ਸ਼੍ਰੀ ਦਸਮ ਗ੍ਰੰਥ

ਅੰਗ - 262


ਕਾਛਨੀ ਸੁਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖ ਰੂਪੰ ॥

ਸੁੰਦਰ ਰੰਗ ਦੀ ਪੁਸ਼ਾਕੀ (ਉਨ੍ਹਾਂ ਦੇ) ਅੰਗ-ਸੰਗ ਦੀ ਛਬੀ ਨੂੰ (ਵਧਾ ਰਹੀ ਹੈ) (ਜਿਸ) ਰੂਪ ਨੂੰ ਵੇਖ ਕੇ ਕਾਮਦੇਵ ਵੀ ਸ਼ਰਮਿੰਦਾ ਹੋ ਰਿਹਾ ਹੈ।

ਸਾਇਕ ਦ੍ਰਿਗ ਹਰਣੀ ਕੁਮਤ ਪ੍ਰਜਰਣੀ ਬਰਬਰ ਬਰਣੀ ਬੁਧ ਕੂਪੰ ॥੫੯੧॥

(ਜਿਨ੍ਹਾਂ ਦੇ) ਨੈਣ ਤੀਰ ਦੀ ਸ਼ੋਭਾ ਹਰਨ ਵਾਲੇ ਹਨ, ਖੋਟੀ ਮਤ ਨੂੰ (ਪੂਰੀ ਤਰ੍ਹਾਂ) ਸਾੜਣ ਵਾਲੀਆਂ ਹਨ, ਚੰਗੇ ਤੋਂ ਚੰਗੇ ਵਰ ਨੂੰ ਵਰਨ ਵਾਲੀਆਂ ਹਨ ਅਤੇ ਬੁੱਧੀ ਦਾ ਖੂਹ ਹਨ ॥੫੯੧॥

ਕਲਸ ॥

ਕਲਸ:

ਕਮਲ ਬਦਨ ਸਾਇਕ ਮ੍ਰਿਗ ਨੈਣੀ ॥

(ਉਨ੍ਹਾਂ ਦੇ) ਕਮਲ ਵਰਗੇ (ਸੁੰਦਰ) ਮੂੰਹ ਹਨ, ਤੀਰ (ਵਰਗੇ ਤਿੱਖੇ) ਅਤੇ ਹਿਰਨੀਆਂ (ਵਰਗੇ ਸੁੰਦਰ) ਨੈਣ ਹਨ।

ਰੂਪ ਰਾਸ ਸੁੰਦਰ ਪਿਕ ਬੈਣੀ ॥

ਸੁੰਦਰ ਰੂਪ ਦੀ ਰਾਸ ਹਨ ਅਤੇ ਕੋਇਲ (ਵਾਂਗ ਮਿੱਠਾ) ਬੋਲਣ ਵਾਲੀਆਂ ਹਨ।

ਮ੍ਰਿਗਪਤ ਕਟ ਛਾਜਤ ਗਜ ਗੈਣੀ ॥

ਸ਼ੇਰ (ਵਰਗੇ ਪਤਲੇ) ਲੱਕ ਦੀ ਸ਼ੋਭਾ ਵਾਲੀਆਂ ਅਤੇ ਹਾਥੀ ਦੀ ਚਾਲ ਵਾਲੀਆਂ ਹਨ,

ਨੈਨ ਕਟਾਛ ਮਨਹਿ ਹਰ ਲੈਣੀ ॥੫੯੨॥

ਜਿਨ੍ਹਾਂ ਦੀਆਂ ਅੱਖਾਂ ਦਾ ਕਟਾਛ ਮਨ ਨੂੰ ਹਰ ਲੈਣ ਵਾਲਾ ਹੈ ॥੫੯੨॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ

ਸੁੰਦਰ ਮ੍ਰਿਗ ਨੈਣੀ ਸੁਰ ਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰ ॥

ਹਿਰਨ ਜਿਹੀਆਂ ਸੁੰਦਰ ਅੱਖਾਂ ਵਾਲੀਆਂ ਕੋਇਲ ਵਰਗੀ ਮਿੱਠੀ ਬੋਲੀ ਵਾਲੀਆਂ, ਚਿੱਤ ਨੂੰ ਚੁਰਾ ਲੈਣ ਵਾਲੀਆਂ ਅਤੇ ਹਾਥੀ ਦੀ ਤੋਰ ਤੁਰਨ ਵਾਲੀਆਂ ਹਨ।

