ਸ਼੍ਰੀ ਦਸਮ ਗ੍ਰੰਥ

ਅੰਗ - 1041


ਔਰ ਰਾਨਿਯਨ ਕਬਹੂੰ ਨ ਨ੍ਰਿਪਤਿ ਬੁਲਾਵਈ ॥

ਹੋਰਨਾਂ ਰਾਣੀਆਂ ਨੂੰ ਰਾਜਾ ਕਦੇ ਵੀ ਬੁਲਾਉਂਦਾ ਨਹੀਂ ਸੀ

ਭੂਲਿ ਨ ਕਬਹੂੰ ਤਿਨ ਕੌ ਸਦਨ ਸੁਹਾਵਈ ॥

ਅਤੇ ਭੁਲ ਕੇ ਵੀ ਕਦੇ ਉਨ੍ਹਾਂ ਦੇ ਮਹੱਲ ਦੀ ਸ਼ੋਭਾ ਨਹੀਂ ਵਧਾਉਂਦਾ ਸੀ।

ਇਹ ਚਿੰਤਾ ਚਿਤ ਮਾਝ ਚੰਚਲਾ ਸਭ ਧਰੈ ॥

ਸਾਰੀਆਂ ਰਾਣੀਆਂ ਇਹੀ ਚਿੰਤਾ ਮਨ ਵਿਚ ਕਰਦੀਆਂ ਸਨ।

ਹੋ ਜੰਤ੍ਰ ਮੰਤ੍ਰ ਅਰੁ ਤੰਤ੍ਰ ਰਾਵ ਸੌ ਸਭ ਕਰੈ ॥੨॥

ਇਸ ਲਈ ਸਾਰੀਆਂ ਰਾਜੇ ਉਤੇ ਜੰਤ੍ਰ, ਮੰਤ੍ਰ ਅਤੇ ਤੰਤ੍ਰ ਕਰਦੀਆਂ ਸਨ ॥੨॥

ਚੌਪਈ ॥

ਚੌਪਈ:

