ਕੀ ਉਹ ਦੋ ਦੀਨੇ ਮਨੁੱਖ ਅਜਿਹੇ ਰਾਵਣ ਨੂੰ ਯੁੱਧ ਵਿੱਚ ਜਿੱਤ ਜਾਣਗੇ ॥੩੭੭॥
ਕਪੀ (ਅੰਗਦ) ਕਰੋੜਾਂ ਗੱਲਾਂ ਕਹਿ ਕੇ ਥੱਕ ਗਿਆ, ਪਰ ਰਾਵਣ ਨੇ ਉਸ ਦੀ ਇਕ ਗੱਲ ਵੀ ਨਾ ਮੰਨੀ।
(ਅੰਤ ਵਿੱਚ) ਉਹ ਅਭਿਮਾਨੀ (ਅੰਗਦ) ਨੇ ਰਾਵਣ ਦੀ ਸਭਾ ਵਿੱਚ ਆਪਣਾ ਪੈਰ ਗੱਡ ਦਿੱਤਾ (ਅਤੇ ਕਿਹਾ-ਜੇ ਤੇਰਾ ਕੋਈ ਸੂਰਮਾ ਮੇਰਾ ਪੈਰ ਉਖਾੜ ਕੇ ਪੁੱਟ ਸਕਿਆ ਤਾਂ ਤੂੰ ਰਾਮ ਨੂੰ ਜਿੱਤ ਲਵੇਂਗਾ, ਨਹੀਂ ਤਾਂ ਕਦੇ ਵੀ ਨਹੀਂ ਜਿੱਤ ਸਕੇਂਗਾ। ਰਾਵਣ ਨੇ ਆਪਣੇ ਸੂਰਮਿਆਂ ਨੂੰ ਪੈਰ ਪੁੱਟਣ ਦਾ ਆਦੇਸ਼ ਦਿੱਤਾ।)
ਸਾਰੇ ਦੈਂਤ ਜ਼ੋਰ ਲਗਾ ਥੱਕੇ, ਪਰ (ਅੰਗਦ ਦਾ ਪੈਰ) ਕਿਸੇ ਕੋਲੋਂ ਨਾ ਉਖੜਿਆ।
ਦੈਂਤਾਂ ਦੇ ਦਲ ਥੱਕ ਕੇ ਅਣਮੰਨੇ ਮਨ ਨਾਲ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪਏ।
ਧੂੰਏ ਜਿਹੇ ਰੰਗ ਵਾਲਾ ਬਾਲੀ ਦਾ ਪੁੱਤਰ (ਅੰਗਦ) (ਰਾਵਣ ਦੇ) ਭਰਾ ਵਿਭੀਸ਼ਣ ਨੂੰ ਉਥੋਂ ਨਾਲ ਲੈ ਚਲਿਆ।
ਉਸ ਨੂੰ (ਰਾਵਣ ਦੇ) ਕਠੋਰ ਸੂਰਮੇ ਵੀ ਰੋਕ ਨਾ ਸਕੇ, ਉਹ ਉਥੇ ਚਲਾ ਆਇਆ, ਜਿਥੇ ਰਾਮ ਜੀ ਰਣ-ਸਥਾਨ ਵਿੱਚ ਸ਼ੋਭਦੇ ਸਨ ॥੩੭੮॥
ਕਮਲ ਵਰਗੇ ਨੇਤਰਾਂ ਵਾਲੇ ਰਾਮ ਨੇ ਉਸ (ਵਿਭੀਸ਼ਣ) ਨੂੰ 'ਲੰਕੇਸ਼' ਕਹਿ ਕੇ ਬੁਲਾਇਆ।
(ਰਾਮ ਦੇ) ਮੁੱਖ ਉੱਤੇ ਟੇਢੀਆਂ ਜ਼ੁਲਫ਼ਾਂ ਫਬ ਰਹੀਆਂ ਹਨ ਅਤੇ (ਉਹ) ਸੰਤਾਂ ਦੇ ਦੁੱਖ ਨੂੰ ਨਸ਼ਟ ਕਰਨ ਵਾਲੇ ਹਨ।
ਸੁਗ੍ਰੀਵ ਆਦਿ ਸਾਰੇ ਬੰਦਰ ਸੈਨਿਕ ਕ੍ਰੋਧਵਾਨ ਹਨ (ਕਿਉਂਕਿ ਉਨ੍ਹਾਂ ਨੇ) ਯੁੱਧ ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤਾ ਹੈ।