ਮਾਧੁਰ ਬਿਧਿ ਬਦਨੀ ਸੁਬੁਧਿਨ ਸਦਨੀ ਕੁਮਤਿਨ ਕਦਨੀ ਛਬਿ ਮੈਣੰ ॥

ਮਿੱਠ-ਬੋਲੀਆਂ ਅਤੇ ਚੰਦ੍ਰਮਾ ਵਰਗੇ ਮੁਖੜੇ ਵਾਲੀਆਂ ਹਨ, ਸ੍ਰੇਸ਼ਠ ਬੁੱਧੀ ਦਾ ਘਰ ਹਨ, ਬੁਰੀ ਮਤ ਨੂੰ ਕੱਟਣ ਵਾਲੀਆਂ ਹਨ ਅਤੇ ਕਾਮ ਜਿਹੀ ਛਬੀ ਵਾਲੀਆਂ ਹਨ।

ਅੰਗਕਾ ਸੁਰੰਗੀ ਨਟਵਰ ਰੰਗੀ ਝਾਝ ਉਤੰਗੀ ਪਗ ਧਾਰੰ ॥

(ਜਿਨ੍ਹਾਂ ਦੇ ਤਨ ਦੀਆਂ) ਕੁੜਤੀਆਂ ਸੋਹਣੇ ਰੰਗ ਵਾਲੀਆਂ ਹਨ) (ਜੋ) ਨਟ ਵਾਂਗੂੰ ਸ੍ਰੇਸ਼ਠ ਰੰਗ ਵਾਲੀਆਂ ਝਾਂਝਰਾਂ ਵਾਲੇ ਪੈਰਾਂ ਨੂੰ ਉੱਚਾ ਕਰਕੇ ਧਰਨ ਵਾਲੀਆਂ ਹਨ।

ਬੇਸਰ ਗਜਰਾਰੰ ਪਹੂਚ ਅਪਾਰੰ ਕਚਿ ਘੁੰਘਰਾਰੰ ਆਹਾਰੰ ॥੫੯੩॥

ਜਿਨ੍ਹਾਂ ਨੇ ਨੱਥਾਂ, ਹੱਥਾਂ ਤੇ ਗਜਰੇ 'ਤੇ ਪਹੁੰਚੀਆਂ ਆਦਿਕ ਬਹੁਤ ਗਹਿਣੇ ਪਾਏ ਹੋਏ ਹਨ ਅਤੇ ਕੁੰਡਲਾਂ ਵਾਲੇ ਕੇਸ ਗਲ ਦਾ ਹਾਰ ਬਣੇ ਹੋਏ ਹਨ ॥੫੯੩॥

ਕਲਸ ॥

ਕਲਸ:

ਚਿਬਕ ਚਾਰ ਸੁੰਦਰ ਛਬਿ ਧਾਰੰ ॥

ਖ਼ੂਬਸੂਰਤ ਠੋਡੀਆਂ ਉੱਤੇ ਸੁੰਦਰ ਛਬੀ ਧਾਰੀ ਹੋਈ ਹੈ।

ਠਉਰ ਠਉਰ ਮੁਕਤਨ ਕੇ ਹਾਰੰ ॥

ਥਾਂ-ਥਾਂ 'ਤੇ ਮੋਤੀਆਂ ਦੇ ਹਾਰ ਪਾਏ ਹੋਏ ਹਨ।

ਕਰ ਕੰਗਨ ਪਹੁਚੀ ਉਜਿਆਰੰ ॥

ਹੱਥਾਂ ਵਿੱਚ ਕੰਗਣ 'ਤੇ ਪਹੁੰਚੀਆਂ ਲਮਕ ਰਹੀਆਂ ਹਨ।

ਨਿਰਖ ਮਦਨ ਦੁਤ ਹੋਤ ਸੁ ਮਾਰੰ ॥੫੯੪॥

(ਉਨ੍ਹਾਂ ਦੀ) ਸ਼ੋਭਾ ਨੂੰ ਵੇਖ ਕੇ ਕਾਮਦੇਵ ਵੀ ਮਾਤ ਖਾ ਜਾਂਦਾ ਹੈ ॥੫੯੪॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ

