ਸਨ।

ਸੋਵਤ ਕ੍ਰੂਰ ਸਲੋਕ ਪਠਾਏ ॥

ਕਿਤੇ ਸੁਅਰਸਗ ਨੂੰ ਭੇਜੇ ਗਏ ਸੂਰਮੇ ਲੇਟੇ ਪਏ ਸਨ।

ਕਟਿ ਗਏ ਕਹੂੰ ਕਉਚ ਅਰੁ ਚਰਮਾ ॥

ਕਿਤੇ ਕਵਚ ਅਤੇ ਢਾਲਾਂ ਕਟੀਆਂ ਵਢੀਆਂ ਪਈਆਂ ਸਨ।


Flag Counter