ਜੰਤ੍ਰ ਮੰਤ੍ਰ ਸਭ ਹੀ ਕਰਿ ਹਾਰੇ ॥

ਉਹ ਸਾਰੇ ਜੰਤ੍ਰ ਮੰਤ੍ਰ ਕਰ ਹਟੀਆਂ

ਕੈਸੇ ਹੂੰ ਪਰੇ ਹਾਥ ਨਹਿ ਪ੍ਯਾਰੇ ॥

ਪਰ ਕਿਸੇ ਤਰ੍ਹਾਂ ਵੀ ਪਿਆਰਾ ਹੱਥ ਵਿਚ ਨਹੀਂ ਆਇਆ।

ਏਕ ਸਖੀ ਇਹ ਭਾਤ ਉਚਾਰੋ ॥

ਤਦ ਇਕ ਸਖੀ ਨੇ ਇਸ ਤਰ੍ਹਾਂ ਕਿਹਾ,

ਸੁਨੁ ਰਾਨੀ ਤੈ ਬਚਨ ਹਮਾਰੋ ॥੩॥

ਹੇ ਰਾਣੀ! ਤੂੰ ਮੇਰੀ (ਇਕ) ਗੱਲ ਸੁਣ ॥੩॥

ਜੌ ਉਨ ਸੌ ਮੈ ਪ੍ਰੀਤਿ ਤੁਰਾਊ ॥

ਜੇ ਮੈਂ ਉਸ ਨਾਲੋਂ (ਰਾਜੇ ਦੀ) ਪ੍ਰੀਤ ਤੁੜਵਾ ਦਿਆਂ

ਤੌ ਤੁਮ ਤੇ ਕਹੁ ਮੈ ਕਾ ਪਾਊ ॥

ਤਾਂ ਮੈਂ ਤੁਹਾਡੇ ਕੋਲੋਂ ਕੀ ਪ੍ਰਾਪਤ ਕਰਾਂਗੀ (ਭਾਵ ਮੈਨੂੰ ਕੀ ਇਨਾਮ ਮਿਲੇਗਾ)।

ਬੀਰ ਕਲਹਿ ਨ੍ਰਿਪ ਮੁਖ ਨ ਦਿਖਾਵੈ ॥

(ਮੈਂ ਅਜਿਹਾ ਕਰ ਵਿਖਾਵਾਂਗੀ ਕਿ) ਬੀਰ ਕਲਾ ਨੂੰ ਰਾਜਾ ਮੂੰਹ ਵੀ ਨਹੀਂ ਵਿਖਾਏਗਾ

ਤੁਮਰੇ ਪਾਸਿ ਰੈਨਿ ਦਿਨ ਆਵੈ ॥੪॥

ਅਤੇ ਰਾਤ ਦਿਨ ਤੇਰੇ ਕੋਲ ਹੀ ਆਵੇਗਾ ॥੪॥

ਯੌ ਕਹਿ ਜਾਤ ਤਹਾ ਤੇ ਭਈ ॥

ਇਹ ਕਹਿ ਕੇ ਉਥੋਂ ਚਲੀ ਗਈ

ਨ੍ਰਿਪ ਬਰ ਕੇ ਮੰਦਿਰ ਮਹਿ ਗਈ ॥

ਅਤੇ ਸ੍ਰੇਸ਼ਠ ਰਾਜੇ ਦੇ ਮਹੱਲ ਵਿਚ ਜਾ ਪਹੁੰਚੀ।

ਪਤਿ ਤ੍ਰਿਯ ਕੇ ਕਾਨਨ ਮਹਿ ਪਰੀ ॥

ਪਤੀ ਅਤੇ ਪਤਨੀ ਦੇ ਕੰਨੀ ਪਈ

ਮੁਖ ਤੇ ਕਛੂ ਨ ਬਾਤ ਉਚਰੀ ॥੫॥

ਅਤੇ ਮੂੰਹ ਤੋਂ ਕੁਝ ਵੀ ਨਾ ਬੋਲੀ ॥੫॥

ਨ੍ਰਿਪ ਤ੍ਰਿਯ ਕਹਿਯੋ ਤੋਹਿ ਕਾ ਕਹਿਯੋ ॥

ਰਾਜੇ ਨੇ ਰਾਣੀ ਨੂੰ ਪੁਛਿਆ ਕਿ ਤੈਨੂੰ ਕੀ ਕਿਹਾ ਹੈ,