ਸੋਭਿਤ ਛਬਿ ਧਾਰੰ ਕਚ ਘੁੰਘਰਾਰੰ ਰਸਨ ਰਸਾਰੰ ਉਜਿਆਰੰ ॥

ਕੁੰਡਲਾਂ ਵਾਲੇ ਕੇਸਾਂ ਦੀ ਛਬੀ ਸ਼ੋਭ ਰਹੀ ਹੈ। ਜੀਭਾਂ ਰਸ ਨਾਲ ਭਰੀਆਂ ਹੋਈਆਂ ਹਨ।

ਪਹੁੰਚੀ ਗਜਰਾਰੰ ਸੁਬਿਧ ਸੁਧਾਰੰ ਮੁਕਤ ਨਿਹਾਰੰ ਉਰ ਧਾਰੰ ॥

ਪਹੁੰਚੀਆਂ ਅਤੇ ਗਜਰੇ ਸੋਹਣੇ ਢੰਗ ਨਾਲ ਸਜਾਏ ਹੋਏ ਹਨ ਅਤੇ ਮੋਤੀਆਂ ਦੇ ਹਾਰ ਗਲ਼ ਵਿੱਚ ਪਾਏ ਹੋਏ ਹਨ।

ਸੋਹਤ ਚਖ ਚਾਰੰ ਰੰਗ ਰੰਗਾਰੰ ਬਿਬਿਧ ਪ੍ਰਕਾਰੰ ਅਤਿ ਆਂਜੇ ॥

ਸੁੰਦਰ ਅੱਖਾਂ ਸ਼ੋਭ ਰਹੀਆਂ ਹਨ। ਜਿਨ੍ਹਾਂ ਨੂੰ ਅਨੇਕ ਰੰਗਾਂ ਦੇ ਕੱਜਲਿਆਂ ਅਤੇ ਸੁਰਮਿਆਂ ਨਾਲ ਸਜਾਇਆ ਹੋਇਆ ਹੈ।

ਬਿਖ ਧਰ ਮ੍ਰਿਗ ਜੈਸੇ ਜਲ ਜਨ ਵੈਸੇ ਸਸੀਅਰ ਜੈਸੇ ਸਰ ਮਾਜੇ ॥੫੯੫॥

(ਨੇਤਰ) ਨਾਗਣ ਵਰਗੇ ਤੇਜ਼, ਹਿਰਨ ਜਿਹੇ ਚੰਚਲ ਅਤੇ ਕਮਲਾਂ ਵਰਗੇ ਖਿੜੇ ਹੋਏ ਹਨ ਅਤੇ ਮੁਖੜੇ ਚੰਦ੍ਰਮਾ ਦੇ ਸਮਾਨ ਉਜਲੇ ਹਨ ॥੫੯੫॥

ਕਲਸ ॥

ਕਲਸ:

ਭਯੋ ਮੂੜ ਰਾਵਣ ਰਣ ਕ੍ਰੁਧੰ ॥

ਮੂਰਖ ਰਾਵਣ ਦੇ ਮਨ ਵਿੱਚ (ਉਸ ਵੇਲੇ) ਕ੍ਰੋਧ ਹੋਇਆ

ਮਚਿਓ ਆਨ ਤੁਮਲ ਜਬ ਜੁਧੰ ॥

ਜਦੋਂ ਗਹਿਗਚ ਯੁੱਧ ਹੋਣ ਲੱਗਾ।

ਜੂਝੇ ਸਕਲ ਸੂਰਮਾ ਸੁਧੰ ॥

ਚੰਗੇ-ਚੰਗੇ ਸਾਰੇ ਸੂਰਮੇ ਮਾਰੇ ਗਏ।

ਅਰ ਦਲ ਮਧਿ ਸਬਦ ਕਰ ਉਧੰ ॥੫੯੬॥

ਵੈਰੀ ਦਲ ਵਿੱਚ (ਉਸ ਨੇ) ਉੱਚੀ ਸੁਰ ਵਾਲਾ ਸ਼ਬਦ ਕੀਤਾ ॥੫੯੬॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ

ਧਾਯੋ ਕਰ ਕ੍ਰੁਧੰ ਸੁਭਟ ਬਿਰੁਧੰ ਗਲਿਤ ਸੁਬੁਧੰ ਗਹਿ ਬਾਣੰ ॥

ਮਾੜੀ ਬੁੱਧੀ ਵਾਲਾ (ਰਾਵਣ) ਕ੍ਰੋਧ ਕਰਕੇ ਅੱਗੇ ਵਧਿਆ ਹੈ, ਚੰਗੇ ਸੂਰਮੇ (ਉਸ ਨੂੰ) ਰੋਕ ਰਹੇ ਹਨ, ਉਹ ਤੀਰ ਫੜ ਕੇ ਮਾਰਦਾ ਹੈ