ਫਿਰ ਲੰਕਾ ਦੇ ਕਿਲੇ ਨੂੰ ਘੇਰ ਲਿਆ ਅਤੇ ਦੱਖਣੀ ਦਿਸ਼ਾ ਨੂੰ ਪਰਖਿਆ।
ਰਾਵਣ ਦੀ ਘਰ ਵਾਲੀ (ਮੰਦੋਦਰੀ ਨੇ ਇਹ) ਗੱਲ ਸੁਣ ਲਈ ਕਿ ਰਾਮ ਨੇ ਵਿਭੀਸ਼ਣ ਨੂੰ ਲੰਕਾ ਦਾ ਸੁਆਮੀ ('ਲੰਕੇਸ਼') ਕਰ ਦਿੱਤਾ ਹੈ।
ਉਸੇ ਵੇਲੇ (ਉਸ ਨੂੰ) ਸੱਤੇ ਸੁੱਧਾਂ ਭੁੱਲ ਗਈਆਂ ਅਤੇ ਉਦਾਸ ਹੋ ਕੇ ਧਰਤੀ ਉੱਤੇ ਡਿੱਗ ਪਈ ॥੩੭੯॥
ਮੰਦੋਦਰੀ ਨੇ ਕਿਹਾ-
ਉਟੰਙਣ ਛੰਦ
ਸੂਰਬੀਰ (ਅਸਤ੍ਰਾਂ ਸ਼ਸਤ੍ਰਾਂ ਨਾਲ) ਸਜੇ ਹੋਏ ਹਨ, ਭਿਆਨਕ ਵਾਜੇ ਵੱਜ ਰਹੇ ਹਨ, ਹੇ ਪਤੀ ਦੇਵ! ਭੱਜ ਜਾਓ, ਸੁਣਿਆ ਹੈ ਕਿ ਰਾਮ ਆ ਗਏ ਹਨ।
ਜਿਸ ਨੇ ਬਲੀ ਬਾਲੀ ਨੂੰ ਮਾਰਿਆ ਹੈ ਅਤੇ ਸਮੁੰਦਰ ਉੱਤੇ ਪੁੱਲ ਬੰਨ ਦਿੱਤਾ ਹੈ, ਉਸ ਨਾਲ ਤੁਸੀਂ ਕਿਸ ਕਰਕੇ ਵੈਰ ਰਚਾ ਲਿਆ ਹੈ?
ਜਿਸ ਨੇ 'ਬਿਰਾਧ' ਨੂੰ ਜਿੱਤਿਆ ਹੈ, ਉਸੇ ਨੇ ਜੰਭਾਸੁਰ ਨੂੰ ਮਾਰਿਆ ਹੈ, ਓਹੀ ਸੋਭਾਸ਼ਾਲੀ ਸ੍ਰੀ ਰਾਮ ਅਵਤਾਰ ਹਨ।
ਇਸ ਲਈ ਸੀਤਾ ਦੇ ਕੇ ਮਿਲ ਜਾਓ, ਇਹੀ ਗੱਲ ਸਿਆਣਪ ਦੀ ਹੈ। ਤੁਸੀਂ ਚੰਮ ਦੇ ਦੰਮ ਕਿਸ ਲਈ ਚਲਾਏ ਹਨ ॥੩੮੦॥
ਰਾਵਣ ਨੇ ਕਿਹਾ-
ਮੈਂ ਸੈਨਾ ਦਾ ਵਯੂਹ ਸਜਾਵਾਂਗਾ, ਭਿਆਨਕ ਵਾਜੇ ਵਜਣਗੇ, ਕਰੋੜਾਂ ਯੋਧੇ, ਮੇਰੇ ਨੇੜੇ ਆ ਕੇ ਗੱਜਣਗੇ।
ਸਾਰੀ ਸੈਨਾ ਨੂੰ ਕਵਚ ਅਤੇ ਹੋਰ ਸ਼ਸਤ੍ਰ ਨਾਲ ਸਜਾ ਕੇ ਤੇਰੀ ਨਜ਼ਰ ਹੇਠਾਂ (ਮੈਂ) ਅੱਜ ਹੀ (ਉਸ ਦੀ) ਸਾਰੀ ਸੈਨਾ ਨੂੰ ਮਾਰ ਦਿਆਂਗਾ।
(ਵੇਖੀਂ ਜਿਵੇਂ) ਇੰਦਰ ਨੂੰ ਜਿੱਤਿਆ ਹੋਇਆ ਹੈ, ਜੱਛਾਂ ਨੂੰ ਧਨ ਤੋਂ ਖ਼ਾਲੀ ਕੀਤਾ ਹੋਇਆ ਹੈ (ਤਿਵੇਂ ਹੀ) ਯੁੱਧ ਵਿੱਚ ਜਿੱਤ ਕੇ ਸੀਤਾ ਨੂੰ ਵਿਆਹ ਲਵਾਂਗਾ।