ਸੁਨਿ ਪਤਿ ਬਚਨ ਮੋਨ ਹ੍ਵੈ ਰਹਿਯੋ ॥

ਤਾਂ ਪਤੀ (ਰਾਜਾ) ਬੋਲ ਸੁਣ ਕੇ ਚੁਪ ਹੋ ਗਿਆ।

ਪਤਿ ਪੂਛ੍ਯੋ ਤੁਹਿ ਇਹ ਕਾ ਕਹੀ ॥

ਪਤੀ ਨੇ (ਰਾਣੀ ਨੂੰ) ਪੁਛਿਆ ਕਿ ਤੈਨੂੰ ਕੀ ਕਿਹਾ ਹੈ,

ਸੁਨ ਤ੍ਰਿਯ ਬਚਨ ਮੋਨ ਹ੍ਵੈ ਰਹੀ ॥੬॥

ਤਾਂ ਇਸਤਰੀ (ਰਾਣੀ) ਬਚਨ ਸੁਣ ਕੇ ਚੁਪ ਹੋ ਗਈ ॥੬॥

ਪਤਿ ਜਾਨ੍ਯੋ ਤ੍ਰਿਯ ਬਾਤ ਦੁਰਾਈ ॥

ਪਤੀ ਨੇ ਸਮਝਿਆ ਕਿ ਇਸਤਰੀ ਨੇ (ਕੋਈ) ਗੱਲ ਲੁਕਾਈ ਹੈ

ਤ੍ਰਿਯ ਜਾਨ੍ਯੋ ਕਛੁ ਨ੍ਰਿਪਤਿ ਚੁਰਾਈ ॥

ਅਤੇ ਰਾਣੀ ਨੇ ਸਮਝਿਆ ਕਿ ਰਾਜੇ ਨੇ ਕੁਝ ਛੁਪਾਇਆ ਹੈ।

ਕੋਪ ਕਰਾ ਦੁਹੂੰਅਨ ਕੈ ਪਈ ॥

ਦੋਹਾਂ ਦੇ ਮਨ ਵਿਚ ਕ੍ਰੋਧ ਦੀ ਕਲਾ ਪਸਰ ਗਈ

ਪ੍ਰੀਤਿ ਰੀਤ ਸਭ ਹੀ ਛੁਟਿ ਗਈ ॥੭॥

ਅਤੇ ਪ੍ਰੀਤ ਦੀ ਸਭ ਰੀਤ ਛੁਟ ਗਈ ॥੭॥

ਵਾ ਰਾਨੀ ਸੋ ਨੇਹ ਬਢਾਯੋ ॥

ਰਾਜੇ ਨੇ ਉਸ ਰਾਣੀ ਨਾਲ ਪ੍ਰੇਮ ਵਧਾ ਲਿਆ

ਜਿਨ ਚਰਿਤ੍ਰ ਇਹ ਭਾਤਿ ਬਨਾਯੋ ॥

ਜਿਸ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ਸੀ।

ਵਾ ਸੋ ਪ੍ਰੀਤਿ ਰੀਤਿ ਉਪਜਾਈ ॥

(ਰਾਜੇ ਨੇ ਹੁਣ) ਉਸ ਨਾਲ ਪ੍ਰੀਤ ਕਰਨੀ ਸ਼ੁਰੂ ਕੀਤੀ

ਬੀਰ ਕਲਾ ਚਿਤ ਤੇ ਬਿਸਰਾਈ ॥੮॥

ਅਤੇ ਬੀਰ ਕਲਾ ਨੂੰ ਮਨ ਤੋਂ ਵਿਸਾਰ ਦਿੱਤਾ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੯॥੩੧੫੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੯॥੩੧੫੬॥ ਚਲਦਾ॥

ਚੌਪਈ ॥

ਚੌਪਈ:

ਬਲਵੰਡ ਸਿੰਘ ਤਿਰਹੁਤਿ ਕੋ ਨ੍ਰਿਪ ਬਰ ॥

ਬਲਵੰਤ ਸਿੰਘ ਤਿਰਹੁਤ ਦਾ ਵੱਡਾ ਰਾਜਾ ਸੀ।

ਜਨੁ ਬਿਧਿ ਕਰਿਯੋ ਦੂਸਰੋ ਤਮ ਹਰ ॥

(ਉਸ ਦਾ ਤੇਜ ਇਤਨਾ ਸੀ) ਮਾਨੋ ਵਿਧਾਤਾ ਨੇ ਉਸ ਨੂੰ ਦੂਜਾ ਸੂਰਜ ਬਣਾਇਆ ਹੋਵੇ।

ਅਮਿਤ ਰੂਪ ਤਾ ਕੋ ਅਤਿ ਸੋਹੈ ॥

ਉਸ ਦਾ ਬਹੁਤ ਸੁੰਦਰ ਰੂਪ ਸ਼ੋਭਦਾ ਸੀ

ਖਗ ਮ੍ਰਿਗ ਜਛ ਭੁਜੰਗਨ ਮੋਹੈ ॥੧॥

ਜਿਸ ਤੋਂ ਪੰਛੀ, ਮਿਰਗ (ਜੰਗਲੀ ਪਸ਼ੂ) ਯਕਸ਼ ਅਤੇ ਭੁਜੰਗ ਮੋਹੇ ਹੋਏ ਸਨ ॥੧॥

ਰਾਨੀ ਸਾਠਿ ਸਦਨ ਤਿਹ ਮਾਹੀ ॥

ਉਸ ਦੇ ਮਹੱਲ ਵਿਚ ਸੱਠ ਰਾਣੀਆਂ ਸਨ।

ਰੂਪਵਤੀ ਤਿਨ ਸਮ ਕਹੂੰ ਨਾਹੀ ॥

ਉਨ੍ਹਾਂ ਵਰਗੀਆਂ ਸੁੰਦਰ ਕੋਈ ਹੋਰ ਇਸਤਰੀਆਂ ਨਹੀਂ ਸਨ।

ਸਭਹਿਨ ਸੌ ਪਤਿ ਨੇਹ ਬਢਾਵਤ ॥

ਸਾਰੀਆਂ ਨਾਲ ਪਤੀ ਪ੍ਰੇਮ ਕਰਦਾ ਸੀ

ਬਾਰੀ ਬਾਰੀ ਕੇਲ ਕਮਾਵਤ ॥੨॥

ਅਤੇ ਵਾਰੀ ਵਾਰੀ ਰਤੀਕ੍ਰੀੜਾ ਕਰਦਾ ਸੀ ॥੨॥

ਰੁਕਮ ਕਲਾ ਰਾਨੀ ਰਸ ਭਰੀ ॥

ਰੁਕਮ ਕਲਾ ਰਾਣੀ ਬਹੁਤ ਰਸਿਕ ਸੀ।

ਜੋਬਨ ਜੇਬ ਸਭਨ ਤਿਨ ਹਰੀ ॥

ਉਸ ਨੇ ਸਭ ਦੇ ਜੋਬਨ ਅਤੇ ਛਬੀ ਨੂੰ ਹਰਿਆ ਹੋਇਆ ਸੀ।

ਆਨ ਮੈਨ ਜਬ ਤਾਹਿ ਸੰਤਾਵੈ ॥

ਜਦੋਂ ਕਾਮ ਉਸ ਨੂੰ ਆ ਕੇ ਸਤਾਉਂਦਾ ਸੀ

ਪਠੈ ਸਹਚਰੀ ਨ੍ਰਿਪਤਿ ਬੁਲਾਵੈ ॥੩॥

ਤਾਂ ਦਾਸੀ ਭੇਜ ਕੇ ਰਾਜੇ ਨੂੰ ਬੁਲਾ ਲੈਂਦੀ ਸੀ ॥੩॥

ਦੋਹਰਾ ॥

ਦੋਹਰਾ:

ਕ੍ਰਿਸਨ ਕਲਾ ਇਕ ਸਹਚਰੀ ਪਠੈ ਦਈ ਨ੍ਰਿਪ ਤੀਰ ॥

ਕ੍ਰਿਸਨ ਕਲਾ ਨਾਂ ਦੀ ਇਕ ਦਾਸੀ ਰਾਜੇ ਕੋਲ ਭੇਜ ਦਿੱਤੀ,

ਸੋ ਯਾ ਪਰ ਅਟਕਤ ਭਈ ਹਰਿਅਰਿ ਕਰੀ ਅਧੀਰ ॥੪॥

ਤਾਂ ਉਹ ਕਾਮ ਦੇਵ ਦੁਆਰਾ ਅਧੀਰ ਕੀਤੀ ਉਸ (ਰਾਜੇ) ਉਤੇ ਮੋਹਿਤ ਹੋ ਗਈ ॥੪॥

ਚੌਪਈ ॥

ਚੌਪਈ:

ਸੁਨੋ ਨ੍ਰਿਪਤਿ ਜੂ ਬਾਤ ਹਮਾਰੀ ॥

(ਦਾਸੀ ਕਹਿਣ ਲਗੀ) ਹੇ ਰਾਜਨ! ਮੇਰੀ ਗੱਲ ਸੁਣੋ।


Flag Counter