ਕੀਨੋ ਰਣ ਸੁਧੰ ਨਚਤ ਕਬੁਧੰ ਅਤ ਧੁਨ ਉਧੰ ਧਨੁ ਤਾਣੰ ॥

ਅਤੇ ਚੰਗੀ ਤਰ੍ਹਾਂ ਯੁੱਧ ਕਰਦਾ ਹੈ, ਧੜ ਨੱਚਦੇ ਹਨ, (ਰਾਵਣ) ਬਹੁਤ ਉੱਚੀ ਬੋਲਦਾ ਹੈ ਅਤੇ ਧਨੁਸ਼ ਨੂੰ ਖਿੱਚਦਾ ਹੈ।

ਧਾਏ ਰਜਵਾਰੇ ਦੁਧਰ ਹਕਾਰੇ ਸੁ ਬ੍ਰਣ ਪ੍ਰਹਾਰੇ ਕਰ ਕੋਪੰ ॥

ਦੋਹਾਂ ਧਿਰਾਂ ਦੇ ਰਜਵਾੜੇ ਭੱਜੇ ਫਿਰਦੇ ਹਨ ਅਤੇ ਲਲਕਾਰਦੇ ਹੋਏ ਕ੍ਰੋਧ ਕਰਕੇ ਘਾਓ ਲਗਾ ਦਿੰਦੇ ਹਨ,

ਘਾਇਨ ਤਨ ਰਜੇ ਦੁ ਪਗ ਨ ਭਜੇ ਜਨੁ ਹਰ ਗਜੇ ਪਗ ਰੋਪੰ ॥੫੯੭॥

(ਉਨ੍ਹਾਂ ਦੇ) ਤਨ ਘਾਵਾਂ ਨਾਲ ਰਜੇ ਹੋਏ ਹਨ, (ਉਹ) ਦੋ ਕਦਮ ਵੀ ਨਹੀਂ ਭੱਜਦੇ ਹਨ, ਸਗੋਂ ਪੈਰ ਗੱਡ ਕੇ (ਇਸ ਤਰ੍ਹਾਂ) ਗੱਜਦੇ ਹਨ, ਮਾਨੋਂ ਬੱਦਲ ਗੱਜਦੇ ਹੋਣ ॥੫੯੭॥

ਕਲਸ ॥

ਕਲਸ:

ਅਧਿਕ ਰੋਸ ਸਾਵਤ ਰਨ ਜੂਟੇ ॥

ਬਹੁਤ ਗੁੱਸਾ ਕਰਕੇ ਸੂਰਮੇ ਯੁੱਧ ਵਿੱਚ ਜੁੱਟੇ ਹੋਏ ਹਨ।

ਬਖਤਰ ਟੋਪ ਜਿਰੈ ਸਭ ਫੂਟੇ ॥

(ਸਭਨਾਂ) ਦੇ ਕਵਚ ਅਤੇ (ਸਿਰ ਦੇ) ਟੋਪ ਫੁੱਟ ਗਏ ਹਨ।

ਨਿਸਰ ਚਲੇ ਸਾਇਕ ਜਨ ਛੂਟੇ ॥

(ਯੋਧਿਆਂ ਦੇ ਹੱਥੋਂ) ਛੁੱਟੇ ਹੋਏ ਤੀਰ (ਵੈਰੀਆਂ ਦੇ ਤਨਾਂ ਵਿੱਚੋਂ ਇਸ ਤਰ੍ਹਾਂ) ਨਿਕਲ ਚੱਲੇ ਹਨ,

ਜਨਿਕ ਸਿਚਾਨ ਮਾਸ ਲਖ ਟੂਟੇ ॥੪੯੮॥

ਮਾਨੋ ਬਾਜ਼ ਮਾਸ ਨੂੰ ਵੇਖ ਕੇ ਟੁੱਟ ਪੈਂਦੇ ਹੋਣ ॥੫੯੮॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ

ਸਾਇਕ ਜਣੁ ਛੂਟੇ ਤਿਮ ਅਰਿ ਜੂਟੇ ਬਖਤਰ ਫੂਟੇ ਜੇਬ ਜਿਰੇ ॥

ਤੀਰ ਜਿਉਂ ਹੀ ਛੁੱਟਦੇ ਹਨ ਤਿਵੇਂ ਹੀ ਵੈਰੀਆਂ ਨੂੰ (ਮੁਕਾਉਣ ਲਈ) ਸੂਰਮੇ ਜੁਟ ਜਾਂਦੇ ਹਨ। (ਉਨ੍ਹਾਂ ਦੇ) ਕਵਚ ਅਤੇ ਲੋਹੇ ਦੇ ਕਫ ਟੁੱਟਦੇ ਜਾਂਦੇ ਹਨ।