ਮੇਰੀ ਕ੍ਰੋਧ ਦੀ ਅੱਗ ਨਾਲ ਸੁਅਰਗ ਪਾਤਾਲ ਅਤੇ ਆਕਾਸ਼ ਸੜਣਗੇ। ਤਾਂ ਕੀ (ਉਸ ਤੋਂ) ਰਾਮ ਬਚ ਜਾਏਗਾ ॥੩੮੧॥
ਮੰਦੋਦਰੀ ਨੇ ਕਿਹਾ-
ਜਿਨ੍ਹਾਂ ਨੇ ਜਾਂਦਿਆਂ ਹੀ ਤਾੜਕਾ ਨੂੰ ਮਾਰਿਆ ਅਤੇ ਸੁਬਾਹੂ ਤੇ ਮਾਰੀਚ ਵੀ ਮਾਰ ਦਿੱਤੇ।
(ਜਿਨ੍ਹਾਂ ਨੇ) ਬਿਰਾਧ ਨੂੰ ਮਾਰਿਆ, 'ਖਰ' ਤੇ ਦੂਖਣ' ਖੇਤ ਰੱਖਿਆ ਅਤੇ ਇਕੋ ਹੀ ਤੀਰ ਨਾਲ ਬਾਲੀ ਨੂੰ ਮਾਰ ਦਿੱਤਾ।
'ਧੁਮ੍ਰ-ਅੱਛ' 'ਜਾਂਬਮਾਲੀ ਅਤੇ ਬਲੀ (ਅਕੰਪਨ) ਨੂੰ ਯੁੱਧ ਕਰਕੇ ਪ੍ਰਾਣਾਂ ਤੋਂ ਹੀਣ ਕਰ ਦਿੱਤਾ।
ਸ਼ੇਰ ਦੇ ਗਿੱਦੜ ਨੂੰ ਮਾਰਨ ਵਾਂਗ (ਓਹੀ ਰਾਮ ਜੀ) ਤੁਹਾਨੂੰ ਮਾਰਨਗੇ ਅਤੇ 'ਧੌਸਾ' ਵਜਾ ਕੇ ਲੰਕਾ ਨੂੰ ਜਿੱਤ ਲੈਣਗੇ ॥੩੮੨॥
ਰਾਵਣ ਨੇ ਕਿਹਾ-
ਮੇਰੇ ਸਿਰ 'ਤੇ ਚੰਦ੍ਰਮਾ ਚੌਰ ਕਰਦਾ ਹੈ, ਸੂਰਜ ਛੱਤਰ ਧਰਦਾ ਹੈ ਅਤੇ ਮੇਰੇ ਦੁਆਰ ਤੇ ਬ੍ਰਹਮਾ ਵੇਦ ਪੜ੍ਹਦਾ ਹੈ।
ਅਗਨੀ ਦੇਵਤਾ ਰਸੋਈ ਤਿਆਰ ਕਰਦਾ ਹੈ। ਵਰੁਣ (ਦੇਵਤਾ) ਪਾਣੀ ਭਰਦਾ ਹੈ ਅਤੇ ਜੱਛ ਤੇ ਵਿਦਿਆਧਰ (ਮੈਂ ਆਪਣੇ) ਸੇਵਕ ਬਣਾਏ ਹੋਏ ਹਨ।
ਅਰਬਾਂ ਖਰਬਾਂ ਸ਼ਹਿਰਾਂ ਦੇ ਸਾਰਿਆਂ ਲੋਕਾਂ ਨੂੰ (ਮੈਂ) ਚੱਬ ਛੱਡਿਆ ਹੈ। (ਹੁਣ ਤੂੰ) ਵੇਖੇਂਗੀ (ਜੇ ਮੈਂ) ਯੁੱਧ-ਭੂਮੀ ਵਿੱਚ ਕਿਹੋ ਜਿਹੀ ਵੀਰਤਾ ਵਿਖਾਉਂਦਾ ਹਾਂ।
ਇੱਲਾਂ ਚੀਕਾਂ ਮਾਰਨਗੀਆਂ, ਗਿੱਦੜੀਆਂ (ਰਣ-ਭੂਮੀ ਵਿੱਚ) ਫਿਰਨਗੀਆਂ ਅਤੇ ਭੂਤ, ਪ੍ਰੇਤ ਤੇ ਬੈਤਾਲ ਨੱਚਣਗੇ ॥੩੮੩॥
ਮੰਦੋਦਰੀ ਨੇ ਕਿਹਾ-
ਉਧਰ ਨੇਜ਼ੇ ਝੂਲਦੇ ਹਨ, ਭਿਆਨਕ ਵਾਜੇ ਵਜਦੇ ਹਨ, ਕਿਉਂਕਿ ਰਾਮ ਦਲ ਨੂੰ ਲੈ ਕੇ (ਲੰਕਾ ਦੇ ਨੇੜੇ) ਆਣ ਢੁੱਕੇ ਹਨ।