ਮਸਹਰ ਭੁਖਿਆਏ ਤਿਮੁ ਅਰਿ ਧਾਏ ਸਸਤ੍ਰ ਨਚਾਇਨ ਫੇਰਿ ਫਿਰੇਾਂ ॥

(ਜਿਵੇਂ) ਮਾਸ ਖਾਣੇ ਭੁੱਖਿਆਂ ਵਾਂਗ ਸ਼ਿਕਾਰ ਉੱਤੇ ਝਪਟਦੇ ਹਨ, ਤਿਵੇਂ ਹੀ ਸੂਰਮੇ ਵੈਰੀ ਉੱਤੇ ਧਾਵਾ ਕਰਦੇ ਹਨ ਅਤੇ ਸ਼ਸਤ੍ਰਾਂ ਨੂੰ ਨਚਾਂਦੇ ਹਨ,

ਸਨਮੁਖਿ ਰਣ ਗਾਜੈਂ ਕਿਮਹੂੰ ਨ ਭਾਜੈਂ ਲਖ ਸੁਰ ਲਾਜੈਂ ਰਣ ਰੰਗੰ ॥

ਪਰ ਮੋੜਿਆਂ ਮੁੜਦੇ ਨਹੀਂ ਹਨ। ਰਣ ਵਿੱਚ ਸਨਮੁੱਖ ਹੋ ਕੇ ਗਜਦੇ ਹਨ ਅਤੇ ਕਿਸੇ ਕੋਲੋਂ ਵੀ ਭੱਜਦੇ ਨਹੀਂ। ਲੜਾਈ ਦੇ ਰੰਗ ਨੂੰ ਵੇਖ ਕੇ ਦੇਵਤੇ ਲੱਜਾ ਰਹੇ ਹਨ,

ਜੈ ਜੈ ਧੁਨ ਕਰਹੀ ਪੁਹਪਨ ਡਰਹੀ ਸੁ ਬਿਧਿ ਉਚਰਹੀ ਜੈ ਜੰਗੰ ॥੫੯੯॥

ਜੈ-ਜੈ ਦੀ ਆਵਾਜ਼ ਕਰਦੇ ਹਨ, ਫੁੱਲ ਸੁੱਟਦੇ ਹਨ ਅਤੇ ਉੱਤਮ ਢੰਗ ਨਾਲ ਯੁੱਧ ਦੀ ਜੈ-ਜੈ ਕਾਰ ਉਚਾਰਦੇ ਹਨ ॥੫੯੯॥

ਕਲਸ ॥

ਕਲਸ:

ਮੁਖ ਤੰਬੋਰ ਅਰੁ ਰੰਗ ਸੁਰੰਗੰ ॥

ਜਿਸ ਦੇ ਮੂੰਹ ਵਿੱਚ ਪਾਨ ਹੈ ਅਤੇ (ਮੁਖ ਦਾ) ਰੰਗ ਲਾਲ ਹੈ

ਨਿਡਰ ਭ੍ਰਮੰਤ ਭੂੰਮਿ ਉਹ ਜੰਗੰ ॥

ਉਹ ਸੂਰਮਾ ਯੁੱਧ ਭੂਮੀ ਵਿੱਚ ਨਿਡਰ ਹੋ ਕੇ ਫਿਰਦਾ ਹੈ।

ਲਿਪਤ ਮਲੈ ਘਨਸਾਰ ਸੁਰੰਗੰ ॥

(ਜਿਸ ਨੇ) ਚੰਦਨ, ਕਪੂਰ ਅਤੇ ਕੇਸਰ ਮਲਿਆ ਹੋਇਆ ਹੈ।

ਰੂਪ ਭਾਨ ਗਤਿਵਾਨ ਉਤੰਗੰ ॥੬੦੦॥

ਜੋ ਸੂਰਜ ਵਰਗੇ ਰੂਪ ਵਾਲਾ ਹੈ ਅਤੇ ਉੱਚੀ ਗਤਿ ਵਾਲਾ ਹੈ (ਅਰਥਾਤ ਨਭ-ਚਾਰੀ ਹੈ) ॥੬੦੦॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ


Flag Counter