ਬੰਦਰਾਂ ਦੇ ਅਪਾਰਾਂ ਹੀ ਪੁੱਤਰ ਚੀਕਾਂ ਮਾਰਦੇ ਹਨ, ਚੌਹਾਂ ਪਾਸੇ ਮਾਰੋ-ਮਾਰੋ ਦੀਆਂ ਕੂਕਾਂ ਪੈ ਰਹੀਆਂ ਹਨ,
ਜਦ ਤਕ ਵੱਡੀਆਂ ਭੇਰੀਆਂ ਨਹੀਂ ਵੱਜਦੀਆਂ, ਜੰਗ ਲਈ ਯੋਧੇ ਨਹੀਂ ਲਲਕਾਰਦੇ ਅਤੇ ਧਨੁਸ਼ਾਂ ਵਿੱਚੋਂ ਤੀਰ ਨਹੀਂ ਚੱਲਦੇ,
ਤਦ ਤੱਕ ਹੀ ਤੁਹਾਡੀ ਦੇਹ ਸੁਖੀ ਹੈ, (ਇਸ ਲਈ) ਮੇਰੀ ਗੱਲ ਮੰਨੋ ਅਤੇ ਮੌਕੇ ਨੂੰ ਪਛਾਣੋ ॥੩੮੪॥
ਸਾਰੀਆਂ ਘਾਟਾਂ ਰੁਕ ਗਈਆਂ ਹਨ, ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ, (ਘਰ ਵਿੱਚ) ਕੀ ਆਕੜ ਕੇ ਬੈਠੇ ਹੋ? ਰਾਮ ਆ ਗਏ ਹਨ।
ਹੇ ਹਰਾਮ-ਖ਼ੋਰ! ਵੈਰੀ (ਹਰੀਫ਼) ਦੀ ਅੱਖ ਹੇਠਾਂ ਚੰਮ (ਦੇ ਸਿੱਕੇ) ਕਿਸ ਤਰ੍ਹਾਂ ਚਲਾਏ ਜਾ ਸਕਦੇ ਹਨ?
ਤੇਰਾ ਘਰ ਬਹੁਤ (ਬਿਸੀਆਰ) ਖੁਆਰ ਹੋਵੇਗਾ, ਜਦੋਂ ਤੱਕ ਬੰਦਰਾਂ ਦੇ ਬੱਚਿਆਂ ਨੇ ਰੌਲਾ ਨਹੀਂ ਪਾਇਆ।
ਲੰਕਾ ਨੂੰ ਛੱਡ ਕੇ, ਕਿਲੇ ਨੂੰ ਟੱਪ ਕੇ ਇਹ ਸਾਰੇ ਰਾਖਸ ਮੂੰਹ ਵਿੱਚ ਘਾਹ ਲੈ ਕੇ ਭੱਜ ਜਾਣਗੇ ॥੩੮੫॥
ਰਾਵਣ ਨੇ ਕਿਹਾ-
ਹੇ ਬਾਵਲੀ ਔਰਤ! ਕੀ ਭੰਡਾਂ ਵਾਂਗੂੰ ਗੱਲਾਂ ਕਰਦੀ ਹੈਂ, ਕੰਗਲੇ ਜਿਹੇ ਰਾਮ ਦੀ ਕਥਾ ਛੱਡ ਦੇ।
(ਇੰਦਰ-ਜਾਲ ਦੀ) ਜੋ ਖੇਡ ਬਣਾ ਕੇ ਆਇਆ ਹੈ, ਮੈਂ ਇਸ ਭੂਤ ਨੂੰ ਧੂਪ ਦੇ ਕੇ ਕੱਢਾਂਗਾ ਅਤੇ ਅੱਜ ਉਸ ਦਾ ਤਮਾਸ਼ਾ ਵੇਖਾਂਗਾ।
ਵੀਹ ਬਾਹਵਾਂ ਰੱਖਦਾ ਹਾਂ, ਦਸ ਮੇਰੇ ਸਿਰ ਹਨ ਅਤੇ ਸਾਰੀ ਸੈਨਾ ਮੇਰੇ ਨਾਲ ਹੈ।
ਕਿੱਥੇ ਭੱਜ ਕੇ ਜਾਣਗੇ, ਰਸਤਾ ਕਿਥੋਂ ਲੱਭਣਗੇ, (ਉਨ੍ਹਾਂ ਨੂੰ) ਇਉਂ ਮਾਰਾਂਗਾ, ਜਿਵੇਂ ਬਾਜ ਬਟੇਰੇ ਨੂੰ ਮਾਰਦਾ ਹੈ ॥੩੮੬॥